Share on Facebook

Main News Page

ਗੁਰਬਚਨ ਸਿੰਘ ਦੇ ਆਉਣ ਤੋਂ ਪਹਿਲਾਂ ਭੱਖਿਆ ਕਾਨਪੁਰ ਦਾ ਮਾਹੌਲ; ਕਾਨਪੁਰ ਦੇ ਸਾਰਿਆਂ ਗੁਰਦੁਆਰਿਆਂ ਵਿੱਚ ਲਗੇ ਪੋਸਟਰ

* ਸਿੱਖਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ

ਖ਼ਾਲਸਾ ਨਿਊਜ਼ ਬਿਊਰੋ; ਮਿਤੀ 12 ਸਿਤੰਬਰ 2015: ਭਾਈ ਬੰਨੋ ਸਾਹਿਬ ਗੁਰਦੁਆਰਾ, ਜੀ.ਟੀ. ਰੋਡ ਕਾਨਪੁਰ 'ਤੇ ਕਾਬਿਜ ਪ੍ਰਧਾਨ ਸਰਦਾਰ ਮੋਹਕਮ ਸਿੰਘ ਨੇ ਆਪਣੀ ਨਵੀਂ ਨਵੀਂ ਚੌਧਰ ਨੂੰ ਕਾਨਪੁਰ ਵਿੱਚ ਚਮਕਾਉਣ ਲਈ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਨੂੰ ਕਾਨਪੁਰ ਦੋਬਾਰਾ ਬੁਲਾਇਆ ਹੈ। ਕੁੱਝ ਦਿਨ ਪਹਿਲਾਂ ਇਸਨੇ ਆਰ.ਐਸ.ਐਸ. ਨਾਲ ਸੰਬੰਧਿਤ ਡਾ. ਜੋਧ ਸਿੰਘ ਨੂੰ ਬੁਲਵਾਇਆ ਸੀ, ਜਿਸ ਨਾਲ ਕਾਨਪੁਰ ਦੇ ਕੁੱਝ ਜਾਗਰੂਕ ਸਿੱਖ ਮਿਲਣ ਗਏ ਤਾਂ, ਉਹ ਅਖੌਤੀ ਦਸਮ ਗ੍ਰੰਥ ਬਾਰੇ ਕੋਈ ਮਾਕੂਲ ਜਵਾਬ ਨਾ ਦੇ ਸਕਿਆ। ਉਨ੍ਹਾਂ ਸਿੱਖਾਂ ਨੇ ਸਰਦਾਰ ਮੋਹਕਮ ਸਿੰਘ ਨੂੰ ਇਸ ਮੀਟਿੰਗ ਵਿੱਚ ਸਾਫ ਸਾਫ ਇਹ ਕਹਿ ਦਿੱਤਾ ਸੀ ਕਿ, "ਤੈਨੂੰ ਇਸ ਗੁਰਦੁਆਰੇ ਦਾ ਪ੍ਰਧਾਨ ਅਸਾਂ ਬਣਾਇਆ ਹੈ। ਜੇ ਤੂੰ ਆਰ.ਐਸ.ਐਸ. ਜੋ ਸਿੱਖ ਵਿਰੋਧੀ ਸੰਸਥਾ ਹੈ ਅਤੇ ਗੁਰਬਚਨ ਸਿੰਘ ਵਰਗੇ ਰਿਸ਼ਵਤ ਖਾਣ ਵਾਲੇ ਗ੍ਰੰਥੀ ਨੂੰ ਜਿਸਨੇ ਬਾਦਲ ਵਰਗੇ ਬੰਦੇ ਨੂੰ "ਫਖਰ-ਏ-ਕੌਮ" ਦਾ ਅਵਾਰਡ ਦਿਤਾ ਹੈ, ਤੇ ਬੁਲਾਂਉਦਾ ਰਿਹਾ, ਤਾਂ ਅਸੀਂ ਤੈਨੂੰ ਇਸ ਪ੍ਰਧਾਨਗੀ ਤੋਂ ਲਾਹੁਣ ਵਿੱਚ ਵੀ ਦੇਰ ਨਹੀਂ ਕਰਾਂਗੇ।"

