Share on Facebook

Main News Page

ਸਿੱਖੀ ਬ੍ਰਾਹਮਣਵਾਦ ਦੇ ਚੁੰਗਲ ‘ਚ
-: ਨਿਰਮਲ ਸਿੰਘ ਕੰਧਾਲਵੀ

ਹਰਿਆਣਾ ਵਿਚ ਪੰਜੋਖਰਾ ਦੇ ਗੁਰਦੁਆਰੇ ਦੇ ਮੈਨੇਜਰ ਦਾ ਨੋਟਿਸ ਖ਼ਾਲਸਾ ਨਿਊਜ਼ ‘ਤੇ ਪੜ੍ਹਿਆ, ਜਿਸ ਵਿਚ ਉਸਨੇ ਕੁਝ ਹੁਕਮ ਕੀਤੇ ਹਨ, ਜਿਨ੍ਹਾਂ ‘ਚ ਦਾੜ੍ਹੀ ਬੰਨ੍ਹਣ, ਰੰਗਣ ਅਤੇ ਕੱਟਣ ਵਾਲੇ ਤੋਂ ਇਲਾਵਾ ਚਮੜੇ ਦੀ ਬੈਲਟ ਬੰਨ੍ਹਣ ਵਾਲਾ ਤੇ ਪੈਂਟ ਕਮੀਜ਼ ਪਹਿਨਣ ਵਾਲ਼ਾ ਵੀ ਗੁਰੂ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦਾ।

ਪਹਿਲਾਂ ਤਾਂ ਦੇਖਣ ਵਾਲ਼ੀ ਗੱਲ ਹੈ ਕਿ ਇਸ ਛੋਟੇ ਜਿਹੇ ਨੋਟਿਸ ਵਿਚ ਲਿਖਾਈ ਦੀਆਂ ਘੱਟੋ ਘੱਟ ਪੰਦਰਾਂ ਗ਼ਲਤੀਆਂ ਹਨ। ਮੇਰੇ ਖ਼ਿਆਲ ‘ਚ ਇਹੋ ਜਿਹੇ ਨੋਟਿਸਾਂ ਦੇ ਪਿੱਛੇ ਬ੍ਰਾਹਮਣਵਾਦੀ ਸੋਚ ਕੰਮ ਕਰਦੀ ਲਗਦੀ ਹੈ, ਕਿਉਂਕਿ ਹਿੰਦੂ ਮੰਦਰਾਂ ਵਿਚ ਚਮੜੇ ਦੀ ਬੈਲਟ ਅਤੇ ਚਮੜੇ ਦਾ ਬਟੂਆ ਨਹੀਂ ਜਾਣ ਦਿੰਦੇ।

