Share on Facebook

Main News Page

ਦਲਿਤਾਂ, ਕਿਰਤੀਆਂ, ਕਿਸਾਨਾਂ ਤੇ ਘੱਟ-ਗਿਣਤੀਆਂ ਨਾਲ ਨਜਿੱਠਣ ਦਾ ਬਾਣੀਆਵਾਦੀ ਢੰਗ-ਤਰੀਕਾ !
-:
ਦਲਬੀਰ ਸਿੰਘ ਪੱਤਰਕਾਰ
ਮੋਬਾਇਲ: 99145-71713
ਜਲੰਧਰ, 2 ਅਗਸਤ 2015

ਅੰਗਰੇਜ਼ ਦੇ ਜਾਣ ਪਿੱਛੋਂ 1947 ਵਿੱਚ ਭਾਰਤ ਦਾ ਰਾਜ ਭਾਗ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਬ੍ਰਾਹਮਣਾਂ ਨੇ ਸਾਂਭ ਲਿਆ। ਇਖ਼ਲਾਕ ਵਿਹੂਣੇ ਗਾਂਧੀ ਦੀ ਕਥਿਤ ‘ਸ਼ਾਂਤਮਈ’ ਰਾਜਨੀਤਿਕ ਸੇਧ ਦਾ ਹਵਾਲਾ ਦੇ ਕੇ ਨਹਿਰੂ ਨੇ ਕਾਮਰੇਡਾਂ ਵੱਲੋਂ ਗਰੀਬਾਂ ਦੇ ਹੱਕ ਵਿੱਚ ਚਲਾਈ ਗਈ ਹਥਿਆਰਬੰਦ ਲਹਿਰ ਨੂੰ ਗੋਲੀ-ਸਿੱਕੇ ਨਾਲ ਖਤਮ ਕੀਤਾ। 1964 ਤੋਂ ਲੈ ਕੇ 1984 ਤਾਈਂ ਉਨ੍ਹਾਂ ਦੀ ਬੇਟੀ ਇੰਦਰਾ ਗਾਂਧੀ ਨੇ ਵਿਧਾਨ ਕਨੂੰਨ ਨੂੰ ਤਿਲਾਂਜਲੀ ਦੇ ਕੇ ਫਿਰਕੂ ਫਸਾਦਾਂ ਰਾਹੀਂ ਅਤੇ ਛਿੱਤਰ ਨਾਲ ਰਾਜ ਕਰਕੇ ਮੌਤ ਸਹੇੜੀ।

21ਵੀਂ ਸਦੀ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਆਰ. ਐੱਸ. ਐੱਸ. ਦੇ ਬਲਬੂਤੇ ਤੇ ਬਾਣੀਏ ਨੇ ਰਾਜ ਭਾਗ ਸਾਂਭਿਆਵੱਡਾ ਮਸਲਾ ਇਨ੍ਹਾਂ ਲਈ ਅੱਜ ਘੱਟ ਗਿਣਤੀਆਂ ਭਾਵ (ਮੁਸਲਮਾਨਾਂ, ਸਿੱਖਾਂ, ਇਸਾਈਆਂ ਆਦਿ) ਨੂੰ ਆਪਣੀ ਗੁਲਾਮੀ ਹੇਠ ਰੱਖਣ ਦਾ ਹੈ। ਇਸ ਪ੍ਰਾਪਤੀ ਲਈ ਅਪਨਾਏ ਜਾਣ ਵਾਲੇ ਢੰਗਾਂ ਤੇ ਵਰਤਾਰਿਆਂ ਸਬੰਧੀ ਪਾਠਕਾਂ ਦਾ ਧਿਆਨ ਦੁਆਉਣਾ ਬਣਦਾ ਹੈ।

