Share on Facebook

Main News Page

ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਚਿੰਤਾਜਨਕ, ਪਰ ਬਾਪੂ ਖਾਸਲਾ ਦੇ ਜਵਾਈ ਦਾ ਕਤਲ ਮਹਾ ਚਿੰਤਾਜਨਕ...!!!
-: ਗੁਰਿੰਦਰਪਾਲ ਸਿੰਘ ਧਨੌਲਾ ਮੋ. 93161-76519

ਸਿੱਖਾਂ ਨੇ 7 ਸਮੁੰਦੋਂ ਪਾਰ ਜਾਕੇ ਵਿਦੇਸ਼ੀ ਧਰਤੀ ਉਤੇ ਆਪਣੀ ਸਖਤ ਮਿਹਨਤ, ਇਮਾਨਦਾਰੀ ਅਤੇ ਵਫਾਦਾਰੀ ਨਾਲ ਨਾਮਣਾ ਖੱਟਿਆ ਜਿਸ ਦੇ ਫਲਸਰੂਪ ਅੱਜ ਸਿੱਖੀ ਦੇ ਝੰਡੇ ਪੂਰੀ ਦੁਨੀਆਂ ਵਿੱਚ ਝੂਲਦੇ ਹਨ। ਬੇਸ਼ੱਕ ਕਿਸੇ ਦੇਸ਼ ਵਿੱਚ ਪੋਟਿਆਂ ਤੇ ਗਿਣੇ ਜਾਣ ਜੋਗੇ ਸਿੱਖ ਹੀ ਕਿਉਂ ਨਾ ਵੱਸਦੇ ਹੋਣ, ਪਰ ਉਹ ਉਥੇ ਆਪਣੀ ਨਿਵੇਕਲੀ ਪਹਿਚਾਨ ਅਤੇ ਉਚੇ ਸੁੱਚੇ ਕਿਰਦਾਰ ਕਰਕੇ ਧਰੂ ਧਾਰੇ ਵਾਂਗੂ ਚਮਕਦੇ ਹਨ। ਇਸ ਨਾਲ ਇੱਕ ਗੱਲ ਬੜੀ ਸਪਸ਼ਟ ਹੈ ਕਿ ਗੁਰੂ ਨਾਨਕ ਦੀ ਸਿੱਖੀ ਹੁਣ ਕਿਸੇ ਇੱਕ ਦੇਸ਼ ਦੀਆਂ ਸਰਹੱਦਾਂ ਦੀ ਕੈਦਣ ਨਹੀਂ ਰਹੀ ਸਗੋਂ ਅੱਜ ਸੰਸਾਰ ਵਿਆਪਕ ਹੋ ਚੁੱਕੀ ਹੈ। ਅਜਿਹਾ ਭਾਰਤੀ ਨਿਜਾਮ ਨੂੰ ਸਦਾ ਰੇਰੂ ਦੇ ਕੰਡੇ ਵਾਂਗੂ ਚੁੱਬਦਾ ਹੈ। ਇਸ ਕਾਰਨ ਭਾਰਤੀ ਖੂਫੀਆ ਏਜੰਸੀਆਂ ਹਮੇਸ਼ਾ ਸਿੱਖਾਂ ਦੀ ਬਦਨਾਮੀ ਅਤੇ ਸਿੱਖਾਂ ਦੀ ਬਰਬਾਦੀ ਲਈ ਯਤਨਸ਼ੀਲ ਰਹਿੰਦੀਆਂ ਹਨ। ਜੇ ਕੁੱਝ ਹੋਰ ਨਾ ਹੱਥ ਲੱਗੇ ਤਾਂ ਸਿੱਖਾਂ ਵਿੱਚ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਖਾਨਾਜੰਗੀ ਦਾ ਨਾਮ ਦੇਕੇ ਭਾਰਤੀ ਏਜੰਸੀਆਂ ਆਪਣੇ ਆਪ ਨੂੰ ਸੁਰਖਰੂ ਰੱਖਦੀਆਂ ਹਨ।

ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੇ ਸਿੱਖ ਗੱਭਰੂਆਂ ਨੂੰ ਨਸ਼ੇ ਦੀ ਇੱਲਤ ਵਿੱਚ ਸ਼ਾਮਲ ਕਰਕੇ ਇੱਕ ਤਾਂ ਉਹਨਾਂ ਨੂੰ ਵਿਦੇਸ਼ੀ ਹਕੂਮਤ ਦੀ ਨਜ਼ਰ ਵਿੱਚ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਨਾਲ ਹੀ ਉਹਨਾਂ ਨੂੰ ਆਪਸੀ ਮੁੱਠਭੇੜਾਂ ਵਿੱਚ ਸ਼ਾਮਲ ਕਰਕੇ ਇੱਕ ਜਾਹਲ ਅਤੇ ਬਦਨਾਮ ਕੌਮ ਦਾ ਕ¦ਕ ਲਾਉਣ ਦਾ ਯਤਨ ਕੀਤਾ ਗਿਆ ਹੈ। ਜਿੱਥੇ ਪੰਜਾਬ ਵਿੱਚ ਜਾਂ ਇਹ ਕਹੀਏ ਕਿ ਸਮੁੱਚੇ ਭਾਰਤ ਵਿੱਚ ਭਾਰਤੀ ਨਿਜ਼ਾਮ ਨੇ ਹਜਾਰਾਂ ਬੇਗੁਨਾਹ ਸਿੱਖ ਬੱਚਿਆਂ ਨੂੰ ਮਾਰ ਮੁਕਾਇਆ ਹੈ ਕੁੱਝ ਕਿਸਮਤ ਨਾਲ ਇਹਨਾਂ ਦਾ ਸ਼ਿਕਾਰ ਹੋਣੋ ਬੱਚਕੇ ਕਿਸੇ ਤਰੀਕੇ ਵਿਦੇਸ਼ੀ ਧਰਤੀ ਤੇ ਜਾ ਟਿਕੇ ਹਨ। ਹੁਣ ਭਾਰਤੀ ਏਜੰਸੀਆਂ ਦੀ ਅੱਖ ਉਹਨਾਂ ਸਿੱਖ ਗੱਭਰੂਆਂ ਤੇ ਹੈ ਬੇਸ਼ੱਕ ਅੱਜ ਉਹ ਜਵਾਨੀ ਦੀਆਂ ਹੱਦਾਂ ਪਾਰ ਕਰਕੇ ਬੁੱਢੇ ਪੇਵਲ ਨੂੰ ਵੱਧ ਰਹੇ ਹਨ ਪਰ ਉਹਨਾ ਦੇ ਅੰਦਰਲੀ ਪੰਥਕ ਸੋਚ, ਕੌਮੀ ਜ਼ਜ਼ਬਾ ਅਤੇ ਭਾਰਤੀ ਨਿਜਾਮ ਵੱਲੋਂ ਦਿੱਤੇ ਗਹਿਰੇ ਜਖਮਾਂ ਪ੍ਰਤੀ ਰੋਹ ਬਰਾਬਰ ਬਰਕਰਾਰ ਹੈ। ਉਹਨਾਂ ਮੁਲਕਾਂ ਵਿੱਚ ਲਿਖਣ ਬੋਲਣ ਦੀ ਮੁਕੰਮਲ ਅਜਾਦੀ ਕਰਕੇ ਅੱਜ ਅਜਿਹੇ ਅਣਖੀ ਨੌਜਵਾਨ ਸਮੇਂ ਸਮੇਂ ਭਾਰਤੀ ਨਿਜ਼ਾਮ ਦੀਆਂ ਵਧੀਕੀਆਂ ਜਾਂ ਭੂਤਕਾਲ ਵਿੱਚ ਵਾਪਰੇ ਦੁਖਾਂਤ ਨੂੰ ਬੜੀ ਬੇਬਾਕੀ ਨਾਲ ਲਿਖਦੇ ਤੇ ਬਿਆਨ ਕਰਦੇ ਹਨ ਜਿਸ ਤੋਂ ਭਾਰਤੀ ਨਿਜ਼ਾਮ ਬਹੁਤ ਵੱਡਾ ਖਤਰਾ ਮਹਿਸੂਸ ਕਰ ਰਿਹਾ ਹੈ ਇਸ ਕਰਕੇ ਉਹ ਹਰ ਹੀਲੇ ਸਿੱਖ ਨੌਜਵਾਨਾਂ ਨੂੰ ਜਾਂ ਤਾਂ ਖਤਮ ਕਰ ਦੇਣਾ ਚਾਹੁੰਦਾ ਹੈ ਜਾਂ ਫਿਰ ਉਹਨਾ ਦੀ ਸੋਚ ਵਿੱਚ ਬਦਲਾਅ ਕਰਕੇ ਉਹਨਾਂ ਨੂੰ ਰੂਹ ਤੋਂ ਰਹਿਤ ਸਿੱਖ ਸਾਬਤ ਕਰਨਾ ਚਾਹੁੰਦਾ ਹੈ।

