Share on Facebook

Main News Page

ਕੁਮਾਰ ਵਿਸ਼ਵਾਸ ਨੇ ਜੋ ਬਜਰ ਗੁਸਤਾਖੀ ਕੀਤੀ ਹੈ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਬਿਨ੍ਹਾਂ ਮਾਫ਼ ਨਹੀਂ ਕੀਤਾ ਜਾ ਸਕਦਾ
-: ਸਿਮਰਨਜੀਤ ਸਿੰਘ ਮਾਨ

ਚੰਡੀਗੜ੍ਹ, 3 ਸਤੰਬਰ 2015: ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੀ 20ਵੀਂ ਸਦੀ ਦੇ ਮਹਾਨ ਜਰਨੈਲ ਦਾ ਖਿਤਾਬ ਐਲਾਨਿਆ ਗਿਆ ਹੈ ਅਤੇ ਬਤੌਰ ਸਿੱਖ ਕੌਮ ਦੇ ਨਾਇਕ ਵੱਜੋਂ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਉਹਨਾਂ ਦੀ ਸਤਿਕਾਰ ਸਹਿਤ ਫੋਟੋ ਵੀ ਸਥਾਪਿਤ ਹੈ। ਇਸ ਲਈ ਜੋ ਵੀ ਦੂਸਰੇ ਫਿਰਕਿਆਂ ਨਾਲ ਸੰਬੰਧਤ ਮੁਤੱਸਵੀ ਲੋਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸੰਬੰਧੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚ ਸਿੱਖ ਕੌਮ ਦੀ ਸੰਸਥਾ ਅਤੇ ਸਿੱਖ ਕੌਮ ਦੀ ਤੌਹੀਨ ਕਰਦੇ ਹਨ।

ਇਸ ਲਈ ਜੋ ਕੁਮਾਰ ਵਿਸ਼ਵਾਸ ਨੇ ਬੀਤੇ ਕੁਝ ਦਿਨ ਪਹਿਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਸੰਬੰਧੀ ਅਪਸ਼ਬਦ ਬੋਲਦੇ ਹੋਏ ਜੋ ਹੁਣ ਅਖਬਾਰਾਂ ਵਿੱਚ ਸਿੱਖ ਕੌਮ ਤੋਂ ਮਾਫੀ ਮੰਗੀ ਹੈ, ਇਸ ਨਾਲ ਉਸ ਨੂੰ ਉਦੋਂ ਤੱਕ ਮਾਫ਼ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣੇ ਤੋਂ ਹੋਈ ਭੁੱਲ ਨਹੀਂ ਬਖਸ਼ਾਉਂਦਾ ਅਤੇ ਸਿੱਖ ਰਵਾਇਤਾਂ ਅਨੁਸਾਰ ਬਣਦੀ ਸਜ਼ਾ ਪੂਰਨ ਨਹੀਂ ਕਰਦਾ।

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁਮਾਰ ਵਿਸ਼ਵਾਸ ਵੱਲੋਂ ਅਖਬਾਰਾਂ ਵਿੱਚ ਸਿੱਖ ਕੌਮ ਤੋਂ ਮਾਫੀ ਮੰਗਣ ਦੀ ਕੀਤੀ ਗਈ ਬਿਆਨਬਾਜ਼ੀ ਉੱਤੇ ਸਿਧਾਂਤਕ ਲੀਹ ਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਬੀਜੇਪੀ ਦੇ ਦੂਸਰੇ ਦਰਜੇ ਦੇ ਆਗੂ ਅਤੇ ਹਿੰਦ ਦੇ ਰਹਿ ਚੁੱਕੇ ਗ੍ਰਹਿ ਵਜ਼ੀਰ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀਂ ਵਰਗਿਆਂ ਨੂੰ ਵੀ ਅਜਿਹੀ ਅਪਮਨਾਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਬਦੌਲਤ ਬਿਲਕੁਲ ਨਹੀਂ ਬਖਸ਼ਿਆ ਗਿਆ। ਫਿਰ ਕੁਮਾਰ ਵਿਸ਼ਵਾਸ ਅਜਿਹੀ ਕਿਹੜੀ ਸ਼ੈਅ ਹੈ ਜਿਸ ਨੂੰ ਸਿੱਖ ਕੌਮ ਆਪਣੀਆਂ ਰਵਾਇਤਾਂ ਅਨੁਸਾਰ ਸਿੱਝ ਨਹੀਂ ਸਕਦੀ? ਉਹਨਾਂ ਕਿਹਾ ਕਿ ਸਿੱਖ ਕੌਮ ਵਿਰੁੱਧ ਸਾਜਿਸ਼ਾਂ ਰਚਣ ਵਾਲੇ ਜਾਂ ਸਿੱਖ ਨਾਇਕਾਂ ਸੰਬੰਧੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਿਆਂ ਨੂੰ ਸਿੱਖ ਕੌਮ ਦੇ ਇਤਿਹਾਸ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਜਿਸ ਜਾਲਿਮ ਨੇ ਵੀ ਸਿੱਖ ਕੌਮ ਨਾਲ ਅਜਿਹੀ ਭਾਜੀ ਪਾਈ, ਸਿੱਖ ਕੌਮ ਨੇ ਹਮੇਸ਼ਾਂ ਦੂਹਰੀ ਕਰਕੇ ਮੋੜੀ ਹੈ। ਸਿੱਖ ਕੌਮ ਦੇ ਨਾਇਕਾਂ ਦਾ ਇਤਿਹਾਸ ਸਦੀਵੀਂ ਰਹੇਗਾ, ਜਦੋਂ ਕਿ ਸਿੱਖ ਨਾਇਕਾਂ ਉਤੇ ਅਜਿਹੀ ਸ਼ਬਦਾਵਲੀ ਵਰਤਣ ਵਾਲਿਆਂ ਦਾ ਇਤਿਹਾਸ ਦੇ ਕਿਸੇ ਪੰਨੇ ‘ਤੇ ਵੀ ਕੋਈ ਨਾਮੋ ਨਿਸ਼ਾਨ ਨਹੀਂ ਰਹੇਗਾ।

