Share on Facebook

Main News Page

ਭਾਈ ਸੂਰਤ ਸਿੰਘ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਖੱਤ

ਪੰਜਾਬ ਦੇ ਵੱਡਰਾਜਾ (ਵੱਡੇ) ਪ੍ਰਕਾਸ਼ ਸਿੰਘ ਬਾਦਲ ਜੀਓ ਮਿਤੀ: 21 ਜੂਨ 2015 ਨੂੰ ਆਪ ਜੀਆਂ ਦਾ ਵਿਸ਼ੇਸ਼ ਏਲਚੀ ਕਲੀਨਸ਼ੇਵ ਵੱਡੀਆਂ ਐਨਕਾਂ ਪਹਿਲੀ ਰਾਤ ਨੂੰ ਗਿਆਰਾਂ ਵਜੇ ਮੇਰੇ ਕਮਰੇ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਵਿਚ ਆਪ ਜੀਆਂ ਦਾ ਵਿਸ਼ੇਸ਼ ਸੰਦੇਸ਼ ਮੈਨੂੰ ਦੇ ਕੇ ਗਿਆ। ਮੈਂ ਪੂਰੀ ਸਬਰ ਸਬੂਰੀ ਨਾਲ ਅੱਜ ਮਿਤੀ : 10 ਅਗੱਸਤ, 2015 ਸ਼ਾਮ ਦੇ 6:45 ਤੱਕ ਉਸਨੂੰ ਬਹੁਤ ਹੀ ਸਬਰ ਦੀ ਘੁੱਟ ਭਰ ਕੇ ਹਜ਼ਮ ਕਰੀ ਬੈਠਾਂ ਹਾਂ। ਉਸ ਵਿਚੋਂ ਮੈਨੂੰ ਇੰਝ ਮਹਿਸੂਸ ਹੁੰਦਾ ਸੀ ਕੇ ਹੁਣ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਯੋਗ ਫੈਸਲਾ ਲਵੋਗੇ। ਪ੍ਰੰਤੂ ਇਹ ਮੇਰੀ ਕਮਅਕਲੀ ਅਤੇ ਖਾਮਖਿਆਲੀ ਹੀ ਨਿਕਲੀ। ਜੇ ਮੈਂ ਹੋਛਾ ਹੁੰਦਾ ਤਾਂ ਪੰਜਾਬ ਅਤੇ ਭਾਰਤ ਦੇਸ਼ ਨਾਲ ਜੇ ਮੇਰੇ ਪਿਆਰ ਦੀ ਦਿਲੀ ਅਤੇ ਕੌਮੀ ਖਿੱਚ ਨਾ ਹੁੰਦੀ ਤਾਂ ਮੈਂ ਤੁਹਾਡੀ ਗੱਲ ਮੰਨ ਕੇ ਉਸੇ ਵੇਲੇ ਭੱੜਕਾਹਟ ਵਿਚ ਆ ਕੇ ਅਗਲੇ ਹੀ ਦਿਨ ਪ੍ਰੈਸ ਨੂੰ ਬਿਆਨ ਦੇ ਦਿੰਦਾ, ਤੇ ਉਸ ਦੇ ਸਿੱਖ ਕੌਮ ਦੇ ਲਈ ਬਹੁਤ ਹੀ ਭਿਆਨਕ ਸਿੱਟੇ ਨਿਕਲ ਚੁੱਕੇ ਹੁੰਦੇ।

ਪਰ ਅੱਜ 51 ਦਿਨ ਬੀਤ ਜਾਣ 'ਤੇ ਵੀ ਤੁਹਾਡੇ ਵੱਲੋਂ ਕੌਮ ਲਈ ਚੰਗਾ ਸੁਨੇਹਾ ਨਹੀਂ ਮਿਲਿਆ ਜਿਹੜਾ ਕਿ ਸਿੱਖ ਬੰਦੀਆਂ ਨੂੰ ਆਪਣੇ ਪਰਿਵਾਰ ਵਿਚ ਭੇਜਣ ਦਾ ਯਤਨ ਹੁੰਦਾ। ਤੁਹਾਡੇ ਪ੍ਰਸਾਸ਼ਨ ਵੱਲੋਂ ਨਿਗੁਣੀ ਜਿਹੀ ਗੱਲ ਐਚ.ਐਸ.ਢਿੱਲੋਂ ਚੰਡੀਗੜ੍ਹ (ਅਨਟੈਲੀਜੈਂਸ) 22 ਜੁਲਾਈ 2015 ਸਿਵਲ ਹਸਪਤਾਲ ਲੁਧਿਆਣਾ ਵਿਚ ਆ ਕੇ ਸਾਡੇ ਕੋਲ ਪੰਜਾਬ ਵਿਚ ਸਿੱਖ ਬੰਦੀਆਂ ਤੋਂ ਇਲਾਵਾ ਕੋਈ ਹਿੰਦੂ, ਮੁਸਲਮਾਨ, ਇਸਾਈ ਆਦਿਕ ਕੋਈ ਬੰਦੀ ਨਹੀਂ ਹੈ। ਆਪ ਜੀਆਂ ਦੇ ਏਲਚੀਆਂ ਨੇ ਜੋ ਸੰਦੇਸ਼ ਦਿੱਤਾ ਉਸ ਵਿਚ ਦਾਸ ਨੂੰ ਤਾੜਨਾ ਸੀ ਅਤੇ ਗੰਭੀਰ ਸਿੱਟੇ ਝੱਲਣ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਸੀ। ਏਲਚੀ ਨੇ ਇਹ ਵੀ ਕਿਹਾ ਕਿ ਪਹਿਲਾਂ ਹੀ ਪੰਜਾਬ ਬਹੁਤ ਸੰਤਾਪ ਭੋਗ ਚੁੱਕਿਆ ਹੈ। ਹੁਣ ਤੇਰੀ ਭੁੱਖ ਹੜਤਾਲ ਨਾਲ ਪੰਜਾਬ ਦਾ ਅਮਨ, ਸ਼ਾਂਤੀ ਉਸੇ ਤਰ੍ਹਾਂ ਹੀ ਫੇਰ ਤਬਾਹ ਹੋ ਜਾਵੇਗਾ। ਜੇ ਤੂੰ ਮਰਨ ਵਰਤ ਛੱਡ ਦੇਵੇਂ ਜਾਂ ਪੋਸਟਪੋਨ ਹੀ ਕਰ ਦੇਵੇਂ ਤਾਂ ਪੰਜਾਬ ਵਿਚ ਸ਼ਾਂਤੀ ਰਹਿ ਸਕਦੀ ਹੈ। ਅਸੀਂ ਤੇਰੀਆਂ ਮੰਗਾਂ ਵੀ ਹੌਲੀ ਹੌਲੀ ਪੂਰੀਆਂ ਕਰ ਦੇਵਾਂਗੇ।

ਇਹ ਗੱਲ ਸੰਤਾਪ ਵਾਲੀ ਐਚ.ਐਸ. ਢਿੱਲੋਂ ਸਾਹਿਬ ਨੇ ਵੀ ਵਾਰ ਵਾਰ ਕਹੀ ਹੈ। ਆਖ਼ਰੀ ਵਾਰ 05-08-2015 ਨੂੰ ਐਚ.ਐਸ.ਢਿੱਲੋਂ ਜੀਆਂ ਨੇ ਮੇਰੇ ਨਾਲ ਫੋਨ ਕਰਕੇ ਸਾਂਝੀ ਕੀਤੀ ਸੀ, ਜਿਹੜੀ ਕਿ ਨੀਮ ਬੇਹੋਸ਼ੀ ਵਿਚ ਮੇਰੇ ਪੱਲੇ ਅੱਧ ਪਚੱਧੀ ਹੀ ਪਈ ਤੇ ਮੈਂ ਕਿਹਾ ਸੀ ਕਿ ਇਹ ਗੱਲ ਸੰਘਰਸ਼ ਕਮੇਟੀ ਨਾਲ ਮਿਲ ਕੇ ਕਰਲੋ। ਮੈਂ ਫ਼ਿਰ ਬੇਨਤੀ ਕਰਦਾ ਹਾਂ, ਰਾਜਾ ਉਹੀ ਚੰਗਾ ਹੁੰਦਾ ਹੈ ਜਿਹੜਾ ਆਪਣੀ ਪ੍ਰਜਾ ਨੂੰ ਖੁਸ਼ ਰੱਖ ਸਕੇ। ਜਿਹੜੇ ਏਲਚੀ ਨੇ ਹੋਰ ਦੁੱਖਦਾਇਕ ਸਿੱਖ ਕੌਮ ਨੂੰ ਪੀੜ੍ਹਾਂ ਦੇਣ ਵਾਲੀਆਂ ਗੱਲਾਂ ਮੈਨੂੰ ਕਹੀਆਂ, ਉਨ੍ਹਾਂ ਕਾਰਨ ਹੀ ਮੈਂ ਅੱਜ ਤੱਕ ਆਪਣੀ ਜ਼ਬਾਨ ਨੂੰ ਤਾਲਾ ਲਾਈ ਰੱਖਿਆ ਤਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਾ ਹੋਵੇ। ਜੇ ਸਿੱਖ ਜਵਾਨੀ ਸ਼੍ਰੀ ਦਰਬਾਰ ਸਾਹਿਬ 'ਤੇ ਇੰਦਰਾਂ ਗਾਂਧੀ ਵੱਲੋਂ ਭਾਰਤੀ ਫੌਜ ਨਾਲ ਹਮਲਾ ਕਰਨ ਵੇਲੇ ਤੋਪਾਂ, ਟੈਂਕਾਂ, ਹੈਲੀਕਪਟਰਾਂ ਨਾਲ ਮਹਾਨ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ੍ਹੇ 'ਤੇ ਹਮਲਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਹਰਿਮੰਦਰ ਸਾਹਿਬ ਨੂੰ ਛੱਲਣੀ ਕਰਦੀ ਹੋਈ ਸਿੱਖ ਪੰਥ ਦੇ ਸਰਵੋਤਮ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕਰਦੀ ਹੋਈ ਸ਼ਹੀਦੀ ਦਿਹਾੜ੍ਹੇ 'ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਈ ਸੀ, ਗੁਰੂ ਪਿਆਰੀ ਸਿੱਖ ਸੰਗਤ ਜਿਸ ਵਿਚ ਬਜ਼ੁਰਗ, ਨੌਜਵਾਨ, ਬੀਬੀਆਂ, ਬੱਚੇ ਜਿਨ੍ਹਾਂ ਦੇ ਸੜੇ ਹੋਏ ਸਰੀਰਾਂ ਦੀਆਂ ਹਰਿਮੰਦਰ ਸਾਹਿਬ ਦੇ ਫ਼ਰਸ਼ਾਂ 'ਤੇ ਢਲੀ ਹੋਈ ਚਰਬੀ ਦੇ ਨਾਲ ਬਣੇ ਨਿਸ਼ਾਨ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਹਨ। ਜੇਕਰ ਗੋਲੀਆਂ ਬਿੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਛਲਣੀ ਹੋਇਆ ਹਰਿਮੰਦਰ ਸਾਹਿਬ, ਤੋਪਾਂ ਦੇ ਗੋਲਿਆਂ ਨਾਲ ਉਡਾਇਆ ਹੋਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਕਰਕੇ ਨੌਜਵਾਨੀ ਦਾ ਖੂਨ ਗਰਮ ਉਬਾਲਾ ਖਾ ਗਿਆ ਅਤੇ ਅੱਤਿਆਚਾਰੀਆਂ, ਜਾਲਮਾਂ ਨੂੰ ਸੋਧਾ ਲਾਉਣ ਲਈ ਏ. ਕੇ. 