ਬੀਤੇ ਦਿਨੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਅਤੇ 7 ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਭੁੱਖ ਹੜਤਾਲ ਉਪਰ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਜਵਾਈ ਭਾਈ ਸਤਿੰਦਰ ਸਿੰਘ ਭੋਲਾ ਦਾ ਅਮਰੀਕਾ ਦੇ ਸ਼ਿਕਾਗੋ ਵਿੱਚ ਹੋਇਆ ਕਤਲ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਰਤੀ ਏਜੰਸੀਆਂ ਨੇ ਵਿਦੇਸ਼ੀ ਧਰਤੀ 'ਤੇ ਸਿੱਖ ਨੌਜਵਾਨਾਂ ਦਾ ਸਿੱਧੇ ਰੂਪ ਵਿੱਚ ਪਿੱਛਾ ਕਰਨਾ ਆਰੰਭ ਦਿੱਤਾ ਹੈ। ਅਜਿਹੇ ਮੌਕੇ ਜਦੋਂ ਬਾਪੂ ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੋਵੇ ਅਤੇ ਉਸਦੀ ਬੇਟੀ ਬੀਬਾ ਸਰਵਰਿੰਦਰ ਕੌਰ ਜਿਹੜੀ ਕਿ ਕੁਰਬਾਨ ਹੋ ਰਹੇ ਆਪਣੇ ਪਿਤਾ ਨਾਲ 7 ਮਹੀਨੇ ਪਰਛਾਵੇਂ ਵਾਂਗੂੰ ਰਹੀ ਹੋਵੇ ਉਸਦੇ ਪਤੀ ਦਾ ਕਤਲ ਸਿੱਖ ਪੰਥ ਵਾਸਤੇ ਮਹਾ ਚਿੰਤਾਜਨਕ ਹੈ। ਕੁੱਝ ਦਿਨ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੁੱਝ ਪੰਥਕ ਕਹਾਉਣ ਵਾਲੇ ਨੇਤਾਵਾਂ ਨੇ ਬਾਪੂ ਖਾਲਸਾ ਪ੍ਰਤੀ ਹਮਖਿਆਲ ਬਿਆਨ ਦਿੱਤੇ ਕਿ ਬਾਪੂ ਖਾਲਸਾ ਮਰਨ ਵਰਤ ਦਾ ਡਰਾਮਾ ਕਰਕੇ ਸਿੱਖ ਕੌਮ ਨਾਲ ਧੋਖਾ ਕਰ ਰਹੇ ਹਨ। ਸਰਕਾਰ ਨੇ ਪਹਿਲਾਂ ਬਾਪੂ ਖਾਲਸਾ ਨੂੰ ਡਰਾਉਣ ਧਮਕਾਉਣ ਦਾ ਯਤਨ ਕੀਤਾ ਲੇਕਿਨ ਕਿਸੇ ਤਰ੍ਹਾਂ ਦੇ ਛੱਲ ਜਾਂ ਡਰਾਵੇ ਵਿੱਚ ਨਾ ਆਉਣ ਕਰਕੇ ਹੁਣ ਇਹ ਟੇਡਾ ਢੰਗ ਅਪਣਾਇਆ ਗਿਆ ਹੈ ਤਾਂ ਕਿ ਪਰਿਵਾਰ ਉਤੇ ਅਜਿਹੀ ਸੱਟ ਵੱਜੇ ਜਿਸ ਨਾਲ ਉਹਨਾਂ ਦਾ ਕੁਰਬਾਨੀ ਵਾਲਾ ਜਜ਼ਬਾ ਪ੍ਰਭਾਵਿਤ ਹੋਕੇ ਮਰਨ ਵਰਤ ਅੱਧਵੱਟੇ ਹੀ ਟੁੱਟ ਜਾਵੇ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਭਾਵੇਂ ਭਾਰਤੀ ਏਜੰਸੀਆਂ ਨੇ ਬਾਪੂ ਖਾਲਸਾ ਦਾ ਏਡਾ ਵੱਡਾ ਨੁਕਸਾਨ ਕੀਤਾ ਹੈ ਪਰ ਫੇਰ ਵੀ ਉਹਨਾਂ ਦੇ ਜਜ਼ਬੇ ਜਾਂ ਦ੍ਰਿੜਤਾ ਨੂੰ ਕੋਈ ਆਂਚ ਨਹੀਂ ਆਈ ਸਗੋਂ ਉਹਨਾਂ ਨੇ ਇਸ ਨੂੰ ਗੁਰੂ ਦਾ ਭਾਣਾ ਆਖਕੇ ਪ੍ਰਵਾਨ ਕਰਦਿਆਂ ਆਪਣੇ ਕਾਰਜ ਪ੍ਰਤੀ ਆਪਣੀ ਦ੍ਰਿੜਤਾ ਪ੍ਰਗਟ ਕੀਤੀ ਹੈ।

ਭਾਈ ਭੋਲਾ ਦਾ ਕਤਲ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਇਲਾਕੇ ਵਿੱਚ ਹੋਇਆ ਹੈ ਜਿੱਥੋਂ ਉਹ ਚੋਣ ਲੜ ਕੇ ਅਮਰੀਕਾ ਦੇ ਸਰਵਉਚ ਅਹੁੱਦੇ ਤੇ ਪਹੁੰਚੇ ਸਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਅਮਰੀਕਾ ਵਿੱਚ ਮਾਰਧਾੜ ਦਾ ਮਾਫੀਆ ਸਭ ਤੋਂ ਜਿਆਦਾ ਸ਼ਿਕਾਗੋ ਇਲਾਕੇ ਵਿੱਚ ਹੀ ਹੈ। ਭਾਈ ਭੋਲਾ ਦੇ ਕੋਲੋਂ ਕੋਈ ਚੀਜ਼ ਕਤਲ ਤੋਂ ਬਾਅਦ ਨਾ ਖੋਹਣ ਤੋਂ ਸਪਸ਼ਟ ਹੈ ਕਿ ਕਾਤਲ ਸਿਰਫ ਤੇ ਸਿਰਫ ਭਾਈ ਭੋਲਾ ਦੀ ਜਾਨ ਲੈਣ ਲਈ ਹੀ ਆਏ ਸਨ। ਇਸ ਕਰਕੇ ਇਸ ਕਤਲ ਨੂੰ ਉਥੋਂ ਦੇ ਲੁੱਟਮਾਰ ਦੇ ਮਾਫੀਆ ਨਾਲ ਕਿਸੇ ਵੀ ਤਰ੍ਹਾਂ ਜੋੜਕੇ ਨਹੀਂ ਦੇਖਿਆ ਜਾ ਸਕਦਾ। ਇੱਕ ਗੱਲ ਬੜੀ ਸਪਸ਼ਟ ਹੈ ਕਿ ਉਹ ਮਾਫੀਆ ਜਿਹੜਾ ਭਾੜੇ ਦੇ ਕਤਲ ਵੀ ਕਰਦਾ ਹੈ, ਉਹਨਾਂ ਤੋਂ ਕਿਸ ਨੇ ਭਾੜਾ ਦੇਕੇ ਇਹ ਕਤਲ ਨੂੰ ਅੰਜਾਮ ਦਿੱਤਾ ਹੈ ਇਹ ਗੱਲ ਸਾਹਮਣੇ ਆਉਣ ਤੇ ਕਈ ਗੰਢਾਂ ਖੁੱਲਣ ਦੀ ਸੰਭਾਵਨਾ ਹੈ। ਇਹ ਕਤਲ ਸਧਾਰਨ ਕਤਲ ਨਹੀਂ ਹੈ। ਭਾਈ ਭੋਲਾ ਨੂੰ ਕਤਲ ਕਰਨ ਪਿੱਛੇ ਹੋ ਸਕਦਾ ਹੈ ਕਿ ਖਾੜਕੂਆਂ ਦੀ ਆਪਸੀ ਲੜਾਈ ਦਾ ਵੀ ਨਾਮ ਦਿੱਤਾ ਜਾਵੇ। ਪਰ ਇੱਥੇ ਇਹ ਸਪਸ਼ਟ ਕਰਨਾ ਵੀ ਬੜਾ ਜਰੂਰੀ ਹੈ ਕਿ ਜਿਹੜੇ ਖਾੜਕੂ ਅਜਿਹੀ ਭਰਾ ਮਾਰੂ ਜੰਗ ਵਿੱਚ ਅਤੇ ਅਜਿਹੇ ਮੌਕੇ ਤੇ, ਜਦੋਂ ਕੋਈ ਕੁਰਬਾਨੀ ਦੇ ਰਾਹ ਤੁਰਿਆ ਜਾ ਰਿਹਾ ਹੋਵੇ, ਉਸਦੇ ਰਾਹ ਵਿੱਚ ਉਸਦੇ ਦਮਾਦ ਦੀ ਲਾਸ਼ ਸਿੱਟਕੇ ਰਸਤਾ ਰੋਕਣ ਦਾ ਯਤਨ ਕਰਨ, ਉਹ ਕਦੇ ਸਿੱਖ ਕਹਾਉਣ ਦੇ ਜਾਂ ਸਿੱਖ ਖਾੜਕੂ ਅਖਵਾਉਣ ਦੇ ਹੱਕਦਾਰ ਨਹੀਂ ਹੋ ਸਕਦੇ। ਦਰਅਸਲ ਉਹ ਲੋਕ ਵੀ ਸਿੱਧੇ ਰੂਪ ਵਿੱਚ ਭਾਰਤੀ ਏਜੰਸੀਆਂ ਦੇ ਕਰਿੰਦੇ ਹਨ ਅਤੇ ਅਜਿਹੇ ਕੰਮ ਕਰਕੇ ਸਿੱਖ ਪੰਥ ਨੂੰ ਸਮਾਂ ਦਰ ਸਮਾਂ ਨੁਕਸਾਨ ਪਹੁੰਚਾਉਂਦੇ ਰਹੇ ਹਨ।

ਕੋਈ ਸ਼ੱਕ ਨਹੀਂ ਕਿ ਇਹ ਕਤਲ ਬੜਾ ਵੱਡਾ ਇੱਕ ਸਿਆਸੀ ਕਤਲ ਹੈ। ਜਿਸ ਨਾਲ ਸਿੱਖ ਸੰਘਰਸ਼ ਨੂੰ ਸੱਟ ਮਾਰਨ ਦਾ ਯਤਨ ਕੀਤਾ ਗਿਆ ਹੈ। ਇਹ ਵੀ ਸੱਚ ਹੈ ਕਿ ਇਹ ਕਤਲ ਅਮਰੀਕਾ ਦੀ ਧਰਤੀ ਤੇ ਹੋਇਆ ਹੈ ਅਤੇ ਭਵਿੱਖ ਵਿੱਚ ਅਜਿਹੇ ਹੋਰ ਕਤਲ ਪੰਜਾਬ ਦੀ ਧਰਤੀ ਤੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਦਾ ਵਰਤਾਰਾ ਪੰਜਾਬ ਵਿੱਚ ਵਰਤ ਰਿਹਾ ਹੈ ਅਤੇ ਉਸਦੇ ਖਿਲਾਫ ਸਿੱਖ ਪੰਥ ਵਿੱਚ ਇੱਕ ਰੋਹ ਅਤੇ ਵਿਦ੍ਰੋਹ ਪੈਦਾ ਹੋ ਰਿਹਾ ਹੈ ਨੂੰ ਰੋਕਣ ਵਾਸਤੇ ਭਾਰਤੀ ਖੂਫੀਆ ਤੰਤਰ ਕੋਈ ਵੀ ਫੈਸਲਾ ਲੈ ਸਕਦਾ ਹੈ ਜਿਸ ਨਾਲ ਸੰਘਰਸ਼ੀ ਲੋਕਾਂ ਅਤੇ ਕਲਮੀ ਕਾਮਿਆਂ ਦਾ ਸ਼ਿਕਾਰ ਹੋਣਾ ਵੀ ਸੰਭਵ ਹੈ।

