Share on Facebook

Main News Page

ਸਿੱਖਾਂ ਦੀ ਆਬਾਦੀ ਪੰਜਾਬ ਵਿਖੇ ਘੱਟਣ ਦੇ ਵਿਸ਼ੇਸ਼ ਕਾਰਣ
-: ਅਵਤਾਰ ਸਿੰਘ ਮਿਸ਼ਨਰੀ 510 432 5827

ਸੰਨ 2011 ਦੀ ਹੋਈ ਮਰਦਮਸ਼ਮਾਰੀ ਅਨੁਸਾਰ ਸਿੱਖਾਂ ਦੀ ਅਬਾਦੀ ਭਾਰਤ ਖਾਸ ਕਰਕੇ ਪੰਜਾਬ ਵਿੱਚ ਘਟੀ ਹੈ। ਸਰਕਾਰੀ ਅਤੇ ਅਖਬਾਰੀ ਅੰਕੜਿਆਂ ਅਨੁਸਾਰ, ਬੇਸ਼ੱਕ ਹੁਣ ਸਿੱਖਾਂ ਦੀ ਭਾਰਤ ਵਿੱਚ ਗਿਣਤੀ 2 ਕਰੋੜ ਨੂੰ ਪਾਰ ਕਰਕੇ, 2 ਕਰੋੜ 8 ਲੱਖ 33 ਹਜਾਰ 116 ਤੇ ਪਹੁੰਚ ਗਈ ਹੈ ਪਰ ਦੇਸ਼ ਦੀ ਕੁੱਲ ਅਬਾਦੀ ਵਿੱਚ, ਸਿੱਖਾਂ ਦਾ ਪ੍ਰਤੀਸ਼ਤ ਹਿੱਸਾ ਹੇਠਲੀ ਪੱਧਰ ਤੇ ਪਹੁੰਚ ਗਿਆ ਹੈ ਜੋ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ।

ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ 'ਤੇ ਚਲਦਾ ਹੈ। ਜਿਵੇਂ ਸਕੂਲ ਦੇ ਹਰੇਕ ਬੱਚੇ ਨੂੰ ਵਦਿਆਰਥੀ ਕਿਹਾ ਜਾਂਦਾ ਹੈ ਭਾਵੇਂ ਉਹ ਲਾਇਕ ਜਾਂ ਨਾਲਾਇਕ ਵੀ ਕਿਉਂ ਨਹੀਂ ਹੋਵੇ। ਇਸੇ ਤਰ੍ਹਾਂ ਸਿੱਖ ਵੀ ਉਹ ਹੀ ਹੈ ਜੋ ਸਿੱਖੀ ਧਾਰਨ ਕਰਦਾ ਹੈ ਭਾਵੇਂ ਉਸ ਨੇ ਅਜੇ ਅੰਮ੍ਰਿਤ ਛਕਿਆ ਹੈ ਜਾਂ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਦੇ ਸਕੂਲ ਦਾ ਸਿਖਿਆਰਥੀ ਹੋ ਨੇਮ ਨਾਲ ਕੁਝ ਨਾਂ ਕੁਝ ਹਰ ਵੇਲੇ ਸਿੱਖਦਾ ਅਤੇ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ, ਪਰਾਈ ਔਰਤ ਵੱਡੀ ਨੂੰ ਮਾਂ, ਬਰਾਬਰ ਦੀ ਨੂੰ ਭੈਣ, ਛੋਟੀ ਨੂੰ ਬੱਚੀ ਸਮਝਦਾ ਹੈ ਉਹ ਸਿੱਖ ਹੈ।

ਪੰਜਾਬ ਸਿੱਖਾਂ ਦੀ ਅਬਾਦੀ ਘੱਟਣ ਦੇ ਕਾਰਣ-

ਪਹਿਲਾ- ਸਿੱਖਾਂ ਦਾ ਸਾਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ਤੇ ਖਿੰਡੇ-ਪੁੰਡੇ ਹੋਣਾ।

