Share on Facebook

Main News Page

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ
-: ਇੰਦਰਜੀਤ ਸਿੰਘ, ਕਾਨਪੁਰ

ਅਕਸਰ ਅਸੀਂ ਆਪਣੇ ਜੀਵਨ ਵਿੱਚ, ਕੁੱਝ ਸ਼ਬਦਾਂ ਜਾਂ ਅਖਰਾਂ ਦੀ ਵਰਤੋਂ ਹੁੰਦਿਆਂ ਵੇਖਦੇ ਹਾਂ, ਜਿਨ੍ਹਾਂ ਵਿਚ ਗੁਰਬਾਣੀ, ਦਸਮ ਬਾਣੀ, ਗੁਰੂ ਬਾਣੀ, ਗੁਰੂਆਂ ਦੀ ਬਾਣੀ, ਮੁਖਵਾਕ, ਗੁਰੂ ਸ਼ਬਦ, ਹੁਕਮਨਾਮਾਂ, ਗੁਰੂ ਬਚਨ ਆਦਿਕ ਸ਼ਬਦ ਮੁਖ ਰੂਪ ਵਿੱਚ ਸਾਡੇ ਸਾਮ੍ਹਣੇ ਆਂਉਦੇ ਰਹਿੰਦੇ ਹਨ, ਜਿਨ੍ਹਾਂ ਨੂੰ ਅਸੀਂ "ਗੁਰਬਾਣੀ" ਨਾਲ ਜੋੜਦੇ ਹਾਂ। ਇਸ ਵਿਸ਼ੇ 'ਤੇ ਚਿੰਤਨ ਕਰਨਾ ਹੀ ਇਸ ਛੋਟੇ ਜਿਹੇ ਲੇਖ ਦਾ ਮਕਸਦ ਹੈ ਕਿ "ਗੁਰਬਾਣੀ" ਕਿਸ ਬਾਣੀ ਨੂੰ ਕਹਿਆ ਜਾ ਸਕਦਾ ਹੈ, ਅਤੇ "ਗੁਰਬਾਣੀ" ਦੀ ਪਰਿਭਾਸ਼ਾ ਕੀ ਹੈ?

ਦਸ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੀ ਗੱਲਬਾਤ ਜਾਂ ਗੱਲਾਂ ਕੁੱਝ ਇਸ ਪ੍ਰਕਾਰ ਦੀਆਂ ਵੀ ਕੀਤੀਆਂ ਹੋਣ ਗੀਆਂ, ਮਸਲਨ, "ਅੱਜ ਸੰਗਤਾਂ ਦਾ ਹਜੂਮ ਆਨੰਦਪੁਰ ਸਾਹਿਬ ਵਿੱਚ ਠਾਠਾਂ ਮਾਰ ਰਿਹਾ ਹੈ... ਗੁਰੂ ਕੀ ਲਾਡਲੀ ਫੌਜ ਨੇ, ਦੁਸ਼ਮਨਾਂ ਦੇ ਦੰਦ ਖੱਟੇ ਕਰ ਦਿੱਤੇ.... ਸੰਗਤਾਂ ਦੇ ਲੰਗਰ ਪਾਣੀ ਦਾ ਇੰਤਜਾਮ ਹੋ ਗਿਆ...? ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਕਮਰ ਕੱਸੇ ਕਰ ਲੈਣ... ਕਲ ਸਵੇਰੇ ਕੂਚ ਕਰਨਾ ਹੈ... ਆਦਿਕ। ਕਹਿਣ ਨੂੰ ਤਾਂ ਬੇਸ਼ਕ ਇਹ ਸ਼ਬਦ ਵੀ ਗੁਰੂ ਦੇ ਹੀ ਉੱਚਾਰਣ ਕੀਤੇ ਜਾਂ ਗੁਰੂ ਦੀ ਹੀ ਬਾਣੀ ਹੀ ਹੈ, ਲੇਕਿਨ ਗੁਰੂ ਦੇ ਜੀਵਨ ਵਿੱਚ ਉਨ੍ਹਾਂ ਦਵਾਰਾ ਕੀਤੀ ਗਈ ਗੱਲਬਾਤ ਅਤੇ ਬੋਲਚਾਲ ਦੇ ਸ਼ਬਦਾਂ ਨੂੰ ਵੀ "ਗੁਰਬਾਣੀ" ਦਾ ਦਰਜਾ ਨਹੀਂ ਦਿੱਤਾ ਜਾ ਸਕਦਾ।