ਇਸ ਲਈ ਅੱਜ ਸਮੁੱਚੇ ਸਿੱਖ ਪੰਥ ਨੂੰ ਭਾਈ ਭੋਲਾ ਦੇ ਕਤਲ ਦਾ ਗੰਭੀਰ ਨੋਟਿਸ ਲੈਕੇ ਇੱਕ ਚਿੰਤਨ ਮੰਥਨ ਕਰਨਾ ਚਾਹੀਦਾ ਹੈ ਕਿ ਭਾਰਤੀ ਨਿਜ਼ਾਮ ਵੱਲੋਂ ਸਾਡੀ ਨਸਲੀ ਸਫਾਈ ਲਈ ਵਿੱਢੀ ਇਸ ਮੁਹਿੰਮ ਦਾ ਅਸੀਂ ਕਿਸ ਤਰੀਕੇ ਜਵਾਬ ਦੇਣਾ ਹੈ ਅਤੇ ਆਪਣੀ ਕੌਮ ਵਾਸਤੇ ਲੜਾਈ ਲੜ ਰਹੇ ਜਾਂ ਕੌਮ ਨੂੰ ਸੇਧ ਦੇਣ ਵਾਲੇ ਲੋਕਾਂ ਨੂੰ ਭਾਰਤੀ ਨਿਜਾਮ ਦੀਆਂ ਜਾਂ ਭਾਰਤੀ ਖੂਫੀਆ ਤੰਤਰ ਦੀਆਂ ਅਜਿਹੀਆਂ ਮਾਰੂ ਨੀਤੀਆਂ ਤੋਂ ਕਿਵੇਂ ਬਚਾਕੇ ਰੱਖਣਾ ਹੈ। ਇਸ ਵਿੱਚ ਸਭ ਤੋਂ ਵੱਡੀ ਲੋੜ ਕੌਮੀ ਏਕੇ ਦੀ ਹੈ ਜਿਹੜਾ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਅਤੇ ਇਹ ਹੀ ਵੱਡਾ ਕਾਰਨ ਹੈ ਕਿ ਸਾਡੀ ਪਾਟੋਧਾੜ ਕਾਤਲ ਨੂੰ ਹਥਿਆਰ ਤਿੱਖੇ ਕਰਕੇ ਸਾਡੇ ਵੇਹੜੇ ਆਉਣ ਦਾ ਸੱਦਾ ਦੇ ਰਹੀ ਹੈ। ਹੁਣ ਕੌਮ ਨੂੰ ਜਾਗਣਾ ਪਵੇਗਾ, ਇੱਕਮੁੱਠ ਅਤੇ ਇੱਕ ਸੁਰ ਹੋਕੇ ਕੌਮ ਦੇ ਭਵਿੱਖ ਅਤੇ ਕੌਮੀ ਆਗੂਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੁੱਝ ਸੋਚਣਾ ਪਵੇਗਾ। ਜੇ ਅਸੀਂ ਹਾਲੇ ਵੀ ਨਾ ਸਮਝੇ ਤਾਂ ਫੇਰ ਹਰ ਰੋਜ਼ ਕੋਈ ਨਾ ਕੋਈ ਭੋਲਾ ਕਿਸੇ ਅਣਪਛਾਤੇ ਚਾਕੂ ਦੀ ਭੇਂਟ ਚੜਕੇ ਸਾਥੋਂ ਵਿਛੜਦਾ ਰਵੇਗਾ ਅਤੇ ਅਸੀਂ ਹੌਲੀ ਹੌਲੀ ਅੱਣਖੀਂ ਲੋਕਾਂ ਦੀ ਅਨਹੌਂਦ ਕਰਕੇ ਬੇਅੱਣਖਿਆਂ ਦੀ ਕਤਾਰ ਵਿੱਚ ਸ਼ਾਮਲ ਹੁੰਦੇ ਜਾਵਾਂਗੇ। ਸਾਡੇ ਸੰਭਲਣ ਦਾ ਵੇਲਾ ਹੈ ਜੇ ਅਸੀਂ ਉਦਮ ਕਰੀਏ ਤਾਂ ਗੁਰੂ ਵੀ ਸਾਡੇ ਤੇ ਮੇਹਰ ਦੀ ਨਦਰ ਕਰੇਗਾ। ਗੁਰੂ ਰਾਖਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top