ਕਈ ਸਾਲ ਪਹਿਲਾਂ ਚੰਡੀਗੜ੍ਹ ਰਹਿੰਦਿਆਂ ਇਸ ਬਾਰੇ ਮੇਰੇ ਇਕ ਸਹਿਕਰਮੀ ਨੇ ਮੈਨੂੰ ਦੱਸਿਆ ਸੀ, ਜੋ ਕਿ ਨੈਣਾਂ ਦੇਵੀ ਦੇ ਮੰਦਰ ਦੇ ਦਰਸ਼ਨਾਂ ਲਈ ਗਿਆ ਸੀ, ਕਿ ਉਹਦੀ ਬੈਲਟ ਤੇ ਬਟੂਆ ਮੰਦਰ ਦੇ ਅੰਦਰ ਜਾਣ ਤੋਂ ਪਹਿਲਾਂ ਬਾਹਰ ਰਖਵਾ ਲਏ ਗਏ ਸਨ। ਚਲੋ, ਬ੍ਰਾਹਮਣ ਨੂੰ ਇਹ ਮੁਬਾਰਕ, ਪਰ ਪਤਾ ਨਹੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਲੋਕ ਸਿੱਖੀ ਵਿਚ ਇਹੋ ਜਿਹੇ ਕਰਮ-ਕਾਂਡ ਕਿਉਂ ਘਸੋੜੀ ਜਾ ਰਹੇ ਹਨ। ਜੇ ਚਮੜੇ ਦੀ ਬੈਲਟ ਬੰਨ੍ਹਣ ਵਾਲ਼ਾ ਤਾਬਿਆ ਨਹੀਂ ਬੈਠ ਸਕਦਾ ਤਾਂ ਫਿਰ ਉਹ ਵਿਅਕਤੀ ਆਪਣੇ ਤਨ ਦੇ ਚਮੜੇ ਦਾ ਕੀ ਕਰੇਗਾ? ਤਨ ਦਾ ਚਮੜਾ ਕਿੱਥੇ ਸੁੱਟ ਕੇ ਆਏਗਾ? ਗੁਰੂ ਮਹਾਰਾਜ ਤੋਂ ਥੋੜ੍ਹੀ ਦੂਰੀ ‘ਤੇ ਹੀ ਸਟੇਜ ‘ਤੇ ਚਮੜੇ ‘ਚ ਮੜ੍ਹਿਆ ਤਬਲਾ ਤੇ ਢੋਲਕੀ ਪਈ ਹੁੰਦੀ ਹੈ ਉਸ ਦਾ ਕੀ ਕਰੋਗੇ? ਹਰਮੋਨੀਅਮ ਦਾ ਪੱਖਾ ਵੀ ਚਮੜੇ ‘ਚ ਮੜ੍ਹਿਆ ਹੁੰਦਾ ਹੈ। ਪੁਰਾਣੇ ਬਜ਼ੁਰਗ਼ਾਂ ਨੂੰ ਪੁੱਛ ਕੇ ਦੇਖੋ ਕਿ ਰੈਕਸੀਨ ਦੀ ਕਾਢ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬੀੜ ਦੀ ਜਿਲਦ ਵਿਚ ਵੀ ਚਮੜਾ ਵਰਤਿਆ ਜਾਂਦਾ ਸੀ। ਨਕਲੀ ਵਾਲ਼ਾਂ ਦੀ ਈਜਾਦ ਤੋਂ ਪਹਿਲਾਂ ਪਹਾੜੀ ਗਊ ਦੀ ਪੂਛ ਦਾ ਚੌਰ ਬਣਾਇਆ ਜਾਂਦਾ ਸੀ। ਪੁਰਾਣੇ ਸਮਿਆਂ ‘ਚ ਚਮੜੇ ਦੀ ਮਸ਼ਕ ਵਿਚ ਭਰਿਆ ਹੋਇਆ ਪਾਣੀ ਹੀ ਸਭ ਲੋਕ ਪੀਂਦੇ ਸਨ। ਭਾਈ ਘਨੱਈਆ ਜੀ ਚਮੜੇ ਦੀ ਮਸ਼ਕ ਨਾਲ਼ ਹੀ ਮੈਦਾਨੇ-ਜੰਗ ਵਿਚ ਪਾਣੀ ਪਿਆਉਂਦੇ ਸਨ। ਏਸ ਮੈਨੇਜਰ ਦੇ ਹੁਕਮਾਂ ਮੁਤਾਬਕ ਤਾਂ ਚਮੜੇ ਦੀ ਮਸ਼ਕ ਵਾਲ਼ਾ ਪਾਣੀ ਪੀਣ ਨਾਲ਼ ਸਭ ਦੇ ਜਨਮ ਭ੍ਰਿਸ਼ਟੇ ਗਏ। ਮੌਜੂਦਾ ਸਮੇਂ ‘ਚ ਵੀ ਨਲਕਿਆਂ ਵਿਚ ਚਮੜੇ ਦੀ ਬੋਕੀ ਹੁੰਦੀ ਹੈ।