ਦੂਜਾ- ਆਰਥਕ ਤੰਗੀ ਕਰਕੇ ਘੱਟ ਬੱਚੇ ਪੈਦਾ ਕਰਨੇ।

ਤੀਜਾ- ਭਾਰਤੀ ਹਕੂਮਤ ਵੱਲੋਂ ਸਿੱਖਾਂ ਦਾ ਨਸਲਕੁਸ਼ੀ ਦਾ ਸ਼ਿਕਾਰ ਹੋਣਾ।

ਚੌਥਾ- ਭਾਰਤੀ ਹਕੂਮਤ ਨੇ 84 ਦੇ ਦੌਰ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨਾ ਮਾਰਨਾ ਅਤੇ ਲੱਖਾਂ ਜਿਹਲੀਂ ਡੱਕੇ ਹੋਣ ਕਰਕੇ, ਉਨ੍ਹਾਂ ਦਾ ਅੱਗੇ ਬੱਚੇ ਪੈਦਾ ਨਾਂ ਕਰ ਸੱਕਣਾ।

ਪੰਜਵਾਂ- ਡੇਰਾਵਾਦ ਜੋ ਸਿੱਖ ਸਿਧਾਂਤਾਂ ਦਾ ਵਿਰੋਧੀ, ਬ੍ਰਾਹਮਣਵਾਦ ਤੇ ਭੇਖਾਂ ਦਾ ਧਾਰਨੀ, ਸੰਪ੍ਰਦਾਵਾਂ ਦਾ ਮੁਦੱਈ ਅਤੇ ਜਿਸ ਨੂੰ ਸਰਕਾਰੀ ਸਰਪ੍ਰਸਤੀ ਹੈ, ਦਾ ਜੋਰ ਨਾਲ ਪੰਜਾਬ ਵਿੱਚ ਪਸਾਰ ਹੋਣਾ।

ਛੇਵਾਂ- ਅਜੋਕੇ ਸਿੱਖ ਦਾ, ਉਦਾਸੀ, ਨਿਰਮਲੇ, ਨਾਮਧਾਰੀ, ਨੀਲਧਾਰੀ, ਰਾਧਾ ਸੁਵਾਮੀ ਅਤੇ ਡੇਰਾ ਸਰਸਾ ਆਦਿਕ ਦੇ ਫਿਰਕਿਆਂ ਵਿੱਚ ਵੰਡੇ ਹੋਣਾ, ਜੋ ਲਾਸਟ ਨਾਵਾਂ ਨਾਲੋਂ ਸਿੰਘ ਤੇ ਕੌਰ ਹੀ ਕੱਟੀ ਜਾ ਰਹੇ ਅਤੇ ਮਰਦਮਸ਼ਮਾਰੀ ਵੇਲੇ ਹਿੰਦੂ ਹੀ ਲਿਖੇ ਜਾਂ ਲਿਖਾਈ ਜਾ ਰਹੇ ਹਨ।

ਸਤਵਾਂ- ਸਿੱਖਾਂ ਵਿੱਚ ਵੀ ਜਾਤਿ-ਪਾਤਿ ਦਾ ਹਾਵੀ ਹੋਣਾ ਤੇ ਜਾਤਿ-ਪਾਤਿ ਤੋਂ ਉੱਪਰ ਉੱਠ ਕੇ ਰਿਸ਼ਤੇ ਨਾਤੇ ਨਾਂ ਕਰਨਾਂ।

ਅਠਵਾਂ-ਸੰਪ੍ਰਦਾਈ ਸ਼ਰਈ ਕੱਟੜਵਾਦ ਕਾਰਨ, ਗੈਰ ਅੰਮ੍ਰਿਤਧਾਰੀਆਂ ਨੂੰ ਸਿੱਖ ਨਾਂ ਸਮਝਣਾ, ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਅਸਲ ਗੁਰੂ ਮੰਨਦੇ ਹਨ।

ਨੌਂਵਾਂ- ਸਿੱਖ ਦੀ ਪ੍ਰੀਭਾਸ਼ਾ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਕਿਸੇ ਰਹਿਤਨਾਮੇ ਵਾਲੀ ਕਬੂਲ ਕਰਨਾ।

