ਸੀਸ ਤਲੀ 'ਤੇ ਰੱਖਣਾ ਇੱਕ
ਮੁਹਾਵਰਾ ਹੈ, ਜਿਸ ਦਾ ਭਾਵ ਹੈ ਕਿ ਆਪਾ ਸਮਰਪਣ ਕਰਨਾ।
ਗੁਰਬਾਣੀ ਦੀ ਵੀ ਤੁੱਕ ਹੈ- ਜਉ ਤਉ ਪ੍ਰੇਮ ਖੇਲਣ ਕਾ ਚਾਉ
॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਹੁਣ
ਸਵਾਲ ਪੈਦਾ ਹੁੰਦਾ ਹੈ ਕਿ ਕੀ ਸਿੱਖ ਪ੍ਰੇਮ ਦੀ ਖੇਡ ਖੇਡਣ ਵਾਸਤੇ ਗੁਰੂ ਦਰ 'ਤੇ ਪਹਿਲਾਂ
ਆਪਣਾ ਸਿਰ ਕੱਟ ਕੇ ਤਲੀ 'ਤੇ ਰੱਖ ਕੇ ਆਉਂਦੇ ਸਨ? ਬਾਬਾ ਦੀਪ
ਸਿੰਘ ਜੀ ਦੀ ਬਹਾਦਰੀ ਇਸ ਗੱਲ ਵਿੱਚ ਹੈ ਕਿ ਉਨ੍ਹਾਂ ਨੇ ਗੁਰਬਾਣੀ ਦੀਆਂ ਬੀੜਾਂ ਲਿਖੀਆਂ,
ਪੰਜਾਬ ਦੇ ਕੋਣੇ ਕੋਣੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਜਦ ਮੁਗਲ ਸ੍ਰੀ ਦਰਬਾਰ
ਸਾਹਿਬ ਦੀ ਬੇਅਦਬੀ ਕਰ ਰਹੇ ਸਨ, ਤਾਂ ਥੋੜੇ ਸਮੇਂ ਵਿੱਚ ਹੀ ਖਿੰਡੇ ਪੁੰਡੇ ਸਿੱਖਾਂ ਨੂੰ
ਇਕੱਠੇ ਕਰ, ਵੰਗਾਰ ਪਾ, ਆਰ ਪਾਰ ਜੁੱਧ ਦੀ ਲਕੀਰ ਖਿੱਚੀ। ਉਨ੍ਹਾਂ ਨੇ 80 ਸਾਲ ਦੀ ਉਮਰ
ਵਿੱਚ ਵੀ 18 ਸੇਰ ਦਾ ਖੰਡਾ ਵਾਹਿਆ, ਭਾਵੇ ਦੁਸ਼ਮਣਾਂ ਦੇ ਦੰਦ ਖੱਟੇ ਕਰਦਿਆਂ ਜੰਗੇ
ਮੈਦਾਨ ਵਿੱਚ ਉਨ੍ਹਾਂ ਦੀ ਗਰਦਨ 'ਤੇ ਭਾਰੀ ਵਾਰ ਹੋ ਗਿਆ, ਪਰ ਬਾਬਾ ਜੀ ਇੱਕ ਹੱਥ ਦਾ ਸੀਸ
ਨੂੰ ਸਹਾਰਾ ਦੇ ਦੂਜੇ ਹੱਥ ਨਾਲ ਆਖਰੀ ਦੰਮ ਤੱਕ ਖੰਡਾ ਵਾਹੀ ਗਏ, ਜਿਸ ਕਰਕੇ ਦੁਸ਼ਮਣ ਦੀ
ਹਾਰ ਹੋਈ, ਦੁਸ਼ਮਣ ਸਿੱਰ 'ਤੇ ਪੈਰ ਰੱਖ ਕੇ ਦੌੜ ਗਏ। ਇੱਥੇ ਵੀ ਸਿਰ 'ਤੇ ਪੈਰ ਰੱਖ ਦੌੜ
ਗਏ ਵੀ ਮੁਹਾਵਰਾ ਹੈ, ਨਾ ਕਿ ਦੁਸ਼ਮਣਾਂ ਨੇ ਆਪਣੇ ਪਹਿਲਾਂ ਪੈਰ ਵੱਢੇ ਫਿਰ ਸਿਰ 'ਤੇ ਰੱਖੇ
ਤੇ ਦੌੜੇ, ਮਤਲਬ ਜਾਨ ਬਚਾ ਕੇ ਦੌੜ ਗਏ। ਸੋ, ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਦੀ ਨੇ
ਬੇਹੁਰਮਤੀ ਨਾ ਸਹਾਰਦਿਆਂ, ਆਪ ਸ਼ਹੀਦ ਹੋ ਗੁਰੂ ਚਰਨਾਂ ਵਿੱਚ ਸੀਸ ਭੇਟ ਕਰਕੇ, ਆਪਣਾ ਪ੍ਰਣ
ਨਿਭਾ ਗਏ।
ਬਾਕੀ ਕਰਾਮਾਤਾਂ ਸੰਪ੍ਰਦਾਈ ਸਾਧਾਂ ਅਤੇ
ਅੰਧਵਿਸ਼ਵਾਸ਼ੀ ਲੋਕਾਂ ਨੇ ਜੋੜ ਕੇ ਬਾਬਾ ਜੀ ਦੀ ਮਹਾਨ ਸ਼ਹੀਦੀ ਨੂੰ ਕਰਾਮਾਤ ਤੱਕ ਹੀ ਸੀਮਤ