ਹੁਣ ਕਈ ਥਾਈਂ ਜੁਰਾਬਾਂ ਦਾ ਹੁਕਮ ਵੀ ਚਾੜ੍ਹਿਆ ਜਾਂਦਾ ਹੈ। ਇਕ ਗੁਰਦੁਆਰੇ ਵਿਚ ਤਾਂ ਜੁਰਾਬਾਂ ਪਾ ਕੇ ਗੁਰੂ ਮਹਾਰਾਜ ਦੀ ਪ੍ਰਕਰਮਾ ਕਰਨੀ ਵੀ ਮਨ੍ਹਾਂ ਹੈ। ਮੈਂ ਇਕ ਪ੍ਰਬੰਧਕ ਬਾਰੇ ਜਾਣਦਾ ਹਾਂ ਜਿਸ ਨੂੰ ਦਸ ਗੁਰੂ ਸਾਹਿਬਾਨ ਦੇ ਨਾਮ ਵੀ ਨਹੀਂ ਪਤਾ। ਉਸਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿਚ ਕੀ ਫ਼ਰਕ ਹੈ, ਪਰ ਗੁਰਦੁਆਰੇ ‘ਚ ਉਹ ਆਪਣੀ ਬਣਾਈ ਹੋਈ ਮਰਯਾਦਾ ਠੋਸਦਾ ਹੈ। ਰਾਤ ਨੂੰ ਸੁੱਤੇ ਪਏ ਦੇ ਜਿਹੜੀ ਗੱਲ ਦਿਮਾਗ਼ ‘ਚ ਆ ਜਾਵੇ ਸਵੇਰੇ ਜਾ ਕੇ ਉਸ ਨੂੰ ਮਰਯਾਦਾ ਬਣਾ ਦਿੰਦਾ ਹੈ। ਕੁਝ ਸਾਲ ਪਹਿਲਾਂ ਗੁਰਦੁਆਰਾ ਸਾਹਿਬ ‘ਚ ਇਕ ਵਿਆਹ ‘ਤੇ ਵੀਡੀਓਗ੍ਰਾਫ਼ਰ ਫ਼ਿਲਮ ਬਣਾ ਰਿਹਾ ਸੀ। ਿੲਸ ‘ਮਰਯਾਦਾ ਪੁਰਸ਼ੋਤਮ’ ਨੇ ਵੀਡੀਓ ਵਾਲ਼ੇ ਨੂੰ ਫ਼ੁਰਮਾਨ ਚਾੜ੍ਹ ਦਿਤਾ ਕਿ ਉਹ ਆਪਣੀਆਂ ਜੁਰਾਬਾਂ ਉਤਾਰੇ। ਵੀਡੀਓ ਵਾਲ਼ੇ ਨੇ ਗੰਦੀਆਂ ਜੁਰਾਬਾਂ ਉਤਾਰ ਕੇ ਆਪਣੀ ਜੈਕਟ ਦੀਆਂ ਜੇਬਾਂ ‘ਚ ਪਾ ਲਈਆਂ ਤੇ ਪਾਲਕੀ ਦੇ ਆਲ਼ੇ ਦੁਆਲੇ ਘੁੰਮ ਕੇ ਵੀਡੀਓ ਬਣਾਉਣ ਲੱਗਾ। ਇਹ ਚੌਧਰੀ ਖ਼ੁਸ਼ ਸੀ ਕਿ ਉਸ ਨੇ ਗੁਰਦੁਆਰੇ ਦੀ ਮਰਯਾਦਾ ਬਚਾ ਲਈ ਸੀ।

