Share on Facebook

Main News Page

ਜਦੋਂ ਆਰ.ਐੱਸ.ਐੱਸ ਡਾਂਗਾਂ ਅਤੇ ਹਥਿਆਰ ਲੈ ਕੇ ਸ਼ਹਿਰ ਵਿੱਚ ਮਾਰਚ ਕਰਦੀ ਹੈ, ਜੇ ਉਸ ਸਮੇਂ ਕਾਨੂੰਨ ਵਿਵਸਥਾ ਨਹੀਂ ਵਿਗੜਦੀ, ਤਾਂ ਸਾਡੇ ਪਾਸ ਤਾਂ ਨਾ ਕੋਈ ਡਾਂਗ ਹੈ ਅਤੇ ਨਾ ਹੀ ਹਥਿਆਰ ਤਾਂ ਕਾਨੂੰਨ ਵਿਵਸਥਾ ਕਿਵੇਂ ਵਿਗੜ ਜਾਵੇਗੀ ?
-: ਭਾਈ ਪੰਥਪ੍ਰੀਤ ਸਿੰਘ ਖਾਲਸਾ

* ਸਿੱਖ ਕੈਦੀਆਂ ਦੀ ਰਿਹਾਈ ਨਾ ਹੋਈ ਤਾਂ 26 ਜਨਵਰੀ ਦੇ ਸਮਾਗਮਾਂ ਦਾ ਸਿੱਖ ਕਾਲੇ ਝੰਡੇ ਲਹਿਰਾ ਕੇ ਕਰਨਗੇ ਬਾਈਕਾਟ: ਨੰਦਗੜ੍ਹ
* ਪ੍ਰਸਾਸ਼ਨ ਨੇ ਦੋ ਵਾਰ ਮਾਰਚ ਰੋਕਿਆ, ਪਰ ਮਾਰਚ ਮਿਥੇ ਸਥਾਨ ’ਤੇ ਪਹੁੰਚਣ ’ਚ ਸਫਲ
* ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ : ਪੰਥਪ੍ਰੀਤ ਸਿੰਘ ਖਾਲਸਾ