ਸ਼ ਮਾਨ ਨੇ ਆਪ ਪਾਰਟੀ ਦੇ ਮੁੱਖੀ ਸ਼੍ਰੀ ਕੇਜਰੀਵਾਲ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਇਕ ਪਾਸੇ ਆਪਣੇ ਆਪ ਨੂੰ ਸਿੱਖ ਹੱਕਾਂ ਦੀ ਰਖਵਾਲੀ ਕਰਨ ਵਾਲਾ ਸਾਬਿਤ ਕਰ ਰਹੇ ਹਨ, ਦੂਸਰੇ ਪਾਸੇ ਉਹਨਾਂ ਦੀ ਪਾਰਟੀ ਦਾ ਮੈਂਬਰ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੇ ਹੋਏ ਅਮਲਾਂ ਉਪਰੰਤ ਵੀ ਸ਼੍ਰੀ ਕੇਜਰੀਵਾਲ ਵੱਲੋਂ ਕੁਮਾਰ ਵਿਸ਼ਵਾਸ ਵਿਰੁੱਧ ਕੋਈ ਐਕਸ਼ਨ ਨਾ ਲੈਣ ਦੀ ਕਾਰਵਾਈ ਸਿੱਖ ਕੌਮ ਨਾਲ ਦਿਖਾਏ ਜਾ ਰਹੇ ਪਿਆਰ ਦੇ ਨਾਟਕ ਨੂੰ ਪ੍ਰਤੱਖ ਕਰਦੀ ਹੈ। ਉਹਨਾਂ ਕਿਹਾ ਕਿ ਸ਼੍ਰੀ ਕੇਜਰੀਵਾਲ ਜੇਕਰ ਸਹੀ ਮਾਇਨਿਆਂ ਵਿਚ ਇਨਸਾਨੀਅਤ , ਅਮਨ ਚੈਨ ਦੇ ਹਾਮੀਂ ਹਨ, ਤਾਂ ਉਹਨਾਂ ਨੂੰ ਤੁਰੰਤ ਸ਼੍ਰੀ ਕੁਮਾਰ ਵਿਸ਼ਵਾਸ ਵਰਗੇ ਸਿਰ ਫਿਰਿਆਂ ਨੂੰ ਆਪਣੀ ਆਪ ਪਾਰਟੀ ਵਿੱਚੋਂ ਸਦਾ ਲਈ ਦੂਰ ਕਰ ਦੇਣਾ ਚਾਹੀਦਾ ਹੈ।

ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸ਼੍ਰੀ ਕੇਜਰੀਵਾਲ ਜਿਥੇ ਤੁਰੰਤ ਕੁਮਾਰ ਵਿਸ਼ਵਾਸ ਵਿਰੁੱਧ ਕਾਰਵਾਈ ਕਰਨਗੇ, ਉਥੇ ਆਪਣੀ ਸਾਖ ਨੂੰ ਬਰਕਰਾਰ ਰੱਖਣ ਹਿੱਤ ਸਿੱਖ ਕੌਮ ਦੀ ਸਰਬ ਉੱਚ ਸੰਸਥਾ , ਜਿਸ ਦੇ ਕੁਮਾਰ ਵਿਸ਼ਵਾਸ ਦੋਸ਼ੀ ਹਨ, ਉਥੇ ਨਿਮਰਤਾ ਸਾਹਿਤ ਪੇਸ਼ ਹੋ ਕੇ ਆਪਣੇ ਤੋਂ ਹੋਈ ਬਜਰ ਗੁਸਤਾਖੀ ਲਈ ਭੁੱਲ ਬਖਸ਼ਾਉਂਦੇ ਹੋਏ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਪਹੁੰਚੀ ਡੂੰਘੀ ਠੇਸ ਨੂੰ ਸ਼ਾਂਤ ਕਰਨ ਵਿਚ ਸ਼੍ਰੀ ਕੇਜਰੀਵਾਲ ਆਪਣੀ ਭੂਮਿਕਾ ਨਿਭਾਉਣਗੇ।


ਟਿੱਪਣੀ:

ਸ. ਸਿਮਰਨਜੀਤ ਸਿੰਘ ਜੀ, ਕੁਮਾਰ ਵਿਸ਼ਵਾਸ ਕੋਈ ਸਿੱਖ ਨਹੀਂ, ਜਿਸਦੀ ਪੇਸ਼ੀ ਅਕਾਲ ਤਖ਼ਤ 'ਤੇ ਹੋ ਸਕੇ, ਇਸ ਕੁਮਾਰ ਵਿਸ਼ਵਾਸ ਨੂੰ ਰਾਜਨੀਤਿਕ ਤੌਰ 'ਤੇ ਨਿਪਟੋ। ਉਸਨੇ ਜੋ ਸਟੇਟਮੈਂਟ ਦਿੱਤੀ ਹੈ, ਉਹ ਰਾਜਨੀਤਿਕ ਬਿਆਨ ਹੈ। ਪਰ ਜਿਸ ਤਰ੍ਹਾਂ ਨਾਲ "ਆਪ" ਪਾਰਟੀ ਵਿਰੁੱਧ ਪ੍ਰਚਾਰ ਤੇਜ਼ ਹੋ ਰਿਹਾ ਹੈ, ਉਹ ਅਕਾਲੀ, ਭਾਜਪਾ ਤੇ ਕਾਂਗਰਸ ਦੀ ਘਬਰਾਹਟ ਦਾ ਨਤੀਜਾ ਹੈ। ਅਕਾਲ ਤਖ਼ਤ ਨੂੰ ਵਰਤ ਕੇ, ਰਾਜਨੀਤਿਕ ਖੇਡਾਂ ਖੇਡਣੀਆਂ ਬੰਦ ਕਰੋ। ਕਿਉਂਕਿ ਆਮ ਸਿੱਖ ਹਾਲੇ ਵੀ ਅਕਾਲ ਤਖ਼ਤ 'ਤੇ ਕਾਬਜ਼ ਬਾਦਲ ਦੇ ਪੱਪੂਆਂ ਨੂੰ ਰੱਬ ਮੰਨਦਾ ਹੈ, ਇਸ ਲਈ ਕਿਸੇ ਵੀ ਰਾਜਨੀਤਿਕ ਲਾਭ ਲਈ, ਅਕਾਲ ਤਖ਼ਤ ਦੀ ਵਰਤੋਂ ਬਾਦਲ ਕਰਦਾ ਰਿਹਾ ਹੈ, ਤੇ ਜਦੋਂ ਤੱਕ ਮਰਦਾ ਨਹੀਂ, ਉਹ ਕਰਦਾ ਰਹੇਗਾ, ਉਸ ਤੋਂ ਅੱਗੇ ਖੇਡਾਂ ਖੇਡਣ ਵਾਲੇ ਕਰਦੇ ਰਹਿਣਗੇ।

ਬਾਦਲ ਜੋ ਮਰਜ਼ੀ ਕਰੇ, ਤਿਲਕ ਲਾਵੇ, ਹੰਨੂਮਾਨ, ਗਣੇਸ਼, ਮਾਤਾ ਨੂੰ ਮੱਥਾ ਟੇਕੇ, ਦਸਤਾਰ ਦੇ ਉਤੋਂ ਦੀ ਮੁਕੁਟ ਪਾਵੇ, ਹਰਸਿਮਰਤ ਬਾਦਲ ਸ਼ਿਵਲਿੰਗ 'ਤੇ ਦੁੱਧ ਚੜਾਵੇ, ਸੁੱਖਾ ਅਮਲੀ ਸਨੀਦੇਵ 'ਤੇ ਤੇਲ ਚੜਾਵੇ, ਬਾਦਲ ਭਿੰਡਰਾਂਵਾਲਿਆਂ ਨੂੰ ਦਹਿਸ਼ਤਗਰਦ ਗਰਦਾਨੇ... ਉਦੋਂ ਕੋਈ ਕਾਰਵਾਈ ਨਹੀਂ !!!