ਜਵਾਹਰ ਲਾਲ ਨਹਿਰੂ ਸਮੇਂ ਕਾਮਰੇਡਾਂ ਨੂੰ ‘ਖਾੜਕੂ’ ਕਹਿ ਕੇ ਕੁੱਟਿਆ ਗਿਆ ਅਤੇ ਘੱਟ ਗਿਣਤੀਆਂ ਨੂੰ ਫਿਰਕੂ ਕਹਿ ਕੇ ਕੰਮ ਸਾਰਿਆ ਗਿਆ। ਮਗਰੋਂ ਇਸਦਾ ਮੁੱਖ ਨਿਸ਼ਾਨਾ ਸਿੱਖਾਂ ਨੂੰ ਬਣਾ ਕੇ ‘ਅੱਤਵਾਦੀ ਤੇ ਵੱਖਵਾਦੀ’ ਦਾ ਠੱਪਾ ਲਾ ਕੇ ਰੱਜ ਕੇ ਗਿੱਦੜ ਕੁੱਟ ਹੀ ਨਹੀਂ ਕੀਤੀ ਗਈ, ਸਗੋਂ ਲੱਖਾਂ ਜਾਨਾਂ ਦੇ ਨਾਲ-ਨਾਲ ਹੋਰ ਬਹੁਤ ਅਮਾਨਵੀ ਵਰਤਾਰੇ ਵੀ ਕੀਤੇ ਗਏ। ਮੋਦੀਕਿਆਂ ਵੱਲੋਂ ਅੱਜ ਵੀ ਉਨ੍ਹਾਂ ਤੇ ਇਹ ਦੋਸ਼ ਉੱਦਾਂ ਹੀ ਖੜ੍ਹੇ ਹਨ, ਜਿਵੇਂ ਕਾਂਗਰਸੀਆਂ ਵੇਲੇ ਸਨ। ਪਰ ਮੁਸਲਮਾਨਾਂ ਨਾਲ ਨਜਿੱਠਣ ਲਈ ‘ਅੱਤਵਾਦੀ ਪਾਕਿਸਤਾਨ’ ਦਾ ਪੈਂਤੜਾ ਲਿਆ ਗਿਆ, ਕਿਉਂਕਿ ਭਾਰਤ ਅੰਦਰ ਮੁਸਲਮਾਨਾਂ ਦੀ ਗਿਣਤੀ ਲਗਭਗ 18 ਕਰੋੜ ਹੋਣ ਕਾਰਨ ਇਨ੍ਹਾਂ ਨੂੰ ਸਮੁੱਚੇ ਰੂਪ ਵਿੱਚ ਦੁਸ਼ਮਣ ਦੀ ਸਫਬੰਦੀ ਵਿੱਚ ਸੁੱਟਣਾ ਔਖਾ ਸੀ। ਪਰ ਸਿੱਖਾਂ ਦੇ ਸੰਦਰਭ ਵਿੱਚ ਇਹ ਸੌਖਾ ਸੀ। ਹੁਣ ਤੱਕ ਅਦਾਲਤਾਂ ਵੱਲੋਂ ਵੀ ਜੋ ਫੈਸਲੇ ਲਏ ਗਏ ਉਨ੍ਹਾਂ ਵਿੱਚ ਵਿਧਾਨ-ਕਾਨੂੰਨ ਦੀ ਉਲੰਘਣਾ ਵੱਡੇ ਰੂਪ ਵਿੱਚ ਹੁੰਦੀ ਰਹੀ। ਪਰ ਹਿੰਦੂਤਵੀ ਰਾਜਨੀਤਿਕ ਪ੍ਰਚਾਰਕ ਪੱਧਰ 'ਤੇ ਕਹਿੰਦੇ ਹਨ ਕਿ ‘ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ’। ਪਰ ਉਹ ਇਹ ਭੁੱਲਦੇ ਹਨ ਕਿ ਉਹ ਆਪ ਆਪਣੇ ਬਣਾਏ ਹੋਏ ਵਿਧਾਨ ਤੇ ਕਾਨੂੰਨ ਦੇ ਪਾਬੰਦ ਨਹੀਂ। ਜੋ ਇੱਕ ਧਾਰਮਿਕ ਵਚਨਬੱਧਤਾ ਤੋਂ ਵੀ ਵੱਡੀ ਉਲੰਘਣਾ ਹੈ। ਕਿਉਂਕਿ ਲਗਭਗ ਸਾਰੇ ਹਾਕਮਾਂ ਨੇ ਉਸ ਤੇ ਅਮਲ ਕਰਨ ਦੀ ਕਸਮ ਚੁੱਕੀ ਹੁੰਦੀ ਹੈ।

‘ਟਾਡਾ ਕਾਨੂੰਨ’ ਭਾਰਤੀ ਪਾਰਲੀਮੈਂਟ ਨੇ ਪਾਸ ਵੀ ਕੀਤਾ ਤੇ ਮਗਰੋਂ ਵਾਪਸ ਵੀ ਲਿਆ, ਪਰ ਉਸ ਅਧੀਨ ਛੋਟੇ ਮੋਟੇ ਪੁਲਿਸ ਦੇ ਮੁਲਾਜ਼ਮ ਅੱਗੇ ਕਥਿਤ ਦੋਸ਼ੀਆਂ ਵੱਲੋਂ ਦਿੱਤੇ ਹੋਏ ਬਿਆਨ ਭਾਵੇਂ ਉਹ ਡੰਡੇ ਨਾਲ ਹੀ ਪ੍ਰਾਪਤ ਕੀਤਾ ਗਏ ਹੋਣ, ਸੱਚ ਮੰਨ ਕੇ ਵੱਡੀਆਂ ਅਦਾਲਤਾਂ ਨੇ ਅਨੇਕ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਵਿੱਚ ਮੁੱਖ ਰੂਪ ਵਿੱਚ ਦਲਿਤ, ਘੱਟ ਗਿਣਤੀਆ ਅਤੇ ਗਰੀਬ ਲੋਕ ਸ਼ਾਮਲ ਸਨ। ਟਾਡਾ ਭਾਵੇਂ ਅੱਜ ਕਾਨੂੰਨੀ ਕਿਤਾਬ `ਚੋਂ ਖਾਰਜ ਹੈ, ਪਰ ਉਸਦੀ ਸਜ਼ਾ ਭੁਗਤਣ ਵਾਲੇ ਫਾਂਸੀ ਦੇ ਰੱਸੇ ਚੁੰਮ ਰਹੇ ਹਨ, ਯਕੂਬ ਮੈਮਨ ਜਿਸਨੂੰ 30 ਜੁਲਾਈ ਨੂੰ ਫਾਂਸੀ ਚਾੜ੍ਹਿਆ ਗਿਆ, ਵੀ ਉਨ੍ਹਾਂ `ਚੋਂ ਇੱਕ ਸੀ।

ਬਾਣੀਏ ਰਾਜਨੀਤਿਕ ਜੋ ਸੋਝੀ ਵਜੋਂ ਸੌਦਾ ਖ੍ਰੀਦਣ ਤੇ ਵੇਚਣ ਦੇ ਆਦੀ ਨੇ ਵਿਰੋਧੀਆਂ ਨੂੰ ਫਾਹੇ ਲਾਉਣ ਲਈ ਪੈਂਤੜੇ ਤੇ ਦਲੀਲਾਂ ਬੜੀਆਂ ਦਿਲਚਸਪ ਘੜਦੇ ਹਨ। ਵੱਡੀ ਦਲੀਲ ਇਹ ਕਿ ਅਜਿਹੇ ਫੈਸਲੇ ਉੱਚੀਆਂ ਅਦਾਲਤਾਂ ਕਰਦੀਆਂ ਹਨ। ਉੱਚੀਆਂ ਅਦਾਲਤਾਂ ਦੀ ਕਹਾਣੀ ਸੁਣੋ। ਦਿੱਲੀ ਵਿਖੇ 1, 2, 3 ਨਵੰਬਰ 1984 ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਹੁੰਦਿਆਂ ਹੋਇਆਂ ਸਿੱਖਾਂ ਦਾ ਜੋ ਕਤਲੇਆਮ ਹੋਇਆ ਇਨ੍ਹਾਂ ਦੋਵਾਂ ਅਦਾਲਤਾਂ ਨੇ ਅੱਜ ਤਾਈਂ ਉਸਦਾ ਕੋਈ ਨੋਟਿਸ ਨਹੀਂ ਲਿਆ। ਨਾ ਹੀ ਪੰਜਾਬ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ 4 ਤੋਂ 6 ਜੂਨ 1984 ਸਮੇਂ ਹਰਿਮੰਦਰ ਸਾਹਿਬ ਸਮੂਹ ਤੇ ਭਾਰਤੀ ਫੌਜੀ ਹਮਲੇ ਅਤੇ ਉਸ ਵਿੱਚ ਹੋਈ ਤਬਾਹੀ ਦਾ ਅੱਜ ਤਾਈਂ ਵੀ ਕੋਈ ਨੋਟਿਸ ਨਹੀਂ ਲਿਆ। ਇਨ੍ਹਾਂ ਅਦਾਲਤਾਂ ਦੀ ਸ਼ਰਮ ਵੇਖੋ ਖੰਭ ਲਾ ਕੇ ਕਿੱਦਾਂ ਉੱਡੀ!!!

