Share on Facebook

Main News Page

ਲੁੱਚੀ ਘੁੱਗੀ, ਬਦਨਾਮ ਕਾਂ’, ਮਾਮਲਾ ਬਠਿੰਡਾ ਵਿਖੇ ਫੜ੍ਹੀ ਗਈ ਵਿਸਫੋਟਕ ਸਮਗਰੀ ਦਾ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪੰਜਾਬ ਨਾਲ ਭਲਾ ਤਾਂ ਕਦੇ ਵੀ ਕਿਸੇ ਨੇ ਨਹੀਂ ਕੀਤਾ , ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਵੀ ਬਹੁਤ ਸੰਤਾਪ ਭੋਗਣੇ ਪਏ ਹਨ, ਪਰ ਪੰਜਾਬ ਲੱਗਭੱਗ ਪਿਛਲੇ ਚਾਰ ਦਹਾਕਿਆਂ ਤੋਂ ਬਹੁਤ ਬੁਰੇ ਦਿਨਾਂ ਵਿੱਚੋਂ ਦੀ ਗੁਜਰ ਰਿਹਾ ਹੈ, ਜਿਸ ਵਿੱਚ ਪੰਜਾਬ ਗੁਰੂਆਂ ਦੀ ਧਰਤੀ ਤੋਂ, ਬਲਦੇ ਸ਼ਮਸ਼ਾਨਾਂ ਵਿੱਚ ਤਬਦੀਲ ਹੋ ਗਿਆ ਹੈ। ਕਦੇ ਕਿਸੇ ਪਾਸੇ ਨਸ਼ੇ ਦੀ ਵੱਡੀ ਖੇਪ, ਕਦੇ ਵਿਸਫੋਟਕ ਸਮਗਰੀ ਮਿਲਦੀ ਹੈ, ਜਿਹੜੀ ਪੰਜਾਬ ਦੀ ਤਰਾਸਦੀ ਨੂੰ ਬਿਆਨ ਕਰਦੀ ਹੈ। ਅਜਿਹਾ ਕੁੱਝ ਕਿਤੋਂ ਵੀ ਮਿਲੇ, ਕਿਸੇ ਹਾਲਤ ਵਿੱਚ ਮਿਲੇ, ਸਭ ਤੋਂ ਪਹਿਲਾਂ ਪਾਕਿਸਤਾਨ ਦਾ ਸਿੱਧਾ ਨਾਮ ਲੈਕੇ ਜਾਂ ਇਹ ਕਹਿਕੇ ਕਿ ਸਰਹੱਦ ਪਾਰੋਂ ਦੇਸ਼ ਨੂੰ ਤੋੜਣ ਜਾਂ ਗੜਬੜ ਫੈਲਾਉਣ ਦੀਆਂ ਕੋਸ਼ਿਸ਼ਾਂ ਕਰਨ ਦਾ ਬਿਆਨ ਆਉਂਦਾ ਹੈ। ਫਿਰ ਤਹਿਕੀਕਾਤ ਆਰੰਭ ਹੁੰਦੀ ਹੈ ਅਤੇ ਇਸ ਦੇ ਤਾਰ ਖਾੜਕੂ ਸਿੱਖ ਜਥੇਬੰਦੀਆਂ ਨਾਲ ਜੋੜ ਕੇ ਫੜ੍ਹ ਫੜਾਈ ਸ਼ੁਰੂ ਹੋ ਜਾਂਦੀ ਹੈ। ਜਿਹੜਾ ਕਾਬੂ ਆ ਗਿਆ ਉਹ ਅਤਵਾਦੀ ਬਣਾਕੇ, ਦੇਸ਼ ਧ੍ਰੋਹ ਅਤੇ ਹੋਰ ਖਤਰਨਾਕ ਕਾਨੂੰਨੀ ਧਰਾਵਾ ਅਧੀਨ, ਸਾਲਾਂ ਬੱਧੀਂ ਜੇਲ ਦੇ ਪੱਕੇ ਭਾਂਡੇ ਪੈ ਜਾਂਦਾ ਹੈ, ਜਿਹੜਾ ਹੱਥ ਨਾ ਆਇਆ ਉਹ ਇਸ਼ਤਿਹਾਰੀ ਮੁਜਰਿਮ ਗਰਦਾਨ ਦਿੱਤਾ ਜਾਂਦਾ ਹੈ। ਗੱਲ ਕੀਹ ਇਹ ਕੱਚਾ ਕੋਹੜ ਸਿੱਖਾਂ ਦੇ ਗਲ ਅਤੇ ਸਿੱਖਾਂ ਵਿੱਚੋਂ ਅਣਖੀ ਸਿੱਖਾਂ ਦੇ ਗਲ ਮੜ੍ਹਕੇ, ਬਹੁਗਿਣਤੀ ਨੂੰ ਇਹ ਸਾਬਿਤ ਕੀਤਾ ਜਾਂਦਾ ਹੈ ਕਿ ਦੇਖੋ ਇਹ ਲੋਕ ਕਿੰਨੇ ਖੂੰਖਾਰ ਹਨ, ਜੇ ਕਿਤੇ ਤੁਸੀਂ ਇਹਨਾਂ ਨੂੰ ਭੁੱਲ ਭੁਲੇਖੇ ਸਤਾ ਦੇ ਬੈਠੇ ਤਾਂ ਤੁਹਾਡਾ ਕੀਹ ਹਾਲ ਹੋਵੇਗਾ। ਅਸੀਂ ਤਾਂ ਤੁਹਾਡੀ ਰਾਖੀ ਵਾਸਤੇ ਅਤੇ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਕਿੰਨਾ ਜੋਖਮ ਚੁੱਕ ਰਹੇ ਹਾਂ।