ਕਾਨਪੁਰ ਦੀਆਂ ਸੰਗਤਾਂ ਨੇ ਮੋਹਕਮ ਸਿੰਘ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਚੌਧਰ ਦੀ ਭੁੱਖ ਬੰਦੇ ਨੂੰ ਹਰ ਸਿਧਾਂਤ ਅਤੇ ਅਪਣੀ ਜ਼ਮੀਰ ਤੋਂ ਡਿਗਾ ਦਿੰਦੀ ਹੈ। ਮੋਹਕਮ ਸਿੰਘ ਦੀ ਚੌਧਰ ਦੀ ਭੁੱਖ ਨੇ ਸਾਰੇ ਅਸੂਲਾਂ ਨੂੰ ਤਾਕ 'ਤੇ ਰੱਖ ਕੇ ਪੰਥ ਵਿਰੋਧੀ ਲੋਗਾਂ ਨਾਲ ਗਲਬਾ ਪਾ ਲਿਆ ਹੈ। ਮੋਹਕਮ ਸਿੰਘ 'ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਤੇ ਦੂਜੇ ਦਿਨ ਕੁੱਝ ਜਾਗਰੂਕ ਵੀਰਾਂ ਨੇ ਕਾਨਪੁਰ ਦੇ ਸਾਰਿਆਂ ਗੁਰਦੁਆਰਿਆਂ ਵਿੱਚ ਗੁਰਬਚਨ ਸਿੰਘ ਅਤੇ ਮੋਹਕਮ ਸਿੰਘ ਦੇ ਖਿਲਾਫ ਇਹ ਪੋਸਟਰ ਲਗਾ ਕੇ ਅਪਣੇ ਰੋਸ ਦਾ ਮੁਜ਼ਾਹਿਰਾ ਸੰਵਿਧਾਨਕ ਢੰਗ ਨਾਲ ਕਰਨਾ ਸ਼ੁਰੂ ਕੀਤਾ।

ਧਿਆਨ ਦੇਣ ਯੋਗ ਗੱਲ ਇਹ ਹੈ ਕਿ ਆਪਣੀ ਗਲਤੀ 'ਤੇ ਸ਼ਰਮਿੰਦਾ ਹੋਣ ਦੀ ਬਜਾਇ ਮੋਹਕਮ ਸਿੰਘ ਅਤੇ ਗੁਰਬਚਨ ਸਿੰਘ ਹੋਰ ਅਹੰਕਾਰ ਵਿੱਚ ਆ ਗਏ ਤੇ ਪੋਸਟਰਾਂ ਵਿੱਚ ਛਪੀ ਹਰਮਿੰਦਰ ਸਿੰਘ ਬੈਂਗਲੋਰ ਦੀ ਸੱਚੀ ਖਬਰ ਪੜ੍ਹ ਕੇ ਭੜਕ ਉਠੇ। ਜਿਸ ਵਿੱਚ ਗੁਰਬਚਨ ਸਿੰਘ ਦੁਆਰਾ ਸਰਦਾਰ ਹਰਮਿੰਦਰ ਸਿੰਘ ਕੋਲੋਂ ਲਈ ਗਈ ਰਿਸ਼ਵਤ ਬਾਰੇ ਸਵਾਲ ਪੁਛਿਆ ਗਿਆ ਸੀ। ਇਨ੍ਹਾਂ ਪੋਸਟਰਾਂ ਵਿੱਚ ਕਾਨਪੁਰ ਦੀਆਂ ਸੰਗਤਾਂ ਨੇ ਇਹ ਪੁਛਿਆ ਹੈ ਕਿ, "ਰਿਸ਼ਵਤ ਲੈਣ ਵਾਲਾ ਬੰਦਾ ਕੀ ਅਕਾਲ ਤਖਤ 'ਤੇ ਬਹਿਣ ਦੇ ਲਾਇਕ ਹੋ ਸਕਦਾ ਹੈ ?"

