ਜਦ ਸਾਰਾ ਗੜ੍ਹੀ ‘ਚ ਆਣਕੇ,
ਸਿੱਖਾਂ ਚੌਕੀ ਲਈ ਬਣਾ।
ਉੱਥੇ ਆਣ ਪਠਾਣ ਕਬਾਇਲੀਆਂ, ਲਿਆ ਘੇਰਾ ਰਲ਼ਕੇ ਪਾ।
ਕਹਿੰਦੇ ਬਾਹਰ ਆ ਜਾਓ ਗੜ੍ਹੀ ‘ਚੋਂ, ਨਾ ਜਿੰਦਗੀ ਲਿਓ ਗਵਾ।
ਏਥੇ ਫੌਜ ਤੁਹਾਡੀ ਆਣਕੇ, ਹੁਣ ਸਕਦੀ ਨਹੀਂ ਬਚਾ।
ਸਿੰਘਾਂ ਆਖਿਆ ਅੰਦਰੋਂ ਗਰਜਕੇ, ਸਾਨੂੰ ਸਕੇ ਨਾ ਕੋਈ ਝੁਕਾਅ।
ਅਸੀਂ ਡਰੀਏ ਕਦੇ ਨਾ ਮੌਤ ਤੋਂ, ਸਾਨੂੰ ਜੰਗ ਜੂਝਣ ਦਾ ਚਾਅ।
ਅਸੀਂ ਪੁੱਤਰ ਗੁਰੂ ਗੋਬਿੰਦ ਦੇ, ਨਲੂਏ ਦੇ ਧਰਮ ਭਰਾ।
ਸਿੰਘਾਂ ਗਰਜ ਜੈਕਾਰਾ ਛੱਡਿਆ, ਗਈਆਂ ਰਫਲਾਂ ਮੋਢਿਆਂ।
ਸਿੰਘਾਂ ਸਾਂਭ ਗੜ੍ਹੀ ਵਿੱਚ ਮੋਰਚੇ, ਦਿੱਤੀ ਅੱਗ ਤੇ ਅੱਗ
ਵਰ੍ਹਾ।
ਧੂਆਂ-ਧਾਰ ਹੋਇਆ ਮੈਦਾਨ ਫਿਰ, ਉਥੇ ਗਿਆ ਅੰਧੇਰਾ ਛਾ। |
ਇੱਕੀ ਸਿੰਘ ਲਲਕਾਰੇ ਮਾਰਦੇ,
ਮੱਥਾ ਦਸ ਹਜਾਰ ਨਾਲ ਲਾ।
ਉੱਥੇ ਢੇਰ ਲਾਸ਼ਾਂ ਦੇ ਲੱਗ ਗਏ, ਵਗੇ ਖੂਨ ਵਾਲਾ ਦਰਿਆ।
ਛੇ ਘੰਟੇ ਦੇ ਵਿੱਚ ਸੂਰਿਆਂ, ਗੱਡੀ ਛੇ ਸੌ ਦਿੱਤੇ ਚੜ੍ਹਾ।
ਸਿੰਘਾਂ ਗੋਲੀ ਸਿੱਕਾ ਮੁੱਕਦਿਆਂ, ਸੰਗੀਨਾਂ ਲਈਆਂ ਉਠਾ।
ਜਖਮੀ ਸ਼ੇਰਾਂ ਵਾਂਗੂ ਝਪਟਦੇ, ਦਿੰਦੇ ਦੁਸ਼ਮਣ ਝੱਟ ਲਿਟਾ।
ਜਿਹੜੇ ਕਹਿੰਦੇ ਹੱਥੀਂ ਫੜਾਂਗੇ, ਹੋਏ ਢੇਰ ਸਿੰਘਾਂ ਕੋਲ ਜਾ।
ਆਖਿਰ ਸਿੰਘ ਸ਼ਹੀਦੀ ਪਾਕੇ, ਗਏ ਕੌਮ ਦਾ ਨਾਂ ਰੁਸ਼ਨਾ।
ਸਿੰਘਾਂ ਜੰਗ ਲੜੀ ਚਮਕੌਰ ਜੋ, ਮੁੜ ਚੇਤੇ ਗਏ ਕਰਵਾ।
ਸਦਾ ਅਣਖ ਹਿੰਮਤ ਦੇ ਨਾਲ ਬਈ, ਹੁੰਦਾ ਬੇਲੀ ਆਪ ਖੁਦਾ।
ਤਾਹੀਓਂ ਸਾਰਾਗੜੀ ਦੀ ਜੰਗ ਨੂੰ, ਅੱਜ ਦੁਨੀਆਂ ਰਹੀ ਏ ਗਾ। |