ਦਸਵਾਂ- ਮਾਰੂ ਨਸ਼ਿਆਂ ਕਾਰਨ ਨੌਜਵਾਨਾਂ ਦਾ ਨਿਪੁੰਸਕ ਹੋ ਜਾਣਾ।

ਗਿਆਰਵਾਂ- ਪੰਜਾਬ ਵਿੱਚ ਬੇਰੁਜਗਾਰੀ ਅਤੇ ਸਰਕਾਰੀ ਤਸ਼ੱਦਦ ਨਾਲ, ਬਹੁਤੇ ਸਿੱਖਾਂ ਦਾ ਵਿਦੇਸ਼ਾਂ ਨੂੰ ਪਲਾਇਨ ਕਰਕੇ, ਓਂਥੋਂ ਦੇ ਸਿਟੀਜਨ ਬਣ ਜਾਣਾ।

ਬਾਹਰਵਾਂ-ਸਿੱਖੀ ਉੱਤੇ ਗੁਰਮਤਿ ਅਦਰਸ਼, ਫਿਲੋਸਫੀ ਅਤੇ ਇਤਿਹਾਸਕ ਫਿਲਮਾਂ ਨਾਂ ਬਣਨ ਦੇਣਾ।

ਤੇਹਰਵਾਂ- ਤੇਰਾਂ ਚੌਦਾਂ ਕਰੋੜ ਗੁਰੂ ਨਾਨਕ ਨਾਮ ਲੇਵਾ ਵੱਖ-ਵੱਖ ਕਬੀਲੇ ਜੋ ਆਰਥਕ ਤੇ ਵਿਦਿਅਕ ਮੰਦਹਾਲੀ ਕਰਕੇ ਬਾਕੀ ਸਮਾਜ ਨਾਲੋਂ ਪਛੜੇ ਹੋਏ ਹਨ, ਨਾਲ ਸਮਾਜਕ ਸਬੰਧ ਨਾਂ ਰੱਖਣੇ।

ਚੌਦਵਾਂ- ਬਹੁਤੇ ਸਿੱਖ ਪ੍ਰਵਾਰਾਂ ਦਾ ਮਾਂ ਬੋਲੀ ਪੰਜਾਬੀ ਤਿਆਗ ਦੇਣਾਂ ਜਾਂ ਘਰ ਵਿੱਚ ਵੀ ਬੱਚਿਆਂ ਨਾਲ ਪੰਜਾਬੀ ਨਾਂ ਬੋਲਣਾਂ ਅਤੇ ਆਪਣਾਂ ਵਿਰਸਾ ਭੁਲ ਜਾਣਾ।

ਪੰਦਰਵਾਂ- ਬਹੁਤੇ ਸਿੱਖ ਪ੍ਰਵਾਰਾਂ ਦਾ ਗੁਰਮੁਖੀ ਭੁੱਲਣ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਂ ਬੋਲੀ ਵਿੱਚ ਪੜ੍ਹ-ਵਿਚਾਰ ਕੇ ਸਮਝ ਨਾ ਸਕਣਾ।

ਸੋਲਵਾਂ- ਸਿੱਖ ਦਾ ਅਰਥ ਹੈ ਸਿੱਖਣ ਵਾਲਾ ਸਿਖਿਆਰਥੀ, ਇਸ ਦਾ ਸਿੱਖਣ ਦੀ ਬਜਾਏ, ਸਾਧਾਂ-ਸੰਤਾਂ ਅਤੇ ਰਾਗੀ-ਗ੍ਰੰਥੀ ਪੁਜਾਰੀਆਂ ਦੇ ਵੱਸ ਪੈ, ਕੇਵਲ ਮੱਥੇ ਟੇਕ ਤੇ ਭਾੜੇ ਦੇ ਪਾਠ ਕਰਾਉਣ ਜੋਗਾ ਰਹਿ ਜਾਣਾ।