ਗੁਰਬਚਨ ਸਿੰਘ ਦੇ ਪਾਲਤੂ ਗੂੰਡਿਆਂ ਨੇ ਸਰਦਾਰ ਹਰਮਿੰਦਰ ਸਿੰਘ ਅਤੇ ਕਾਨਪੁਰ ਦੇ ਵੀਰਾਂ ਨੂੰ ਜਾਨ ਤੋਂ ਮਾਰਨ ਅਤੇ ਮੁਕੱਦਮੇ ਕਰਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤਿਆਂ। ਇਹ ਖਬਰ ਲਿੱਖਣ ਤਕ ਕਾਨਪੁਰ ਦੇ ਜਾਗਰੂਕ ਵੀਰਾਂ ਅਤੇ ਸਰਦਾਰ ਹਰਮਿੰਦਰ ਸਿੰਘ ਬੈਂਗਲੋਰ ਵਾਲਿਆਂ ਨੂੰ ਗੁਰਬਚਨ ਸਿੰਘ ਦੇ ਗੁੰਡਿਆਂ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਇਸ ਬਾਰੇ ਸਰਦਾਰ ਹਰਮਿੰਦਰ ਸਿੰਘ ਨੇ ਸਾਨੂੰ ਸਾਰੀ ਗਲ ਵਿਸਤਾਰ ਨਾਲ ਦੱਸੀ ਤੇ ਕਹਿਆ ਕਿ ਮੈਨੂੰ ਮੋਹਕਮ ਸਿੰਘ ਅਤੇ ਪਰਮਜੀਤ ਸਿੰਘ ਖਾਲਸਾ, ਸਿੱਖ ਸਟੂਡੇਂਟ ਫੇਡਰੇਸ਼ਨ ਮਹਿਤਾ ਦੇ ਜਾਨੋਂ ਮਾਰਨ ਅਤੇ ਮੁਕੱਦਮੇ ਕਰਣ ਦੇ ਫੋਨ ਆਏ ਹਨ, ਜਿਨ੍ਹਾਂ ਨੂੰ ਮੈਂ ਰਿਕਾਰਡ ਕਰ ਲਿਆ ਹੈ। ਇੱਸੇ ਤਰ੍ਹਾਂ ਕਾਨਪੁਰ ਦੇ ਕੁਝ ਵੀਰਾਂ ਨੂੰ ਵੀ ਪਰਮਜੀਤ ਸਿੰਘ ਖਾਲਸਾ ਨੇ ਫੋਨ ਕਰਕੇ ਧਮਕੀਆਂ ਦਿੱਤੀਆਂ ਹਨ।

ਇਹ ਵੀ ਖਬਰ ਮਿਲੀ ਹੈ ਕਿ ਕਾਨਪੁਰ ਦੀ ਸੰਗਤ ਗੁਰਬਚਨ ਸਿੰਘ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਣ ਅਤੇ ਉਸਨੂੰ ਕਿਸੇ ਹੀਲੇ ਮਿੱਲ ਕੇ ਸਵਾਲ ਜਵਾਬ ਕਰਣ ਲਈ ਕਮਰ ਕੱਸਾ ਕਰ ਚੁਕੀ ਹੈ, ਕਿਉਂਕਿ ਪਿਛਲੇ ਵਰ੍ਹੇ ਗੁਰਬਚਨ ਸਿੰਘ ਨੂੰ ਮਿਲਣ ਗਏ ਸਿੱਖਾਂ ਨੂੰ ਉਸਨੇ ਬਾਹਰੋਂ ਹੀ ਇਹ ਕਹਿ ਕੇ ਵਾਪਸ ਭੇਜ ਦਿੱਤਾ ਸੀ ਕਿ, "ਮੈਂ ਤੁਹਾਡੇ ਨਾਲ ਗਲਬਾਤ ਕਰਣ ਵਿੱਚ ਅਸਮਰਥ ਹਾਂ, ਕਿਉਂਕਿ ਮੇਰੇ ਮੂੰਹ ਵਿੱਚ ਛਾਲੇ ਹੋਏ ਨੇ।" ਸਵਾਲ ਜਵਾਬ ਕਰਣ ਦਾ ਇਹ ਮੌਕਾ, ਇਸ ਵਾਰ ਕਾਨਪੁਰ ਦੀ ਸੰਗਤ ਅਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ।

