Share on Facebook

Main News Page

ਮੱਕੜ ਨੂੰ ਅਕਾਲ ਤਖਤ ਤੋਂ ‘‘ਸ਼੍ਰੋਮਣੀ ਸੇਵਕ’’ ਅਵਾਰਡ ਦੇਣਾ, ਖੜੇ ਕਰ ਸਕਦਾ ਹੈ ਕਈ ਪ੍ਰਕਾਰ ਦੇ ਸ਼ੰਕੇ
-: ਜਸਬੀਰ ਸਿੰਘ ਪੱਟੀ

ਅੰਮ੍ਰਿਤਸਰ 9 ਸਤੰਬਰ (ਜਸਬੀਰ ਸਿੰਘ ਪੱਟੀ): ਸ੍ਰੀ ਅਕਾਲ ਤਖਤ ਸਾਹਿਬ ਤੋ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੂੰ 10 ਸਤੰਬਰ ਨੂੰ ਸ੍ਰੀ ਅਕਾਲ ਤਖਤ 'ਤੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿੱਚ ‘‘ਸ਼੍ਰੋਮਣੀ ਸੇਵਕ’’ ਦਾ ਅਵਾਰਡ ਦਿੱਤੇ ਜਾਣ ਨੂੰ ਲੈ ਕੇ ਪੰਥਕ ਸਫਾਂ ਵਿੱਚ ਨਵੀਂ ਚਰਚਾ ਛਿੜ ਗਈ ਹੈ ਤੇ ਇਸ ਅਵਾਰਡ 'ਤੇ ਬਹੁਤੇ ਲੋਕਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਮੁਲਜਾਮਾਂ ਕੋਲੋਂ ਅਵਾਰਡ ਲੈ ਜਾਣੇ ਕੋਈ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਮੁਲਾਜ਼ਮ ਤਾਂ ਸਿਰਫ ਨੌਕਰ ਹੈ, ਜੋ ਚਾਕਰੀ ਕਰ ਸਕਦਾ, ਪਰ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰ ਸਕਦਾ। ਇਹ ਅਵਾਰਡ 9 ਮਾਰਚ 2015 ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਦੇਣ ਦਾ ਫੈਸਲਾ ਕੀਤਾ ਗਿਆ ਸੀ।