ਸਤਾਰਵਾਂ- ਸਮਾਂ ਕੱਢ ਕੇ ਡੋਰ-ਟੂ ਡੋਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦਾ, ਇਸਾਈਆਂ ਵਾਂਗ ਪ੍ਰਚਾਰ ਨਾਂ ਕਰਨਾ।

ਅਠਾਰਵਾਂ- ਪੰਜਾਬ ਵਿੱਚ ਭਈਆਂ ਦੀ ਭਰਮਾਰ ਹੋ ਜਾਣਾ।

ਉੱਨੀਵਾਂ-ਲੋੜਵੰਦ ਸਿੱਖਾਂ ਦੀ ਮਦਦ ਨਾਂ ਕਰਨ ਅਤੇ ਕਟੜਵਾਦੀ ਹੋ ਜਾਣ ਕਰਕੇ, ਉਨ੍ਹਾਂ ਦਾ ਰਾਧਾ ਸੁਆਮੀ, ਸਰਸੇ ਵਾਲੇ ਦੇ ਪ੍ਰੇਮੀ ਅਤੇ ਈਸਾਈ ਬਣ ਜਾਣਾ।

ਵੀਹਵਾਂ- ਸਿੱਖ ਧਰਮ ਅਸਥਾਨ ਗੁਰਦੁਆਰਿਆਂ ਨੂੰ ਕਮਰਸ਼ੀਅਲ ਅਤੇ ਰਾਜਨੀਤੀ ਦੇ ਅੱਡੇ ਬਣਾ, ਪਾਠ, ਕੀਰਤਨ, ਕਥਾ ਅਤੇ ਅਰਦਾਸਾਂ ਆਦਿਕ ਸਭ ਧਰਮ-ਕਰਮ ਸੇਲ ਉੱਤੇ ਲਾ ਦੇਣਾ ਅਤੇ ਗੋਲਕ ਦੀ ਮਾਇਆ ਪੁਲੀਟੀਕਲ ਧੜੇਬੰਦੀਆਂ ਲਈ ਵਰਤਣਾ।

ਇੱਕੀਵਾਂ- ਦੁਨੀਆਂ ਦੀਆਂ ਬਾਕੀ ਬੋਲੀਆਂ ਜਾਂ ਭਾਸ਼ਾਵਾਂ ਵਿੱਚ ਗੁਰਮਤਿ ਲਿਟ੍ਰੇਚਰ ਨਾਂ ਵੰਡਣਾ। ਬਾਈਵਾਂ-ਗੁਰੂ ਗ੍ਰੰਥ ਸਾਹਿਬ ਘਰਾਂ ਅਤੇ ਲਾਇਬ੍ਰੇਰੀਆਂ ਵਿੱਚ ਨਾਂ ਰੱਖਣ ਦੇਣਾ ਆਦਿਕ ਮੋਟੇ ਕਾਰਨ ਸਿੱਖ ਅਬਾਦੀ ਘਟਨ ਦੇ ਹਨ।