ਕਾਨਪੁਰ ਦੇ ਇਕ ਵੀਰ ਕਵਲਪਾਲ ਸਿੰਘ, ਕਾਨਪੁਰ ਨੇ ਅੱਜ ਇਕ ਪੋਸਟਰ 'ਤੇ ਖੁਲ੍ਹਾ ਖੱਤ ਮੋਹਕਮ ਸਿੰਘ ਨੂੰ ਭੇਜਿਆ ਅਤੇ ਚਸਪਾ ਕੀਤਾ ਹੈ, ਜਿਸ ਦਾ ਬਿਉਰਾ ਹੇਠ ਦਿਤਾ ਜਾ ਰਿਹਾ ਹੈ।

ਸੇਵਾ ਵਿਖੇ,
ਮੋਹਕਮ ਸਿੰਘ ਜੀ,
ਮੁਖ ਸੇਵਾਦਾਰ, ਗੁਰੂਦੁਆਰਾ ਭਾਈ ਬੰਨੋ ਜੀ,
ਜੀ. ਟੀ. ਰੋਡ, ਕਾਨਪੁਰ

ਸਰਦਾਰ ਸਾਹਿਬ,

ਮੇਰਾ ਤੁਹਾਨੂੰ ਸੰਬੋਧਨ ਇਹ ਪਹਿਲਾ ਖੁੱਲਾ ਪੱਤਰ ਹੈ, ਜਿਸ ਦਾ ਮੁਖ ਕਾਰਣ ਤੁਹਾਡੇ ਵਲੋਂ ਗੁਰਮਤਿ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਤੌਰ ਉਤੇ ਐਸੇ ਬੰਦਿਆਂ ਨੂੰ ਬੁਲਾਇ ਜਾਣਾ ਹੈ, ਜਿਨ੍ਹਾਂ ਉਤੇ ਨਾ ਸਿਰਫ ਨਿਜੀ ਆਰੋਪ ਲਗੇ ਹਨ, ਬਲਕਿ ਉਹ ਕੌਮ ਨੂੰ ਗੁੰਮਰਾਹ ਕਰਨ ਵਿਚ ਵੀ ਕੋਈ ਕਸਰ ਨਹੀਂ ਛਡ ਰਹੇ।

'ਡਾ. ਜੋਧ ਸਿੰਘ' ਨਾਲ ਤੇ ਤੁਆਡੇ ਸਾ੍ਹਮਣੇ ਹੀ ਮੀਟਿੰਗ ਹੋਈ, ਜਿਸ ਵਿਚ ਤੁਸੀਂ ਆਪ ਦੇਖਿਆ ਕਿ ਕਿਸ ਤਰਾਂ ਡਾ. ਸ਼ਾਹਿਬ ਇਕ ਸਿੱਖ ਵਿਰੋਧੀ ਸੰਸਥਾ ਨਾਲ ਆਪਣਾ ਰਿਸ਼ਤਾ ਛੁਪਾ ਨਹੀਂ ਪਾਇ ਅਤੇ ਇਸ ਦੇ ਨਾਲ ਰਿਸ਼ਤੇ ਦੇ ਖੰਡਨ ਦਾ ਬਚਨ ਕਰਨ ਦੇ ਬਾਵਜੂਦ ਉਹਨਾਂ ੦੬-੦੯-੨੦੧੫ ਵਿਚ ਹੋਈ ਪੰਜਾਬੀ ਕਾਨਫ੍ਰੈੰਸ ਵਿਚ ਇਸ ਬਾਬਤ ਕੋਈ ਜਿਕਰ ਨਹੀਂ ਕੀਤਾ, ਜੇ ਹੁਣ ਵੀ ਤੁਸੀਂ ਨਹੀਂ ਸਮਝਦੇ ਤਾਂ ਕੀ ਕਹੀਏ ? (ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥)

