Share on Facebook

Main News Page

ਮਰਦਮਸ਼ੁਮਾਰੀ ਵਿੱਚ ਸਿੱਖਾਂ ਦੀ ਘੱਟਦੀ ਗਿਣਤੀ, ਕੌਮ ਦੇ ਭਵਿੱਖ ਵਾਸਤੇ ਚਿੰਤਾ ਦਾ ਵਿਸ਼ਾ ਹੈ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕੱਲ ਦੀਆਂ ਅਖਬਾਰਾਂ ਵਿੱਚ ਭਾਰਤ ਸਰਕਾਰ ਵੱਲੋਂ ਧਰਮ ਅਧਾਰਤ ਕਰਵਾਈ ਗਈ, ਮਰਦਮ ਸ਼ੁਮਾਰੀ ਵਿੱਚ ਇਕੱਤਰ ਹੋਏ ਜਨ ਸੰਖਿਆ ਦੇ ਅੰਕੜੇ ਜਾਹਰ ਕੀਤੇ ਗਏ ਹਨ। ਉਸ ਵਿੱਚ ਸਿੱਖਾਂ ਦੀ ਘੱਟਦੀ ਆਬਾਦੀ ਦੇ ਸੰਕੇਤ ਸਾਹਮਣੇ ਆਏ ਹਨ। ਇਹ ਗੱਲ ਭਲੇ ਹੀ ਕਿਸੇ ਨੂੰ ਇਸਤਰਾਂ ਸਮਝ ਆਵੇ ਕਿ ਸ਼ਾਇਦ ਅੱਜਕੱਲ ਪੜੇ ਲਿਖੇ ਪਰਿਵਾਰ ਵਿੱਚ ਤਕਰੀਬਨ ਇੱਕ ਬੱਚੇ ਨੂੰ ਹੀ ਨਜਮ ਦੇਣ ਉੱਤੇ ਸੰਤੁਸ਼ਟੀ ਹੋਣ ਕਰਕੇ, ਅਜਿਹਾ ਵਾਪਰ ਰਿਹਾ ਹੈ, ਇਸ ਦਲੀਲ ਨੂੰ ਵੀ ਕਿਸੇ ਹੱਦ ਤੱਕ ਵਾਜਿਬ ਮੰਨਿਆ ਜਾ ਸਕਦਾ ਹੈ ਕਿ ਇਸ ਕਵਾਇਦ ਨੇ ਵੀ ਸਾਡੀ ਗਿਣਤੀ ਉੱਤੇ ਅਸਰ ਪਾਇਆ ਹੈ, ਲੇਕਿਨ ਜਿੰਨੀ ਅਜੋਕੇ ਸਮੇਂ ਵਿੱਚ ਸਾਡੀ ਗਿਣਤੀ ਘਟੀ ਹੈ, ਇਸ ਦੇ ਲਈ ਕੇਵਲ ਇੱਕ ਬੱਚੇ ਨੂੰ ਜਨਮ ਦੇਣ ਜਾਂ ਪਰਿਵਾਰ ਨਿਜੋਜਣ ਅਪਣਾਉਣ ਨੂੰ ਹੀ ਸੌ ਫੀ ਸਦੀ ਜਿੰਮੇਵਾਰ ਨਹੀਂ ਆਖਿਆ ਜਾ ਸਕਦਾ। ਇਸ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਹਨ ਅਤੇ ਉਹ ਰੌਂਗਟੇ ਖੜੇ ਕਰ ਦੇਣ ਵਾਲੇ ਵੀ ਹਨ। ਇਸ ਵਾਸਤੇ ਇਸ ਮਰਦਮਸ਼ੁਮਾਰੀ ਨੂੰ ਸਾਨੂੰ ਸਧਾਰਨ ਨਹੀਂ ਲੈਣਾ ਚਾਹੀਦਾ, ਸਗੋਂ ਇਸ ਦੇ ਜ਼ਾਹਰਾ ਅਤੇ ਲੁੱਕਵੇ ਪਹਿਲੂਆਂ ਉੱਤੇ ਬੜੀ ਦਿਆਨਤਦਾਰੀ ਨਾਲ ਪੜਚੋਲ ਕਰਕੇ, ਕੌਮੀ ਤੌਰ ਉੱਤੇ ਚਿੰਤਨ ਕਰਨਾ ਚਾਹੀਦਾ ਹੈ ਅਤੇ ਸਿਰਫ ਚਿੰਤਨ ਹੀ ਨਹੀਂ, ਇਸ ਵਿੱਚ ਰਹੀਆਂ ਕਮਜ਼ੋਰੀਆਂ ,ਅਵੇਸਲਾਪਨ ਜਾਂ ਕਿਸੇ ਪਾਸਿਓ ਹੋਈਆਂ ਸਾਜਸ਼ਾਂ ਕਰਕੇ ਪਏ ਦੁਰਪ੍ਰਭਾਵ ਨੂੰ ਵੀ ਬੜੀ ਸੰਜੀਦਗੀ ਨਾਲ ਘੋਖਣਾ ਚਾਹੀਦਾ ਹੈ।

ਪਹਿਲੀ ਗੱਲ ਤਾਂ ਭਾਰਤੀ ਨਿਜ਼ਾਮ ਵੱਲੋਂ ਧਾਰਮਿਕ ਤੌਰ ਉੱਤੇ ਮਰਦਮਸ਼ੁਮਾਰੀ ਕਰਵਾਉਣੀ ਹੀ ਬੜਾ ਗਲਤ ਨਜ਼ਰੀਆ ਸੀ, ਫਿਰ ਜੇ ਕਰਵਾਉਣੀ ਵੀ ਸੀ ਤਾਂ ਇਸ ਵਿਚ ਬੜੀ ਇਮਾਨਦਾਰੀ ਅਤੇ ਪਾਰਦਰਸ਼ਤਾ ਹੋਣੀ ਲਾਜ਼ਮੀ ਸੀ। ਹੁਣ ਜਿਸ ਤਰੀਕੇ ਦੇ ਅੰਕੜੇ ਸਾਹਮਣੇ ਆਏ ਹਨ, ਉਹ ਬੜੇ ਹੀ ਸ਼ਰਾਰਤ ਭਰਪੂਰ ਅਤੇ ਅੱਖੀਂ ਘੱਟਾ ਪਾਉਣ ਵਾਲੇ ਹਨ, ਕਿਉਕਿ ਭਾਰਤੀ ਨਿਜ਼ਾਮ, ਮਤਲਬ ਹਿੰਦੂਤਵ ਨੇ ਉਹਨਾਂ ਲੋਕਾਂ ਦੀ ਵੀ ਹਿੰਦੂਆਂ ਵਿੱਚ ਗਿਣਤੀ ਕੀਤੀ ਹੈ, ਜਿਹਨਾਂ ਦੇ ਵਡੇਰਿਆਂ ਦੇ ਕੰਨਾਂ ਵਿੱਚ, ਹਿੰਦੂ ਧਾਰਮਿਕ ਆਗੂ ਸਿੱਕਾ ਢਾਲਕੇ ਪਾਉਂਦੇ ਰਹੇ ਹਨ ਅਤੇ ਉਹਨਾਂ ਨੂੰ ਤੁਰਨ ਵੇਲੇ ਆਪਣੀ ਪਿੱਛੇ ਇੱਕ ਮੋਹੜੀ ਬੰਨਕੇ ਅਤੇ ਆਪਣੇ ਥੁੱਕਣ ਵਾਸਤੇ ਗਲ ਵਿੱਚ ਇੱਕ ਕੁੱਜਾ ਬੰਨਣ ਵਾਸਤੇ ਮਜਬੂਰ ਕਰਦੇ ਰਹੇ ਹਨ, ਨੀਵੀਂ ਜਾਤੀ ਵਾਲਿਆਂ ਵਾਸਤੇ ਸਖਤ ਮਰਿਯਾਦਾ ਸੀ ਕਿ ਜਦੋਂ ਵੀ ਕੋਈ ਉਚ ਜਾਤੀਆ ਸਾਹਮਣੇ ਆਉਂਦਾ ਦਿਸ ਪਵੇ ਤਾਂ ਤੁਸੀਂ ਇਸ ਹਿਸਾਬ ਨਾਲ ਉਸ ਕੋਲੋਂ ਦੀ ਲੰਘਣਾ ਹੈ ਕਿ ਸ਼ੂਦਰ ਦਾ ਪ੍ਰਛਾਵਾ ਅਖੌਤੀ ਉਚ ਜਾਤੀ ਉੱਤੇ ਨਾ ਪਵੇ। ਅੱਜ ਤੱਕ ਵੀ ਬਹੁਤ ਸਾਰੇ ਹਿੰਦੂ ਮੰਦਿਰ ਹਨ ਜਿੱਥੇ ਮਨੂੰ ਸਿਮਰਤੀ ਅਨੁਸਾਰ ਅਛੂਤ, ਸ਼ੂਦਰ ਜਾਂ ਦਲਿਤ ਦਾਖਿਲ ਨਹੀਂ ਹੋ ਸਕਦਾ, ਫਿਰ ਇਹਨਾਂ ਲੋਕਾਂ ਦੀ ਗਿਣਤੀ ਹਿੰਦੂਆਂ ਵਿੱਚ ਕਰਨੀ ਕਿਸ ਸ਼ਰਾਰਤ ਦਾ ਹਿੱਸਾ ਆਖਿਆ ਜਾ ਸਕਦਾ ਹੈ। ਅਜਿਹਾ ਕਰਕੇ ਭਾਰਤ ਦੇ ਹਿੰਦੂਤਵ ਨਿਜ਼ਾਮ ਨੇ ਆਪਣੇ ਮਨਸੂਬੇ ਸਾਫ਼ ਕਰ ਦਿੱਤੇ ਹਨ ਕਿ ਉਹ ਭਾਰਤ ਨੂੰ ਭਗਵਾ ਦੇਸ਼ ਭਾਵ ਹਿੰਦੂ, ਹਿੰਦੀ, ਹਿੰਦੂਸਤਾਨ ਬਣਾਉਣ ਵੱਲ ਨੂੰ ਇੱਕ ਕਦਮ ਹੋਰ ਅੱਗੇ ਵਧ ਗਿਆ ਹੈ।

ਭਾਰਤ ਦੀ ਸਮੁੱਚੀ ਜਨਗਣਨਾ ਦੀ ਤਾਂ ਗੱਲ ਇਕ ਪਾਸੇ ਰਹੀ, ਹੁਣ ਪੰਜਾਬ ਵੱਲ ਨੂੰ ਝਾਤੀ ਮਾਰੀ ਜਾਵੇ ਤਾਂ ਸਿੱਖ ਪੰਥ ਵਾਸਤੇ ਵੀ ਖਤਰੇ ਦੇ ਬਦਲ ਮੰਡਰਾਉਂਦੇ ਨਜਰ ਆ ਰਹੇ ਹਨ ਕਿਉਂਕਿ ਸਿੱਖਾਂ ਦਾ ਸਭ ਕੁੱਝ ਬਰਬਾਦ ਹੋ ਚੁੱਕਾ ਹੈ, ਨਾ ਰਾਜ ਰਿਹਾ, ਨਾ ਤਾਜ਼ ਰਿਹਾ, ਨਾ ਕੋਈ ਸਿਆਸੀ ਸਿੱਖ ਜਥੇਬੰਦੀ ਰਹੀ, ਆਹ ਕੁੱਝ ਮੀਲ ਇਲਾਕਾ ਬਚਿਆ ਸੀ, ਜਿਸ ਨੂੰ ਸਿੱਖ ਆਪਣੀ ਸਰ ਜਮੀਨ ਆਖਕੇ ਜੀ ਸਰੱਸਾ ਕਰ ਲੈਂਦੇ ਸਨ ਕਿ ਇਸ ਲੰਗੜੇ ਲੂਲੇ ਪੰਜਾਬ ਵਿੱਚ ਅਸੀਂ ਬਹੁਗਿਣਤੀ ਵਿੱਚ ਹਾ, ਪਰ ਇਸ ਮਰਦਮਸ਼ੁਮਾਰੀ ਵਿੱਚ ਪੰਜਾਬ ਦੀ ਜਨਗਣਨਾ ਵਿੱਚ ਸਿੱਖ ਸਿਰਫ ਇੱਕ ਕਰੋੜ ਸੱਠ ਲੱਖ ਦਰਸਾਏ ਗਏ ਹਨ ਅਤੇ ਹਿੰਦੂ ਆਬਾਦੀ ਇੱਕ ਕਰੋੜ ਛੇ ਲੱਖ ਦਰਜ਼ ਹੋਈ ਹੈ। ਇਹਨਾਂ ਅੰਕੜਿਆਂ ਨੂੰ ਬੜੀ ਗੰਭੀਰਤਾ ਨਾਲ ਵੇਖਣ ਦੀ ਲੋੜ ਹੈ ਕਿ ਆਬਾਦੀ ਦਾ ਇਹ ਸੰਤੁਲਨ ਕਿਵੇਂ ਵਿਗੜਿਆ ਹੈ, ਪਹਿਲੀ ਗੱਲ ਤਾਂ ਇਹ ਹੈ, ਜਿਹੜੀ ਭਰੇ ਮਨ ਅਤੇ ਲਹੂ ਭਿੱਜੇ ਹਰਫ਼ਾਂ ਵਿੱਚ ਬਿਆਨ ਕਰਨੀ ਪੈ ਰਹੀ ਹੈ ਕਿ ਪੰਜਾਬ ਵਿੱਚ ਮਾਝੇ ਦੇ ਇਲਾਕੇ ਵਿੱਚ ਜੋ ਕਹਿਰ 1984 ਤੋਂ 1994 /95 ਤੱਕ ਹੋਇਆ, ਉਸ ਵਿੱਚ ਗੈਰ ਸਰਕਾਰੀ ਅੰਕੜਿਆਂ ਮੁਤਾਬਿਕ ਤੀਹ ਹਜ਼ਾਰ ਅਣਵਿਆਹੇ ਸਿੱਖ ਬੱਚੇ ਝੂਠੇ ਪੁਲਿਸ ਮੁਕਾਬਲਿਆਂ ਦੀ ਭੇਂਟ ਚੜ ਗਏ, ਬਹੁਤ ਸਾਲਾਂ ਤੱਕ ਕਈ ਪਿੰਡਾਂ ਵਿੱਚੋਂ ਬਰਾਤ ਹੀ ਨਹੀਂ ਚੜ•ੀ, ਫਿਰ ਆਬਾਦੀ ਕਿਵੇਂ ਵਧਣੀ ਸੀ। ਜਿਹੜੇ ਭਾਰਤੀ ਨਿਜ਼ਾਮ ਦਾ ਸ਼ਿਕਾਰ ਹੋਣ ਤੋਂ ਬਚ ਗਏ, ਉਹਨਾਂ ਵਿੱਚੋਂ ਕੁੱਝ ਵਿਦੇਸ਼ ਚਲੇ ਗਏ, ਇੱਥੋਂ ਦੀ ਗੁਲਾਮੀ ਦੇ ਸਤਾਏ ਜਾਂ ਉਥੋਂ ਦੇ ਸੁੱਖ ਸਾਧਨ ਵੇਖ ਕੇ ਅਮਰੀਕਨ ਕਨੇਡੀਅਨ ਅਖਵਾਉਣ ਲੱਗ ਪਏ ਅਤੇ ਆਪਣੇ ਆਪ ਨੂੰ ਪੰਜਾਬ ਦੀ ਸਿੱਖ ਵੱਸੋਂ ਤੋਂ ਦੂਰ ਲੈ ਗਏ, ਜਿਹੜੇ ਪੰਜਾਬ ਵਿੱਚ ਰਹਿ ਗਏ, ਤਸ਼ੱਦਦ ਦੀ ਮਾਰ ਕਰਕੇ ਰੋਗੀ ਹੋ ਗਏ, ਉਹ ਨਸ਼ੇ ਦੀ ਮਾਰ ਵਿੱਚ ਆ ਗਏ। ਭਾਰਤੀ ਨਿਜ਼ਾਮ ਨੇ ਫਿਰ ਨਸ਼ੇ ਦੇ ਭੰਡਾਰ ਹੀ ਖੋਲ ਦਿਤੇ ਅਤੇ ਸਾਰੇ ਬੱਚੇ ਹੀ ਨਸ਼ੇ ਦੀ ਇਲਤ ਦੇ ਸ਼ਿਕਾਰ ਹੋ ਗਏ, ਜਿਸ ਕਰਕੇ ਅੱਜ ਪੰਜਾਬ ਦੇ ਨੌਜਵਾਨ ਨਮਰਦੀ ਦੇ ਸ਼ਿਕਾਰ ਹੋ ਰਹੇ ਹਨ ਅਤੇ ਇਹ ਸੱਚ ਹੈ ਕਿ ਹਰ ਰੋਜ਼ ਤਕਰੀਬਨ ਡੇਢ ਦਰਜਨ ਤਲਾਕ ਹੋ ਰਹੇ ਹਨ, ਜਿਹਨਾਂ ਪਿੱਛੇ ਮੁੱਖ ਕਾਰਨ ਨਮਰਦੀ ਹੀ ਹੈ, ਪਰ ਮਾਪੇ ਆਪਣੇ ਇੱਕਲੌਤੇ ਪੁੱਤਰ ਦੀ ਬਦਨਾਮੀ ਅਤੇ ਉਸਦੀ ਖੁਦਕਸ਼ੀ ਦੇ ਅੰਜਾਮ ਤੋਂ ਡਰਦੇ, ਇਸ ਨੂੰ ਦਾਜ਼ ਜਾਂ ਹੋਰ ਝਗੜਿਆਂ ਦਾ ਨਾਮ ਦੇਕੇ, ਆਪਣੀ ਬੇਸ਼ਰਮੀ ਉੱਤੇ ਪਰਦਾ ਪਾ ਰਹੇ ਹਨ, ਪਰ ਅੰਦਰੂਨੀ ਕਾਰਨ ਨਸ਼ੇ ਕਰਕੇ ਹੋਈ ਨਮਰਦੀ ਹੀ ਹੁੰਦੀ ਹੈ, ਫਿਰ ਅੱਗੋਂ ਸੰਤਾਨ ਦੀ ਆਸ ਜਾਂ ਆਬਾਦੀ ਦੇ ਵਾਧੇ ਦੀਆਂ ਆਸਾਂ ਕਿਵੇਂ ਕੀਤੀਆਂ ਜਾ ਸਕਦੀਆਂ ਹਨ।

ਹੁਣ ਪੰਜਾਬ ਜਿਹੜਾ ਸਿੱਖਾਂ ਦੀ ਬਹੁਗਿਣਤੀ ਵਾਲੇ ਇਲਾਕੇ ਦੀ ਸ਼ਾਹਦੀ ਭਰਦਾ ਸੀ, ਅੱਜ ਸਦੀਆਂ ਅਣਗਹਿਲੀਆਂ ਅਤੇ ਭਾਰਤੀ ਨਿਜ਼ਾਮ ਦੀਆਂ ਬੇਹਿਆਈਆਂ ਨੂੰ ਵੇਖ ਕੇ ਲਹੂ ਦੇ ਅਥਰੂ ਰੋ ਰਿਹਾ ਹੈ ਕਿ ਤੁਸੀਂ ਗੁਲਾਮ ਸੀ ਤਦ ਵੀ ਮੈਂ ਤੁਹਾਡੇ ਰਾਜ ਦੀ ਗਵਾਹੀ ਦਿੰਦਾ ਰਿਹਾ ਹਾ, ਹੁਣ ਤੁਸੀਂ ਮੇਰੇ ਨਵੇਂ ਵਾਰਿਸ ਗੈਰ ਪੰਜਾਬੀ ਬਣਾਉਣ ਵਿੱਚ ਸਹਾਈ ਹੋ ਰਹੇ ਹੋ, ਮੈਂ ਕਦੋ ਮੁੜ ਆਪਣੇ ਆਪ ਨੂੰ ਪੰਜਾਬ ਅਖਵਾਉਣ ਦਾ ਹੱਕਦਾਰ ਬਣਾ ਸਕਾਂਗਾ, ਜੇ ਤੁਸੀਂ ਹੁਣ ਵੀ ਨਾ ਸੰਭਲੇ ਤਾਂ ਇੱਕ ਦਿਨ ਇਹ ਧਰਤੀ ਜਿਹੜੀ ਗੁਰੂਆਂ ਦੀ ਚਰਨ ਛੋਹ ਅਤੇ ਸਿੱਖਾਂ ਦੀ ਸਰ ਜਮੀਨ ਅਖਵਾਉਂਦੀ ਸੀ, ਭਗਵੀ ਧਰਤੀ ਵਿੱਚ ਬਦਲ ਜਾਵੇਗੀ ਅਤੇ ਇੱਕ ਦਿਨ ਇਸਦਾ ਨਾਮ ਵੀ ਬਦਲ ਜਾਵੇਗਾ, ਪਤਾ ਨਹੀਂ ਕਿਹੜੇ ਕਿਹੜੇ ਨਾਮ ਨਾਲ ਯਾਦ ਕੀਤਾ ਜਾਵੇਗਾ। ਇਸ ਵਾਸਤੇ ਅੱਜ ਪੰਜਾਬ ਵਿੱਚ ਜਿਹੜੇ ਦਲਿਤ ਜਾਂ ਪਛੜੇ ਲੋਕਾਂ ਦੀ ਗਿਣਤੀ ਮਰਦਮਸ਼ੁਮਾਰੀ ਦੌਰਾਨ ਹਿੰਦੂਆਂ ਵਿੱਚ ਕੀਤੀ ਗਈ ਹੈ, ਉਹਨਾਂ ਲੋਕਾਂ ਨੂੰ ਵੀ ਚੇਤਾ ਰੱਖਣਾ ਚਾਹੀਦਾ ਹੈ ਕਿ ਜਦੋਂ ਕਦੇ ਇਹ ਲੋਕ ਆਪਣੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਹੋ ਗਏ ਤਾਂ ਫਿਰ ਦੁਬਾਰਾ ਕੰਨਾਂ ਵਿੱਚ ਸਿੱਕਾ ਢਾਲਕੇ ਪਾਉਣ ਵਾਲੇ ਦਿਨ ਵੀ ਪਰਤ ਸਕਦੇ ਹਨ। ਫਿਰ ਸਿੱਖ ਪੰਥ ਦੀ ਯਾਦ ਜਰੂਰ ਆਵੇਗੀ, ਫਿਰ ਬਾਬੇ ਨਾਨਕ ਦੇ ਬੋਲ, ਗੁਰੂ ਗੋਬਿੰਦ ਸਿੰਘ ਜੀ ਦਾ ਰਣਜੀਤ ਨਗਾਰਾ ਯਾਦ ਆਵੇਗਾ।

ਆਓ! ਅਵੇਸਲੇ ਨਾ ਹੋਈਏ ਜੇ ਭਾਰਤ ਨੂੰ ਭਗਵਾ ਦੇਸ਼ ਬਣਨ ਤੋਂ ਨਹੀਂ ਰੋਕ ਸਕਦੇ ਤਾਂ ਪੰਜਾਬ ਦੀ ਆਬਾਦੀ ਦਾ ਖਿਆਲ ਕਰਕੇ, ਇਸ ਨੂੰ ਤਾਂ ਗੁਰੂਆਂ ਦੀ ਧਰਤੀ ਵਜੋਂ ਸੰਭਾਲ ਲਾਈਏ, ਜਿਥੋਂ ਫਿਰ ਕਦੇ ਰਾਜੇ ਸ਼ੀਂਹ ਮੁਕਦਮ ਕੁੱਤੇ ਕਹਿਣ ਦੀ ਆਵਾਜ ਬੁਲੰਦ ਹੋ ਸਕੇ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top