ਬਠਿੰਡਾ, 5 ਜਨਵਰੀ (ਕਿਰਪਾਲ ਸਿੰਘ) : ਕਾਨੂੰਨ ਮੁਤਾਬਿਕ ਮਿਲੀਆਂ ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਯੂਦ ਵੀ ਸਿੱਖ ਕੈਦੀਆਂ ਦੀ ਰਿਹਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅਤੇ ਇਹ ਮੰਗ ਪੂਰੀ ਕਰਵਾਉਣ ਲਈ ਪਿਛਲੇ 55 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੇ ਸਮਰਥਨ ਵਿੱਚ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਬਠਿੰਡਾ ਤੱਕ, ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆਂ ਦੀ ਰਹਿਨੁਮਾਈ ਹੇਠ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਮਾਰਚ ਕੱਢਿਆ ਗਿਆ। ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਪਿੱਛੋਂ ਜਥੇਦਾਰ ਗਿਆਨੀ ਬਲਵੰਤ ਸਿੰਘ ਨੇ ਮਾਰਚ ਨੂੰ ਵਿਦਾ ਕੀਤਾ ਅਤੇ ਸੰਗਤਾਂ ਨੂੰ ਸੁਬੋਧਨ ਕਰਦੇ ਹੋਏ ਕਿਹਾ ਕਿ ਇਸ ਦੇਸ਼ ਵਿੱਚ ਸਿੱਖਾਂ ਲਈ ਹੋਰ ਕਨੂੰਨ ਹੈ ਅਤੇ ਬਹੁ ਗਿਣਤੀ ਲਈ ਹੋਰ ਹਨ। ਸਿੱਖਾਂ ਦੇ ਕਾਤਲ ਕੈਟ ਨੂੰ ਸਜਾ ਪੂਰੀ ਹੋਣ ਤੋਂ 7 ਸਾਲ ਪਹਿਲਾਂ ਹੀ ਰਿਹਾਅ ਕਰ ਦਿੱਤਾ ਜਦੋਂ ਕਿ ਸਿੱਖਾਂ ਕੈਦੀਆਂ ਵੱਲੋਂ ਸਜਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਇੱਕੋ ਤਰ੍ਹਾਂ ਦੇ ਕੇਸ ਵਿੱਚ ਸਜਾ ਭੁਗਤ ਰਿਹਾ ਬਹੁ ਗਿਣਤੀ ਨਾਲ ਸਬੰਧਤ ਵਿਅਕਤੀ ਹਰ ਮਹੀਨੇ ਹੀ ਪੈਰੋਲ ’ਤੇ ਬਾਹਰ ਆ ਰਿਹਾ ਹੈ, ਪਰ ਉਸੇ ਤਰ੍ਹਾਂ ਦੇ ਕੇਸਾਂ ਵਾਲੇ ਸਿੱਖ ਕੈਦੀਆਂ ਨੂੰ ਨਾ ਕੋਈ ਪੈਰੋਲ ਅਤੇ ਨਾ ਹੀ ਸਜਾ ਪੂਰੀ ਹੋਣ ਬਾਅਦ ਰਿਹਾਈ ਮਿਲਦੀ ਹੈ। ਜਥੇਦਾਰ ਨੰਦਗੜ੍ਹ ਨੇ ਕਿਹਾ ਜੇ ਇਸ ਦੂਹਰੀ ਨੀਤੀ ਦੇ ਚਲਦਿਆਂ ਸਰਕਾਰ ਨੇ 26 ਜਨਵਰੀ ਤੱਕ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਰਿਹਾਅ ਨਾ ਕੀਤੇ ਤਾਂ ਦੇਸ਼ ਦਾ ਸੰਵਿਧਾਨ ਲਾਗੂ ਹੋਣ ਵਾਲੇ 26 ਜਨਵਰੀ ਦੇ ਦਿਨ ਗਣਤੰਤਰਤਾ ਦਿਵਸ ਦੇ ਸਮਾਗਮਾਂ ਦਾ ਸਿੱਖ ਬਾਈਕਾਟ ਕਰਨਗੇ ਅਤੇ ਆਪਣੇ ਘਰਾਂ ਉਪਰ ਕਾਲ ਝੰਡੇ ਲਹਿਰਾਉਣਗੇ।

ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਦੁਪਹਿਰ 11 ਵਜੇ ਰਵਾਨਾ ਹੋਇਆ ਇਹ ਮਾਰਚ ਇਤਨਾ ਲੰਬਾ ਅਤੇ ਪ੍ਰਭਾਵਸ਼ਾਲੀ ਸੀ ਕਿ ਜਿਲ੍ਹਾ ਪ੍ਰਸ਼ਾਸ਼ਨ ਲਈ ਬਹੁਤ ਵੱਡੀ ਸਮੱਸਿਆ ਬਣ ਗਈ। ਬਠਿੰਡਾ ਸ਼ਹਿਰ ਤੋਂ 5 ਕਿਲੋਮੀਟਰ ਦੂਰ ਹੀ ਡੀ.ਐਸ.ਪੀ ਦੇਸ ਰਾਜ ਦੀ ਅਗਵਾਈ ਹੇਠ ਪੁਲਿਸ ਨੇ ਗਰੋਥ ਸੈਂਟਰ ਕੋਲ ਰੋਕ ਲਿਆ ਅਤੇ ਮਾਰਚ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਮਿਨੀ ਸੈਕਟਰੀਏਟ ਦੇ ਆਸ ਪਾਸ ਇਤਨੀ ਵੱਡੀ ਗਿਣਤੀ ਸੰਗਤਾਂ ਦੇ ਬੈਠਣ ਅਤੇ ਉਨ੍ਹਾਂ ਦੇ ਵਾਹਨ ਪਾਰਕ ਕਰਨ ਲਈ ਜਗ੍ਹਾ ਨਹੀਂ ਹੈ, ਇਸ ਕਾਰਣ ਮੁੱਖ ਸੜਕ ’ਤੇ ਬਹੁਤ ਵੱਡਾ ਜਾਮ ਲੱਗ ਜਾਵੇਗਾ ਜਿਸ ਕਰਨ ਟ੍ਰੈਫਿਕ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗਾ ਅਤੇ ਕਾਨੂੰਨ ਵਿਵਸਥਾ ਵੀ ਵਿਗੜ ਸਕਦੀ ਹੈ। ਤੁਸੀਂ ਸਿਰਫ ਮੈਮੋਰੰਡਮ ਹੀ ਦੇਣਾ ਹੈ; ਡੀ.ਸੀ. ਬਾਹਰ ਹੋਣ ਕਰਕੇ ਉਨ੍ਹਾਂ ਦੀ ਜਗ੍ਹਾ ਏ.ਡੀ.ਸੀ ਖ਼ੁਦ ਇੱਥੇ ਆ ਕੇ ਮੈਮੋਰੰਡਮ ਲੈ ਲੈਣਗੇ।

