ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਆਮ ਲੋਕ ਦੁਨਿਆਵੀ ਕੰਮਾਂ ਵਿੱਚ
ਤੇ ਸੋਚ ਸਮਝ ਕੇ ਚਲਦੇ ਹਨ, ਆਪਣੀ ਦੁਨਿਆਵੀ ਪੜ੍ਹਾਈ ਤੋਂ ਲਾਭ ਉਠਾ ਕੇ ਜੀਵਨ ਵਿੱਚ ਤਰੱਕੀ
ਵੀ ਕਰਦੇ ਹਨ। ਆਪਣੀ ਅਕਲ ਵਰਤ ਕੇ ਘਰ ਪਰਿਵਾਰ ਵੀ ਚਲਾਉਂਦੇ ਹਨ। ਪਰ
ਉਹੀ ਵਿਅਕਤੀ ਜਦੋਂ ਧਾਰਮਿਕ ਸ਼ਰਧਾਲੂ ਦੇ ਰੂਪ ਵਿੱਚ ਦਿਸਦੇ ਹਨ
ਤਾਂ ਨਾ ਸਿਰਫ ਆਪਣੀ ਸੋਚ ਨੂੰ ਜਿੰਦਰੇ ਮਾਰ ਲੈਂਦੇ ਹਨ, ਸਗੋਂ ਬਹੁਤ ਵਾਰ ਉਲਟੀ ਸੋਚ ਨਾਲ
ਚਲਦੇ ਹਨ।
ਪਿਛੇ ਜਿਹੇ ਕਿਸੇ ਪੜ੍ਹੇ-ਲਿਖੇ ਸ਼ਰਧਾਲੂ ਦੋਸਤ ਨਾਲ ਪਾਠਾਂ,
ਮੰਤਰ-ਜਾਪਾਂ ਆਦਿ ਬਾਰੇ ਗੱਲ ਚੱਲ ਰਹੀ ਸੀ, ਤਾਂ ਮੈਂ ਉਸਨੂੰ ਸਵਾਲ ਕੀਤਾ -
ਕਿ ਅਗਰ ਤੁਹਾਨੂੰ ਪਿਆਸ ਲੱਗੀ ਹੋਵੇ
ਤਾਂ ਤੁਸੀਂ ਕੀ ਕਰੋਗੇ ਤਾਂ ਉਸਨੇ ਜਵਾਬ ਦਿੱਤਾ ਕਿ ਸਿੱਧੀ ਜਿਹੀ ਗੱਲ ਹੈ,
ਕਿ ਮੈਂ ਪਾਣੀ ਜਾਂ ਜੂਸ ਆਦਿ ਪੀਵਾਂਗੇ ਤੇ ਪਿਆਸ ਬੁਝਾ ਲਵਾਂਗਾ। ਤਾਂ ਮੈਂ ਉਸਨੂੰ
ਸਵਾਲ ਕੀਤਾ ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਪਾਣੀ ਮੈਂ ਪੀ ਲਵਾਂ ਤੇ ਪਿਆਸ ਤੇਰੀ
ਬੁੱਝ ਜਾਵੇ, ਤਾਂ ਉਹ ਮੇਰੀ ਗੱਲ ਸੁਣ ਕੇ ਹੈਰਾਨ ਜਿਹਾ ਹੋ ਗਿਆ ਕਿ ਮੈਂ ਕਿਹੋ
ਜਿਹੀਆਂ ਗੱਲਾਂ ਕਰ ਰਿਹਾ ਹਾਂ।
ਮੈਂ ਉਸਨੂੰ ਇੱਕ ਹੋਰ ਸਵਾਲ ਪੁਛਿਆ ਕਿ
ਜੇ ਤੈਨੂੰ ਭੁੱਖ ਲੱਗੀ ਹੋਵੇ ਤਾਂ ਭੋਜਨ ਤੇਰੀ ਜਗ੍ਹਾ
ਕੋਈ ਹੋਰ ਕਰੇ, ਤਾਂ ਕੀ ਤੇਰੀ ਭੁੱਖ ਮਿਟ ਸਕਦੀ ਹੈ, ਕਹਿੰਦਾ ਬਿਲਕੁਲ ਨਹੀਂ।
ਮੈਂ ਕਿਹਾ ਇੱਕ ਹੋਰ ਸਵਾਲ ਹੈ ਕਿ
ਤੁਸੀਂ ਕਿਸੇ ਕਾਲਿਜ਼ ਯੂਨੀਵਰਸਿਟੀ ਵਿਚੋਂ ਕੋਈ ਡਿਗਰੀ ਲੈਣੀ ਹੋਵੇ, ਕੋਈ
ਵਿਦਿਆ ਹਾਸਿਲ ਕਰਨੀ ਹੋਵੇ, ਕੋਈ ਗਿਆਨ ਲੈਣਾ ਹੋਵੇ ਤਾਂ ਕੀ ਕੋਈ ਹੋਰ ਪੜ੍ਹਦਾ ਰਹੇ
ਤੇ ਤੁਹਾਨੂੰ ਉਸਦੇ ਪੜ੍ਹਨ ਦਾ ਲਾਭ ਹੋ ਸਕਦਾ ਹੈ, ਕੀ ਤੁਹਾਨੂੰ ਕਿਸੇ ਦੇ ਪੜ੍ਹਨ
ਨਾਲ ਡਿਗਰੀ ਮਿਲ ਸਕਦੀ ਹੈ? ਕਹਿੰਦਾ ਨਹੀਂ, ਭਾਜੀ ਤੁਸੀਂ ਕਿਸ ਤਰ੍ਹਾਂ ਦੀਆਂ
ਪੁੱਠੀਆਂ ਗੱਲਾਂ ਕਰਦੇ ਹੋ।
ਮੈਂ ਕਿਹਾ ਇੱਕ ਆਖਰੀ ਗੱਲ ਪੁਛਣਾ ਚਾਹੁੰਦਾ ਹਾਂ ਕਿ
ਤੇਰੇ ਕੋਲ ਪੈਸੇ ਹੋਣ, ਤੇ ਤੂੰ ਕਿਸੇ ਨੂੰ ਕਹੇਂ ਕਿ ਮੈਂ
ਤੈਨੂੰ ਪੇ (Pay) ਕਰ ਦਿੰਦਾ ਹੈ, ਤੂੰ ਮੇਰੀ ਜਗ੍ਹਾ ਆਪਣੇ ਘਰ ਜਾਂ ਸਾਡੇ
ਘਰ ਇੱਕ ਕਮਰੇ ਵਿੱਚ ਪੜ੍ਹੀ ਜਾਵੀਂ ਤੇ ਬਾਅਦ ਵਿੱਚ ਅਰਦਾਸ ਕਰ ਦੇਵੀਂ, ਕਿ ਇਸਦਾ
ਸਾਰਾ ਫਲ ਤੈਨੂੰ ਮਿਲ ਜਾਵੇ ਤੇ ਉਹ ਸਾਰੀ ਜਾਣਕਾਰੀ ਤੈਨੂੰ ਟਰਾਂਸਫਰ ਹੋ ਜਾਵੇ ਤੇ
ਤੂੰ ਗਿਆਨਵਾਨ ਹੋ ਜਾਵੇਂ ਤੇ ਇਮਤਿਹਾਨ ਵਿਚੋਂ ਵੀ ਪਾਸ ਹੋ ਜਾਵੇਂ? ਕਹਿੰਦਾ ਭਾਜੀ
ਇਹ ਕੀ ਮੂਰਖਾਂ ਵਾਲੀ ਗੱਲ ਹੋਈ, ਇਹ ਕਿਵੇਂ ਹੋ ਸਕਦਾ ਹੈ?