ਜਰਾ ਸੋਚੋ! ਜੇ ਇਕੱਲੇ ਸਤਿਗੁਰੂ ਨਾਨਕ ਪਾਤਸ਼ਾਹ ਸੱਚ, ਪਿਆਰ, ਹਮਦਰਦੀ ਅਤੇ ਸ਼ਬਦ ਗੁਰੂ ਗਿਆਨ ਨਾਲ 3 ਕਰੋੜ ਨੂੰ ਸਿੱਖ ਬਣਾ ਸਕਦੇ ਸਨ ਜਦ ਕਿ ਓਦੋਂ ਅੱਜ ਵਰਗੇ ਪ੍ਰਚਾਰ ਦੇ ਅਧੁਨਿਕ ਸਾਧਨ ਵੀ ਨਹੀਂ ਸਨ ਤਾਂ ਫਿਰ ਅੱਜ ਉਹ ਗੁਣ ਸਿੱਖ ਆਗੂਆਂ ਅਤੇ ਪ੍ਰਚਾਰਕਾਂ ਚੋਂ ਕਿਉਂ ਗੈਬ ਹੋ ਗਏ ਹਨ? ਜਿਨ੍ਹਾਂ ਸਦਕਾ ਧੜਾ-ਧੜ ਗੈਰ ਸਿੱਖ ਵੀ ਸਿੱਖੀ ਧਾਰਨ ਕਰਦੇ ਰਹਿੰਦੇ ਸਨ? ਜਿੱਥੇ ਪੁਲੀਟੀਕਲ ਤੌਰ ਤੇ ਸਿੱਖਾਂ ਦੀ ਨਸਲਕੁਸ਼ੀ, ਡੇਰਾਵਾਦ ਅਤੇ ਨਸ਼ਿਆਂ ਕਰਕੇ ਔਲਾਦ ਨਾ ਪੈਦਾ ਕਰਨ ਦੀ ਕਾਬਲੀਅਤ ਖਤਮ ਹੋਣ ਕਰਕੇ ਸਿੱਖਾਂ ਦੀ ਅਬਾਦੀ ਘਟਨ ਦੇ ਕਾਰਨ ਹਨ ਓਥੇ ਸਾਡੇ ਵਿੱਚ ਆ ਚੁੱਕੀ ਕੱਟੜਤਾ, ਸੁੱਚ-ਭਿੱਟ ਅਤੇ ਜਾਤਿ-ਪਾਤਿ ਵੀ ਵੱਡਾ ਕਾਰਨ ਹੈ। ਅੱਜ ਅੰਮ੍ਰਿਤਧਾਰੀ ਤੋਂ ਬਿਨਾ ਦੂਜੇ ਨੂੰ ਸਿੱਖ ਹੀ ਨਹੀਂ ਮੰਨਿਆਂ ਜਾ ਰਿਹਾ। ਜੇ ਜੰਜੂ ਧਾਰਨ ਤੋਂ ਬਿਨਾ ਵੀ ਬਹੁਤੇ ਭਾਰਤੀ ਹਿੰਦੂ ਹਨ ਤਾਂ ਕੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਆਸਤਾ ਰੱਖਣ ਵਾਲਾ ਭਾਰਤੀ, ਸਿੱਖ ਕਿਉਂ ਨਹੀਂ ਹੋ ਸਕਦਾ? ਜਦ ਕਿ ਇਕੱਲੇ ਭਾਰਤ ਵਿੱਚ ਹੀ ਗੁਰੂ ਨਾਨਕ ਨਾਮ ਲੇਵਾ ਗਵੱਈਏ ਮਰਦਾਨੇ-ਕੇ, ਸਤਨਾਮੀਏਂ, ਸਿਕਲੀਗਰ, ਵਣਜਾਰੇ, ਲੁਬਾਣੇ, ਬਾਵਰੀਏ, ਦੇਹਰਾਦੂਨੀਏਂ, ਮੇਰਠ ਦੇ ਸਿੱਖ ਭਈਏ, ਭੱਟ-ਭਾਠੜੇ, ਕਬੀਰਪੰਥੀਏ, ਰਵੀਦਾਸੀਏ, ਠੰਡੀ-ਕੁੱਟ ਰਾਜਪੂਤ, ਸਿੰਧੀ ਅਤੇ ਹੋਰ ਵੀ ਗੁਰੂ ਨਾਨਕ ਨਾਮ ਲੇਵਾ ਕਬੀਲੇ ਹਨ ਜਿਨ੍ਹਾਂ ਦੀ ਗਿਣਤੀ ਕਰੋੜਾਂ ਵਿੱਚ ਹੈ ਕੀ ਉਹ ਸਿੱਖ ਨਹੀਂ ਹਨ? ਵੋਟਾਂ ਦੀ ਖਾਤਰ ਅਸੀਂ ਗਧੇ ਨੂੰ ਵੀ ਬਾਪ ਬਨਾਉਂਦੇ ਹਾਂ ਪਰ ਧਰਮ ਵੇਲੇ ਕੱਟੜਵਾਦੀ ਹੋ, ਉਨ੍ਹਾਂ ਨੂੰ ਦੁਰਕਾਰਦੇ ਹਾਂ। ਅਸੀਂ ਸਾਧਾਂ ਦੇ ਡੇਰਿਆਂ ਅਤੇ ਸੰਪ੍ਰਦਾਵਾਂ ਨੂੰ ਤਾਂ ਅੰਨੇਵਾਹ ਦਾਨ ਦਿੰਦੇ ਹਾਂ ਪਰ ਲੋੜਵੰਦ ਆਪਣੇ ਹੀ ਗਰੀਬ ਭਰਾਵਾਂ ਦੀ ਮਦਦ ਨਹੀਂ ਕਰਦੇ ਜੋ ਆਰਥਕ ਤੌਰ ਤੇ ਪਛੜ ਗਏ ਹਨ।