"ਗੁਰਬਾਣੀ" ਦਾ ਦਰਜਾ ਕੇਵਲ ਤੇ ਕੇਵਲ ਉਸ ਬਾਣੀ ਨੂੰ ਹੀ ਪ੍ਰਾਪਤ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਪੋਥੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਹੱਥੀਂ ਦਰਜ ਕਰ ਦਿਤਾ। ਇਥੋਂ ਤਕ ਕਿ ਗੁਰੂ ਸਾਹਿਬਾਨ ਦੀ ਬੋਲਚਾਲ ਅਤੇ ਉਨ੍ਹਾਂ ਦੇ ਨਿਜੀ ਜੀਵਨ ਵਿੱਚ, ਉਨ੍ਹਾਂ ਵਲੋਂ ਕੀਤੀ ਗਈ ਕਿਸੇ ਵੀ ਗਲਬਾਤ ਨੂੰ ਵੀ "ਗੁਰਬਾਣੀ" ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਇਥੇ ਦੋਬਾਰਾ ਦੋਹਰਾਅ ਦੇਣਾ ਚਾਹੁੰਦਾ ਹਾਂ ਕਿ "ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਉੱਸੇ ਬਾਣੀ ਨੂੰ ਹੀ ਪ੍ਰਾਪਤ ਹੈ, ਜੋ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਆਪ ਆਪਣੇ ਹੱਥੀਂ, ਪੋਥੀ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਇਸ ਗੱਲ ਨੂੰ ਸੰਖੇਪ ਵਿੱਚ ਹੁਣ ਤੀਜੀ ਵਾਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ, "ਗੁਰੂ ਗ੍ਰੰਥ ਸਾਹਿਬ" ਵਿੱਚ ਦਰਜ ਬਾਣੀ ਨੂੰ ਹੀ "ਗੁਰਬਾਣੀ" ਦਾ ਦਰਜਾ ਪ੍ਰਾਪਤ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਤੋਂ ਅਲਾਵਾ, ਸੰਸਾਰ ਦੀ ਹਰ ਬਾਣੀ ਗੁਰਮਤਿ ਅਨੁਸਾਰ "ਕੱਚੀ ਬਾਣੀ" ਅਖਵਾਉਂਦੀ ਹੈ।

ਇਸ ਗੱਲ ਨੂੰ ਤਿੰਨ ਵਾਰ ਅਲਗ ਅਲਗ ਤਰੀਕੇ ਨਾਲ ਕਹਿਣ ਦਾ ਮਕਸਦ ਸਿਰਫ ਇਹ ਹੀ ਹੈ, ਕਿ ਕੁੱਝ ਦਿਮਾਗਾਂ ਵਿੱਚ, "ਰਾਗਮਾਲਾ" ਦਾ ਸਵਾਲ ਭੂਚਾਲ ਬਣ ਕੇ ਉਨ੍ਹਾਂ ਨੂੰ ਤੰਗ ਕਰ ਰਿਹਾ ਹੋਵੇਗਾ। ਇੱਸੇ ਲਈ ਉਪਰ ਵਾਲੇ ਪਹਿਰੇ ਵਿੱਚ ਦਾਸ ਨੇ ਇਨ੍ਹਾਂ ਸ਼ਬਦਾ ਦੀ ਵਰਤੋਂ ਸੋਚ ਸਮਝ ਕੇ ਕੀਤੀ ਹੈ, ਕਿ "ਗੁਰਬਾਣੀ" ਦਾ ਦਰਜਾ ਕੇਵਲ ਤੇ ਕੇਵਲ ਉੱਸੇ ਬਾਣੀ ਨੂੰ ਹੀ ਪ੍ਰਾਪਤ ਹੈ , ਜੋ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ,ਅਪਣੇ ਹੱਥੀਂ, ਆਪ ਪੋਥੀ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਲਗਦਾ ਹੈ ਉਨ੍ਹਾਂ ਵੀਰਾਂ ਦੀ ਸ਼ੰਕਾ ਇੱਥੇ ਮੁੱਕ ਜਾਣੀ ਚਾਹੀਦੀ ਹੈ। ਖੈਰ ਸਾਡਾ ਵਿਸ਼ਾ ਉਹ ਨਹੀਂ, ਸਾਡਾ ਵਿਸ਼ਾ ਤਾਂ ਇਹ ਹੈ ਕਿ "ਗੁਰਬਾਣੀ" ਕਿਸ ਬਾਣੀ ਨੂੰ ਕਹਿਆ ਜਾ ਸਕਦਾ ਹੈ, ਜਾਂ 'ਗੁਰਬਾਣੀ' ਦੀ ਪਰਿਭਾਸ਼ਾ ਕੀ ਹੈ ?

ਹੁਣ ਸਾਡੇ ਕੋਲ ਗੁਰਬਾਣੀ ਦੀ ਇਕ ਸਪਸ਼ਟ ਪਰਿਭਾਸ਼ਾ ਸਾਮ੍ਹਣੇ ਹੈ ਕਿ "ਗੁਰਬਾਣੀ" ਦਾ ਦਰਜਾ ਕੇਵਲ ਤੇ ਕੇਵਲ ਉੱਸੇ ਬਾਣੀ ਨੂੰ ਹੀ ਪ੍ਰਾਪਤ ਹੈ, ਜੋ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ , ਅਪਣੇ ਹੱਥੀਂ ਪੋਥੀ ਸਾਹਿਬ ਤੋਂ ਲੈਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ । ਇੱਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤਾਂ, ਭੱਟਾਂ ਅਤੇ ਹੋਰ ਸ਼ਖਸੀਅਤਾਂ ਦੀ ਬਾਣੀ, ਜੋ ਗੁਰੂ ਸਾਹਿਬ ਨੇ ਆਪ ਦਰਜ ਕੀਤੀ, ਉਸ ਨੂੰ ਵੀ ਅਸੀਂ "ਗੁਰਬਾਣੀ" ਹੀ ਕਹਾਂਗੇ ਅਤੇ ਗੁਰਬਾਣੀ ਦੇ ਤੁਲ ਹੀ ਉਸ ਦਾ ਸਤਿਕਾਰ ਕਰਕੇ, ਉਸਤੇ ਅਮਲ ਕਰਾਂਗੇ, ਕਿਉਂਕਿ ਗੁਰੂ ਸਾਹਿਬ ਨੇ ਜੋ ਬਾਣੀ ਆਪਣੀ ਹੱਥੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ, ਕੇਵਲ ਉਸਨੂੰ ਹੀ "ਗੁਰਬਾਣੀ " ਦਾ ਦਰਜਾ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਹਰ ਬਾਣੀ ਕੱਚੀ ਹੈ ਭਾਵੇ ਉਹ ਕਿਸੇ ਨੇ ਹੀ ਕਿਉ ਨਾਂ ਉਚਾਰੀ ਹੋਵੇ। ਜੇ, ਛੋਟਾ ਮੂਹ ਵੱਡੀ ਗੱਲ ਵਾਲੀ ਕਹਾਵਤ ਨੂੰ ਅਮਲ ਵਿੱਚ ਲੈ ਆਈਏ ਤਾਂ ਇਹ ਕਹਿਣਾਂ ਵੀ ਅਤਿਸ਼ੋਕਤੀ ਨਹੀਂ ਹੋਵੇਗਾ ਕਿ, ਜੇ ਗੁਰੂ ਸਾਹਿਬਾਨ ਨੇ ਹੋਰ ਵੀ ਕੋਈ ਬਾਣੀ ਲਿੱਖੀ ਜਾਂ ਕਹੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ, ਤਾਂ ਅਸੀਂ ਉਸ ਨੂੰ ਵੀ "ਗੁਰਬਾਣੀ" ਨਹੀਂ ਕਹਾਂਗੇ।

ਉਦਾਹਰਣ ਦੇ ਤੌਰ 'ਤੇ ਬਾਬਾ ਕਬੀਰ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਐਸੀ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ। ਅਸੀਂ ਉਸ ਨੂੰ ਗੁਰਬਾਣੀ ਤਾਂ ਨਹੀਂ ਕਹਿੰਦੇ, ਤੇ ਨਾਂ ਹੀ ਉਸ ਦੇ ਅੱਗੇ ਮੱਥਾ ਟੇਕਦੇ ਹਾਂ। ਬਾਬਾ ਕਬੀਰ ਸਾਹਿਬ ਅਤੇ ਹੋਰ ਭਗਤਾਂ ਦੀ ਬਾਣੀ ਜੋ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਰਜ ਕੀਤੀ, ਉਸ ਨੂੰ ਹੀ ਅਸੀਂ "ਗੁਰਬਾਣੀ" ਦਾ ਦਰਜਾ ਦਿੰਦੇ ਅਤੇ ਉਸਦੇ ਅੱਗੇ "ਮੱਥਾ ਟੇਕਦੇ ਹਾਂ, ਕਿਉਂਕਿ ਉਹ ਬਾਣੀ ਸਾਡੇ ਸ਼ਬਦ ਗੁਰੂ ਵਿੱਚ ਅੰਕਿਤ ਹੈ, ਅਤੇ ਸਾਡੇ ਗੁਰੂ ਸਾਹਿਬਾਨ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਰਜ ਕੀਤੀ ਹੈ ,ਤੇ ਹੁਕਮ ਵੀ ਕੀਤਾ ਹੈ "ਗੁਰੂ ਗ੍ਰੰਥ ਜੀ ਮਾਨਿਉ"। ਸਾਨੂੰ ਤਾਂ ਹਰ ਹੁਕਮ, ਹਰ ਆਦੇਸ਼ ਉਸ "ਸ਼ਬਦ ਗੁਰੂ" ਦਾ ਮੰਨਣਾ ਹੈ, ਜਿਸਦੇ ਲੱੜ ਸਾਨੂੰ ਆਪ ਦਸਮ ਪਿਤਾ ਲਾ ਗਏ ਹਨ। ਮੈਨੂੰ ਇਕ ਵਿਦਵਾਨ ਪ੍ਰਚਾਰਕ ਦੀ ਇਕ ਗੱਲ ਹਮੇਸ਼ਾਂ ਯਾਦ ਆਉਂਦੀ ਹੈ ਕਿ, "ਮਨ ਲਵੋ ਤੁਹਾਡੇ ਸਾਮ੍ਹਣੇ ਗੁਰੂ ਗ੍ਰੰਥ ਸਾਹਿਬ ਹੋਣ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਉਥੇ ਹਾਜਿਰ ਹੋਣ, ਤਾਂ ਤੁਸੀਂ ਕਿਸਦੇ ਚਰਣੀ ਲਗੋਗੇ ? ਜਵਾਬ ਸੀ ਕਿ ਸਾਡਾ ਇਕੋ ਇਕ ਗੁਰੂ "ਗੁਰੂ ਗ੍ਰੰਥ ਸਾਹਿਬ ਜੀ ਹਨ, ਅਸੀਂ ਉਨ੍ਹਾਂ ਦੇ ਹੀ ਚਰਣੀ ਲੱਗਾਂਗੇ, ਕਿਸੇ ਗੁਰੂ ਦੀ ਦੇਹ ਨਾਲ ਸਾਨੂੰ ਜੁੜਨ ਦਾ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਵੀ ਨਹੀਂ ਦਿੰਦੇ।

ਭਾਵੇ ਇਹ ਦਲੀਲ ਕੋਰੀ ਕਲਪਨਾਂ ਉਪਰ ਅਧਾਰਿਤ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਿਧਾਂਤ ਨੂੰ ਸਮਝਾਂਉਣ ਲਈ ਬਿਲਕੁਲ ਸਟੀਕ ਸਾਬਿਤ ਹੁੰਦੀ ਹੈ ਕਿ ਸਾਡਾ ਗੁਰੂ ਵੀ ਇੱਕ ਹੈ, ਸਾਡੇ ਲਈ "ਗੁਰਬਾਣੀ" ਵੀ ਇੱਕ ਹੈ ਅਤੇ ਉਸ ਇੱਕ ਗੁਰੂ ਦੇ ਸ਼ਬਦਾਂ ਤੋਂ ਅਲਾਵਾ ਸਾਡੀ ਸੇਧ ਅਤੇ ਸਾਡਾ ਪੰਥ ਵੀ ਹੋਰ ਕੋਈ ਨਹੀਂ ਹੈ।