ਕਰ ਦਿੱਤਾ, ਜਦ ਕਿ ਸਿੱਖੀ ਵਿੱਚ ਕਰਾਮਾਤ ਕਹਿਰ ਦਾ ਨਾਮ ਹੈ। ਜੇ ਕੋਈ ਅਜਿਹੀਆਂ ਕਰਾਮਾਤਾਂ
ਵਿੱਚ ਸ਼ਕਤੀ ਹੈ ਤਾਂ ਫਿਰ ਦੁਸ਼ਮਣ ਨਾਲ ਜੁੱਧ ਕਰਕੇ, ਆਪ ਸ਼ਹੀਦ ਹੋਣ ਦੀ ਲੋੜ ਹੀ ਨਹੀਂ, ਬਸ
ਕਰਾਮਾਤ ਨਾਲ ਹੀ ਦੁਸ਼ਮਣ ਢੇਰੀ ਕੀਤਾ ਜਾ ਸਕਦਾ ਸੀ। ਹਾਂ ਰੱਬ ਦੇ ਭਾਣੇ ਵਿੱਚ ਕੋਈ ਕੁਦਰਤੀ
ਘਟਨਾ ਘਟ ਜਾਵੇ ਮੁਮਕਿਨ ਹੈ।
ਜ਼ਰਾ ਸੋਚੋ! ਕੀ ਬਾਬਾ ਦੀਪ ਸਿੰਘ ਜੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਿੱਖਾਂ ਵਿੱਚ ਕੋਈ
ਸਿਰਲੱਥ ਜੋਧਾ ਨਹੀਂ ਹੋਇਆ? ਉੱਤਰ ਹੈ, ਬਹੁਤ ਹੋਏ ਹਨ। ਸਿਰਲੱਥ ਭਾਵ ਨਿਧੜਕ ਜੋਧਾ, ਜੋ
ਕੀਤਾ ਪ੍ਰਣ ਨਿਭਾ ਜਾਵੇ ਅਤੇ ਜੋ ਸ਼ਾਹੀ ਲਸ਼ਕਰਾਂ ਵਿੱਚ ਥੜਤੱਲੀਆਂ ਮਚਾ ਦੇਵੇ ਆਦਿਕ। ਅੱਜ
ਜੋ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਵਾਰਸ ਕਹਾ ਰਹੇ ਹਨ ਇਹ ਟਕਸਾਲ ਵਾਲੇ,
ਨਾਂ ਦੁਮਾਲਾ ਸਜਾਉਂਦੇ, ਨਾ ਸਿਰ 'ਤੇ ਚੱਕਰ ਪਾਉਂਦੇ ਅਤੇ ਨਾ ਹੀ ਹੱਥ ਵਿੱਚ ਖੰਡਾ ਰੱਖਦੇ
ਹਨ, ਸਗੋਂ ਨਿਰਮਲਿਆਂ ਵਾਲਾ ਬਾਣਾ ਪਹਿਨਦੇ ਹਨ। ਬਾਬਾ ਦੀਪ ਸਿੰਘ ਜੀ ਤਾਂ ਬਾਰਾਂ ਮਿਸਲਾਂ
ਵਿੱਚੋਂ ਮਿਸਲ ਸ਼ਹੀਦਾਂ ਦੇ ਮੁਖੀ ਸਨ, ਨਾ ਕਿ ਕਿਸੇ ਟਕਸਾਲ ਸੰਪ੍ਰਦਾ ਦੇ ਥਾਪੇ ਗਏ
ਗੱਦੀਦਾਰ ਸੰਤ। ਦਸ ਗੁਰੂਆਂ, ਹਜੂਰੀ ਸਿੱਖਾਂ, ਸਿੱਖ ਮਿਸਲਾਂ
ਵੇਲੇ ਤਾਂ ਕਿਸੇ ਨੇ ਆਪਣੇ ਆਪ ਨੂੰ "ਸੰਤ" ਕਹਾਇਆ, ਨਹੀਂ ਤੇ ਨਾ ਹੀ ਇਤਿਹਾਸ ਵਿੱਚ ਕਿਤੇ
ਲਿਖਿਆ ਮਿਲਦਾ ਹੈ। ਫਿਰ ਇਹ ਅਜੋਕੇ ਟਕਸਾਲੀ ਸੰਤ ਕਿਵੇਂ ਕਹਾਉਣ ਲੱਗ ਪਏ? ਅਤੇ ਕਿਵੇਂ
ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਵੀ ਇੱਕ ਸੰਪ੍ਰਦਾਈ ਬਣਾ ਦਿੱਤਾ?
ਇਸ ਬਾਰੇ ਹੋਰ ਵਿਸਥਾਰ ਨਾਲ ਵਿਚਾਰਨ ਦੀ ਲੋੜ ਹੈ। ਦਾਸ ਹਰ ਉਸ ਸੰਪ੍ਰਦਾ ਅਤੇ ਜਥੇਬੰਦੀ
ਦਾ ਸਤਿਕਾਰ ਕਰਦਾ ਹੈ ਜੋ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਪੂਰਨ
ਵਿਸ਼ਵਾਸ਼ ਰੱਖਦੀ ਅਤੇ ਗੁਰਮਤਿ ਮਰਯਾਦਾ ਅਨੁਸਾਰ ਵਿਚਰਦੀ ਹੈ।