Share on Facebook

Main News Page

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ 05 ਜਨਵਰੀ ਨੂੰ ਮਨਾ ਕੇ ਸਿੱਖਾਂ ਨੇ ਸਾਧ ਯੂਨੀਅਨ ਅਤੇ ਆਰ.ਐਸ. ਐਸ. ਨੂੰ ਵਿਖਾਇਆ ਠੁੱਠ
-: ਗੁਰਿੰਦਰਪਾਲ ਸਿੰਘ ਧਨੌਲਾ 93161765197

ਨਾਨਕਸ਼ਾਹੀ ਕੈਲੰਡਰ ਨੂੰ ਲੈਕੇ ਪਿਛਲੇ ਕੁੱਝ ਮਹੀਨਿਆਂ ਤੋਂ ਸਿੱਖ ਪੰਥ ਨੂੰ ਭੰਬਲਭੂਸੇ ਪਾਉਣ ਵਾਸਤੇ ਸਰਗਰਮ ਹੋਈ ਆਰ.ਐਸ.ਐਸ ਨੇ ਸਾਧ ਯੂਨੀਅਨ ਦੀ ਮਦਦ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਰਾਹੀ ਇੱਕ ਬਹੁਮੰਤਵੀ ਮੁਹਿੰਮ ਆਰੰਭ ਕੀਤੀ ਸੀ ਅਤੇ ਕਿਸੇ ਹੱਦ ਤੱਕ ਆਪਣੀ ਸਫਲਤਾ ਵੇਖ ਕੇ ਬਿਪਰਵਾਦੀ ਕੱਛਾਂ ਵਜਾ ਰਹੇ ਸਨ ਕਿ ਜਿਹੜਾ ਕੰਮ ਓਹ ਪਿਛਲੀਆਂ ਸਾਢੇ ਪੰਜ ਸਦੀਆਂ ਤੋਂ ਨਹੀਂ ਕਰ ਸਕੇ, ਸ਼ਾਇਦ ਹੁਣ ਸਾਧ ਯੂਨੀਅਨ ਤੋਂ ਕਰਵਾਉਣ ਵਿੱਚ ਕਾਮਯਾਬ ਹੋ ਜਾਣਗੇ ਅਤੇ ਕਿਸੇ ਤਰਾਂ ਦਾ ਬਲੇਮ ਵੀ ਸਾਡੇ ਜਿੰਮੇ ਨਹੀਂ ਆਵੇਗਾ। ਲੇਕਿਨ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਵੱਲੋਂ ਸਮੇਂ ਸਿਰ ਪੰਥ ਦੀ ਕੀਤੀ ਪਹਿਰੇਦਾਰੀ ਨਾਲ ਪੈਦਾ ਹੋਈ ਜਾਗਰਿਤੀ ਕਾਰਨ, ਕੱਲ੍ਹ ਸਿਰਫ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾਕੇ ਪੱਥ ਨੇ ਆਰ.ਐਸ.ਐਸ. ਦੇ ਸਿਰ ਵਿੱਚ ਪਾਣੀ ਪਾ ਦਿੱਤਾ ਹੈ।

ਕੱਲ੍ਹ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਦਿਹਾੜਾ ਮਨਾਏ ਜਾਣ ਦਾ ਮੁੱਖ ਸਮਾਗਮ ਤਖਤ ਦਮਦਮਾ ਸਾਹਿਬ ਵਿਖੇ ਹੋਇਆ। ਜਿਸ ਵਿੱਚ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਬੇਸ਼ੱਕ ਆਰ.ਐਸ.ਐਸ. ਦੀ ਗੁਲਾਮ ਸ਼੍ਰੋਮਣੀ ਕਮੇਟੀ ਤੇ ਤਖਤ ਸਾਹਿਬ ਦੇ ਵਰਤਮਾਨ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਤਖਤ ਸਾਹਿਬ ਉਪਰ ਅਖੰਡ ਪਾਠ ਕਰਨ ਦੀ ਆਗਿਆ ਨਹੀਂ ਦਿੱਤੀ, ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਪਹਿਲਾ ਵਾਕਿਆ ਹੈ, ਜਦੋਂ ਤਖਤ ਦੇ ਜਥੇਦਾਰ ਨੂੰ ਤਖਤ ਸਾਹਿਬ ਤੇ ਪਾਠ ਕਰਨ ਤੋਂ ਵਰਜਿਆ ਹੋਵੇ। ਜਿਹੜੀ ਬਾਦਲ ਗਰਦੀ ਦਾ ਸਾਹਮਣਾ ਜਥੇਦਾਰ ਨੰਦਗੜ੍ਹ ਨੂੰ ਕਰਨਾ ਪਿਆ ਹੈ, ਅਜਿਹੀ ਨਾਦਰਸ਼ਾਹੀ ਕਦੇ ਪਹਿਲਾਂ ਨਹੀਂ ਵਾਪਰੀ। ਪਰ ਜਥੇਦਾਰ ਨੰਦਗੜ੍ਹ ਵੱਲੋਂ ਕਿਸੇ ਨੂੰ ਵੀ ਕੋਈ ਵਿਸ਼ੇਸ਼ ਸੱਦਾ ਨਾ ਭੇਜੇ ਜਾਣ ਦੇ ਬਾਵਜੂਦ ਵੱਡੀ ਗਿਣਤੀ ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦਾ ਆਪ ਮੁਹਾਰੇ ਦਮਦਮਾ ਸਾਹਿਬ ਪਹੁੰਚਣਾ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਪੰਨਾਂ ਲਿਖ ਗਿਆ ਹੈ।