1919 ਵਿੱਚ ਅੰਗਰੇਜ਼ ਦੇ ਰਾਜ ਭਾਗ ਸਮੇਂ ਜਨਰਲ ਡਾਇਰ ਵੱਲੋਂ ਜੱਲਿਆਂ ਵਾਲੇ ਬਾਗ ਵਿੱਚ ਚਲਾਈ ਗਈ ਗੋਲੀ ਸਦਕਾ ਤਿੰਨ-ਚਾਰ ਸੌ ਮੌਤਾਂ ਅਤੇ ਹਜ਼ਾਰ ਤੋਂ ਉੱਪਰ ਜ਼ਖਮੀਆਂ ਦੇ ਵਰਤਾਰੇ ਦੀ ਕਾਨੂੰਨੀ ਪੜਤਾਲ ਹੋਈ, ਪੀੜਤਾਂ ਨੂੰ ਮੁਆਵਜ਼ੇ ਮਿਲੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ। ਪਰ ਬ੍ਰਾਹਮਣ ਬਾਣੀਆ ਹਾਕਮ ਇਹ ਰਾਹ ਫੜਨ ਲਈ ਉੱਕਾ ਹੀ ਤਿਆਰ ਨਹੀਂ। ਸਾਰੀ ਧਰਤੀ ਦੇ ਬਹੁਤੇ ਸਿਆਣੇ ਲੋਕਾਂ ਦੀ ਸੋਚ ਦੇ ਉਲਟ। ਬੇਸ਼ਰਮੀ ਦੀ ਹੱਦ ਇਹ ਹੈ ਕਿ ਇਹ ਅਦਾਲਤਾਂ ਇਹ ਪਰਖ ਕਰਨ ਲਈ ਵੀ ਤਿਆਰ ਨਹੀਂ ਕਿ ਉਪਰੋਕਤ ਘਿਨਾਉਣੀਆਂ ਘਟਨਾਵਾਂ ਦੇ ਪੈਂਤੜੇ ਵਿਧਾਨ ਦੇ ਅਨੁਕੂਲ ਸਨ ਜਾਂ ਨਹੀਂ। ਉਲਟਾ ਪੀੜਤਾਂ ਤੇ ਦੋਸ਼ ਮੜੀ ਜਾਂਦੇ ਹਨ, ਇਹ ਕਹਿ ਕੇ ਕਿ ਉਹ ‘ਅੱਤਵਾਦੀ ਤੇ ਵੱਖਵਾਦੀ’ ਸਨ ਅਤੇ ਉਨ੍ਹਾਂ ਦਾ ਕੋਈ ਧਰਮ ਨਹੀਂ ਸੀ।

ਇਤਿਹਾਸਕ ਰੂਪ ਵਿੱਚ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਹਾਕਮ ਭਾਵ ਬ੍ਰਾਹਮਣ ਤੇ ਬਾਣੀਏ ਵਿਰੋਧੀਆਂ ਨੂੰ ਵੱਸ ਕਰਨ ਲਈ ਆਪਣੇ ਪ੍ਰਭੂਆਂ, ਭਾਵ ਮਨੂੰ ਤੇ ਚਾਣਕੀਆ, ਦੇ ਚਾਰ ਕਥਨਾਂ ‘ਪਲੋਸਣਾ’, ‘ਖ੍ਰੀਦਣਾ’, ‘ਆਪਸ `ਚ ਲੜਾਉਣਾ’ ਅਤੇ ‘ਡੰਡਾ ਵਰਤਣਾ’ ਤੇ ਅਮਲ ਕਰਦੇ ਰਹੇ। ਪਰ ਅੱਜਕਲ ਵਿਰੋਧੀ ਸਫਾਂ ਵਿੱਚੋਂ ਚੰਗੇ ਮੁੱਲ ਤਾਰਕੇ ਸਰਕਾਰੀ ਏਜੰਸੀਆਂ ਰਾਹੀਂ ਪੜ੍ਹਾਏ ਗਏ ਪ੍ਰਚਾਰ ਅਧੀਨ ਘੱਟ ਗਿਣਤੀਆਂ ਦੇ ਰਹਿਬਰਾਂ ਦੀਆਂ ਟਕਸਾਲੀ ਗੱਲਾਂ ਦੀ ਖਿੱਲੀ ਉਡਾਈ ਜਾ ਰਹੀ ਹੈ। ਸਿੱਖ ਭਾਈਚਾਰੇ ਵਿੱਚੋਂ ਰਾਜਨੀਤਿਕ ਆਗੂ ਖ੍ਰੀਦਣ ਲਈ ਸਵਰਗਵਾਸੀ ਡਾ. ਜਗਜੀਤ ਸਿੰਘ ਚੌਹਾਨ, ਡਾ. ਸੋਹਣ ਸਿੰਘ ਅਤੇ ਅੱਜ ਕਲ ਸਿਮਰਨਜੀਤ ਸਿੰਘ ਮਾਨ ਨੂੰ ‘ਖਾਲਿਸਤਾਨ’ ਦੀ ਤੋਤਾ ਰਟਨੀ ਤੇ ਚਾੜ੍ਹ ਕੇ ਗੁਰਬਾਣੀ ਵਿਰੋਧੀ ਪੈਂਤੜਿਆਂ ਰਾਹੀਂ ਨਾਨਕ ਵਿਚਾਰਧਾਰਾ ਨੂੰ ਗੰਧਲਾ ਕੀਤਾ ਜਾ ਰਿਹਾ ਹੈ। ਉਪਰੋਕਤ ਚਰਚਿਤ ‘ਟਾਡਾ ਕਾਨੂੰਨ’ ਅਧੀਨ ਸਿੱਖਾਂ `ਚੋਂ ਵੀ ਸੌ ਦੇ ਲਗਭਗ ਰੜਕਦੇ ਵਿਅਕਤੀ ਅੱਜ ਲੰਮੀਆਂ ਕੈਦਾਂ ਭੁਗਤ ਰਹੇ ਹਨ। ਮੈਮਨ ਦੀ ਫਾਂਸੀ ਤੇ ਯੂ. ਐੱਨ. ਓ. ਦੇ ਸੈਕਟਰੀ ਜਨਰਲ ਨੇ ਵੀ ਦੁੱਖ ਪ੍ਰਗਟਾਇਆ ਕਿ ਇਹ ਨਜਾਇਜ਼ ਸੀ, ਪਰ ਬ੍ਰਾਹਮਣ ਬਾਣੀਆ ਹਾਕਮ ਵਿਰੋਧੀ ਧਾਰਮਿਕ ਵਿਅਕਤੀਆਂ ਦਾ ਖੂਨ ਪੀਣ ਤੋਂ ਉਰੇ ਸ਼ਾਂਤੀ ਪ੍ਰਾਪਤ ਕਰਨ ਲਈ ਤਿਆਰ ਨਹੀਂ। ਹਿੰਦੂਤਵੀ ਵਿਰੋਧੀ ਭਾਈਚਾਰਿਆਂ ਅੰਦਰ ਮੈਮਨ ਨੂੰ ਦਿੱਤੀ ਗਈ ਫਾਂਸੀ ਮਗਰੋਂ ਘਬਰਾਹਟ ਦੀ ਇੱਕ ਮਿਸਾਲ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਤੋਂ ਮਿਲਦੀ ਹੈ ਕਿ ਸਿੱਖਾਂ ਨੂੰ ਦੇਸ਼ ਤੋਂ ਬਾਹਰ ਜਾ ਕੇ ਆਪਣੇ ਰਾਜਨੀਤਿਕ ਵਸੇਬੇ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ। ਜੋ ਸਾਡੀ ਰਾਇ ਵਿੱਚ ਨਿਰੀ ਪੁਲਿਸੀ ਹਾਕਮ ਦੀ ਮੂਰਖਤਾ ਹੈ। ਵੈਸੇ ਤਾਂ ਉਨ੍ਹਾਂ ਦੇ ਬਜ਼ੁਰਗਾਂ ਨੇ ਹੇਮਕੁੰਟ ਸਾਹਿਬ ਦੇ ਨਾਂ ਤੇ ਪਹਾੜਾਂ ਵਿੱਚ ਇੱਕ ਗੁਰਧਾਮ ਸਥਾਪਤ ਕੀਤਾ ਹੋਇਆ ਹੈ, ਜਿੱਥੋਂ ਕਥਿਤ ਪਾਂਡੋ ਵੀ ਕਿਸੇ ਸਮੇਂ ਲੰਘੇ ਦੱਸੇ ਜਾਂਦੇ ਹਨ। ਮਾਨ ਸਾਹਿਬ ਉਸਨੂੰ ਹੈੱਡ ਕੁਆਟਰ ਬਣਾ ਕੇ ‘ਖਾਲਿਸਤਾਨ’ ਦਾ ਐਲਾਨ ਕਿਉਂ ਨਹੀਂ ਕਰ ਦਿੰਦੇ?

ਸਿੱਖ ਭਾਈਚਾਰੇ ਅੰਦਰ ਆਈ ਅਜੋਕੀ ਹੀਣ-ਭਾਵਨਾ ਦੇ ਮੁੱਖ ਦੋਸ਼ੀ ਹਨ, ਗੁਰਧਾਮਾਂ ਤੇ ਕਾਬਜ਼ ਪੁਜਾਰੀ ਅਤੇ ਕਥਾਵਾਚਕ, ਜੋ ਆਪਣੀ ਪੇਟ ਪੂਰਤੀ ਦੇ ਪਾਬੰਦ ਨੇ ਹੰਨੇ-ਹੰਨੇ ਗੁਰਧਾਮਾਂ ਅੰਦਰ ਗਿਆਨ ਦੀ ਲਹਿਰ ਚਲਾਉਣ ਦੀ ਥਾਂ ‘ਅਖੰਡ ਪਾਠਾਂ’, `ਚੜ੍ਹਾਵਿਆਂ’, ‘ਇਸ਼ਨਾਨਾਂ’, ਸੋਨੇ, ਚਾਂਦੀ ਅਤੇ ਮਾਇਆ ਦੇ ਅੰਬਾਰ ਅਤੇ ਅੰਧ-ਵਿਸ਼ਵਾਸੀ ਦੇ ਅਜਿਹੇ ਵਾਤਾਵਰਨ ਸਿਰਜੇ ਹੋਏ ਹਨ ਕਿ ਜਿੱਥੇ ਵਿਗਿਆਨਿਕ ਨਾਨਕ ਵਿਚਾਰਧਾਰਾ ਦੀ ਕੋਈ ਪਵਿੱਤਰ ਥਾਂ ਬਾਕੀ ਨਹੀਂ ਬਚੀ। ਉਲਟਾ ਕਰਾਮਾਤਾਂ ਦੀ ਸਿੱਖੀ ਵਿਰੋਧੀ ਲਹਿਰ ਚਲਾਈ ਹੋਈ ਹੈ। ਵਿਰੋਧੀਆਂ ਨਾਲ ਚੱਲ ਰਹੇ ਸਿੱਖਾਂ ਨੂੰ ਆਪਣੇ ਸੰਘਰਸ਼ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ ਗੁਰਧਾਮਾਂ `ਚੋਂ ਇਸ ਗੰਦਗੀ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ। ਵਿਚਾਰਧਾਰਕ ਪੱਖੋਂ ਨਾਨਕ ਅਤੇ ਗੋਬਿੰਦ ਵੱਲੋਂ ਦਿੱਤੀਆ ਹੋਈਆਂ ਧਾਰਮਿਕ ਤੇ ਰਾਜਨੀਤਿਕ ਸੇਧਾਂ ਕਦੀ ਮਾਤ ਨਹੀਂ ਖਾਣਗੀਆਂ, ਖਾਸਕਰ ਅਜੋਕੀ ਵਿਗਿਆਨਿਕ ਇੱਕੀਵੀਂ ਸਦੀ ਦੇ ਯੁੱਗ ਵਿੱਚ। ਹਿੰਦੂਤਵੀ ਅੰਧ-ਵਿਸ਼ਵਾਸੀਆਂ ਨੂੰ ਆਪਣੀ ਨਮੋਸ਼ੀ ਭਰੀ ਧਾਰਮਿਕ ਤੇ ਰਾਜਨੀਤਿਕ ਹਾਰ ਲਈ ਤਿਆਰ ਰਹਿਣਾ ਚਾਹੀਦਾ ਹੈ। ਪੰਜਾਬ ਅੰਦਰ 2017 ਦੀ ਚੋਣ ਵਿੱਚ ਬਹੁਤ ਕੁੱਝ ਸਿੱਧ ਹੋ ਜਾਏਗਾ। ਉਸ ਚੋਣ ਪਿੱਛੋਂ ਹਾਰ ਖਾ ਕੇ ਅਜੋਕੇ ਬਹੁਤੇ ਲੀਡਰ ਅਰੁਣ ਜੇਤਲੀ ਵਾਂਗੂੰ ਫਿਰ ਸਰਦਾਰੀਆਂ ਨਹੀਂ ਕਰ ਸਕਣਗੇ?

ਪਾਠਕ ਵੀਰੋ ਦੀਨਾਨਗਰ ਦੀ ਘਟਨਾ ਪੰਜਾਬ ਵਿੱਚ ਵਿਚਰ ਰਹੀਆਂ ਸਰਕਾਰੀ ਏਜੰਸੀਆਂ ਦੀ ਦੇਣ ਜਾਪਦੀ ਹੈ। ਕਿਉਂਕਿ ਇਸ ਵਿੱਚ ਮਰਨ ਵਾਲਾ ਐੱਸ. ਪੀ. ਸਿੱਖ ਹੈ ਤੇ ਮਾਰਨ ਵਾਲੇ ‘ਆਪਣੇ ਹੀ ਲਗਦੇ ਹਨ’। ਪਰ ਅਸਲੀ ਕਹਾਣੀ ਦੇ ਜਾਣਕਾਰ ਹਨ, ਪੰਜਾਬ ਦੇ ਡਾਇਰੈਕਟਰ ਜਨਰਲ ਸੁਮੇਧ ਸੈਣੀ ਜਾਂ ਕੇਂਦਰ ਦੇ ਸਕਿਓਰਿਟੀ ਐਡਵਾਈਜ਼ ਅਜੀਤ ਡੋਵਲ ਜੀ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ‘ਬਲੈਕ ਥੰਡਰ’ ਸਿਰਜਿਆ ਤੇ ਸਿਰੇ ਲਾਇਆ ਸੀ। ਵੈਸੇ ਤਾਂ ਪੰਜਾਬ ਅੰਦਰ ਪੁਰਾਣੀ ਰਵਾਇਤ ਦੇ ਅਸਲ ਜਾਣਕਾਰ ਹਨ ਤੀਜੀ ਏਜੰਸੀ ਦੇ ਜਨਮਦਾਤਾ ਆਰ. ਐੱਨ. ਕਾਓ ਅਤੇ ਨਿਹਚਲ ਸੰਧੂ ਜੀ, ਜਿਨ੍ਹਾਂ ਦਾ ਗੈਬੀ ਛਤਰ ਕਸ਼ਮੀਰ 'ਤੇ ਝੁੱਲਦਾ ਰਿਹਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top