Share on Facebook

Main News Page

ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਵੱਲੋਂ 56 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੇ ਨਾਂ ਪੱਤਰ

ਮਿਤੀ 08 ਜਨਵਰੀ 15

ਸਤਿਕਾਰਯੋਗ ਭਾਈ ਗੁਰਬਖਸ਼ ਸਿੰਘ ਜੀਉ

‘ਵਾਹਿਗੁਰੂ ਜੀ ਕਾ ਖਾਲਸਾ’ ‘ਵਾਹਿਗੁਰੂ ਜੀ ਕੀ ਫਤਿਹ’

ਬੰਦੀ ਸਿੱਖ ਰਿਹਾਈ ਮੋਰਚਾ’ ਫਿਰ ਤੋਂ ਸਿੱਖਰ ਤੇ ਪਹੁੰਚ ਚੁੱਕਾ ਹੈ। ਤੁਸੀਂ ਇਸ ਮੋਰਚੇ ਦੀ ਰੀੜ ਦੀ ਹੱਡੀ ਬਣ ਚੁਕੇ ਹੋ। ਤੁਹਾਡੇ ਵੱਲੋ ਕਾਹਲੀ ਤੇ ਜਿੱਦ ਨਾਲ ਲਏ ਗਏ ਫੈਸਲੇ ਸਿੱਖ ਸੰਘਰਸ਼ ਨੂੰ ਮੁੜ ਤੋਂ ਲੀਹੋ ਲਾਹ ਸਕਦੇ ਹਨ। ਤੁਹਾਡਾ ਗੁਰਦੁਆਰਾ ਲਖਨੌਰ ਸਾਹਿਬ ਅੰਬਾਲਾ ਤੋਂ ਉਠਣਾ ਜਾਂ ਨਿਕਲਣਾ, ਮੌਜੂਦਾ ਸੰਘਰਸ਼ ਲਈ ਨੁਕਸਾਨ-ਦੇਹ ਸਾਬਤ ਹੋਵੇਗਾ। ਤੁਹਾਡੇ ਵੱਲੋਂ ਆਪ-ਹੁਦਰੇ ਫੈਸਲੇ ਲੈਣ ਦੀ ਆਦਤ ਨੇ ਪਹਿਲਾਂ ਭੀ ਸਿੱਖ ਸੰਘਰਸ਼ ਨੂੰ ਢਾਹ ਲਗਾਈ ਸੀ।

ਤੁਹਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਇਹ ਸੰਘਰਸ਼ ਜੇਲ੍ਹਾਂ ‘ਚ ਬੰਦ ਸਿੱਖਾਂ ਦੀ ਕੁਰਬਾਨੀ ਦੀ ਬੁਨਿਆਦ 'ਤੇ ਖੜ੍ਹਾ ਹੈ। ਇਸ ਨੂੰ ਜੇਲ੍ਹਾਂ ‘ਚ ਬੰਦ ਸਿੱਖਾਂ ਦਾ ਸੰਘਰਸ਼ ਬਣਿਆਂ ਰਹਿਣ ਦਿਉ, ਗੁਰਬਖਸ਼ ਸਿੰਘ ਦਾ ਸੰਘਰਸ਼ ਨਾਂਹ ਬਣਾਉ, ਇਸ ਕੌਮੀ ਸੰਘਰਸ਼ ਨੂੰ ਨਿਜੀ ਜਾਂ ਵਿਅਕਤੀ ਵਿਸ਼ੇਸ਼ (ਆਪਣੇ) ਨਾਲ ਜੋੜਨਾ ਬਿੱਲਕੁਲ ਗਲਤ ਹੈ