ਆਰ.ਐਸ.ਐਸ. ਸਾਧ ਯੂਨੀਅਨ ਰਾਹੀਂ ਸ਼ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਤੋਂ ਦਬਾਅ ਪਵਾਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ 28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਵਸ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਜੋ ਆਦੇਸ਼, ਇਸ ਮਨਸ਼ਾ ਨਾਲ ਕਰਵਾਇਆ ਸੀ ਕਿ ਸ਼ਾਇਦ ਸਿੱਖ, ਅਜਿਹੇ ਪੰਥ ਵਿਰੋਧੀ ਆਦੇਸ਼ ਨੂੰ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੀ ਆੜ ਹੇਠ ਮੰਨ ਲੈਣਗੇ ਅਤੇ ਕੋਈ ਵੀ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਜੁਅਰਤ ਨਹੀਂ ਕਰੇਗਾ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਦਾ ਪਹਿਲਾ ਪੜਾ ਜਿੱਤ ਲਿਆ ਜਾਵੇਗਾ

ਲੇਕਿਨ ਅੱਜ ਸਿੱਖ ਪੰਥ ਸੁੱਤਾ ਨਹੀਂ ਜਾਗਦਾ ਹੈ ਅਤੇ ਆਪਣੇ ਆਲੇ ਦੁਆਲੇ ਘਟਣ ਵਾਲੀਆਂ ਘਟਨਾਵਾਂ ਨੂੰ ਸਮਝਣ ਜੋਗਾ ਹੋ ਗਿਆ ਹੈ। ਜਾਗਦੇ ਸਿਰਾਂ ਵਾਲੇ ਸਿੱਖ ਹਾਲਾਤਾਂ ਗਰਮੀਂ ਸਰਦੀ ਦਾ ਅਨੁਭਵ ਕਰਨ ਦੀ ਜਾਚ ਸਿੱਖ ਗਏ ਹਨ। ਜਿਉਂ ਹੀ ਸਿੱਖ ਪੰਥ ਨੂੰ ਸਮਝ ਪਈ ਨਾਨਕਸ਼ਾਹੀ ਕੈਲੰਡਰ ਨੂੰ ਖੋਰਾ ਲਾਉਣ ਅਤੇ ਸਿੱਖ ਪੰਥ ਨੂੰ ਮੁੜ ਬਿਪਰਵਾਦੀ ਵਿਚਾਰਧਾਰਾ ਦਾ ਹਿੱਸਾ ਬਣਾਉਣ ਵਾਸਤੇ ਅੱਜ ਆਰ.ਐਸ.ਐਸ. ਤਖਤਾਂ ਦੇ ਜਥੇਦਾਰਾਂ ਕੋਲੋਂ ਆਪਣੀ ਗੱਲ ਮੰਨਵਾਉਣ ਜੋਗੀ ਹੋ ਗਈ ਹੈ ਤਾਂ ਸਿੱਖਾਂ ਨੇ ਉਸਦਾ ਢੁੱਕਵਾਂ ਜਵਾਬ ਦੇਣ ਲਈ ਕੇਵਲ ਤਖਤ ਦਮਦਮਾ ਸਾਹਿਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਕੱਲ੍ਹ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾ ਕੇ ਬਿਪ੍ਰਵਾਦੀਆਂ ਦੇ ਮਨਸੂਬੇ ਫੇਲ੍ਹ ਕਰ ਦਿੱਤੇ ਹਨ।

ਅੱਜ ਸਿੱਖਾਂ ਨੂੰ ਸਮਝ ਆ ਗਈ ਹੈ ਕਿ ਆਗੂ ਬੇਸ਼ੱਕ ਰਾਜਨੀਤਿਕ ਹੋਣ ਜਾਂ ਧਾਰਮਿਕ ਹੋਣ ਕਿਸੇ ਵੇਲੇ ਵੀ ਖਰੀਦੇ ਜਾ ਸਕਦੇ ਹਨ ਜਾਂ ਭੈਅ ਭੀਤ ਕਰਕੇ ਵਰਤੇ ਜਾ ਸਕਦੇ ਹਨ, ਕਿਉਕਿ ਇਤਿਹਾਸ ਗਵਾਹ ਹੈ ਕਿ ਤਖਤਾਂ ਤੇ ਬੈਠੇ ਬੰਦੇ ਇੱਕ ਵਾਰ ਨਹੀਂ ਕਈ ਵਾਰ ਸਮੇਂ ਦੀ ਹਕੂਮਤ ਨੇ ਆਪਣੇ ਹੱਕ ਵਿੱਚ ਵਰਤੇ ਹਨ, ਜਿਵੇ ਕਿਸੇ ਵੇਲੇ ਸਿੱਖ ਪੰਥ ਦੇ ਅਨਮੋਲ ਹੀਰੇ ਪ੍ਰੋ. ਗੁਰਮੁਖ ਸਿੰਘ ਨੂੰ ਵੀ ਬਿਪਰਵਾਦ ਦੇ ਚੁੰਗਲ ਵਿੱਚ ਫਸੇ ਅਕਾਲ ਤਖਤ ਦੇ ਸਰਬਰਾਹਾਂ ਨੇ ਛੇਕ ਦਿੱਤਾ ਸੀ। ਸਮੇਂ ਦੀ ਹਕੂਮਤ ਨੇ ਹਜ਼ਾਰਾਂ ਸਿੱਖ, ਹਿੰਦੂ, ਮੁਸਲਿਮ ਭਾਰਤੀਆਂ ਦੇ ਕਾਤਲ ਅਤੇ ਜੱਲਿ੍ਹਆਂਵਾਲੇ ਬਾਗ ਦੇ ਸਾਕੇ ਦੇ ਖਲਨਾਇਕ ਜਰਨਲ ਅਡਵਾਇਰ ਨੂੰ ਸਿਰੋਪਾ ਦੇ ਦਿੱਤਾ ਸੀ। ਅੱਜ ਵੀ ਸਿੱਖਾਂ ਨੂੰ ਸਮਝ ਆ ਚੁੱਕੀ ਹੈ ਕਿ ਆਰ.ਐਸ.ਐਸ. ਕਿਵੇਂ ਅਕਾਲ ਤਖਤ ਸਾਹਿਬ ਅਤੇ ਸ਼ਰੋਮਣੀ ਕਮੇਟੀ ਤੇ ਕਾਬਜ਼ ਲੋਕਾਂ ਤੋਂ ਸਿੱਖ ਵਿਰੋਧੀ ਕਾਰਵਾਈਆਂ ਕਰਵਾਉਣੀਆਂ ਚਾਹੁੰਦੀ ਹੈ।