ਹੁਣ ਤੁਹਾਡੇ ਅਗਲੇ ਮੁੱਖ ਮਹਿਮਾਨ "ਗਿਆਨੀ ਗੁਰਬਚਨ ਸਿੰਘ" ਦੇ ਬਾਰੇ ਵੀ ਗੱਲ ਕਰ ਲੈਣੀ ਜ਼ਰੂਰੀ ਹੈ, ਕਹਿਣ ਨੂੰ ਤਾਂ ਇਹ ਸਾਡੀ ਕੌਮ ਦੇ ਜੱਥੇਦਾਰ ਹਨ, ਪਰ ਕੌਮ ਬਾਰੇ ਜੇ ਕੋਈ ਸਵਾਲ ਕਰੋ, ਤਾਂ ਇਹ ਜਵਾਬ ਯਾ ਤਾਂ ਦੇਂਦੇ ਹੀ ਨਹੀਂ ਯਾ ਗੱਲ ਹੀ ਗੋਲ-ਮੋਲ ਕਰਦੇ ਹਨ, ਹਾਲਤ ਇਂਝ ਹੈ

ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥ ਪੰਨਾ 482, ਸਤਰ 13

ਸੋ ਕੌਮ ਦੇ ਕੁਛ ਸਵਾਲ ਜੋ ਮੈਂ ਇਸ ਪੱਤਰ ਰਾਹੀਂ ਤੁਹਾਨੂੰ ਭੇਜ ਰਿਹਾ ਹਾਂ, ਮੈਨੂੰ ਉਮੀਦ ਹੈ ਕਿ ਇਸ ਗੋਰੂ ਦੇ ਪੁੱਛੇ ਸਵਾਲਾਂ ਉਤੇ ਕੌਮ ਦੇ ਕਹੇ ਜਾਣ ਵਾਲੇ ਗੁਆਰ ਗੁਸਾਈ ਧਿਆਨ ਜ਼ਰੂਰ ਦੇਣਗੇ…

. ਪਹਿਲਾਂ ਹੀ ਦਸ਼ਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੧੦੦ ਸਾਲਾਂ (੧- ਜਨਵਰੀ -੨੦੧੦ ਤੋਂ ੩੧-੧੨-੨੧੦੯) ਵਿਚ ੯੭ ਵਾਰ ਹੀ ਕਿਉਂ ਆਏਗਾ? ਇਸ ਬਾਰੇ ਇਹ ਸੰਗਤ ਨੂੰ ਦਸਦੇ ਨਹੀਂ, ਕੀ ਤੁਸੀਂ ਅਪਣੇ ਮੁਖ ਮਹਿਮਾਨ ਕੋਲੋਂ ਅਗਲੇ ੯੫ ਸਾਲਾਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖਾਂ ਉਪਲਬਧ ਕਰਵਾ ਸਕਦੇ ਹੋ ?

. ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਕਿ ਅਕਾਲ ਤਖਤ ਤੋਂ ਹੀ ਜ਼ਾਰੀ ਆਦੇਸ਼ ਉਤੇ ਪਿਛਲੇ ੧੧ ਸਾਲਾਂ ਤੋਂ ਹਰ ਸਾਲ ਦੀ ੦੧-ਸਿਤੰਬਰ (੧੭-ਭਾਦੋ-ਨਾਨਕਸ਼ਾਹੀ) ਨੂੰ ਹੀ ਮਨਾਇਆ ਜਾ ਰਿਹਾ ਹੈ, ਫਿਰ ਇਸ ਸਾਲ ਕੀ ਲੋੜ ਪੈ ਗਈ, ਕਿ ਇਸ ਪਾਵਨ ਪੁਰਬ ਨੂੰ (੧੭-ਭਾਦੋ) ਦੀ ਥਾਂ (੩੦-ਭਾਦੋਂ-ਨਾਨਕਸ਼ਾਹੀ) ਨੂੰ ਮਨਾਇਆ ਜਾ ਰਿਹਾ ??

. ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਵਿਚ ਵੀ ਇਹ ਹੀ ਹਾਲ ਹੈ, ਸ਼੍ਰੋਮਣੀ ਕਮੇਟੀ ਦੀ ਬਣੀ ਵੈਬਸਾਈਟ ਉਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ੨੫ ਅਸੂ (੦੯ ਅਕਤੂਬਰ) ਨੂੰ ਹੀ ਮਨਾਇਆ ਜਾਂਦਾ ਹੈ, ਪਰ ਇਸ ਸਾਲ ਇਹ ੨੫ ਅਸੂ ਵੀ ਕੱਤਕ ਦੀ ੧੩ ਤਾਰੀਖ ਵਿਚ ਆ ਰਿਹਾ ਹੈ... ਕੀ ਕਾਰਣ ਹੈ ਕਿ ਅਸੂ ਦੇ ਗੁਰਪੁਰਬ ਕੱਤਕ ਦੇ ਮਹੀਨੇ ਵਿਚ ਆ ਰਹੇ ਨੇ ?

. ਕੌਮ ਦੀ ਸਥਿਤੀ ਉਸ ਵੱਕਤ ਹੋਰ ਵੀ ਹਾਸੋਹੀਣੀ ਹੋ ਜਾਂਦੀ ਹੈ, ਜਦੋਂ ਤੁਹਾਡੇ ਇਹ ਮੁੱਖ ਮਹਿਮਾਨ ਬੋਲਦੇ ਨੇ ਕਿ "ਪਟਨਾ ਸਾਹਿਬ ਅਤੇ ਹਜੂਰ ਸਾਹਿਬ ਵਿਚ ਹੋ ਰਹੇ ਗੁਰਮਤਿ ਤੋਂ ਉਲਟ ਕਰਮਕਾਂਡ ਨੂੰ ਅਸੀਂ ਰੋਕਣ ਤੋਂ ਅਸਮਰਥ ਹਾਂ, ਕਿਉਂਕਿ ਉਹ ਸਾਡੀ ਮਨੰਦੇ ਨਹੀਂ।" ਚਲੋ ਮਨ ਲੈਂਦੇ ਹਾਂ, ਕਿਉਂਕਿ ਕਾਨੂੰਨ ਮੁਤਾਬਿਕ ਇਹ ਦੋਵੇਂ ਹੀ ਅਸਥਾਨ ਇਹਨਾਂ ਦੇ ਅਧਿਕਾਰ ਖੇਤਰ ਵਿਚ ਨਹੀਂ, ਪਰ ਕੀ ਕਾਰਣ ਹੈ ਕਿ ਗੁਰੂ ਸਾਹਿਬਾਂ ਨੂੰ ਚੋਰ, ਡਾਕੂ, ਕਾਤਲ, ਲੁਟੇਰੇ, ਭਗੌੜੇ ਅਤੇ ਨੌਕਰਾਣੀਆਂ ਦੇ ਪੇਟੋਂ ਬੱਚੇ ਜੰਮਣ ਵਾਲੇ ਦਰਸ਼ਾਉਣ ਵਾਲੀ ਸ਼ਘਫਛ ਦੀ ਛਪੀ ਕਿਤਾਬ "ਸਿੱਖ ਇਤਿਹਾਸ" ਲਿਖਣ ਵਾਲੇ ਅਤੇ ਛਾਪਣ ਵਾਲੇ ਉਤੇ ਇਹਨਾਂ ਵਲੋਂ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ?? ਇਸੇ ਕਿਤਾਬ ਦਾ ਪੰਜਾਭੀ ਸੰਸਕਰਣ ਇਹਨਾਂ ਵਲੋਂ ਕਾਗਜ਼ੀ ਰੋਕ ਦੇ ਬਾਵਜ਼ੂਦ ਅੰਮ੍ਰਿਤਸਰ ਦੇ ਬਾਜ਼ਾਰ ਵਿਚ ੦੭-੦੫-੨੦੧੪ ਨੂੰ ਬਿਲ ਸਮੇਤ ਵਿਕਦੀ ਮਿਲੀ, ਅੰਮ੍ਰਿਤਸਰ ਦੇ ਕਮੀਸ਼ਨਰ ਨੂੰ ਸਬੂਤਾਂ ਸਮੇਤ ਸ. ਬਲਦੇਵ ਸਿੰਘ ਸਿਰਸਾ ਵਲੋਂ ਲਿਖਤੀ ਸ਼ਿਕਾਇਤ ਦਰਜ਼ ਕਰਨ ਦੇ ਬਾਵਜੂਦ ਦੁਕਾਨਦਾਰ ਉਤੇ ਇਹਨਾਂ ਵਲੋਂ ਕੋਈ ਕਾਰਵਾਈ ਨਹੀਂ… ਕੀ ਸ਼੍ਰੋਮਣੀ ਕਮੇਟੀ ਵਾਲੇ ਵੀ ਇਹਨਾਂ ਦੀ ਨਹੀਂ ਮਨੰਦੇ??