ਅਸੀਂ ਸੁਚੇਤ ਕਰਦੇ ਹਾਂ ਕਿ ਤੁਹਾਡੇ ਦੁਆਲੇ ਫਿਰ ਤੋਂ ਸਰਕਾਰੀ ਸੋਚ ਦਾ ਤੰਤਰ ਜਾਲ ਬੁਣਿਆਂ ਜਾ ਚੁੱਕਾ ਹੈ। ਜਿਹੜੇ ਨੇਕ ਤੇ ਚੰਗੇ ਲੋਕਾਂ ਕਾਰਨ ਇਹ ਸੰਘਰਸ਼ ਤਿੱਖਾ ਹੋਇਆ ਹੈ, ਉਨ੍ਹਾਂ ਨੂੰ ਕਿਸੇ ਭੀ ਕੀਮਤ 'ਤੇ ਨਜਰ-ਅੰਦਾਜ ਨਾਂਹ ਕਰੋ। ਹੁਣ ਤੁਸੀਂ ਨੇਕ, ਇਮਾਨਦਾਰ, ਕੌਮ ਪ੍ਰਸਤ, ਅਕਾਲ ਤਖਤ ਦੀ ਸਿੱਖ ਰਹਿਤ ਮਰਿਯਾਦਾ (ਪੰਥ ਪ੍ਰਵਾਨਿਤ) ਨੂੰ ਮਨੰਣ ਵਾਲੇ ਪੰਜ ਗੁਰਸਿੱਖਾਂ ਨੂੰ “ਬੰਦੀ ਸਿੱਖ ਰਿਹਾਈ ਮੋਰਚੇ” ਦੀ ਬਾਗਡੋਰ (ਸਾਰੇ ਫੈਸਲੇ ਲੈਣ ਦੇ ਹੱਕ ਦੇ ਕੇ) ਸੌਂਪ ਕੇ ਭੁੱਖ ਹੜਤਾਲ ਦੇ ਨਾਲ-ਨਾਲ ਮੌਨ ਵਰਤ ਭੀ ਰਖ ਲਵੋ, ਤਾਂ ਜੋ ਤੁਹਾਡੇ ਦੁਆਰਾ ਬੋਲੇ ਸ਼ਬਦਾਂ ਦੇ ਅਰਥ ਅਨਰਥ ਨਾ ਬਣ ਜਾਣ ਅਤੇ ਪੰਥ ਦਰਦੀਆਂ ਦਾ ਉਹ ਹਿੱਸਾ ਜੋ ਤੁਹਾਡੇ ਬੋਲ-ਕਬੋਲ ਦੀ ਆਦਤ ਕਾਰਨ, ਤੁਹਾਡੇ ਨੇੜੇ ਆਉਣਾ ਪਸੰਦ ਨਹੀਂ ਕਰਦਾ, ਉਹ ਵੀ ਇਸ ਸਿੱਖ ਹੱਕਾਂ ਦੇ ਸੰਘਰਸ਼ ਵਿੱਚ ਸ਼ਮੁਲੀਅਤ ਕਰ ਸਕੇ।

ਤੁਸੀਂ ਗੁਰਦੁਆਰਾ ਲਖਨੌਰ ਸਾਹਿਬ ਆਉਣ ਵਾਲੇ ਹਰ ਮਾਈ ਭਾਈ ਨੂੰ ਖਿੜੇ ਮੱਥੇ ਬਿਨਾਂ, ਕਿਸੇ ਗਿਲ੍ਹੇ ਸ਼ਿਕਵੇ ਮਿਲਣ ਦੀ ਆਦਤ ਗ੍ਰਿਹਣ ਦੀ ਕ੍ਰਿਪਾਲਤਾ ਕਰੋ ਜੀ “ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥” ਦੇ ਮਹਾਵਾਕ ਅਨੁਸਾਰ, ਹੁਣ ਨਾਮ ਜਪਣ ਦੇ ਆਹਰੇ ਲਗ ਕੇ ਮਨੁਖਾ-ਜੀਵਨ ਦੀ ਸਫਲਤਾ ਲਈ ਜੁੱਟ ਜਾਉ, ਇਸ ਖਾਲਸਾ ਪੰਥ ਦੇ ਮਿਸ਼ਨ ਦੀ ਜਿੱਤ ਯਕੀਨੀ ਹੋਵੇਗੀ, ਇਸ ‘ਚ ਪੰਥ ਦਾ ਭਲਾ ਹੈ। ਆਸ ਕਰਦੇ ਹਾਂ ਇਸ ਵਾਰ ਤੁਸੀਂ ਸੰਘਰਸ਼ ਦੀਆਂ ਪ੍ਰਾਪਤੀਆਂ ਤੱਕ ਦ੍ਰਿੜ ਰਹੋਗੇ।

ਬੰਦੀ ਸਿੱਖਾਂ ਦੀ ਰਿਹਾਈ ਲਈ ਪੂਰੀ ਤਨ ਦੇਹੀ ਨਾਲ ਯਤਨਸ਼ੀਲ
ਤੁਹਾਡਾ ਵੀਰ ਪ੍ਰਿੰ: ਪਰਵਿੰਦਰ ਸਿੰਘ ਖਾਲਸਾ
ਮੁੱਖੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ
98780 11670


ਟਿੱਪਣੀ:

ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੇ ਪਿਛਲੇ ਸਾਲ "ਬੰਦੀ ਸਿੰਘਾਂ ਦੀ ਰਿਹਾਈ" ਲਈ ਲਗਾਏ ਗਏ ਮੋਰਚੇ ਵਿੱਚ ਭਾਈ ਗੁਰਬਖਸ਼ ਸਿੰਘ ਦਾ ਸਾਥ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਦਿੱਤਾ, ਜਦੋਂ ਤੱਕ ਭਾਈ ਗੁਰਬਖਸ਼ ਸਿੰਘ ਨੇ ਅਖੌਤੀ ਜਥੇਦਾਰ ਦੇ ਕਹੇ 'ਤੇ ਸਿਖਰ 'ਤੇ ਪਹੁੰਚ ਚੁਕੇ ਸੰਘਰਸ਼ ਨੂੰ ਮਿੱਟੀ 'ਚ ਰੋਲ਼ ਦਿੱਤਾ, ਜਿਸ ਵਿੱਚ ਸੰਸਾਰ ਦੇ ਬਹੁਤਾਤ ਸਿੱਖਾਂ ਦਾ ਸਮਰਥਨ ਹਾਸਿਲ ਸੀ। ਉਸ ਵੇਲੇ ਵੀ ਭਾਈ ਗੁਰਬਖਸ਼ ਸਿੰਘ ਨੂੰ ਬਾਰ ਬਾਰ ਸੁਚੇਤ ਕਰਨ ਦੇ ਬਾਵਜੂਦ, ਕੀਤੇ ਕਰਾਏ 'ਤੇ ਪਾਣੀ ਫੇਰਿਆ ਗਿਆ।

ਜਿਸ ਤਰ੍ਹਾਂ ਪ੍ਰਿੰ. ਪਰਵਿੰਦਰ ਸਿੰਘ ਜੀ ਨੇ ਲਿਖਿਆ ਹੈ "ਅਸੀਂ ਸੁਚੇਤ ਕਰਦੇ ਹਾਂ ਕਿ ਤੁਹਾਡੇ ਦੁਆਲੇ ਫਿਰ ਤੋਂ ਸਰਕਾਰੀ ਸੋਚ ਦਾ ਤੰਤਰ ਜਾਲ ਬੁਣਿਆਂ ਜਾ ਚੁੱਕਾ ਹੈ।" ਬਿਲਕੁਲ ਦੁਰੁਸਤ ਹੈ। ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਜਿਨ੍ਹਾਂ ਨੇ ਪਿਛਲੇ ਸੰਘਰਸ਼ ਦੌਰਾਨ ਵੀ ਹਰ ਇੱਕ ਗਤੀਵਿਧੀ ਦੀ ਸੂਹ ਬਾਹਰ ਪਹੁੰਚਾਈ, ਇਸ ਵਾਰ ਵੀ ਆਪਣਾ ਰੋਲ ਬਾਖੂਬੀ ਨਿਭਾ ਰਹੇ ਨੇ।

ਬਾਕੀ ਰਹੀ ਇੱਕ ਹੋਰ ਗੱਲ... ਕਿ ਪਰਚੀਆਂ ਰਾਹੀਂ ਕਦੋਂ ਤੋਂ ਫੈਸਲੇ ਲਏ ਜਾਣੇ ਸ਼ੁਰੂ ਹੋਏ, ਇਹ ਸਿਰਫ ਅਖੌਤੀ ਟਕਸਾਲ ਦੀ ਕਾਢ ਹੈ। ਕਦੀ ਭਾਈ ਗੁਰਬਖਸ਼ ਸਿੰਘ ਨੇ ਪਾਣੀ ਨਾ ਪੀਣ ਦਾ ਨਿਰਣਾ ਲਿਆ, ਫਿਰ ਅਖੇ ਗੁਰੂ ਸਾਹਿਬ ਦੇ ਕਹਿਣ 'ਤੇ ਪਾਣੀ ਪੀਤਾ... ਕਿਵੇਂ... ਕਿ ਦੋ ਪਰਚੀਆਂ ਰਖੀਆਂ ਗਈਆਂ, ਇੱਕ 'ਚ ਲਿਖਿਆ ਗਿਆ ਕਿ "ਪਾਣੀ ਪੀ ਲਵੋ", ਦੂਜੀ 'ਚ ਲਿਖਿਆ "ਪਾਣੀ ਨਾ ਪੀਵੋ"... ਤੇ ਫਿਰ ਪਰਚੀਆਂ ਗੁਰੂ ਗ੍ਰੰਥ ਸਾਹਿਬ ਅੱਗੇ ਰੱਖੀਆਂ ਗਈਆਂ... ਫਿਰ ਇੱਕ ਬੱਚੇ ਤੋਂ ਪਰਚੀਆਂ ਚੁਕਵਾਈ ਗਈ... ਤੇ ਬੱਚੇ ਵਲੋਂ ਜੋ ਪਰਚੀ ਚੁੱਕੀ ਗਈ, ਉਸ ਵਿੱਚ "ਪਾਣੀ ਪੀ ਲਵੋ" ਲਿਖਿਆ ਸੀ... ਕੀ ਹੈ ਇਹ ?

