Share on Facebook

Main News Page

ਵਡਭਾਗ ਸਿੰਘ ਬਾਰੇ ਦਿੱਤੇ ਬਿਆਨ ‘ਤੇ ਗੁਰਬਚਨ ਸਿੰਘ ਮੁਆਫੀ ਮੰਗੇ ਜਾਂ ਪੰਥ ਉਸਦਾ ਬਾਈਕਾਟ ਕਰੇ

ਜਲੰਧਰ (8 ਸਤੰਬਰ, 2015): ਗਿਆਨੀ ਗੁਰਬਚਨ ਸਿੰਘ ਵੱਲੋਂ ਭੂਤਾਂ ਵਾਲੇ ਬਾਬੇ ਵਡਭਾਗ ਸਿੰਘ ਦੇ ਜਨਮ ਦਿਨ ਮਨਾਉਣ ਦੀ ਕੀਤੀ ਵਕਾਲਤ ਦੀ ਸਮੁੱਚੇ ਪੰਥ ਵੱਲੋਂ ਚਾਰ ਚੁਫੇਰਿਉਂ ਆਲੋਚਨਾ ਹੋ ਰਹੀ ਹੈ। ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਵਡਭਾਗ ਸਿੰਘ ਦਾ ਜਨਮ ਦਿਨ ਮਨਾਏ ਜਾਣ ਸਬੰਧੀ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ, ਕਿ ਅਜਿਹਾ ਕਰਕੇ ਉਹ ਸਿੱਖ ਪੰਥ ‘ਚ ਗੁਰਮਤੇ ਅਤੇ ਰਹਿਤ ਮਰਿਯਾਦਾ ਦੀ ਘੋਰ ਉਲੰਘਣਾ ਕਰ ਰਹੇ ਹਨ। ਇਸ ਲਈ ਅਜਿਹੀ ਗ਼ਲਤੀ ਲਈ ਜਾਂ ਤਾਂ ਉਹ ਸੰਗਤ ਕੋਲੋਂ ਮਾਫ਼ੀ ਮੰਗਣ ਨਹੀਂ, ਤਾਂ ਪੰਥ ਨੂੰ ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ

ਸ. ਗੁਰਮੀਤ ਸਿੰਘ ਜਲੰਧਰ ਵੱਲੋਂ ਪੱਪੂ ਗੁਰਬਚਨ ਸਿੰਘ ਦੇ ਪੀ.ਏ. ਦੀ ਨਾਲ ਕੀਤੀ ਗਲਬਾਤ ਵੀ ਜ਼ਰੂਰ ਸੁਣੋ

ਸੁਸਾਇਟੀ ਦੇ ਪ੍ਰਧਾਨ ਸ: ਪ੍ਰਮਿੰਦਰਪਾਲ ਸਿੰਘ ਖ਼ਾਲਸਾ ਤੇ ਸਿੱਖ ਫੁਲਵਾੜੀ ਦੇ ਸੰਪਾਦਕ ਸ: ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥਕ ਰਹਿਤ ਮਰਿਯਾਦਾ ਵਿਚ ਸਪੱਸ਼ਟ ਲਿਖਿਆ ਹੈ ਕਿ ‘ਧੀਰ ਮੱਲੀਆਂ’ ਨਾਲ ਪੰਥ ਦੀ ਕੋਈ ਸਾਂਝ ਨਹੀਂ ਤੇ ਨਾ ਹੀ ਕੋਈ ਉਨ੍ਹਾਂ ਨਾਲ ਰੋਟੀ-ਬੇਟੀ ਦੀ ਸਾਂਝ ਹੀ ਰੱਖੇਗਾ। ਉਨ੍ਹਾਂ ਸੁਆਲ ਕੀਤਾ ਕਿ ਪੰਥ ਦੀ ਸਰਵਪ੍ਰਵਾਨਤ ਰਹਿਤ ਮਰਿਯਾਦਾ ਤੋਂ ਲਾਂਭੇ ਜਾ ਕੇ ਜਥੇਦਾਰ ਨੂੰ ਅਜਿਹਾ ਬਿਆਨ ਦੇਣ ਦੀ ਕੀ ਤੁਕ ਹੈ।

ਉਨ੍ਹਾਂ ਕਿਹਾ ਵਡਭਾਗ ਸਿੰਘ ਬਾਰੇ ਕਾਹਲੀ ਕੀਤੇ ਜਾ ਰਹੇ ਫ਼ੈਸਲਿਆਂ ਪਿਛੇ ਕੋਈ ਵੱਡੀ ਸਾਜ਼ਿਸ਼ ਹੈ। ਉਨ੍ਹਾਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਵਡਭਾਗ ਸਿੰਘ ਦੀ ਗੱਦੀ ਉਪਰ ਬਿਰਾਜਮਾਨ ਸਵਰਨਜੀਤ ਸਿੰਘ ਨੂੰ ਪੰਥ ‘ਚ ਸ਼ਾਮਿਲ ਕਰਨ ਦੀ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਡੇਰੇ ਉਪਰ ਅਜੇ ਵੀ ਅੰਧ-ਵਿਸ਼ਵਾਸ ਦਾ ਪ੍ਰਚਾਰ ਕੀਤਾ ਜਾਂਦਾ ਹੈ। ਉਨ੍ਹਾਂ ਦੇ ਨਾਲ ਸੁਰਿੰਦਰਪਾਲ ਸਿੰਘ ਗੋਲਡੀ, ਪ੍ਰੋ: ਬਲਵਿੰਦਰਪਾਲ ਸਿੰਘ ਤੇ ਹੋਰ ਸਾਥੀ ਵੀ ਹਾਜ਼ਰ ਸਨ ।


ਟਿੱਪਣੀ:

ਸਿੱਖ ਮਰਿਆਦਾ 'ਚ ਲਿਖਿਆ ਚੰਗੀ ਗੱਲ ਹੈ। ਜੇਕਰ ਵਡਭਾਗ ਸਿੰਘ ਵਲੋਂ ਅੰਮ੍ਰਿਤ ਛੱਕਣ ਉਪਰੰਤ ਵੀ ਭੂਤਾਂ ਵਾਲੇ ਪਖੰਡ ਜਾਰੀ ਰਹੇ, ਜੋ ਕਿ ਵਰਤਮਾਨ ਸਮੇਂ ਤੱਕ ਵੀ ਜਾਰੀ ਹਨ, ਤਾਂ ਸਵਰਨਜੀਤ ਸਿੰਘ ਨੂੰ ਮੁਆਫੀ ਦੇਣਾ, ਵੇਦਾਂਤੀ ਦੀ ਬਹੁਤ ਵੱਡੀ ਭੁੱਲ ਸੀ, ਅਤੇ ਉਸ ਉਪਰੰਤ ਪੱਪੂ ਗੁਰਬਚਨ ਵਲੋਂ ਦਿੱਤਾ ਬਿਆਨ ਵੀ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ। ਸਵਰਨਜੀਤ ਸਿੰਘ ਵਲੋਂ ਮੁਆਫੀ, ਸਿਰਫ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣਾ ਹੈ, ਕਿ ਡੇਰਾ ਚਲਦਾ ਰਹੇ। ਕੀ ਡੇਰੇ 'ਚ ਗੁੱਡੀਆਂ ਖਿਡਾਉਣਾ ਬੰਦ ਹੋ ਗਿਆ ਹੈ, ਲੋਕ ਝਾਟਾ ਖਿਲਾਰ ਕੇ ਪਖੰਡ ਨਹੀਂ ਕਰਦੇ? ਜੇ ਇਹ ਸਭ ਕੁੱਝ ਚੱਲ ਰਿਹਾ ਹੈ, ਤਾਂ ਪਖੰਡੀ ਵਡਭਾਗ ਸਿੰਘ ਨੇ ਅੰਮ੍ਰਿਤ ਛੱਕਿਆ ਸੀ, ਤਾਂ ਫਿਰ ਕੀ? ਇਸ ਤਰ੍ਹਾਂ ਦਾ ਅੰਮ੍ਰਿਤ ਛੱਕਿਆ ਸਿਰਫ ਦਿਖਾਵਾ ਹੈ, ਕਿ ਦੁਕਾਨ ਚਲਦੀ ਰਹੇ, ਜੋ ਕਿ ਪੰਜਾਬ ਦੇ ਸਾਰੇ ਡੇਰੇ ਇਹੀ ਪਖੰਡ ਕਰ ਰਹੇ ਨੇ। ਅੰਮ੍ਰਿਤ ਛੱਕਣਾ ਪਖੰਡ ਨਹੀਂ, ਪਰ ਇਨ੍ਹਾਂ ਲੋਕਾਂ ਵਲੋਂ ਸਿਰਫ ਅਖੀਂ ਘੱਟਾ ਪਾਉਣ ਲਈ ਹੀ ਛੱਕਿਆ ਹੈ, ਜਿਸ ਤਰ੍ਹਾਂ ਪਿੱਛੇ ਜਿਹੇ ਪੀਪਲੀ ਵਾਲੇ ਨੀਲਧਾਰੀ ਸਾਧ ਨੇ ਛੱਕਿਆ ਸੀ, ਆਪਣੀ ਦੁਕਾਨਦਾਰੀ ਚਲਦੀ ਰੱਖਣ ਲਈ।