. ੨੦੧੩ ਦੇ ਦਿਸੰਬਰ ਮਹੀਨੇ ਵਿੱਚ ਵੀ ਕੌਮ ਦੇ ਸਾਮਣੇ ਹਾਸੋਹੀਣੀ ਸਥਿਤੀ ਪੈਦਾ ਹੋ ਗਈ, ਜਦੋਂ ਗੁਰਮਤਿ ਪ੍ਰਕਾਮ ਨਾਮ ਦੇ ਰਸਾਲੇ ਦੇ ਮੁਖ ਪੰਨੇ (ਕਵਰ ਪੇਜ਼) ਉਤੇ ਚਾਰ ਸਾਹਿਬਜ਼ਾਦਿਆਂ ਦੀ ਮਨੋ ਕਲਪਿਤ ਤਸਵੀਰ ਵਿਚ ਉਹਨਾਂ ਦੇ ਸਿਰਾਂ ਦੇ ਕੇਸ ਕਤਲ ਦਰਸਾਇ ਗਏ ਅਤੇ ਸਿਰ ਉਤੇ ਟੋਪੀ ਵੀ ਦਰਸਾਈ ਗਈ, ਇਸ ਨੀਚ ਕਰਮ ਵਿਚ ਕਾਰਵਾਈ ਤਾਂ ਦੂਰ, ਇਸ ਫੋਟੋ ਨੂੰ ਇਹਨਾਂ ਵਲੋਂ ਅੱਜ ਤਕ ਵਾਪਸ ਵੀ ਨਹੀਂ ਲਿਆ ਗਯਾ… ਕਿਉਂ?