ਸ਼ੋਸ਼ਲ ਮੀਡੀਆ ‘ਤੇ ਇੱਕ ਵਿਅਕਤੀ ਇੰਦਰਜੀਤ ਸਿੰਘ ਨੇ ਅਵਾਰਡ ਬਾਰੇ ਇਸ ਤਰ੍ਹਾਂ ਟਿੱਪਣੀ ਕੀਤੀ ਹੈ ਕਿ, "ਹਿੰਦੀ ਦੀ ਇਕ ਕਹਾਵਤ ਹੈ, 'ਅੰਧਾ ਬਾਂਟੇ ਰੇਵੜੀ, ਫਿਰ ਫਿਰ ਆਪਨੋ ਕੋ ਦੇ' ਯਾਨੀ ਕਿ ਜੇ ਅੰਨਾ ਬੰਦਾ ਰੇਵੜੀਆਂ ਵੰਡਦਾ ਹੈ, ਤਾਂ ਉਹ ਵਾਰ ਵਾਰ ਅਪਣੇ ਨੂੰ ਹੀ ਵੰਡਣ ਲਗਦਾ ਹੈ। ਉਹੀ ਹਾਲ ਇਨ੍ਹਾਂ ਪੰਥ ਦੋਖੀ ਕੇਸਾਧਾਰੀ ਬ੍ਰਾਹਮਣਾਂ ਦਾ ਹੈ। ਭਲਾ ਇਸ ਨੂੰ ਕਿਹੜੀ ਸੂਰਬੀਰਤਾ ਕਰਕੇ ਪਹਿਲਾਂ "ਬਾਬਾ ਫੂਲਾ ਸਿੰਘ ਅਵਾਰਡ" ਦਿੱਤਾ ਸੀ ਤੇ ਹੁਣ ‘‘ਸ਼੍ਰੋਮਣੀ ਸੇਵਕ’’ ਦਾ ਅਵਾਰਡ ਦਿੱਤਾ ਸੀ। ਅਕਾਲੀ ਫੂਲਾ ਸਿੰਘ ਤਾਂ 12 ਕਿਲੋ ਦਾ ਖੰਡਾ ਦਸ ਦਸ ਘੰਟੇ ਲਗਾਤਾਰ ਚਲਾਂਉਦਾ ਸੀ, ਪਰ ਮੱਕੜ ਕੋਲੋਂ ਤਾਂ ਪੇਸ਼ਾਬ ਕਰਕੇ ਅਪਣੇ ਪਜਾਮੇ ਦਾ ਨਾਲਾ ਵੀ ਬੰਨਣ ਨਹੀਂ ਹੁੰਦਾ। ਆਪਣੀ ਜੁੱਤੀ ਵੀ ਆਪ ਪਾਉਣੀ ਭੀ ਨਹੀਂ ਹੁੰਦੀ। ਭੇਡੂ ਸਿੱਖੋ ਕਿਉਂ ਸਿੱਖੀ ਦੇ ਅਮੀਰ ਵਿਰਸੇ ਦਾ ਮਖੌਲ ਉਡਾ ਰਹੇ ਹੋ ? ਕੱਲ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੇ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ ਤੇ ਸਭ ਕੁੱਝ ਬਰਬਾਦ ਹੋ ਜਾਵੇਗਾ। ਇਸ ਨੂੰ ਅਵਾਰਡ ਦੇਣਾਂ ਹੀ ਹੈ ਤਾਂ "ਦੋ ਕਰੋੜ ਦਾ ਪੈਟਰੋਲ ਪੀ ਜਾਂਣ ਵਾਲੀ ਕਾਰ" ਦਾ ਅਵਾਰਡ ਦਿਉ। "ਗੁਰੂ ਦੀ ਗੋਲਕ ਦੇ ਲੁਟੇਰੇ" ਦਾ ਅਵਾਰਡ ਦਿਉ, "ਨਾਨਕ ਸ਼ਾਹੀ ਕੈਲੰਡਰ ਦੇ ਕਾਤਲ ਦਾ ਅਵਾਰਡ" ਦਿਉ ! ਓਏ ! ਮੂਰਖੋ ਕੀ ਕਰ ਰਹੇ ਹੋ?"

ਇਸੇ ਤਰ੍ਹਾਂ ਇੱਕ ਸਾਬਕਾ ਜਥੇਦਾਰ ਨੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਸ਼੍ਰੋਮਣੀ ਸੇਵਕ ਮੱਕੜ ਹੈ, ਤਾਂ ਫਿਰ ਪੰਥ ਵਿਰੋਧੀ ਕੌਣ ਹੋ ਸਕਦਾ ਹੈ। ਉਹਨਾਂ ਕਿਹਾ ਕਿ ਜਿੰਨਾ ਨੁਕਸਾਨ ਇਸ ਵੇਲੇ ਪੰਥ ਦਾ ਮੱਕੜ ਦੇ ਕਾਲ ਦੌਰਾਨ ਹੋਇਆ ਹੈ ਉਨਾ ਤਾਂ ਸ਼ਾਇਦ ਕਦੇ ਮਹੰਤਾਂ ਦੇ ਸਮੇਂ ਵੀ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਮਹੰਤ ਤਾਂ ਜਾਇਦਾਦਾ ਗੁਰੂ ਘਰ ਦੇ ਨਾਮ 'ਤੇ ਖਰੀਦਦੇ ਸਨ, ਪਰ ਮੱਕੜ ਬਾਦਸ਼ਾਹ ਆਪਣੇ ਘਰ ਲਈ ਖਰੀਦਦੇ ਹਨ। ਉਹਨਾਂ ਕਿਹਾ ਕਿ ਮੱਕੜ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਖੰਨਾ ਚਮਾਰਾਂ ਵਿਖੇ ਦੋ ਕਿਸਾਨਾਂ ਜਿਹਨਾਂ ਵਿੱਚੋ ਇੱਕ ਅੰਮ੍ਰਿਤਧਾਰੀ ਨੂੰ ਕਤਲ ਕਰਨ ਦਾ ਦੋਸ਼ੀ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਅਵਾਰਡ ਸਿਰਫ ਉਸ ਸ਼ਖਸ਼ੀਅਤ ਨੂੰ ਹੀ ਦਿਤਾ ਜਾ ਸਕਦਾ ਹੈ ਜਿਸ ਨੇ ਡਿੱਗੀ ਹੋਈ ਪੰਥ ਦੀ ਪੱਗ ਸਿਰ 'ਤੇ ਰੱਖੀ ਹੋਵੇ। ਜਿਹਨਾਂ ਵਿੱਚ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰ. ਸਿਮਰਨਜੀਤ ਸਿੰਘ ਮਾਨ, ਪ੍ਰੋ. ਦਰਸ਼ਨ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਰਾਜੋਆਣਾ, ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਉਹ ਸਿੱਖ ਸ਼ਾਮਲ ਹਨ, ਜਿਹਨਾਂ ਨੇ ਪੰਥ ਲਈ ਕੁਰਬਾਨੀਆਂ ਕਰਕੇ ਜੇਲਾਂ ਕੱਟੀਆਂ, ਤਸੀਹੇ ਝੱਲੇ ਹਨ