ਆਰ.ਐਸ.ਐਸ. ਸਿਰਫ ਨਾਨਕਸ਼ਾਹੀ ਕੈਲੰਡਰ ਤੱਕ ਸੀਮਤ ਹੀ ਨਹੀਂ ਹੈ, ਇਹ ਤਾਂ ਸਿੱਖਾਂ ਨੂੰ ਵੰਡਣ ਵਾਲੀ ਪਹਿਲੀ ਪੌੜੀ ਹੈ, ਜਿਸਦੀ ਸਹਾਇਤਾ ਨਾਲ ਓਹ ਪੰਥ ਦੇ ਗੁੰਬਦ ਤੱਕ ਚੜ੍ਹਣਾ ਚਾਹੁੰਦੀ ਹੈ। ਹੁਣ ਤੱਕ ਉਹਨਾਂ ਨੂੰ ਵਿਸ਼ਵਾਸ਼ ਸੀ ਕਿ ਸਾਰੇ ਜਥੇਦਾਰ ਸਾਡੇ ਨਾਲ ਹੀ ਚਲਣਗੇ। ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿਉਂਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ, ਤਖਤ ਕੇਸਗੜ੍ਹ ਸਾਹਿਬ, ਤਖਤ ਪਟਨਾਂ ਸਾਹਿਬ ਅਤੇ ਤਖਤ ਹਜੂਰ ਸਾਹਿਬ ਦੇ ਜਥੇਦਾਰ ਉਹਨਾਂ ਦੀ ਤਰਫਦਾਰੀ ਕਰ ਵੀ ਰਹੇ ਹਨ। ਇੱਕ ਹੋਰ ਧਿਰ ਜਿਸਨੂੰ ਹੁਣ ਤੱਕ ਆਰ.ਐਸ.ਐਸ. ਨੇ ਪਲੇਠੀ ਧੀ ਵਾਂਗੂੰ ਪਾਲਿਆ ਹੈ, ਸੰਤ ਸਮਾਜ਼ ਭਾਵ ਸਾਧ ਯੂਨੀਅਨ ਤੇ ਵੀ ਬੜੀ ਵੱਡੀ ਆਸ ਸੀ, ਕਿਉਂਕਿ ਉਹ ਸੋਚਦੇ ਸਨ ਕਿ ਧਾਰਮਿਕ ਪ੍ਰਭਾਵ ਹੇਠ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਬੜਾ ਆਸਾਨ ਹੈ। ਲੇਕਿਨ ਉਹ ਇਹ ਭੁੱਲ ਗਏ ਕਿ ਗੁਰੂ ਨੇ ਸਿੱਖਾਂ ਨੂੰ ਇਸ ਕਾਬਲ ਵੀ ਬਣਾਇਆ ਹੈ ਕਿ ਓਹ ਦੇਹਾਂ ਵਿੱਚ ਨਹੀਂ ਸਗੋਂ ਸੱਚ ਵਿੱਚ ਯਕੀਨ ਰੱਖਣ। ਇਸਦੀ ਪਰਖ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪੀਰ ਦੀ ਕਬਰ ਵੱਲ ਤੀਰ ਝੁਕਾ ਕੇ ਫਰਜ਼ੀ ਸਿੱਜਦਾ ਕਰਕੇ ਕੀਤੀ, ਜਦੋਂ ਸੁਚੇਤ ਸਿੱਖਾਂ ਨੇ ਉਸ ਵੇਲੇ ਹੀ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਸਾਨੂੰ ਮੜੀਆਂ, ਕਬਰਾਂ ਆਦਿਕ ਮੰਨਨ ਤੋਂ ਰੋਕਦੇ ਹੋ, ਆਪ ਤੀਰ ਨਾਲ ਸਿਜਦਾ ਕਿਉਂ ਕਰ ਰਹੇ । ਤਾਂ ਸਤਿਗੁਰੁ ਜੀ ਖੁਸ਼ ਹੋਏ ਤੇ ਕਿਹਾ ਕਿ ਮੇਰਾ ਖਾਲਸਾ ਪੰਥ ਇਮਤਿਹਾਨ ਵਿੱਚੋਂ ਪਾਸ ਹੋ ਗਿਆ ਹੈ, ਹੁਣ ਕਦੇ ਧੋਖਾ ਨਹੀਂ ਖਾਵੇਗਾ ।