ਮੈਂ ਕਿਹਾ ਹੋ ਕਿਉਂ ਨਹੀਂ ਸਕਦਾ, ਤੁਸੀਂ ਲੋਕ ਆਪਣੇ ਘਰਾਂ,
ਗੁਰਦੁਆਰਿਆਂ, ਡੇਰਿਆਂ ਵਿੱਚ ਪਾਠ ਰਖਾਉਂਦੇ ਹੋ, ਪਾਠੀ ਨੂੰ ਪੈਸੇ ਦੇ ਦਿੰਦੇ ਹੋ ਤੇ ਪਾਠੀ
ਬਾਅਦ ਵਿੱਚ ਅਰਦਾਸ ਕਰ ਦਿੰਦਾ ਹੈ ਕਿ ਪਾਠ ਦਾ ਫਲ ਪਰਿਵਾਰ ਨੂੰ ਮਿਲੇ ਤੇ ਸ਼ਰਧਾਲੂ ਸੋਚਦਾ
ਹੈ ਕਿ ਸਾਰੀ ਬਾਣੀ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਟਰਾਂਸਫਰ ਹੋ ਗਈ ਹੈ ਤੇ ਉਸਦਾ ਮਹਾਤਮ
(ਫਲ) ਵੀ ਉਨ੍ਹਾਂ ਨੂੰ ਮਿਲ ਜਾਣਾ ਹੈ, ਜਿਸ ਭਾਵਨਾ (ਮਨੋ ਕਾਮਨਾ) ਨਾਲ ਉਨ੍ਹਾਂ ਪਾਠ
ਕਰਾਇਆ ਸੀ, ਉਹ ਵੀ ਪੂਰੀ ਹੋ ਜਾਣੀ ਹੈ ਤਾਂ ਜੇ ਇਹ ਸੰਭਵ ਹੈ ਤਾਂ ਫਿਰ ਦੁਨਿਆਵੀ ਗਿਆਨ
ਕਿਸੇ ਨੂੰ ਪੈਸੇ ਦੇ ਕੇ ਟਰਾਂਫਰ ਕਿਉਂ ਨਹੀਂ ਹੋ ਸਕਦਾ?
ਫਿਰ ਹੋਰ ਵੀ ਹੈਰਾਨੀ ਹੁੰਦੀ
ਹੈ, ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਮਿਰਤਕ ਵਿਅਕਤੀ ਦਾ ਸਰੀਰ ਹਸਪਤਾਲ ਜਾਂ
ਸ਼ਮਸ਼ਾਨਘਾਟ ਪਿਆ ਹੁੰਦਾ ਹੈ, ਉਸਦੀ ਆਤਮਾ ਸਰੀਰ ਛੱਡ ਕੇ ਕਿਸੇ ਅਣਦੱਸੀ ਥਾਂ (?) ਜਾ ਚੁੱਕੀ
ਹੁੰਦੀ ਹੈ, ਪਰਿਵਾਰ ਵਾਲੇ ਆਪਣੇ ਘਰ ਹੁੰਦੇ ਹਨ, ਪਾਠ ਗੁਰਦੁਆਰੇ ਚੱਲ ਰਿਹਾ ਹੁੰਦਾ ਹੈ,
ਫਿਰ ਇਹ ਪੈਸੇ ਦੇ ਕੇ ਕਰਵਾਇਆ ਪਾਠ ਫੋਰ ਵੇ (ਚੌਤਰਫਾ) ਕਿਵੇਂ ਟਰਾਂਸਫਰ ਹੁੰਦਾ ਹੈ? ਉਸ ਕੋਲ ਕੋਈ ਜਵਾਬ ਤੇ ਨਹੀਂ ਸੀ, ਪਰ ਉਸਨੇ
ਇਹ ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਸ਼ਰਧਾ
ਦੀਆਂ ਗੱਲਾਂ ਹਨ, ਧਰਮ ਵਿੱਚ ਤਰਕ ਨਹੀਂ ਚਲਦਾ। ਪਰ ਅਜਿਹੇ ਸ਼ਰਧਾਲੂ ਆਪਣੀ ਆਮ
ਜ਼ਿੰਦਗੀ ਵਿੱਚ ਹਰ ਜਗ੍ਹਾ ਤਰਕ ਵਰਤਦੇ ਹਨ, ਪਰ ਧਰਮ ਵਿੱਚ ਉਨ੍ਹਾਂ ਦੀ ਸੋਚ ਉਲਟੀ ਚੱਲਣ
ਲੱਗ ਪੈਂਦੀ ਹੈ।
ਜ਼ਰਾ ਤੁਸੀਂ ਵੀ ਸੋਚੋ, ਕਿ ਕਿਤੇ ਤੁਹਾਡੀ ਵੀ ਮੱਤ ਧਰਮ ਅਸਥਾਨ ਵਿੱਚ ਜਾ
ਕੇ ਜਾਂ ਸ਼ਰਧਾਲੂ ਰੂਪ ਵਿੱਚ ਪੁੱਠੀ
ਤਾਂ ਨਹੀਂ ਹੋ ਜਾਂਦੀ?