ਹੁਣ ਅੱਜ, ਫਿਰ ਪਰਚੀ... ਕਿ ਗੁਰੂ ਸਾਹਿਬ ਦੇ ਅੱਗੇ ਦੋ ਪਰਚੀਆਂ ਰਖੀਆਂ, ਇੱਕ 'ਚ "ਅੰਮ੍ਰਿਤਸਰ ਜਾਣਾ ਹੈ", ਤੇ ਦੂਜੀ 'ਚ "ਅੰਮ੍ਰਿਤਸਰ ਨਹੀਂ ਜਾਣਾ"... ਤੇ ਫਿਰ ਪਰਚੀਆਂ ਜਦੋਂ ਚੁਕੀਆਂ ਗਈਆਂ, ਤਾਂ "ਅੰਮ੍ਰਿਤਸਰ ਨਹੀਂ ਜਾਣਾ" ਵਾਲੀ ਨਿਕਲੀ... ਕੀ ਢਕੋਸਲਾ ਹੈ ਇਹ ?

ਕੀ ਸੰਘਰਸ਼ ਕੋਈ ਲਾਟਰੀ ਹੈ, ਕਿ ਪਰਚੀਆਂ ਪਾਕੇ ਫੈਸਲੇ ਲਏ ਜਾਂਦੇ ਹਨ? ਜੇ ਪਰਚੀਆਂ ਪਾਕੇ ਹੀ ਫੈਸਲੇ ਕਰਨੇ ਸਨ, ਤਾਂ ਇਨਾਂ ਰੌਲਾ ਕਾਹਦਾ? ਪਰਚੀਆਂ ਪਾ ਲਈਆਂ ਜਾਂਦੀਆਂ, ਕਿ ਸਿੰਘਾਂ ਨੂੰ ਜੇਲ੍ਹਾਂ 'ਚ ਛੁਡਾਉਣਾ ਹੈ ਕਿ ਨਹੀਂ... ਤੇ ਜਿਹੜੀ ਪਰਚੀ ਆ ਜਾਂਦੀ...

ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਛੱਡਕੇ, ਸੰਜੀਦਗੀ, ਸਿਆਣਪ ਨਾਲ ਸੰਘਰਸ਼ ਚਲਾਓ, ਜਿਹੜੇ ਅਖੌਤੀ ਜਥੇਦਾਰਾਂ ਦੀ ਪਿਛਲੀ ਵਾਰੀ ਤਾਰਪੀਡੋ ਕੀਤਾ ਸੀ, ਉਨ੍ਹਾਂ ਨੇ ਇਸ ਵਾਰੀ ਵੀ ਉਹੀਓ ਖੇਡ ਖੇਡਣੀ ਹੈ... ਮੁੜ ਮੁੜ ਕੇ ਉਹੀ ਗਲਤੀਆਂ ਦੁਹਾਰਾਈ ਜਾਣੀਆਂ, ਕੋਈ ਅਕਲਮੰਦੀ ਨਹੀਂ...

ਕਈਆਂ ਪਾਠਕਾਂ ਨੂੰ ਇਹ ਗੱਲਾਂ ਗਲੇ ਤੋਂ ਥੱਲੇ ਨਹੀਂ ਉਤਰਨੀਆਂ, ਤੁਸੀਂ ਕੀ ਕੀਤਾ ਵਗੈਰਾ ਵਗੈਰਾ ਲਿਖਣਗੇ... ਇਹ ਦੱਸਣਾ ਜ਼ਰੂਰੀ ਹੈ ਕਿ ਖ਼ਾਲਸਾ ਨਿਊਜ਼ ਬੰਦੀ ਸਿੰਘਾਂ ਨੂੰ ਰਿਹਾਈ ਦੇ ਖਿਲਾਫ ਨਹੀਂ, ਅਸੀਂ ਵੀ ਚਾਹੁੰਦੇ ਹਾਂ ਕਿ ਜਿਨ੍ਹਾਂ ਦੀ ਵੀ ਸਜ਼ਾ ਪੂਰੀ ਹੋ ਚੁਕੀ ਹੈ, ਉਹ ਜੇਲ੍ਹ ਤੋਂ ਬਾਹਰ ਆਉਣੇ ਚਾਹੀਦੇ ਹਨ, ਇਹ ਉਨ੍ਹਾਂ ਦਾ ਅਧਿਕਾਰ ਹੈ... ਪਰ ਪਰਚੀਆਂ, ਸੂਹੀਆਂ, ਅਖੌਤੀ ਜਥੇਦਾਰਾਂ, ਆਦਿ ਤੋਂ ਪਰਹੇਜ਼ ਰੱਖਣਾ ਬਹੁਤ ਜ਼ਰੂਰੀ ਹੈ। ਆਸ ਕਰਦੇ ਹਾਂ ਇਸ ਵਾਰ ਤੁਸੀਂ ਸੰਘਰਸ਼ ਦੀਆਂ ਪ੍ਰਾਪਤੀਆਂ ਤੱਕ ਦ੍ਰਿੜ ਰਹੋਗੇ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top