47 ਨੂੰ ਮੋਢੇ 'ਚ ਪਾ ਕੇ ਧਰਮ ਦੀ ਬੇਪਤੀ ਦਾ ਬਦਲਾ ਲੈਣ ਲਈ ਸੀਸ ਤਲੀ 'ਤੇ ਰੱਖ ਕੇ ਜੰਗਲ ਦੀ ਅੱਗ ਦੇ ਭਾਬੜਾਂ ਵਿਚ ਛਾਲਾਂ ਮਾਰੀਆਂ ਤਾਂ ਮੈਂ ਕਹਿਣਾਂ ਕਿ ਆਪਣੇ ਧਰਮ ਦੀ ਰੱਖਿਆ ਲਈ ਉਨ੍ਹਾਂ ਨੇ ਗੁਨਾਹ ਕਰਕੇ ਵੀ ਕੋਈ ਗੁਨਾਹ ਨਹੀਂ ਕੀਤਾ।

ਇਹ ਗੱਲ ਮੈਂ ਆਪਣਾ ਸੁਆਸਾਂ ਦਾ ਸਮਾਂ ਨੇੜੇ ਆਇਆ ਦੇਖ ਕੇ ਹੋਰ ਹਜ਼ਮ ਨਹੀਂ ਕਰ ਸਕਦਾ। ਇਹ ਮੇਰਾ ਸਿੱਖ ਕੌਮ ਨੂੰ ਜਾਣਕਾਰੀ ਦੇਣਾ ਜ਼ਰੂਰੀ ਬਣਦਾ ਹੈ। ਪ੍ਰੰਤੂ ਮੈਂ ਉਹ ਦਰਦਨਾਕ ਸੁਨੇਹੇ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਵੀ ਅੱਗ ਲਾ ਸਕਦੇ ਹਨ, ਹਾਲੇ ਜਨਤਕ ਨਹੀਂ ਕਰਨਾ ਚਾਹੁੰਦਾ ਤਾਂ ਜੋ ਕਿਸੇ ਹੋਰ ਮਾਂ ਦੀ ਗੋਦੀ ਖਾਲੀ ਹੁੰਦੀ ਮੈਂ ਨਾ ਦੇਖਾਂ ਜਿਹੜੀ ਕਿ ਮੇਰੇ ਲਈ ਬਰਦਾਸ਼ਤ ਕਰਨ ਤੋਂ ਪਹਿਲਾ ਹੀ ਮੈਂ ਇਸ ਜਹਾਨ ਤੋਂ ਚਲਿਆ ਜਾਵਾਂ। ਜੇ ਤੁਹਾਡੇ ਵੱਲੋਂ 3 ਦਿਨਾਂ ਵਿਚ ਕੋਈ ਹੁੰਗਾਰਾ ਨਹੀਂ ਮਿਲਦਾ ਤਾਂ ਮੈਂ ਰਹਿੰਦੀ ਗੱਲ ਵੀ ਜਨਤਕ ਕਰ ਦੇਵਾਂਗਾ। ਮੈਂ ਇਹ ਏਲਚੀ ਦਾ ਸੁਨੇਹਾਂ ਆਪਣੇ ਆਪ ਹੀ ਸੁਆਸਾਂ ਤੋਂ ਪਹਿਲਾਂ ਕਿਸੇ ਵੇਲੇ ਵੀ ਹਰ ਹਾਲਤ ਵਿਚ ਜਰੂਰ ਜਨਤਕ ਕਰਾਂਗਾ, ਜਿਹੜੇ ਹਰ ਹਾਲਤ ਹੀ ਪੰਜਾਬ ਦੇ ਹਲਾਤਾਂ ਨੂੰ ਅੱਗ ਲਾਉਂਣ ਦਾ ਕਾਰਨ ਬਣਨਗੇ ਅਤੇ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top