ਅੱਜ ਜੇ ਕੋਈ ਤਖਤ ਦਾ ਜਥੇਦਾਰ ਖਰੀਦਿਆ ਜਾਂ ਦਬਾਇਆ ਜਾ ਸਕਦਾ ਹੈ , ਸ਼ਰੋਮਣੀ ਕਮੇਟੀ ਨੂੰ ਤਾਕਤ ਰਾਹੀ ਆਪਣੇ ਹੱਕ ਵਿੱਚ ਵਰਤਿਆ ਜਾ ਸਕਦਾ ਹੈ, ਕਿਸੇ ਪੰਥਕ ਅਖਵਾਉਣ ਸਰਕਾਰ ਦੇ ਮੂੰਹ ਵਿੱਚ ਸਤਾ ਦੀ ਬੁਰਕੀ ਪਾ ਕੇ ਅਤੇ ਅੱਖਾਂ ਤੇ ਕੁਰਸੀ ਦੀ ਪੱਟੀ ਬੰਨ੍ਹ ਕੇ ਤੋਤੇ ਵਾਂਗੂੰ ਆਪਣੀ ਬੋਲੀ ਬੋਲਣ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੈ, ਪਰ ਅਸੂਲ ਪ੍ਰਸਤੀ ਦੀ ਪ੍ਰਬਲ ਭਾਵਨਾਂ ਅਧੀਨ ਸਰਬੰਸਦਾਨੀ ਦਸ਼ਮੇਸ਼ ਤੱਕ ਦੀ ਜਵਾਬ ਦੇਹੀ ਕਰਨ ਦੀ ਹਿੰਮਤ ਕਰ ਲੈਣ ਵਾਲੇ ਕਲਗੀਧਰ ਦੇ ਖਾਲਸੇ ਨੂੰ ਬਿਪਰਵਾਦੀ ਪਾਠ ਪੜਾਉਣਾ ਕਿਸੇ ਦੇ ਵੱਸ ਦਾ ਰੋਗ ਨਹੀਂ। ਇਸ ਕਰਕੇ ਹੀ ਅੱਜ ਜਥੇਦਾਰਾਂ ਦੇ ਹੁਕਮ ਅਤੇ ਸਾਧ ਯੂਨੀਅਨ ਦੀਆਂ ਅਪੀਲਾਂ ਦੀ ਪ੍ਰਵਾਹ ਕੀਤੇ ਬਿਨਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ 5 ਜਨਵਰੀ ਨੂੰ ਹੀ ਮਨਾਇਆ ਹੈ।

ਬੇਸ਼ੱਕ ਸਿੱਖ ਸੁਚੇਤ ਹੋ ਚੁੱਕੇ ਹਨ ਅਤੇ ਇਹ ਵੀ ਸਮਝ ਹੈ ਕਿ ਸਭ ਕੁੱਝ ਕਿਵੇ ਅਤੇ ਕਿਸ ਭਾਵਨਾਂ ਅਧੀਨ ਵਾਪਰ ਰਿਹਾ ਹੈ। ਪਰ ਬਿਪਰਵਾਦ ਹਾਲੇ ਇੰਨਾਂ ਸੌਖਾ ਸਾਡੇ ਗਲੋਂ ਲਹਿਣ ਨੂੰ ਤਿਆਰ ਨਹੀਂ। ਉਸਨੇ ਇੱਕ ਨਹੀਂ ਅਨੇਕਾਂ ਹਥਿਆਰ ਤਿਆਰ ਕੀਤੇ ਹਨ, ਜਿਸ ਵਿੱਚ ਸਿਖ ਸਿਆਸਤ ਭਾਵ ਰਾਜ ਕਰਦਾ ਅਕਾਲੀ ਦਲ , ਸਿੱਖ ਪਾਰਲੀਮੈਂਟ ਭਾਵ ਸ਼ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਸਮੇਤ ਦੂਜੇ ਤਿੰਨ ਤਖਤ ਆਪਣੇ ਕਬਜ਼ੇ ਵਿੱਚ ਕਰ ਲਏ ਹਨ, ਉਥੇ ਸਾਧ ਯੂਨੀਅਨ ਅਤੇ ਰਾਸ਼ਟਰੀਆ ਸਿੱਖ ਸੰਗਤ ਨੂੰ ਵੀ ਸਿੱਖ ਪੰਥ ਦੇ ਜੜੀਂ ਤੇਲ ਦੇਣ ਲਈ ਪੂਰੀ ਤਰਾਂ ਸਰਗਰਮ ਕੀਤਾ ਹੋਇਆ ਹੈ। ਜਦੋਂ ਆਰ.ਐਸ.ਐਸ. ਨੂੰ ਇਹ ਯਕੀਨ ਹੋ ਗਿਆ ਕਿ ਸਿੱਖ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਤੋਂ ਨਹੀਂ ਹਟਣਗੇ ਤਾਂ ਆਰ.ਐਸ.ਐਸ. ਨੇ ਇਸ ਵਿੱਚ ਆਪਣੀ ਹੇਠੀ ਸਮਝਦਿਆਂ ਸਾਧ ਯੂਨੀਅਨ ਨੂੰ ਤਰੁੰਤ ਕੋਈ ਮੁਕਾਬਲੇ ਦਾ ਸਮਗਤ ਕਰਨ ਦੀ ਸਖਤ ਹਦਾਇਤ ਕੀਤੀ ਤਾਂ ਕਿ ਇੱਕ ਤਾਂ 5 ਜਨਵਰੀ ਦੇ ਸਮਾਗਮਾਂ ਨੂੰ ਫਿੱਕੇ ਪਾਇਆ ਜਾ ਸਕੇ ਦੂਸਰਾ ਕਿਸੇ ਨਵੇਂ ਵਿਵਾਦ ਨੂੰ ਜਨਮ ਦਿੱਤਾ ਜਾਵੇ।