ਇਸੇ ਦੌਰਾਨ ਏਡੀਸੀ (ਜਨਰਲ) ਸ਼੍ਰੀ ਸੁਮੀਤ ਜਾਰੰਗਲ ਵੀ ਉਥੇ ਪਹੁੰਚ ਗਏ ਤੇ ਮੰਗ ਪੱਤਰ ਦੇਣ ਲਈ ਕਿਹਾ ਪਰ ਸਿੱਖ ਸੰਗਤਾਂ ਨਾ ਮੰਨੀਆਂ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਦੋਂ ਆਰ.ਐੱਸ.ਐੱਸ ਡਾਂਗਾਂ ਅਤੇ ਹਥਿਆਰ ਲੈ ਕੇ ਸ਼ਹਿਰ ਵਿੱਚ ਮਾਰਚ ਕਰਦੀ ਹੈ ਜੇ ਉਸ ਸਮੇਂ ਕਾਨੂੰਨ ਵਿਵਸਥਾ ਨਹੀਂ ਵਿਗੜਦੀ, ਤਾਂ ਸਾਡੇ ਪਾਸ ਤਾਂ ਨਾ ਕੋਈ ਡਾਂਗ ਹੈ ਅਤੇ ਨਾ ਹੀ ਹਥਿਆਰ ਤਾਂ ਕਾਨੂੰਨ ਵਿਵਸਥਾ ਕਿਵੇਂ ਵਿਗੜ ਜਾਵੇਗੀ?

ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਬਹੁਤ ਹੀ ਸੰਜੀਦਗੀ ਨਾਲ ਪ੍ਰਸਾਸ਼ਨ ਨੂੰ ਕਿਹਾ ਕਿ ਅਸੀ ਤਖ਼ਤ ਸ਼੍ਰੀ ਦਮਦਮਾਂ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਹਾਂ ਇਸ ਲਈ ਬਠਿੰਡਾ ਸ਼ਹਿਰ ਪਹੁੰਚਣ ਤੋਂ ਪਹਿਲਾਂ ਅਸੀਂ ਨਹੀਂ ਰੁਕਾਂਗੇ। ਜੇ ਜ਼ਬਰ ਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇੱਥੇ ਹੀ ਸੜਕ ਦੇ ਦੋਵੇਂ ਪਾਸੇ ਧਰਨਾਂ ਲਾ ਦੇਵਾਂਗੇ। ਪਰ ਜੇ ਜਾਣ ਦਿਓਗੇ ਤਾਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ‘ਜੇਲ੍ਹਾਂ ਵਿੱਚ ਬੈਠੇ ਕੈਦੀ ਰਿਹਾਅ ਕਰੋ’ ਤੋਂ ਬਿਨਾਂ ਕੋਈ ਵੀ ਸਿੰਘ ਹੋਰ ਕੋਈ ਨਾਹਰਾ ਨਹੀਂ ਲਾਵੇਗਾ ਤੇ ਨਾ ਹੀ ਡਿਸਿਪਲਿਨ ਭੰਗ ਕਰੇਗਾ। ਜੇ ਕਰ ਤੁਸੀਂ ਮਿਨੀ ਸੈਕਟਰੀਏਟ ਦੇ ਕੋਲ ਜਗ੍ਹਾ ਦੀ ਘਾਟ ਸਮਝਦੇ ਹੋ ਤਾਂ ਦਾਣਾ ਮੰਡੀ ਜਿੱਥੇ ਬਹੁਤ ਖੁਲ੍ਹੀ ਥਾਂ ਹੈ ਉਥੇ ਪਹੁੰਚ ਲੈਣ ਦਿਓ।