ਇਕ ਹੋਰ ਗੁਰਦੁਆਰਾ ਸਾਹਿਬ ‘ਚ ਮ੍ਰਿਤਕ ਦੀ ਅੰਤਿਮ ਅਰਦਾਸ ਸਮੇਂ ਗੁਰਦੁਆਰੇ ਦੀ ਸਟੇਜ ਨਾ ਦੇ ਕੇ ਬੁਲਾਰਿਆਂ ਦੇ ਬੋਲਣ ਲਈ ਸਟੇਜ ਸਕੱਤਰ ਨੇ ਮਾਈਕ੍ਰੋਫੋਨ ਸਟੈਂਡ ਸੰਗਤ ਵਿਚ ਹੀ ਲਿਆ ਰੱਖਿਆ। ਸਟੇਜ ਉਥੋਂ ਦਸ ਬਾਰਾਂ ਫੁੱਟ ਦੂਰ ਸੀ ਜਿੱਥੇ ਨੋਟਿਸ ਲੱਗਾ ਹੋਇਆ ਸੀ ਕਿ ਸਟੇਜ ‘ਤੇ ਜਾਣ ਤੋਂ ਪਹਿਲਾਂ ਜੁਰਾਬਾਂ ਉਤਾਰੋ। ਪਹਿਲੇ ਬੁਲਾਰੇ ਦਾ ਨਾਂ ਬੋਲਿਆ ਗਿਆ। ਉਹ ਵਿਚਾਰਾ ਕੰਬਦਾ ਕੰਬਦਾ ਸਟੇਜ ‘ਤੇ ਆਇਆ ਤੇ ਅਜੇ ਉਸ ਨੇ ਫ਼ਤਿਹ ਵੀ ਨਹੀਂ ਸੀ ਸਾਂਝੀ ਕੀਤੀ ਕਿ ਸਟੇਜ ਸਕੱਤਰ ਨੇ ਬੜੀ ਖਰ੍ਹਵੀ ਆਵਾਜ਼ ਵਿਚ ਜੁਰਾਬਾਂ ਉਤਾਰਨ ਦਾ ਨਾਦਰਸ਼ਾਹੀ ਫ਼ੁਰਮਾਨ ਨਾਜ਼ਲ ਕਰ ਦਿਤਾ ਕਿ ਸਟੇਜ ‘ਤੇ ਜਾਣ ਤੋਂ ਪਹਿਲਾਂ ਉਹ ਆਪਣੀਆਂ ਜੁਰਾਬਾਂ ਉਤਾਰੇ। ਸਾਰੇ ਹੈਰਾਨ ਸਨ ਕਿ ਸਟੇਜ ਤਾਂ ਉੱਥੋਂ ਕਾਫ਼ੀ ਦੂਰ ਸੀ, ਸਟੇਜ ਸਕੱਤਰ ਕਿਹੜੀ ਸਟੇਜ ਦੀ ਗੱਲ ਕਰ ਰਿਹਾ ਸੀ। ਗ਼ਮਗੀਨ ਮਾਹੌਲ ਹੋਣ ਕਰ ਕੇ ਕਿਸੇ ਨੇ ਵੀ ਇਸ ਮਸਲੇ ਨੂੰ ਤੂਲ਼ ਨਾ ਦਿੱਤੀ। ਬੁਲਾਰਾ ਵਿਚਾਰਾ ਤਾਂ ਪਹਿਲਾਂ ਹੀ ਘਬਰਾਇਆ ਹੋਇਆ ਸੀ, ਉਸ ਨੇ ਕੰਬਦੇ ਹੱਥਾਂ ਨਾਲ਼ ਜੁਰਾਬਾਂ ਉਤਾਰ ਕੇ ਮਾਈਕ੍ਰੋਫੋਨ ਸਟੈਂਡ ਦੇ ਕੋਲ਼ ਹੀ ਰੱਖ ਦਿਤੀਆਂ। ਲੱਥੀਆਂ ਹੋਈਆਂ ਜੁਰਾਬਾਂ ਵਿਚੋਂ ਏਨਾਂ ਮੁਸ਼ਕ ਆਇਆ ਕਿ ਆਲ਼ੇ ਦੁਆਲੇ ਬੈਠੇ ਲੋਕਾਂ ਨੂੰ ਰੁਮਾਲਾਂ ਨਾਲ਼ ਨੱਕ ਬੰਦ ਕਰਨੇ ਪਏ, ਪਰ ਸਟੇਜ ਸਕੱਤਰ ਖ਼ੁਸ਼ ਸੀ ਕਿ ਗੁਰਦੁਆਰੇ ਦੀ ਮਰਯਾਦਾ ਬਚ ਗਈ ਸੀ।