ਅੱਜ ਵੀ ਜੇ ਸਿੱਖ “ਇੱਕ ਗੁਰੂ ਗ੍ਰੰਥ ਸਾਹਿਬ” ਦੀ ਸ਼ਰਨ ਆ ਕੇ ਜਾਤਿ-ਪਾਤਿ ਅਤੇ ਬੇਤੁਕਾ ਕੱਟੜਪੁਨਾ ਖਤਮ ਕਰ ਦੇਣ ਤਾਂ ਹੋਰ ਬਹੁਤੇ ਬੱਚੇ ਪੈਦਾ ਕਰਨ ਦੀ ਲੋੜ ਹੀ ਨਹੀਂ ਸਗੋਂ ਹੋਰ ਕਬੀਲੇ, ਫਿਰਕਿਆਂ ਦੇ ਲੋਗ ਵੀ ਆਪਣੇ ਆਪ ਸਿੱਖ ਬਣਗੇ ਅਤੇ ਖਾਸ ਕਰ ਦਲਤ ਮੰਨੇ ਗਏ ਇਹ ਸਭ ਲੋਕ ਜੋ ਕਰੋੜਾਂ ਦੀ ਤਦਾਦ ਵਿੱਚ ਹਨ- ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆਂ ਸਿਉ ਕਿਆ ਰੀਸ॥ (15) ਗੁਰੂ ਨਾਨਕ ਸਾਹਿਬ ਦੇ, ਗਰੀਬਾਂ ਅਤੇ ਬਣਾ ਦਿੱਤੇ ਗਏ ਸ਼ੂਦਰਾਂ ਨੂੰ ਗਲੇ ਲੌਣ ਵਾਲੇ ਇਸ ਉਪ੍ਰੋਕਤ ਉਪਦੇਸ਼ ਅਤੇ ਉਪ੍ਰੋਕਤ ਕਾਰਨਾਂ ਨੂੰ ਘੋਖ ਕੇ ਅਮਲ ਕਰਨ ਸਦਕਾ ਸਿੱਖਾਂ ਦੀ ਅਬਾਦੀ ਵਧ ਸਕਦੀ ਹੈ।