ਵੇਦਾਂਤੀ ਹੋਵੇ ਭਾਂਵੇਂ ਗੁਰਬਚਨ ਇਹ ਦੋਵੇਂ ਹੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਜਿੰਨਾਂ ਗੰਦ ਵੇਦਾਂਤੀ ਪਾ ਕੇ ਗਿਆ, ਉਸ ਤੋਂ ਕਿਤੇ ਵੱਧ ਗੁਰਬਚਨ ਪਾ ਰਿਹਾ ਹੈ। ਸੋ, ਜਦੋਂ ਤੱਕ ਇਨ੍ਹਾਂ ਬਾਦਲ ਦੇ ਪਾਲਤੂਆਂ ਦਾ ਅਤੇ ਜਥੇਦਾਰੀ ਸਿਸਟਮ ਦਾ ਪੱਕੇ ਤੌਰ 'ਤੇ ਬਾਈਕਾਟ ਨਹੀਂ ਹੁੰਦਾ, ਇਹ ਚਲਦਾ ਰਹੇਗਾ। ਇੱਕਲਾ ਗੁਰਬਚਨ ਦਾ ਬਾਈਕਾਟ ਕੀਤਿਆਂ ਗੱਲ ਨਹੀਂ ਬਣਨੀ, ਜੇ ਇਸ ਤੋਂ ਵੱਧ ਕੋਈ ਬਦਚਲਨ, ਬਦ ਇਖ਼ਲਾਕ, ਦੁਰਮਤੀ ਕੋਈ ਹੋਰ ਪੱਪੂ ਲੱਭ ਗਿਆ, ਉਸ ਦਿਨ ਇਸ ਦੀ ਛੁੱਟੀ, ਫਿਰ ਇਸ ਦੀ ਹਾਲਤ ਧੋਬੀ ਦੇ ਕੁੱ.. ਵਰਗੀ ਹੋਣੀ ਹੈ, ਨਾ ਬਾਦਲ ਦਾ, ਨਾ ਸਿੱਖਾਂ ਦਾ...। ਲੋੜ ਹੈ ਇਸ ਸਿਸਟਮ ਨੂੰ ਬਦਲਣ ਦੀ।

... ਜਾਂ ਇੱਕ ਕੰਮ ਹੋਰ ਕਰੋ, ਇਸ ਦੇ ਗੱਲ 'ਚ ਛਿਤਰਾਂ ਦਾ ਹਾਰ ਪਾ ਕੇ ਖੋਤੇ 'ਤੇ ਬਿਠਾਓ, ਫਿਰ ਇਸਦਾ ਜਲੂਸ ਕੱਢੋ, ਫਿਰ ਅੱਗੇ ਤੋਂ ਕੋਈ ਵੀ ਜਥੇਦਾਰ ਬਣਨ ਤੋਂ ਡਰੇਗਾ, ਜਾਂ ਫਿਰ ਜੇ ਬਣੇਗਾ ਤਾਂ ਗੁਰਮਤਿ ਦਾ ਧਾਰਣੀ ਹੋਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੇਗਾ, ਇਸ ਤੋਂ ਇਲਾਵਾ ਹੋਰ ਕਿਸੇ ਕੋਲ ਕੋਈ ਹੱਲ ਹੋਵੇ ਤਾਂ ਦੱਸੇ!!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top