ਬੇਬੱਸ ਹੋਏ ਏਡੀਸੀ ਨੂੰ ਮਾਰਚ ਨੂੰ ਅੱਗੇ ਜਾਣ ਦੀ ਇਜਾਜ਼ਤ ਦੇਣੀ ਪਈ। ਭਾਈ ਮਤੀ ਦਾਸ ਨਗਰ ਕੋਲ ਪਹੁੰਚ ਕੇ ਏਡੀਸੀ ਨੇ ਫਿਰ ਬੇਨਤੀ ਕੀਤੀ ਕਿ ਹੁਣ ਸ਼ਹਿਰ ਵਿੱਚ ਪਹੁੰਚ ਚੁੱਕੇ ਹਾਂ ਇਸ ਲਈ ਮੈਮੋਰੰਡਮ ਇਸ ਸਥਾਨ ’ਤੇ ਹੀ ਦੇ ਦਿੱਤਾ ਜਾਵੇ। ਪਰ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਤੁਹਾਡੀ ਪਹਿਲੀ ਗੱਲ ਮੰਨ ਗਏ ਸੀ, ਪਰ ਹੁਣ ਸੰਗਤਾਂ ਦਾਣਾ ਮੰਡੀ ਪਹੁੰਚਣ ਤੋਂ ਪਹਿਲਾਂ ਰੁਕਣ ਲਈ ਤਿਆਰ ਨਹੀਂ ਹਨ। ਇਸ ਲਈ ਏਡੀਸੀ ਨੂੰ ਫਿਰ ਸੰਗਤਾਂ ਦੀ ਆਵਾਜ਼ ਅੱਗੇ ਝੁਕਣਾ ਪਿਆ ਤੇ ਸੰਗਤ ਦਾਣਾ ਮੰਡੀ ਪਹੁੰਚ ਗਈ ਜਿਥੇ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਦੇ ਕਨਵੀਨਰ ਭਾਈ ਕਿਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਜਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ, ਸ਼੍ਰੋਮਣੀ ਅਕਾਲੀ ਦਲ (1920) ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਰਜੀਤ ਸਿੰਘ ਨੰਦਗੜ੍ਹ, ਮਹਿੰਦਰ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਏਕਸ ਕੇ ਬਾਰਕ, ਸਿਮਰਨਜੋਤ ਸਿੰਘ ਪ੍ਰਧਾਨ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੰਸਥਾ, ਬਲਜਿੰਦਰ ਸਿੰਘ ਤੇ ਬਲਜੀਤ ਸਿੰਘ ਗੰਗਾ ਏਕਨੂਰ ਖਾਲਸਾ ਫੌਜ, ਭਾਈ ਹਰਜਿੰਦਰ ਸਿੰਘ ਮਾਂਝੀ ਪ੍ਰਚਾਰਕ ਅਕਾਲ ਬੁੰਗਾ ਮਸਤੂਆਣਾ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬੀਬੀ ਬਲਜਿੰਦਰ ਕੌਰ ਤੋਂ ਏਡੀਸੀ (ਜਨਰਲ) ਸ਼੍ਰੀ ਸੁਮੀਤ ਜਾਰੰਗਲ ਨੇ ਪ੍ਰਧਾਨ ਮੰਤਰੀ ਦੇ ਨਾਮ ਸੰਬੋਧਤ ਕੀਤਾ ਮੈਮੋਰੰਡਮ ਪ੍ਰਾਪਤ ਕੀਤਾ ਜਿਸ ਦੇ ਉਤਾਰੇ ਮੁੱਖ ਮੰਤਰੀ ਪੰਜਾਬ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਅਤੇ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਭਾਰਤ ਸਰਕਾਰ ਨੂੰ ਵੀ ਕੀਤੇ ਗਏ ਸਨ।