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ

ਖਾਲਸਾ ਜੀ ਅਸੀਂ ਤਾਂ ਪਤਾ ਨਹੀਂ ਜਿਹੜੇ ਸਿਆਮ, ਰਾਮ ਅਤੇ ਕਾਲ ਕਵੀ ਦੀ ਬਾਣੀ ਨੂੰ ਹੀ "ਗੁਰਬਾਣੀ" ਕਹੀ ਕਹਿ ਕੇ ਮੱਥੇ ਟੇਕੀ ਜਾ ਰਹੇ ਹਾਂ। ਕੀ ਇਹ ਗੁਰੂ ਗ੍ਰੰਥ ਸਾਹਿਬ ਵਰਗੇ ਸਮਰੱਥ ਅਤੇ ਸੰਪੂਰਨ ਗੁਰੂ ਦਾ ਅਪਮਾਨ ਨਹੀਂ? ਅੱਜ ਅਸੀਂ ਆਪਣੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚ ਕੇਵਲ ਦੋ ਬਾਣੀਆਂ ਆਪਣੇ ਇਕੋ ਇਕ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਵਿਚੋ ਲੈ ਰਹੇ ਹਾਂ, ਤੇ ਤਿਨ ਕੱਚੀਆਂ, ਦੇਵੀ ਉਸਤਤਿ ਵਾਲੀਆਂ ਬਾਣੀਆਂ ਸਿਯਾਮ ਕਵੀ ਦੇ ਲਿੱਖੇ ਬਚਿਤੱਰ ਕਿਤਾਬ ਵਿੱਚੋਂ ਲੈ ਰਹੇ ਹਾਂ। ਕੀ ਸਾਡੇ ਗੁਰੂ ਗ੍ਰੰਥ ਸਾਹਿਬ ਅਧੂਰੇ ਅਤੇ ਅਸਮਰਥ ਹਨ, ਜੋ ਸਾਨੂੰ ਆਪਣੇ ਵਿੱਚੋ ਨਿਤਨੇਮ ਦੀ ਜਾਚ ਵੀ ਨਹੀਂ ਦੇ ਸਕਦੇ ? ਸਾਨੂੰ ਆਂਪਣੀ ਜੀਵਨ ਜਾਚ ਲਈ ਕਿਸੇ ਸ਼ਿਯਾਮ ਕਵੀ ਦੇ ਲਿੱਖੇ "ਬਚਿਤੱਰ ਪੋਥੇ" ਵਿਚੋਂ ਤਿੰਨ ਬਾਣੀਆਂ ਲੈ ਕੇ ਆਪਣਾ ਨਿਤਨੇਮ ਅਤੇ ਅੰਮ੍ਰਿਤ ਪੂਰਾ ਕਰਨਾ ਪੈ ਰਿਹਾ ਹੈ।

ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਅੰਕ 920

ਇਥੇ ਮੈਂ ਤੁਹਾਡੇ ਕੋਲੋਂ ਗੁਰਬਾਣੀ ਦੇ ਇਸ ਹੁਕਮ ਵਿੱਚ ਆਏ "ਸਤਿਗੁਰੂ" ਸ਼ਬਦ ਦੇ ਬਾਰੇ ਇਕ ਸਵਾਲ ਪੁਛਦਾ ਹਾਂ, "ਕਿ ਤੁਹਾਡਾ "ਸਤਿਗੁਰੂ" ਕੌਣ ਹੈ ? ਗੁਰੂ ਗ੍ਰੰਥ ਸਾਹਿਬ ਜੀ ਜਾਂ, "ਸ਼ਿਯਾਮ ਕਵੀ" ? ਫੈਸਲਾ ਤੁਸੀਂ ਦੋ ਮਿੰਟਾਂ ਵਿੱਚ ਕਰ ਲਵੋਗੇ, ਜੇ ਅਪਣੀ ਜ਼ਮੀਰ ਨਾਲ ਇਕ ਵਾਰ ਉੱਚੀ ਆਵਾਜ ਇਸ ਸਵਾਲ ਦਾ ਜਵਾਬ ਦੇ ਸਕੋ ? ਸਭ ਦੇ ਮੂੰਹੋ ਇਹ ਹੀ ਨਿਕਲੇਗਾ ਕਿ "ਗੁਰੂ ਗ੍ਰੰਥ ਸਾਹਿਬ ਜੀ"। ਹੈ ਨਾ? ਫਿਰ ਕਿਸ ਲਈ ਸ਼ਿਯਾਮ ਕਵੀ ਦੀਆਂ ਰਚਨਾਵਾਂ ਨੂੰ ਆਪਣਾ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵਿੱਚ ਜੋੜ ਕੇ, ਆਪਣੇ "ਸਤਿਗੁਰੂ" ਤੋਂ ਬੇਮੁਖ ਬਣ ਰਹੇ ਹੋ ?