. ਇਕ ਹੋਰ ਵਿਸ਼ਾ ਜਿਸ ਕਰ ਕੇ ਕੌਮ ਦੋ ਭਾਗਾਂ ਵਿਚ ਵੰਡੀ ਗਈ, ਇਸ ਵਿਸ਼ੇ ਉਤੇ ਮੇਰਾ ਸਿਰਫ ਇਕ ਸਵਾਲ ਹੈ, ਕੀ ਲਾਂਬੇ ਵਲੋਂ ਕੀਤੀ ਪ੍ਰੋ. ਦਰਸ਼ਨ ਸਿੰਘ ਜੀ ਦੀ ਸ਼ਿਕਾਇਤ ਵਜੋਂ ਜੋ CD ਭੇਜੀ ਗਈ, ਕੀ ਉਸ ਦੀ Forensic ਜਾਂਚ ਇਹਨਾਂ ਵਲੋਂ ਕਰਾਈ ਗਈ ?? ਜੇ ਹਾਂ ਤੇ ਜਾਂਚ ਕਰਨ ਵਾਲੀ ਸੰਸਥਾ ਦਾ ਨਾਂ, ਜਾਂਚ ਦਾ ਨੰ. ਅਤੇ ਤਾਰੀਖ ਬਾਰੇ ਵੀ ਸਟੇਜ ਤੋਂ ਦਸ ਦੇਣ…

ਸਰਦਾਰ ਸਾਹਿਬ ਜੀ ਪ੍ਰਸ਼ੰਸਕ ਹੋਣਾ ਕੋਈ ਮਾੜੀ ਗਲ ਨਹੀਂ, ਪਰ ਨਿਜੀ ਸਵਾਰਥਾਂ ਦੀ ਪੂਰਤੀ ਲਈ ਕਿਸੇ "ਬੰਦੇ ਦਾ ਬੰਦਾ" ਹੋ ਜਾਣਾ ਮਨਮੁੱਖਤਾ ਹੈ (ਮਨਮੁਖ ਹੋਇ ਬੰਦੇ ਦਾ ਬੰਦਾ) ਅਤੇ ਗੁਰੁਦੁਆਰੇ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ, ਤੁਹਾਨੂੰ ਇਸ ਗੱਲ ਦੀ ਜਾਣਕਾਰੀ ਵਧੇਰੀ ਹੋਣੀ ਹੈ, ਇਸ ਲਈ ਤੁਹਾਨੂੰ ਬੇਨਤੀ ਹੈ ਕਿ ਜਿਸ ਵੀ ਕਿਸੇ ਨੂੰ ਗੁਰੂ ਦੀ ਸਟੇਜ ਦਿਉ ਉਸ ਨੂੰ ਲੋਕਲ ਸੰਗਤਾਂ ਦੇ ਸਵਾਲਾਂ ਬਾਰੇ ਜਾਣੂ ਵੀ ਕਰਾ ਦਿਉ, ਤਾਂ ਜੋ ਉਹ ਇਹਨਾਂ ਸਵਾਲਾਂ ਦੇ ਜਵਾਬ ਦੇ ਕੇ ਤੱਸਲੀ ਕਰਵਾ ਸਕੇ।

ਇਹ ਖੁੱਲਾ ਪੱਤਰ ਮੈਂ ਤੁਹਾਡੇ ਅਲਾਵਾ ਹੋਰ ਸੰਸਥਾਵਾਂ, ਵੈਬ ਸਾਈਟਸ ਨੂੰ ਵੀ ਭੇਜ ਰਿਹਾ ਹਾਂ ਅਤੇ ਤੁਹਾਡੇ ਮੁੱਖ ਮਹਿਮਾਨ ਜੀ ਦੇ ਜਵਾਬਾਂ ਨੂੰ ਵੀ ਇਸੇ ਤਰਾਂ ਪਬਲਿਸ਼ ਕਰਾਂਗਾ।

ਕੌਮ ਦੀ ਚੜਦੀ ਕਲਾ ਦੀ ਆਸ ਵਿੱਚ
ਕੰਵਲਪਾਲ ਸਿੰਘ
ਕਾਨਪੁਰ

ਕਾਨਪੁਰ ਦੀਆਂ ਸਿੱਖ ਸੰਗਤਾਂ ਵਲੋਂ ਕਾਨਪੁਰ ਦੇ ਗੁਰਦੁਆਰਿਆਂ ਵਿੱਚ ਲਗਾਏ ਗਏ ਦੋ ਪੋਸਟਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top