Share on Facebook

Main News Page

ਅਰਦਾਸ

ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹਜ਼ੂਰ ਸਾਹਿਬ ਅਸਥਾਨ 'ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰ ਗੱਦੀ 'ਤੇ ਸਥਾਪਤ ਕਰਕੇ ਖਾਲਸਾ ਪੰਥ ਨੂੰ ਇੱਕੋ ਇੱਕ ਗੁਰੂ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਇਕੋ ਇਕ ਸਦੀਵੀ ਗੁਰੂ ਹੈ, ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰਬਾਣੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੀ ਸਾਡਾ ਸ਼ਬਦ ਗੁਰੂ ਹੈ, ਅਸੀਂ ਕਿਸੇ ਹੋਰ ਪਾਸੇ ਕਿਉਂ ਭਟਕ ਰਹੇ ਹਾਂ? ਸਿੱਖ ਕਿਸੇ ਹੋਰ ਗ੍ਰੰਥ ਦੇ ਸ਼ਬਦ ਜਾਂ ਦੇਹਧਾਰੀ ਨੂੰ ਗੁਰੂ ਦੇ ਬਰਾਬਰ ਮਾਨਤਾ ਨਹੀਂ ਦੇ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬ ਕਲਾਂ ਸੰਪੂਰਣ ਅਤੇ ਸਮਰੱਥ ਹੈ।

ਗੁਰੂ ਕਿਰਪਾ ਸਦਕਾ ਬਹੁਤ ਸਾਰੇ ਗੁਰ ਸਿੱਖ ਇਸ ਵੀਚਾਰ ਪ੍ਰਤੀ ਜਾਗਰਤ ਅਤੇ ਦ੍ਰਿੜ ਵਿਸ਼ਵਾਸ਼ੀ ਹੋ ਚੁਕੇ ਹਨ, ਐਥੋਂ ਤੱਕ ਕੇ ਖੰਡੇ ਬਾਟੇ ਦੀ ਵਰਤੋਂ ਨਾਲ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਸਿਰਜਿਆ ਅੰਮ੍ਰਿਤ ਹੀ ਛਕਣ ਦੀ ਇੱਛਾ ਰਖਦਿਆਂ ਫੋਨ ਕਰਦੇ ਹਨ ਕਿ ਸਾਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦਾ ਅੰਮ੍ਰਿਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦੇ ਨਿਤ ਨੇਮ ਦੇ ਗੁਟਕੇ ਦਿਤੇ ਜਾਣ। ਉਨ੍ਹਾਂ ਵੀਰਾਂ ਭੈਣਾ ਦੀ ਚਾਹਤ ਨੂੰ ਮੁੱਖ ਰਖਦਿਆਂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ 'ਤੇ ਆਧਾਰਿਤ ਇਹ ਗੁਰਬਾਣੀ ਗੁਟਕਾ ਤਿਆਰ ਹੈ। ਇਕ ਬੇਨਤੀ ਹੈ ਕਿ ਸਮੇਂ ਅਨੁਸਾਰ ਜਿਨੀ ਵੱਧ ਤੋ ਵੱਧ ਬਾਣੀ ਸਮਝ ਕੇ ਪ੍ਹੜ ਸਕੋ ਚੰਗਾ ਹੈ, ਪਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਹੋਵੇ। ਕਿੁੳਂਕਿ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥

ਸਿੱਖ ਨੇ ਹਰ ਕਾਰਜ ਦੀ ਅਰੰਭਤਾ ਸਮੇਂ ਅਤੇ ਸਫਲਤਾ ਲਈ ਹਮੇਸ਼ਾਂ ਗੁਰਬਾਣੀ ਦਾ ਓਟ ਆਸਰਾ ਅਤੇ ਗੁਰੂ ਅੱਗੇ ਅਰਦਾਸ ਕਰਣੀ ਹੈ। ਅਰਦਾਸ ਦਾ ਮਤਲਬ ਅਸਲ ਵਿਚ ਜੀਅ ਦੀ ਬਿਰਥਾ ਗੁਰੂ ਅਗੇ ਰਖਨਾ ਹੈ। ਬਾਕੀ ਜੋ ਕਿਸੇ ਦੀ ਭੀ ਸੰਪਾਦਨਾ ਕੀਤੀ ਹੋਈ ਅਰਦਾਸ ਦਾ ਮਕਸਦ ਅਕਾਲ ਪੁਰਖ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਗੁਰੂ ਜੀ ਦੇ ਗਿਆਰਾਂ ਸਰੂਪਾਂ ਦੇ ਨਾਮ ਚਿੱਤ ਆਉਣ, ਸਾਹਿਬ ਜ਼ਾਦਿਆਂ, ਪ੍ਰਭੂ ਨਾਮ ਨਾਲ ਜੁੜੇ ਹੋਏ ਗੁਰੂ ਪਿਆਰਿਆਂ, ਸ਼ਹੀਦ ਸਿੰਘਾਂ, ਕੁਰਬਾਨੀ ਵਾਲੇ ਸਿੰਘਾਂ ਸਿੰਘਣੀਆਂ, ਭੁਜੰਗੀਆਂ, ਗੁਰੂ ਧਾਮਾਂ ਦੀ ਯਾਦ, ਹਰ ਸਿੱਖ ਦੇ ਜੀਵਨ ਲਈ ਰੋਜ਼ਾਨਾ ਦੀ ਸਾਂਝੀ ਦਾ ਅਰਦਾਸ ਵਿਚ ਜ਼ਿਕਰ ਹੈ।

ਬਾਕੀ, ਇਹ ਅਰਦਾਸ ਕੋਈ ਗੁਰਬਾਣੀ ਨਹੀਂ ਹੈ, ਕਿ ਕੋਈ ਦੂਜਾ ਅਰਦਾਸੀਆ ਇਸ ਦਾ ਕੋਈ ਲਫਜ਼ ਨਹੀਂ ਬਦਲ ਸਕਦਾ। ਸਿਰਫ ਸ਼ਬਦਾਵਲੀ ਅਤੇ ਮੰਗ ਗੁਰਬਾਣੀ ਗੁਰਮਤਿ ਦੀ ਅਗਵਾਈ ਵਿੱਚ ਹੀ ਹੋਣੀ ਜ਼ਰੂਰੀ ਹੈ। ਅਰਦਾਸ ਕਿਉਂਕਿ ਗੁਰਬਾਣੀ ਨਹੀਂ ਹੈ, ਮਨੁੱਖੀ ਸੰਪਾਦਨਾ ਹੈ, ਇਸ ਲਈ ਗੁਰਬਾਣੀ ਗੁਟਕਿਆਂ ਵਿੱਚ ਨਹੀਂ ਛਾਪਣੀ ਚਾਹੀਦੀ। ਇਸ ਭੁੱਲ ਨਾਲ ਕੁੱਝ ਸਮੇਂ ਬਾਅਦ ਅਰਦਾਸ ਗੁਰਬਾਣੀ ਵਾਂਗੂੰ ਸਮਝੀ ਜਾਣ ਲਗ ਪੈਂਦੀ ਹੈ।

ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥6॥

ਆਰੰਭ ਵਿਚ ਸੰਗਤੀ ਅਰਦਾਸ

ਤੂ ਠਾਕੁਰੁ ਤੁਮ ਪਹਿ ਅਰਦਾਸਿਜੀਉ ਪਿੰਡੁ ਸਭੁ ਤੇਰੀ ਰਾਸਿ
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ
ਕੋਇ ਨ ਜਾਨੈ ਤੁਮਰਾ ਅੰਤੁਊਚੇ ਤੇ ਊਚਾ ਭਗਵੰਤ
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ
ਤੁਮ ਤੇ ਹੋਇ ਸੁ ਆਗਿਆਕਾਰੀ
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ

ਅਰਦਾਸ

ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥

ੴ ਸਤਿਗੁਰੂ ਪ੍ਰਸਾਦਿ॥

ਸ੍ਰੀ ਅਕਾਲ ਜੀ ਸਹਾਏ।
ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਜੀ ਲਈਂ ਧਿਆਇ ।
ਗੁਰੂ ਅੰਗਦ ਜੀ ਗੁਰੂ ਅਮਰ ਦਾਸ ਜੀ ਗੁਰੂ ਰਾਮਦਾਸ ਜੀ ਹੋਈਂ ਸਹਾਇ ।
ਗੁਰੂ ਅਰਜਨ ਹਰ ਗੋਬਿੰਦ ਜੀ ਸਿਮਰਉਂ ਗੁਰੂ ਹਰ ਰਾਇ ।
ਗੁਰੂ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ ।
ਗੁਰੂ ਤੇਗ ਬਹਾਦਰ ਜੀ ਸਿਮਰੀਐ ਨਿਰਭਉ ਨਾਮ ਧਿਆਇ ।
ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਸਭ ਥਾਈਂ ਹੋਈਂ ਸਹਾਇ ।
ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ।

ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।

ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ।

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।

ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ--

ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ।

ਅਰਦਾਸ ਦੇ ਅੰਤ ਵਿੱਚ -- ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥

ਨੋਟ 1: ਨਾਨਕ ਨਾਮ ਚੜਦੀ ਕਲਾ ਵਾਲੀ ਲਾਈਨ ਵਿਚ ਬੇਸ਼ਕ ਕੋਈ ਮਾੜੀ ਗੱਲ ਨਹੀਂ, ਪਰ ਇਹ ਗੁਰਬਾਣੀ ਨਹੀਂ ਹੈ, ਅਤੇ "ਨਾਨਕ" ਨਾਮ ਦੀ ਵਰਤੋਂ ਹੋਣ ਕਰਕੇ ਗੁਟਕਿਆਂ ਵਿਚ ਇਹ ਕੱਚੀ ਬਾਣੀ, ਗੁਰਬਾਣੀ ਦਾ ਭੁਲੇਖਾ ਪਾ ਕੇ ਗੁਰਬਾਣੀ ਦੀ ਥਾਂ ਲੈ ਰਹੀ ਹੈ, ਇਸ ਲਈ ਇਸ ਦੀ ਥਾਵੇਂ ਗੁਰਬਾਣੀ ਦੀ ਪੰਗਤੀ ਪਾ ਦਿਤੀ ਗਈ ਹੈ।

ਨੋਟ 2: ਇਸ ਅਰਦਾਸ ਵਿਚੋਂ ਦੇਵੀ ਭਗਉਤੀ {ਦੁਰਗਾ} ਦੀ ਉਪਾਸ਼ਨਾ ਛੱਡ ਕੇ, ਗੁਰਬਾਣੀ ਸਿਧਾਂਤ ਦੀ ਰੌਸ਼ਨੀ ਵਿਚ ਸੰਪਾਦਨਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਅਸਲ ਵਿਚ {ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ} ਹੀ ਅਰਦਾਸ ਹੈ, ਇਹ ਸੰਪਾਦਨਾ ਕੋਈ ਗੁਰਬਾਣੀ ਨਹੀਂ, ਇਸ ਲਈ ਇਸ ਸੰਪਾਦਨਾ ਵਿਚ ਜੇ ਕਿਸੇ ਵੀਰ ਨੇ ਕਿਸੇ ਥਾਵੇਂ ਗੁਰਬਾਣੀ ਗੁਰਮਤਿ ਅਨੁਸਾਰ ਕੋਈ ਹੋਰ ਸ਼ਬਦਾਵਲੀ ਭੀ ਵਰਤਨੀ ਹੋਵੇ ਤਾਂ ਵਰਤ ਸਕਦਾ ਹੈ ਜੀ। ਕੇਵਲ ਗੁਰਬਾਣੀ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ

ਨੋਟ 3: ਕੜਾਹ ਪ੍ਰਸ਼ਾਦ ਜਾਂ ਲੰਗਰ ਦੀ ਅਰਦਾਸ ਕਰਨ ਵੇਲੇ "ਪ੍ਰਵਾਣ ਹੋਵੇ" ਕਹਿਣਾ ਹੈ।

***** ਉਪਰੋਕਤ ਅਰਦਾਸ  ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤੀ ਜਾਂਦੀ ਹੈ। *****


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top