ਮੰਗ ਪੱਤਰ ਪ੍ਰਾਪਤ ਕਰਨ ਉਪ੍ਰੰਤ ਏ.ਡੀ.ਸੀ ਨੇ ਵਿਸ਼ਵਾਸ਼ ਦਿਵਾਇਆ ਕਿ ਜਿਲ੍ਹਾ ਪ੍ਰਸ਼ਾਸ਼ਨ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ ਅਤੇ ਇਹ ਮੰਗ ਪੱਤਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸਿਫਾਰਸ਼ਾਂ ਸਹਿਤ ਭੇਜ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐਸ.ਪੀ ਮਨਜੀਤ ਸਿੰਘ ਵੀ ਸਨ।

ਉਪਰੰਤ ਭਾਈ ਪੰਥਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਨ ਲਈ ਵੱਖਰੇ ਕਾਨੂੰਨ ਲਗਾਏ ਜਾ ਰਹੇ ਹਨ ਜਦੋਂ ਕਿ ਇੱਕ ਸਿੱਖ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਇੱਕ ਵਿਅਕਤੀ ਨੂੰ 7 ਸਾਲ ਤੋਂ ਬਾਅਦ ਹੀ ਰਿਹਾ ਕਰ ਦਿੱਤਾ ਗਿਆ ਹੈ ਜਦ ਕਿ ਉਸਦੀ 7 ਸਾਲ ਦੀ ਸਜ਼ਾ ਹਾਲੇ ਬਾਕੀ ਸੀ। ਇਸੇ ਤਰ੍ਹਾਂ ਸਿਰਸਾ ਡੇਰਾ ਮੁਖੀ ਖਿਲਾਫ਼ ਦਰਜ਼ 295ਏ ਦਾ ਮਾਮਲਾ ਰੱਦ ਕਰ ਦਿੱਤਾ ਜਦ ਕਿ ਸਿੱਖਾਂ ਦੇ ਪੁਰਾਣੇ ਕੇਸਾਂ ਨੂੰ ਮੁੜ ਖੋਲ੍ਹ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ; ਜਿਸ ਤੋਂ ਸਾਫ ਸਪਸ਼ਟ ਹੈ ਕਿ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਕਿਸੇ ਤੋਂ ਕੋਈ ਭੀਖ ਜਾਂ ਰਹਿਮ ਦੀ ਮੰਗ ਨਹੀਂ ਕਰ ਰਹੇ ਬਲਕਿ ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸ਼ਹਿਰੀ ਹੋਣ ਦੇ ਨਾਤੇ ਆਪਣਾ ਹੱਕ ਹੀ ਮੰਗ ਰਹੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਭਾਈ ਸਤਨਾਮ ਸਿੰਘ ਚੰਦੜ, ਸੇਵਾ ਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਦੇ ਮੈਨੇਜਰ ਭਾਈ ਭਰਪੂਰ ਸਿੰਘ, ਸੂਬੇਦਾਰ ਬਲਦੇਵ ਸਿੰਘ ਪ੍ਰਿੰਸੀਪਲ ਰਣਜੀਤ ਸਿੰਘ, ਹਰਫੂਲ ਸਿੰਘ, ਨਾਜ਼ਰ ਸਿੰਘ ਆਦਿਕ ਵੀ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top