ਆਰ.ਐਸ.ਐਸ. ਵੱਲੋਂ ਵਿਖਾਈਆਂ ਅੱਖਾਂ ਕਾਰਨ ਸਾਹੋ ਸਾਹੀ ਹੋਈ ਸਾਧ ਯੂਨੀਅਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਕਿ ਇੱਕ ਤਾਂ ਪਿਛਲੇ ਦਿਨਾਂ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਦੀ ਸਾਜਿਸ਼ ਕਰਕੇ, ਸਾਧ ਯੂਨੀਅਨ ਨੂੰ ਥਾਂ ਥਾਂ ਲਾਹਨਤਾਂ ਪੈ ਰਹੀਆਂ ਹਨ ਅਤੇ ਦੂਸਰੇ ਪਾਸੇ ਹੁਣ ਵਿਦੇਸ਼ ਵਿੱਚ ਜਾ ਕੇ ਦੀਵਾਨ ਲਾਉਣ ਵੇਲੇ ਦੇ ਹਾਲਤ ਵੀ ਸਮਝ ਪੈ ਰਹੇ ਹਨ। ਤੀਸਰਾ ਪੰਜਾਬ ਵਿੱਚ ਵੀ ਹੁਣ ਸਾਧਾਂ ਨੂੰ ਆਪਣੇ ਅਧਾਰ ਦਾ ਕੋਈ ਭੁਲੇਖਾ ਨਹੀਂ ਰਿਹਾ ਅਤੇ ਹੁਣ ਤਾਂ ਉਹਨਾਂ ਨੂੰ ਆਪਣੇ ਡੇਰਿਆਂ ਦਾ ਵੀ ਫਿਕਰ ਹੈ ਕਿ ਜੇ ਸੰਗਤ ਇੰਜ ਹੀ ਜਾਗ ਪਈ ਤਾਂ ਫਿਰ ਸਾਧਪੁਣਾ ਬਹੁਤਾ ਲਮੇਰਾ ਚਲਣ ਦੀ ਆਸ ਨਹੀਂ ਲੱਗਦੀ। ਨਾਲ ਇਹ ਵੀ ਗਿਆਨ ਸੀ ਕਿ 5 ਜਨਵਰੀ ਨੂੰ ਜਦੋਂ ਪੰਥ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਮਨਾਉਣ ਵਿੱਚ ਰੁਝਿਆ ਹੋਵੇਗਾ, ਉਸ ਵੇਲੇ ਬਰਾਬਰ ਕੋਈ ਵੱਡਾ ਇਕੱਠ ਕਰਨਾ ਸੰਭਵ ਨਹੀਂ ਹੋ ਸਕਦਾ। ਜੇਕਰ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਦਾ ਨਾਮ ਲੈਕੇ ਇਕੱਠ ਕਰਾਂਗੇ, ਫਿਰ ਨਾਨਕਸ਼ਾਹੀ ਕੈਲੰਡਰ ਨੂੰ ਮੰਨਨ ਵਾਲੀ ਗੱਲ ਹੋ ਜਾਵੇਗੀ। ਇਸ ਤਰਾਂ ਸਾਧ ਯੂਨੀਅਨ ਦੀ ਹਾਲਤ ਸੱਪ ਦੇ ਮੁੰਹ ਵਿਚ ਕੋਹੜ ਕਿਰਲੀ ਵਾਲੀ ਬਣੀ ਹੋਈ ਨਜਰ ਆਉਂਦੀ ਸੀ।