ਸਿਮਰਨਜੀਤ ਸਿੰਘ ਮਾਨ ਤੁਸੀਂ ਆਪ ਵੀ ਸਿਹੋੜੇ ਵਾਲੇ ਪਖੰਡੀ ਸਾਧ ਨੂੰ ਭਿਡਰਾਂਵਾਲਿਆਂ ਦੇ ਬਰਾਬਰ ਸਮਝਦੇ ਹੋ... ਉਦੋਂ ਪੱਪੂ ਗੁਰਬਚਨ ਦੀ ਸੰਘੀ ਘੁੱਟੀ ਹੁੰਦੀ ਹੈ, ਪਰ ਤੁਹਾਡੇ ਇਸ ਬਿਆਨ ਨਾਲ ਉਹ ਸ਼ਾਇਦ ਕੁਮਾਰ ਵਿਸ਼ਵਾਸ ਨੂੰ ਵੀ ਅਕਾਲ ਤਖ਼ਤ 'ਤੇ ਸੱਦ ਲਵੇ, ਕਿਉਂਕਿ ਇਸ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਹੁੰਦੇ ਹਨ... ਇੱਕ ਤਾਂ ਇਸ ਨਾਲ ਸਿੱਖਾਂ ਦੇ ਮਨਾਂ 'ਚ ਪੱਪੂਆਂ ਦੀ ਇੱਜ਼ਤ ਬਣਦੀ ਹੈ, ਦੂਜਾ ਬਾਦਲ ਨੂੰ ਰਾਜਨੀਤਿਕ ਫਾਇਦਾ ਪਹੁੰਚਦਾ ਹੈ।

ਤੁਹਾਡਾ ਵੀ ਕੋਈ ਘੱਟ ਯੋਗਦਾਨ ਨਹੀਂ ਹੈ, ਬਾਦਲ ਦੇ ਪੰਜਾਬ 'ਤੇ ਰਾਜ ਕਰਵਾਉਣ 'ਚ, ਕਿਉਂਕਿ ਤੁਹਾਡੀ ਆਪਣੀ ਪਾਰਟੀ ਦਾ ਕੋਈ ਆਧਾਰ ਨਹੀਂ, ਤੁਸੀਂ ਤਾਂ ਆਪਣੀ ਸੀਟ ਹੀ ਨਹੀਂ ਜਿੱਤ ਸਕਦੇ, ਹਰ ਵਾਰੀ ਜਮਾਨਤ ਜ਼ਬਤ ਹੁੰਦੀ ਹੈ, ਤੁਹਾਡਾ ਕੰਮ ਹੈ, ਨਾ ਆਪ ਖੇਡਣਾ, ਨਾ ਦੁਜਿਆਂ ਨੂੰ ਖੇਡਣ ਦੇਣਾ, ਜਿਸ ਨਾਲ ਬਾਦਲ ਦਾ ਫਾਇਦਾ ਜ਼ਰੂਰ ਹੁੰਦਾ ਹੈ। ਖਾਲਿਸਤਾਨ ਦੀਆਂ ਗੱਲਾਂ ਕਰਕੇ ਭਾਰਤ ਦੀ ਗ਼ੁਲਾਮੀ ਤੋਂ ਆਜ਼ਾਦੀ ਤਾਂ ਬਹੁਤ ਦੂਰ ਦੀ ਗੱਲ ਹੈ, ਪਹਿਲਾਂ ਬਾਦਲ ਦੇ ਪੱਪੂਆਂ ਦੀ ਗ਼ੁਲਾਮੀ ਤੋਂ ਤਾਂ ਆਜ਼ਾਦ ਹੋ ਲਵੋ !!!

ਖ਼ਾਲਸਾ ਨਿਊਜ਼ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਨਹੀਂ, ਇਸ ਲਈ ਇਹ ਨਾ ਸਮਝ ਲਿਆ ਜਾਵੇ ਕਿ ਅਸੀਂ ਕੁਮਾਰ ਵਿਸ਼ਵਾਸ ਦੀ ਤਰਫਦਾਰੀ ਕਰ ਰਹੇ ਹਾਂ, ਸਿਰਫ ਅਕਾਲ ਤਖ਼ਤ ਨੂੰ ਆਪਣੇ ਫਾਇਦਿਆਂ ਲਈ ਵਰਤੇ ਜਾਣ 'ਤੇ ਇਨ੍ਹਾਂ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਕਰਵਾ ਰਹੇ ਹਾਂ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top