ਪਾਠਕ ਜਾਣਦੇ ਹਨ ਕਿ ਜਿਵੇ ਸਰੀਰ ਦੇ ਬਾਕੀ ਅੰਗ ਰੋਗੀ ਹੁੰਦੇ ਹਨ ਇਸੇ ਤਰ੍ਹਾਂ ਸਾਡੇ ਪੈਰਾਂ ਨੂੰ ਵੀ ਕਈ ਪ੍ਰਕਾਰ ਦੇ ਰੋਗ ਲਗਦੇ ਹਨ। ਇਹ ਗੱਲ ਵੀ ਮੰਨੀ ਹੋਈ ਸਚਾਈ ਹੈ ਕਿ ਬਹੁਤੇ ਲੋਕ ਮੂੰਹ ਦੀ ਲੀਪਾ-ਪੋਚੀ ਵਲ ਹੀ ਜ਼ਿਆਦਾ ਧਿਆਨ ਦਿੰਦੇ ਹਨ, ਪੈਰਾਂ ਦੀ ਸੰਭਾਲ ਨਹੀਂ ਕਰਦੇ। ਦਾਸ ਨੂੰ ਇਸ ਗੱਲ ਦਾ ਤਜਰਬਾ ਰੀਫਲੈਕਸੌਲੋਜੀ ਦਾ ਕੋਰਸ ਕਰਨ ਵੇਲੇ ਹੋਇਆ ਸੀ। ਕਈ ਲੋਕਾਂ ਦੇ ਪੈਰਾਂ ਨੂੰ ਉਂਜ ਵੀ ਪਸੀਨਾ ਬਹੁਤ ਆਉਂਦਾ ਹੈ, ਉਹਨਾਂ ਲੋਕਾਂ ਨੂੰ ਤਾਂ ਪੈਰਾਂ ਦੀ ਸਫ਼ਾਈ ਵਲ ਹੋਰ ਵੀ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜਿਹਨਾਂ ਲੋਕਾਂ ਦੇ ਪੈਰਾਂ ਨੂੰ ਕਿਸੇ ਪ੍ਰਕਾਰ ਦੀ ਬਿਮਾਰੀ ਲੱਗੀ ਹੁੰਦੀ ਹੈ ਜਦ ਉਹ ਨੰਗੇ ਪੈਰੀਂ ਕਿਧਰੇ ਜਾਂਦੇ ਹਨ ਤਾਂ ਉਸ ਬਿਮਾਰੀ ਦੇ ਜਰਾਸੀਮ ਫੈਲਾਉਂਦੇ ਹਨ। ਜੇ ਉਹਨਾਂ ਨੇ ਜੁਰਾਬਾਂ ਪਾਈਆਂ ਹੋਣਗੀਆਂ ਤਾਂ ਜਰਾਸੀਮਾਂ ਦੇ ਫ਼ੈਲਣ ਤੋਂ ਬਚਾ ਰਹੇਗਾ। ਮੈਂ ਆਪਣੇ ਜੀਵਨ ਵਿਚ ਐਸੇ ਪਾਠੀ ਮਹਾਰਾਜ ਦੀ ਤਾਬਿਆ ਬੈਠ ਕੇ ਪਾਠ ਕਰਦੇ ਦੇਖੇ ਹਨ, ਜਿਹਨਾਂ ਦੇ ਗੰਦੇ ਪੈਰਾਂ ਦੇ ਨਿਸ਼ਾਨ ਵਿਛਾਈ ਉੱਪਰ ਲੱਗ ਜਾਂਦੇ ਸਨ। ਹੋਣਾ ਤਾਂ ਇਹ ਚਾਹੀਦਾ ਹੈ ਕਿ ਪੈਰ ਚੰਗੀ ਤਰ੍ਹਾਂ ਧੋ ਕੇ ਸਾਫ਼ ਜੁਰਾਬਾਂ ਪਾ ਕੇ ਮਹਾਰਾਜ ਦੀ ਤਾਬਿਆ ਬੈਠਣਾ ਚਾਹੀਦਾ ਹੈ, ਤਾਂ ਕਿ ਜੇ ਕਿਸੇ ਦੇ ਪੈਰਾਂ ਨੂੰ ਕੋਈ ਰੋਗ ਵੀ ਹੋਵੇ ਤਾਂ ਉਸ ਦੇ ਜਰਾਸੀਮ ਨਾ ਫ਼ੈਲਣ।

ਇਹੋ ਜਿਹੇ ਫ਼ੁਰਮਾਨਾਂ ਦਾ ਸਿੱਖ ਸੰਗਤਾਂ ਨੂੰ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ। ਪਹਿਲਾਂ ਹੀ ਇਹਨਾਂ ਲੋਕਾਂ ਨੇ ਸਿੱਖੀ ਦੇ ਦੁੱਧ ਵਿਚ ਕਈ ਤਰ੍ਹਾਂ ਦਾ ਕਾਂਜੀ ਘੋਲ਼ ਦਿਤਾ ਹੈ। ਇਹ ਜਿਹੜਾ ਪੁਜਾਰੀ ਵਰਗ ਸਿੱਖੀ ‘ਚ ਖੜ੍ਹਾ ਹੋ ਗਿਆ ਹੈ, ਇਸ ਦੀ ਮਨਸ਼ਾ ਹੈ ਕਿ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੀ ਨਾ ਜਾਵੇ ਤੇ ਉਸ ਵਿਚ ਅੰਕਿਤ ਰੱਬੀ ਗਿਆਨ ਤੋਂ ਵਿਹੂਣਾ ਰਵ੍ਹੇ ਤੇ ਨਿੱਕੀ ਨਿੱਕੀ ਗੱਲ ਲਈ ਇਹਨਾਂ ਦੀ ਅਧੀਨਗੀ ਕਰੇ ਤੇ ਇਹਨਾਂ ਦੀਆਂ ਜੇਬਾਂ ਮਾਇਆ ਨਾਲ਼ ਭਰੇ। ਬ੍ਰਾਹਮਣ ਨੇ ਇਹੋ ਕੁਝ ਕੀਤਾ।

ਸਿੱਖੋ ਜਾਗੋ, ਆਪਣਾ ਘਰ ਬਚਾਉ, ਨਹੀਂ ਤਾਂ ਇਹ ਸਿੱਖੀ ਭੇਸ ‘ਚ ਪੰਡੇ ਸਭ ਕੁਝ ਤਹਿਸ ਨਹਿਸ ਕਰ ਦੇਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top