ਸਾਰੇ ਪਾਸਿਓ ਕੜਿੱਕੀ ਵਿੱਚ ਫਸੀ ਸਾਧ ਯੂਨੀਅਨ ਕੋਲ ਹੋਰ ਕੋਈ ਚਾਰਾ ਨਹੀਂ ਸੀ, ਫਿਰ ਆਰ.ਐਸ.ਐਸ. ਨੇ ਸਲਾਹ ਦਿੱਤੀ ਕਿ 5 ਜਨਵਰੀ ਦੀ ਪੂਰਨਮਾਸ਼ੀ ਹੈ ਅਤੇ ਇਸ ਦਿਨ ਤੇ ਨਾਨਕਸਰ ਵਿਖੇ ਭੋਲੀ ਭਾਲੀ ਸੰਗਤ ਵੱਡੀ ਗਿਣਤੀ ਵਿੱਚ ਇਕੱਤਰ ਹੁੰਦੀ ਹੈ ਕਿਉਂ ਨਾ ਉਸ ਇਕੱਠ ਦਾ ਲਾਹਾ ਲਿਆ ਜਾਵੇ। ਤਾਂ ਕਿਤੇ ਸਾਧ ਯੂਨੀਅਨ ਦੇ ਸਾਹ ਵਿੱਚ ਸਾਹ ਆਇਆ ਅਤੇ ਫਿਰ ਨਾਨਕਸਰੀਆਂ ਨਾਲ ਮਸ਼ਵਰਾ ਕਰਕੇ, ਉਥੇ ਆਰ.ਐਸ.ਐਸ ਦੀ ਚਾਸ਼ਨੀ ਨੂੰ ਨਾਨਕਸਰੀ ਭੱਠੀ ਤੇ ਪਕਾਉਣ ਦੀ ਯੋਜਨਾ ਬਣਾਈ ਗਈ ਕਿ ਸਿੱਖਾਂ ਨੂੰ ਗੁੜ ਵਿੱਚ ਵਲੇਟ ਕੇ ਜਹਿਰ ਦਿੱਤਾ ਜਾਵੇ। ਇਸ ਅਸੰਤ ਸਮੇਲਨ ਵਿੱਚ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਮੁੱਖ ਏਜੰਡੇ ਸਿੱਖਾਂ ਦੀ ਵੱਖਰੀ ਪਹਿਚਾਨ ਵਾਸਤੇ ਧਾਰਾ 25 ਬੀ ਖਤਮ ਕਰਵਾਉਣਾ, ਬੇਸ਼ਕ ਉਂਜ ਨਾਨਕਸ਼ਾਹੀ ਕੈਲੰਡਰ ਨਾਲ ਜੋ ਵੱਖਰੀ ਪਹਿਚਾਨ ਬਣੀ ਹੈ ਉਸਨੂੰ ਖਤਮ ਕਰ ਰਹੇ ਹਨ, ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ, ਭਾਵੇਂ ਕਰਨਾ ਕੁੱਝ ਵੀ ਨਹੀਂ ਰਿਹਾਈ ਵਾਸਤੇ, ਤੀਸਰਾ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਵਾਸਤੇ ਆਪਣੇ ਵੱਲੋਂ ਬਣਾਇਆ ਇੱਕ ਸੋਧ ਵਾਲਾ ਕੈਲੰਡਰ ਨਾਲ ਪੇਸ਼ ਕਰਕੇ ਦੋਹਾਂ ਨੂੰ ਰੱਦ ਕਰਨ ਦਾ ਮਾਮਲਾ ਕਿ ਇਸ ਨਾਲ ਸਿੱਖਾਂ ਵਿੱਚ ਵੰਡੀਆਂ ਪੈਂਦੀਆਂ ਹਨ।

ਅਸਲ ਵਿੱਚ ਬਿਪ੍ਰਵਾਦੀਆਂ ਦੀ ਨੀਤੀ ਅਨੁਸਾਰ ਬਿਕ੍ਰਮੀ ਕੈਲੰਡਰ ਲਾਗੂ ਕਰਵਾਉਣਾ ਹੈ, ਲੇਕਿਨ ਸਭ ਤੋਂ ਵੱਡੀ ਗੱਲ ਸਾਰਾ ਸਮਾਗਮ ਜਥੇਦਾਰ ਨੰਦਗੜ੍ਹ ਵੱਲੋਂ ਆਰ.ਐਸ.ਐਸ. ਦੇ ਮਨਸੂਬੇ ਫੇਲ੍ਹ ਕਰ ਦੇਣ ਕਰਕੇ ਬਦਲਾ ਲੈਣ ਵਾਸਤੇ ਨੰਦਗੜ੍ਹ ਨੂੰ ਜਥੇਦਾਰੀ ਤੋਂ ਹਟਾਉਣ ਵਾਸਤੇ ਦਬਾਅ ਬਣਾਉਣਾ ਸੀ। ਇਸ ਸਮਾਗਮ ਵਿੱਚ ਬਿਪਰਵਾਦੀ ਏਜੰਡੇ ਨੂੰ ਪੂਰ ਝੜਾਉਣ ਲਈ ਮੁੱਖ ਸੂਤਰਧਰ ਹਰਨਾਮ ਸਿਹੁੰ ਧੁੰਮੇਂ ਨੂੰ ਬਣਾਇਆ ਗਿਆ ਸੀ, ਪੂਰਨਮਾਸ਼ੀ ਦੇ ਨਾਮ ਤੇ ਇਕੱਤਰਤ ਹੋਏ ਸ਼ਰਧਾਲੂਆਂ ਨੂੰ ਸੰਬੋਧਨ ਕਰਨ ਵਾਸਤੇ ਮੰਚ ਉੱਪਰ ਸਾਧਾਂ ਅਤੇ ਨਿਹੰਗਾ ਦੀ ਧਾੜ ਇਕਠੀ ਕੀਤੀ ਗਈ ਸੀ, ਹਰਨਾਮ ਸਿਹੁੰ ਧੁੰਮਾਂ ਹਰ ਬੁਲਾਰੇ ਨੂੰ ਬੋਲਣ ਤੋਂ ਪਹਿਲਾਂ ਹਦਾਇਤ ਕਰਦਾ ਸੀ ਕਿ ਜਥੇਦਾਰ ਨੰਦਗੜ੍ਹ ਦੇ ਖਿਲਾਫ਼ ਜੋਰ ਲਾ ਕੇ ਪ੍ਰਚਾਰਿਆ ਜਾਵੇ ਕਿ ਨੰਦਗੜ੍ਹ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦੂਸਰੇ ਤਖਤਾਂ ਦੇ ਜਥੇਦਾਰਾਂ ਨੂੰ ਆਰ.ਐਸ.ਐਸ. ਦੇ ਏਜੰਟ ਕਿਹਾ ਹੈ। ਲੇਕਿਨ ਜੇ ਕੋਈ ਬੋਲਦਾ ਬੋਲਦਾ ਇਸ ਪੱਖੋਂ ਥੋੜਾ ਭੁੱਲ ਜਾਂਦਾ ਸੀ, ਜਾਂ ਬੋਲਣਾਂ ਨਹੀਂ ਚਾਹੁੰਦਾ ਸੀ ਤਾਂ ਸਟੇਜ ਤੋਂ ਹੀ ਅਵਾਜਾਂ ਆਉਂਦੀਆਂ ਸਨ, ਨੰਦਗੜ੍ਹ ਬਾਰੇ ਬੋਲੋ ਜੀ। ਪਰ ਜਦੋਂ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਸੰਬੋਧਨ ਕਰ ਰਹੇ ਸਨ, ਉਹਨਾਂ ਨੇ ਸਾਧ ਯੂਨੀਅਨ ਅਤੇ ਖਾਸ ਕਰਕੇ ਹਰਨਾਮ ਸਿਹੁੰ ਧੁੰਮੇਂ ਦੀ ਮਰਜ਼ੀ ਮੁਤਾਬਿਕ ਭਾਸ਼ਣ ਨਾ ਦਿੱਤਾ ਤਾਂ ਬਾਬਾ ਨਿਹਾਲ ਸਿੰਘ ਦੇ ਭਾਸ਼ਣ ਦੀ ਸਮਾਪਤੀ ਤੋਂ ਬਾਅਦ ਬਾਬੇ ਧੁੰਮੇ ਦਾ ਮੁੰਹ ਵੇਖਣ ਵਾਲਾ ਸੀ, ਜਿਸ ਉੱਤੇ ਕਈ ਰੰਗ ਬਦਲ ਰਹੇ ਸਨ।