ਦੇਖੋ! ਗੁਰੂ ਸਾਹਿਬ ਨੇ ਜਦ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ ਤਾਂ 52 ਪ੍ਰਕਾਰ ਦੇ ਕਿਤਾਕਾਰੀਆਂ ਦੀ ਮਦਦ ਕਰਕੇ ਕਾਰੋਬਾਰ ਖੁੱਲ੍ਹਵਾਏ, ਐਵੇਂ ਨਹੀਂ ਧੜਾ-ਧੜ ਲੋਕ ਸਿੱਖੀ ਧਾਰਨ ਕਰ ਰਹੇ ਸਨ। ਛੇਵੇਂ ਗੁਰੂ ਦਾ ਸਮਕਾਲੀ ਤੇ ਗੁਰੂ ਪਿਆਰਾ ਇਤਿਹਾਸਕਾਰ ਮੁਹਸਨਫਾਨੀ ਆਪਣੀ ਕਿਤਾਬ “ਦਬਸਿਤਾਨੇ ਮਜਾਹਬ” ਵਿੱਚ ਲਿਖਦਾ ਹੈ ਕਿ ਗੁਰੂ ਨਾਨਕ ਦੀ ਸਿੱਖੀ ਇੰਨੀ ਹਰਮਨ ਪਿਆਰੀ ਅਤੇ ਲੋਕ ਪੱਖੀ ਸੀ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੇਲੇ ਹਿੰਦੋਸਤਾਨ ਦੀ 9 ਕਰੋੜ ਅਬਾਦੀ ਚੋਂ 6 ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ। ਅੱਜ ਓਸੇ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਜਿਸ ਕੋਲ ਲੱਖਾਂ, ਕਰੋੜਾਂ ਅਰਬਾਂ ਦਾ ਬਜਟ ਹੈ ਨੂੰ ਕਿਉਂ ਨਹੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਮਝ ਕੇ ਮਦਦ ਕਰਦੀ। ਜੇ ਇੱਕ ਰੱਜੇ ਪੁੱਜੇ ਬੰਦੇ ਨੂੰ ਸਕੱਤਰੀ ਦੀ ਸੇਵਾ ਲਈ ਇਹ ਕਮੇਟੀ ਮਹੀਨਾਵਰ 3 ਲੱਖ ਅਤੇ ਹੋਰ ਭੱਤੇ ਤਨਖਾਹ ਦੇ ਸਕਦੀ ਹੈ ਤਾਂ ਕੀ ਲੋੜਵੰਦਾਂ ਦੀ ਮਦਦ ਅਤੇ ਉੱਚੇ-ਸੁੱਚੇ ਕਿਰਦਾਰ ਵਾਲੇ ਗੁਰੂ ਤੇ ਕੌਮ ਨੂੰ ਸਮ੍ਰਪਿਤ ਪ੍ਰਚਾਰਕ ਨਹੀਂ ਰੱਖ ਸਕਦੀ, ਐਸਾ ਕਿਉਂ? ਕਿਉਂਕਿ ਇੱਕ ਕੁਟਲ ਰਾਜਨੀਤਕ ਪ੍ਰਵਾਰ ਦੀ ਦਬੇਲ ਬਣੀ ਹੋਈ ਹੈ ਜੋ ਅੱਗੇ ਸੰਘ ਪ੍ਰਵਾਰ ਦਾ ਜੀ ਹਜੂਰੀਆ ਹੈ ਜੋ ਅੰਨ੍ਹਾਂ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਈ ਜਾ ਰਿਹਾ ਹੈ ਜਿਸ ਨੇ ਅਮੀਰਾਂ, ਭਾਈ-ਭਤੀਜਿਆਂ ਅਤੇ ਡੇਰਾਵਾਦੀ (ਮਲਕ ਭਾਗੋਆਂ) ਨੂੰ ਸਿਰ ਤੇ ਚੜ੍ਹਾਇਆ ਅਤੇ ਗਰੀਬਾਂ, ਕਿਰਤੀ ਕਾਮਿਆਂ ਜਿਮੀਦਾਰਾਂ ਅਤੇ ਗੁਰੂ ਨੂੰ ਸਮਰਪਿਤ ਗੁਰਸਿੱਖਾਂ (ਭਾਈ ਲਾਲੋਆਂ) ਨੂੰ ਪੈਰਾਂ ਵਿੱਚ ਸੁੱਟਿਆ ਹੋਇਆ ਹੈ।

ਅੱਜ ਜੇ ਸਿੱਖ ਉਪ੍ਰੋਕਤ ਬਿਆਨ ਕੀਤੇ ਗਏ ਕਾਰਨਾਂ ਅਤੇ ਵਿਥਿਆ ਨੂੰ ਸਮਝ ਕੇ, ਆਪਣੇ ਵਿੱਚ ਸੁਧਾਰ ਕਰ ਲੈਣ ਅਤੇ ਆਧੁਨਿਕ ਸਾਧਾਨਾਂ ਦੀ ਵਰਤੋਂ ਬਾਖੂਬੀ ਕਰਨ ਲੱਗ ਜਾਣ ਤਾਂ ਸਿੱਖ ਅਬਾਦੀ ਵਧ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top