ਖਾਲਸਾ ਜੀ ! ਹੋਸ਼ ਕਰੋ ! ਆਪਣੇ ਸਮਰੱਥ ਗੁਰੂ ਦੀਆਂ ਸਿਰਫ ਦੋ ਬਾਣੀਆਂ ਅਤੇ ਕਿਸੇ "ਅਜੀਬੋ ਗਰੀਬ (ਬਚਿਤੱਰ) ਨਾਟਕ ਦੀਆਂ ਤਿੰਨ ਕੱਚੀਆਂ ਰਚਨਾਵਾਂ ਲੈ ਕੇ ਤੁਸੀਂ ਕੀ ਆਪਣੇ ਸਮਰੱਥ ਅਤੇ ਸੰਪੂਰਣ ਗੁਰੂ ਨੂੰ ਅਧੂਰਾ ਅਤੇ ਅਸਮਰਥ ਗੁਰੂ ਸਾਬਿਤ ਕਰਣ ਦੀ ਕੋਝੀ ਸਾਜਿਸ਼ ਵਿੱਚ ਤਾਂ ਨਹੀਂ ਫੱਸ ਚੁਕੇ ਹੋ ? ਆਪਣੇ ਵਿਵੇਕ ਅਤੇ ਬੁੱਧੀ ਦਾ ਇਸਤਮਾਲ ਕਰੋ ! ਅਤੇ ਇਹ ਸੋਚੋ ਕਿ "ਜੇ ਅਸੀਂ ਆਪਣੇ ਨਿਤਨੇਮ ਅਤੇ ਅੰਮ੍ਰਿਤ ਸੰਸਕਾਰ ਵਿੱਚ ਸਾਰੀਆਂ ਬਾਣੀਆਂ ਆਪਣੇ ਇੱਕੋ ਇੱਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿਚੋਂ ਲਈਏ, ਤਾਂ ਕੀ ਸਾਡਾ ਨਿਤਨੇਮ ਅਤੇ ਅੰਮ੍ਰਿਤ ਪ੍ਰਤੀ ਸਤਕਾਰ, ਹੋਰ ਦ੍ਰਿੜ ਅਤੇ ਮਜ਼ਬੂਤ ਨਹੀਂ ਹੋ ਜਾਏਗਾ ? ਇਸ ਤਰ੍ਹਾਂ, ਇਕ ਸਿੱਖ ਦਾ ਨਿਤਨੇਮ ਅਤੇ ਅੰਮ੍ਰਿਤ, ਸ਼ਯਾਮ ਕਵੀ ਦੀਆਂ ਕੱਚੀਆਂ ਕਵਿਤਾਵਾਂ ਨਹੀਂ, ਬਲਕਿ ਉਸ ਰੁਹਾਨੀ ਅਤੇ ਰੱਬੀ ਬਾਣੀ ਦਾ ਸਮੂਹ ਹੋਵੇਗਾ, ਜਿਸਨੂੰ ਗੁਰੂ ਨਾਨਕ ਨੇ "ਧੁਰ ਦੀ ਬਾਣੀ" ਦਾ ਦਰਜਾ ਦਿਤਾ ਹੈ।

ਫੈਸਲਾ ਤੁਹਾਡੇ ਹੱਥ ਵਿੱਚ ਹੈ । ਫੈਸਲਾ ਤੁਸਾਂ ਕਰਨਾ ਹੈ, ਕਿ ਤੁਸੀਂ ਆਪਣਾ ਜੀਵਨ ਸਿਯਾਮ ਕਵੀ ਦੀਆਂ ਕੱਚੀਆਂ ਰਚਨਾਵਾਂ ਨਾਲ ਭੰਗ ਦੇ ਭਾੜੇ ਗਵਾ ਦੇਣਾਂ ਹੈ, ਜਾਂ ਉਸ "ਧੁਰ ਕੀ ਬਾਣੀ" ਨਾਲ ਜੁੱੜ ਕੇ ਇਸ ਜੀਵਨ ਨੂੰ ਸਾਰਥਕ ਕਰਨਾ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top