ਜਿਵੇ ਜਥੇਦਾਰ ਨੰਦਗੜ੍ਹ ਤੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਉਹ ਪੰਥ ਦੇ ਹੱਕ ਵਿਚ ਖੜੇ ਹੋਏ ਹਨ, ਉਹਨਾਂ ਨੇ ਆਪਣੇ ਪਿਛੋਕੜ ਵਿਚਲੇ ਸਾਰੇ ਭਰਮ ਤੋੜ ਦਿੱਤੇ ਹਨ। ਇੰਜ ਹੀ ਸਾਧ ਯੂਨੀਅਨ ਦੀਆਂ ਆਰ.ਐਸ.ਐਸ. ਦੇ ਢਹੇ ਚੜ੍ਹਕੇ ਕੀਤੀਆਂ ਜਾ ਰਹੀਆਂ ਪੰਥ ਵਿਰੋਧੀ ਕਾਰਵਾਈਆਂ ਤੋਂ ਖਫਾ ਅਤੇ ਬਿਪਰਵਾਦ ਦੀਆਂ ਸਿ੍ਹਖ ਪੰਥ ਦੀ ਅੱਡਰੀ ਪਹਿਚਾਨ ਨੂੰ ਖਤਮ ਕਰਨ ਵਾਲੀੰ ਨੀਤੀਆਂ ਨੂੰ ਸਮਝਣ ਵਾਲੇ, ਸਿੱਖ ਸੰਤਾਂ ਨੇ ਪੰਥ ਦੇ ਹੱਕ ਵਿੱਚ ਖੜੇ ਹੋਣਾ ਆਰੰਭ ਦਿੱਤਾ ਹੈ, ਜਿਵੇ ਪਿਛਲੇ ਕੁੱਝ ਸਮੇਂ ਤੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣਾ ਪਰਿਚਾਰ ਕਰਨ ਦਾ ਤਰੀਕਾ ਬਦਲਿਆ ਹੈ। ਕੱਲ੍ਹ ਮਾਲਵੇ ਦੇ ਇੱਕ ਹੋਰ ਮਸ਼ਹੂਰ ਸਿੱਖ ਸੰਤ ਬਾਬਾ ਦਲੇਰ ਸਿੰਘ ਨੇ ਵੀ ਨਾਨਕਸ਼ਾਹੀ ਕੈਲੰਡਰ ਦੀ ਪ੍ਰੋੜਤਾ ਕਰਕੇ ਸਾਧ ਯੂਨੀਅਨ ਦੀਆਂ ਸਕੀਮਾਂ ਨੂੰ ਫੇਲ੍ਹ ਕਰ ਕੇ ਰੱਖ ਦਿੱਤਾ ਹੈ। ਇਹ ਸਿਲਸਲਾ ਹੁਣ ਰੁਕਣ ਵਾਲਾ ਨਹੀਂ। ਕੁੱਝ ਭਰੋਸੇਯੋਗ ਸੂਤਰਾਂ ਅਨੁਸਾਰ ਨੇੜ ਭਵਿੱਖ ਵਿਚ ਹਰਨਾਮ ਸਿਹੁੰ ਧੁੰਮੇਂ ਅਤੇ ਹਰੀ ਸਿਹੁੰ ਰੰਧਾਵੇ ਦੀਆਂ ਆਰ.ਐਸ.ਐਸ. ਨਾਲ ਮਿਲ ਕੇ ਪੀਂਘਾਂ ਝੂਟਣ ਕਰਕੇ ,ਬਦਨਾਮੀ ਝੱਲ ਰਹੇ ਬਹੁਗਿਣਤੀ ਸਿੱਖ ਸੰਤ ਇੱਕ ਵਖਰੀ ਜਥੇਬੰਦੀ ਬਣਾਉਣ ਬਾਰੇ ਵੀ ਸੋਚ ਰਹੇ ਤਾਂ ਕਿ ਸਿੱਖ ਪੰਥ ਦੇ ਨਾਲ ਮਿਲਕੇ ਚੱਲਿਆ ਜਾਵੇ ਅਤੇ ਆਰ.ਐਸ.ਐਸ. ਦੇ ਪੰਥ ਮਾਰੂ ਮਨਸੂਬਿਆਂ ਨੂੰ ਠੱਲ੍ਹ ਪੈ ਜਾ ਸਕੇ।