ਉਹਨਾਂ ਕਿਹਾ ਕਿ ਪਹਿਲਾਂ ਬੀਬੀ ਸੁਰਿੰਦਰ ਕੌਰ ਨੂੰ "ਮਾਤਾ ਖੀਵੀ ਅਵਾਰਡ" ਦਿੱਤਾ ਜਿਸ ਦਾ ਵਿਰੋਧ ਹੋਇਆ, ਕਿਉਂਕਿ ਮਾਤਾ ਖੀਵੀ ਨੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਸੀ, ਪਰ ਬੀਬੀ ਸੁਰਿੰਦਰ ਕੌਰ ਬਾਰੇ ਬਹੁਤ ਕੁਝ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦ। ਇਸੇ ਤਰ੍ਹਾਂ ਬੀਬੀ ਜਗੀਰ ਕੌਰ ਨੂੰ "ਮਾਈ ਭਾਗੋ" ਅਵਾਰਡ ਦਿੱਤਾ ਗਿਆ, ਜਿਸ ‘ਤੇ ਆਪਣੀ ਗਰਭਵਤੀ ਧੀ ਤੇ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਮਾਰਨ ਦਾ ਸੰਗੀਨ ਦੋਸ਼ ਲੱਗਾ ਤੇ ਉਸ ਨੂੰ ਜੇਲ ਯਾਤਰਾ 'ਤੇ ਵੀ ਜਾਣਾ ਪਿਆ।

ਇਥੇ ਹੀ ਬੱਸ ਨਹੀਂ ਸਿੱਖ ਨੌਜਵਾਨਾਂ ਦੇ ਕਤਲਾਂ ਵਿੱਚ ਸ਼ਾਮਲ ਹੋ ਕੇ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਸਾਬਕਾ ਪੁਲੀਸ ਮੁੱਖੀ ਕੇ.ਪੀ.ਐਸ ਗਿੱਲ ਨਾਲ ਰਾਤ ਦੇ ਹਨੇਰੇ ਵਿੱਚ ਮੀਟਿੰਗਾਂ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ, "ਫਖਰੇ -ਏ-ਕੌਮ" ਦਾ ਅਵਾਰਡ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ, ਜਿਸ ਦੇ ਰਾਜ ਵਿੱਚ ਰੁਜ਼ਗਾਰ ਮੰਗਦੀਆਂ ਧੀਆਂ ਦੀ ਪੁਲੀਸ ਤੇ ਜਥੇਦਾਰ ਸ਼ਰੇਆਮ ਗੁੱਤਾਂ ਪੁੱਟਦੇ ਵੇਖੇ ਜਾ ਸਕਦੇ ਹਨ। ਦੇਸ਼ ਦੇ ਅੰਨਦਾਤਾ ਮੰਨੇ ਜਾਂਦੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਹਰ ਰੋਜ਼ ਰੁਜ਼ਗਾਰ ਮੰਗਦੇ ਨੌਜਵਾਨਾਂ ਦੀਆ ਦਸਤਾਰਾਂ ਘੱਟੇ ਵਿੱਚੋ ਰੋਲੀਆਂ ਜਾਂਦੀਆਂ ਹਨ ਤੇ ਉਹਨਾਂ ਨੂੰ ਪੁਲੀਸ ਕੇਸਾਂ ਤੋਂ ਫੜ ਕੇ ਘਸੀੜਦੀ ਹੋਈ ਲਿਜਾਂਦੀ ਵੇਖੀ ਜਾ ਸਕਦੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ "ਸ਼੍ਰੋਮਣੀ ਸੇਵਕ" ਦਾ ਅਵਾਰਡ ਦੇਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਤੇ ਅਵਾਰਡ ਸਿਰਫ ਉਹੀ ਪ੍ਰਵਾਨ ਹੁੰਦੇ ਹਨ, ਜਿਹੜੇ ਸੰਗਤਾਂ ਦੇਣ। ਮਾਸਟਰ ਤਾਰਾ ਸਿੰਘ ਨੂੰ ਭਾਂਵੇ ਅੱਜ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ "ਪੰਥ ਰਤਨ" ਦਾ ਅਵਾਰਡ ਨਹੀਂ ਦਿੱਤਾ ਗਿਆ, ਪਰ ਸੰਗਤਾਂ ਤੇ ਸਿੱਖ ਇਤਿਹਾਸਕਾਰਾਂ ਨੇ ਮਾਸਟਰ ਜੀ ਦੀ ਕੁਰਬਾਨੀ ਦੇਖ ਕੇ ਉਹਨਾਂ ਨੂੰ ‘‘ਪੰਥ ਰਤਨ’’ਕਿਹਾ ਹੈ। ਮੱਕੜ ਦੇ ਕਾਰਜਕਾਲ ਵਿੱਚ ਸਿੱਖੀ ਨੂੰ ਪ੍ਰਫੁਲੱਤ ਕਰਨ ਲਈ ਅੱਜ ਤੱਕ ਕੋਈ ਵੀ ਮਾਹਰਕਾ ਨਹੀਂ ਮਾਰਿਆ ਗਿਆ, ਸਗੋਂ ਮੱਕੜ ਦੁਆਰਾ ਨਾਮਜ਼ਦ ਕੀਤੇ ਗਏ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਗਿਆਨੀ ਬਲਦੇਵ ਸਿੰਘ (ਮੁੱਖੀ ਅਖੰਡ ਕੀਰਤਨੀ ਜੱਥਾ) ਨੇ ਸਮੁੱਚੇ ਮਾਲਵੇ ਦਾ ਦੌਰਾ ਕਰਨ ਉਪਰੰਤ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮਾਲਵੇ ਵਿੱਚ ਸਿੱਖੀ ਨਾਮਾਤਰ ਰਹਿ ਗਈ ਹੈ, ਤੇ 99 ਫੀਸਦੀ ਨੌਜਵਾਨ ਪਤਿਤ ਤੇ ਨਸ਼ੀਲੇ ਪਦਾਰਥਾਂ ਦੀ ਦਲਦਲ ਵਿੱਚ ਫੱਸ ਚੁੱਕੇ ਹਨ। ਮੱਕੜ ਮਹਾਰਾਜ ਨੂੰ ਉਸਦੀ ਸੱਚਾਈ ਇੰਨੀ ਕੜਵੀ ਲੱਗੀ ਕਿ ਉਸ ਦਾ ਧਰਮ ਪ੍ਰਚਾਰ ਦਾ ਕਾਫਲਾ ਖੋਹ ਲਿਆ ਗਿਆ ਤੇ ਉਸ ਨੂੰ ਧਰਮ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਗਿਆ।

ਇਸੇ ਤਰ੍ਹਾਂ ਮੱਕੜ ਕਾਲ ਦੌਰਾਨ ਕੋਈ ਅਜਿਹਾ ਪੰਥਕ ਪ੍ਰਾਜੈਕਟ ਵੀ ਸ਼ੁਰੂ ਨਹੀਂ ਕੀਤਾ ਜਾ ਸਕਿਆ, ਜਿਸ ਦਾ ਹਵਾਲਾ ਦੇ ਕੇ ਮੱਕੜ ਨੂੰ ਅਵਾਰਡ ਦੇਣਾ ਨਿਆਂਸੰਗਤ ਕੀਤਾ ਜਾ ਸਕੇ। ਮੱਕੜ ਮਹਾਰਾਜ ਦੀ ਇੱਕ ਹੋਰ ਪ੍ਰਾਪਤੀ ਜਰੂਰ ਰਹੀ ਹੈ ਕਿ ਸਿੱਖ ਨੌਜਵਾਨਾਂ ਦੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਰ ਛੇ ਜੂਨ ਨੂੰ ਸ਼ਹੀਦੀ ਦਿਵਸ ਮਨਾਉਦਿਆਂ ਗਿੱਦੜ ਕੁੱਟ ਕਰਕੇ, ਉਹਨਾਂ ਵਿਰੁੱਧ ਝੂਠੇ ਪਰਚੇ ਇਸ ਲਈ ਦਰਜ ਕਰਵਾਏ ਜਾਂਦੇ ਹਨ, ਕਿ ਉਹ ਮੱਥਾ ਟੇਕਣ ਆ ਕੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਿਉਂ ਕਰਦੇ ਹਨ? ਰਲਗੱਡ ਹੋਏ ਸਿੱਖ ਇਤਿਹਾਸ ਨੂੰ ਦੁਬਾਰਾ ਲਿਖਣ ਬਾਰੇ ਮੱਕੜ ਕਈ ਵਾਰੀ ਕਹਿ ਚੁੱਕੇ ਹਨ, ਪਰ ਅੱਜ ਤੱਕ ਕੋਈ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਪਿਛਲੇ ਕਰੀਬ ਪੰਜਾਂ ਸਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਟੀਕਾ ਤਿਆਰ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਸੀ, ਪਰ ਉਹਨਾਂ ਨੂੰ ਪੰਜ ਸਾਲਾ ਵਿੱਚ ਮੱਕੜ ਸਾਹਿਬ ਸਾਜੋ ਸਮਾਨ ਹੀ ਮੁਹੱਈਆ ਨਾ ਕਰਵਾ ਸਕੇ ਤੇ ਹੁਣ ਉਹਨਾਂ ਕੋਲੋਂ ਦਿੱਤੀਆਂ ਸਾਰੀਆਂ ਸਹੂਲਤਾਂ ਖੋਹ ਲਈਆਂ ਹਨ ਤੇ ਉਹਨਾਂ ਨੇ ਇਹ ਪ੍ਰਾਜੈਕਟ ਵਿਚਾਲੇ ਛੱਡ ਕੇ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ।

ਸਿੱਖ ਪੰਥ ਵਿੱਚ ਅਵਾਰਡ ਦੇਣ ਦੀ ਪਰੰਪਰਾ ਤਾਂ ਸ਼ਾਇਦ ਗੁਰੂ ਕਾਲ ਤੋਂ ਹੀ ਸ਼ੁਰੂ ਕੀਤੀ ਗਈ ਸੀ ਅਤੇ ਅਵਾਰਡ ਦਿੱਤੇ ਵੀ ਜਰੂਰ ਜਾਣੇ ਚਾਹੀਦੇ ਹਨ, ਪਰ ਬੰਦੇ ਸ਼ਖਸ਼ੀਅਤ ਨੂੰ ਵੇਖ ਕੇ ਅਵਾਰਡ ਦਿੱਤੇ ਜਾਣ ਤਾਂ ਸੋਭਾ ਹੁੰਦੀ ਹੈ, ਨਹੀਂ ਤਾਂ ਫਿਰ ਕੁਸੋਭਾ ਕਈ ਪ੍ਰਕਾਰ ਦੇ ਹੋਰ ਵੀ ਸਵਾਲ ਖੜੇ ਕਰ ਦਿੰਦੀ ਹੈ। ਅਵਾਰਡ ਸਿਰਫ ਉਸ ਵਿਅਕਤੀ ਨੂੰ ਹੀ ਦਿੱਤਾ ਜਾ ਸਕਦਾ ਹੈ, ਜਿਸ ਨੇ ਰੂਟੀਨ ਤੋਂ ਹੱਟ ਕੇ ਸਿੱਖ ਪੰਥ ਲਈ ਕੋਈ ਅਹਿਮ ਕੁਰਬਾਨੀ ਕੀਤੀ ਹੋਵੇ, ਪਰ ਮੱਕੜ ਕਾਲ ਦੌਰਾਨ ਕੋਈ ਇੱਕ ਵੀ ਅਜਿਹਾ ਕਾਰਜ ਨਜ਼ਰ ਨਹੀਂ ਆ ਰਿਹਾ ਜਿਹੜਾ ਪੰਥ ਦੇ ਹਿੱਤ ਵਿੱਚ ਹੋਵੇ।

ਰੱਬ ਖੈਰ ਕਰੇ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top