ਕੁੱਝ ਵੀ ਹੋਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਰੀਰਕ ਰੂਪ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਣ ਵੇਲੇ ਕੀਤੇ ਬਚਨਾਂ ਨੂੰ ਸਮਝੋ । ਜਦੋ ਇੱਕ ਸਵਾਲ ਦੇ ਜਵਾਬ ਵਿੱਚ ਸਤਿਗੁਰੁ ਜੀ ਨੇ ਕਿਹਾ ਸੀ ਕਿ ਠ ਅੱਜ ਤੋਂ ਬਾਅਦ ਸਾਡੀ ਆਤਮਾਂ ਗ੍ਰੰਥ ਵਿੱਚ ਅਤੇ ਪ੍ਰਾਨ ਪੰਥ ਵਿੱਚ ਹੋਣਗੇ, ਹੁਣ ਜਦੋਂ ਪੰਥ ਨੂੰ ਚੁਫੇਰਿਓਂ ਘੇਰਾ ਪਿਆ ਹੈ ਤਾਂ ਕਲਗੀਵਾਲੇ ਦੇ ਪ੍ਰਾਨ ਵੇਖੋਂ ਕਿੱਥੋਂ ਕਿੱਥੋਂ ਪ੍ਰਗਟ ਹੋ ਰਹੇ ਹਨ। ਜਥੇਦਾਰ ਨੰਦਗੜ੍ਹ ਬਾਰੇ ਕਦੇ ਕਿਆਸਿਆ ਵੀ ਨਹੀਂ ਜਾ ਸਕਦਾ ਸੀ ਕਿ ਉਹ ਕਦੇ ਬਾਦਲ ਗਰਦੀ ਸਾਹਮਣੇ ਹਿੱਕ ਤਾਣਕੇ ਖੜੇ ਹੋ ਸਕਦੇ ਹਨ। ਕਦੇ ਸੋਚਿਆ ਵੀ ਨਹੀਂ ਹੋਵੇਗਾ ਬਾਬਾ ਦਲੇਰ ਸਿੰਘ ਖੇੜੀ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਨੌਜਵਾਨ ਸਿੱਖ ਸੰਤ ਅਜਿਹੇ ਮੌਕੇ ਸਾਧ ਯੂਨੀਅਨ ਦੀ ਪ੍ਰਵਾਹ ਨਾ ਕਰਦੇ ਹੋਏ ਪੰਥ ਦੇ ਨਾਲ ਆ ਖੜੇ ਹੋਣਗੇ।

ਸੋ ਬਿਪਰਵਾਦੀ ਤਾਕਤਾਂ ਦੇ ਢਹੇ ਚੜੇ ਤਖਤਾਂ ਦੇ ਜਥੇਦਾਰ ਜਾਂ ਸਾਧ ਯੂਨੀਅਨ ਜਾਂ ਸ਼ਰੋਮਣੀ ਕਮੇਟੀ ਦੇ ਸੰਚਾਲਕ ਜਾਂ ਨੀਲੀਆਂ ਸਰਕਾਰਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਦਸ਼ਮੇਸ਼ ਦੇ ਪ੍ਰਾਨ ਕਿਸੇ ਦੇ ਗੁਲਾਮ ਨਹੀਂ ਰਹਿ ਸਕਦੇ ਅਤੇ ਨਾ ਹੀ ਪੰਥ ਦੇ ਵਿਰੋਧ ਵਿੱਚ ਖੜੇ ਹੋ ਸਕਦੇ ਹਨ। ਹਾਲੇ ਵੀ ਵੇਲਾ ਹੈ ਪੰਥ ਬਖਸ਼ਣ ਹਾਰ ਹੈ, ਬਿਪਰਵਾਦ ਦਾ ਸਾਥ ਛੱਡਕੇ ਭੁੱਲ ਬਖਸ਼ਾਈ ਜਾ ਸਕਦੀ ਹੈ, ਨਹੀਂ ਤਾਂ ਪੰਥ ਆਪਣੇ ਰਸਤੇ ਆਪ ਬਣਾਉਦਾ ਹੈ ਅਤੇ ਬਿਪ੍ਰਵਾਦੀਆਂ ਦੇ ਯਾਰਾਂ ਨੂੰ ਪੰਥ ਹਰ ਮੈਦਾਨ ਵਿੱਚ ਟੱਕਰ ਦੇਣ ਦੇ ਸਮਰਥ ਹੈ ਕਿਉਂਕਿ ਇਸ ਤੇ ਗੁਰੂ ਦਾ ਹੱਥ ਹੈ। ਸਰਬੱਤ ਦਾ ਭਲਾ !!!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top