ਬਦਨਾਮੀ ਹਮੇਸ਼ਾਂ ਉਹਨਾਂ ਸਿੱਖਾਂ ਦੀ ਹੋਈ, ਜਿਹੜੇ ਅਣਖ ਨਾਲ ਰਹਿਣਾ ਚਾਹੁੰਦੇ ਹਨ, ਜਿਹੜੇ ਆਪਣੇ ਵਾਸਤੇ ਬਰਾਬਰੀ ਦੇ ਹੱਕ ਮੰਗਦੇ ਹਨ, ਜਿਹੜੇ ਇਹ ਆਖਦੇ ਹਨ ਕਿ ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਹਵਾਰੇ, ਭਿਉਰੇ ,ਤਾਰੇ ਜਾਂ ਲਹੌਰੀਏ ਵਾਸਤੇ ਫਾਂਸੀਆਂ ਅਤੇ ਉਮਰ ਕੈਦਾਂ ਹਨ ਤਾਂ ਫਿਰ ਸਾਧਵੀ ਪ੍ਰਿਗਿਆ, ਕਰਨਲ ਪ੍ਰੋਹਿਤ ਜਾਂ ਸੰਜੇ ਦੱਤ ਵਾਸਤੇ ਕਿਉਂ ਨਹੀਂ ਹਨ।

ਫਿਰ ਅਜਿਹੇ ਲੋਕਾਂ ਨੂੰ, ਜਦੋ ਉਹ ਹੱਕ ਦੀ ਗੱਲ ਕਰਨ ਤਾਂ ਕਿਸੇ ਵਿਸਫੋਟਕ ਸਮਗਰੀ ਰੱਖਣ ਦੇ ਕੇਸ ਵਿੱਚ ਫਸਾ ਕੇ, ਇਕ ਤੀਰ ਨਾਲ ਦੋ ਸ਼ਿਕਾਰ ਫੁੰਡ ਲਏ ਜਾਂਦੇ ਹਨ। ਪੰਜਾਬ ਵਿੱਚੋਂ ਜਦੋਂ ਕਦੇ ਹੈਰੋਇਨ ਫੜ੍ਹੀ ਜਾਣੀ ਸ਼ੁਰੂ ਹੁੰਦੀ ਹੈ ਤਾਂ ਰੋਜ਼ ਕੁਵਿੰਟਲਾਂ ਦੇ ਕੁਵਿੰਟਲ ਫੜ੍ਹੀ ਜਾਂਦੀ ਹੈ, ਜੇ ਹੁਣ ਵਿਸਫੋਟਕ ਸਮਗਰੀ ਦਾ ਸੀਜ਼ਨ ਆਰੰਭ ਹੋ ਗਿਆ ਹੈ ਤਾਂ ਰੋਜ਼ ਕਿਤੋਂ ਕਾਰਤੂਸ, ਕਿਤੋਂ ਬੰਬ, ਕਿਤੇ ਰਾਕਟ ਲਾਂਚਰ ਮਿਲਣ ਦੀਆਂ ਖਬਰਾਂ ਆਮ ਵੇਖੀਆਂ ਜਾਣਗੀਆਂ।

ਲੇਕਿਨ 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ, ਬਠਿੰਡਾ ਥਰਮਲ ਪਲਾਂਟ ਨੇੜੇ ਪਲਟੀ ਇੱਕ ਕਾਰ ਵਿੱਚੋਂ ਮਿਲੀ ਵਿਸਫੋਟਕ ਸਮਗਰੀ ਨੇ ਬਿੱਲੀ ਥੈਲੇ ਵਿੱਚੋਂ ਬਾਹਰ ਕੱਢ ਦਿੱਤੀ ਹੈ। ਪਿੰਡ ਰੱਤਾ ਖੇੜਾ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨਾਮ ਦੇ ਵਿਅਕਤੀਆਂ ਦੀ, ਪਲਟੀ ਖਾਧੀ ਕਾਰ ਵਿੱਚੋਂ ਵਿਸਫੋਟਕ ਪਦਾਰਥ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਅਤੇ ਉਹ ਵੀ ਥਰਮਲ ਪਲਾਂਟ ਦੇ ਮੁੱਖ ਸੁਰਖਿਆ ਅਫਸਰ ਕਰਨਲ ਸੁਖਵਿੰਦਰ ਸਿੰਘ ਨੇ ਫੌਜੀ ਹੋਣ ਕਰਕੇ, ਤਰੁੰਤ ਪਹਿਚਾਨ ਲਿਆ ਕਿ ਇਹ ਵਿਸਫੋਟਕ ਮਸਾਲਾ ਹੈ ਅਤੇ ਉਸ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਤਰੁੰਤ ਉਸ ਕਾਰ ਦੀ ਪੁਣਛਾਣ ਕਰਕੇ ਮਾਮਲਾ ਦਰਜ਼ ਕਰ ਲਿਆ ਹੈ, ਪਰ ਉਹ ਕਿਸੇ ਦੇ ਨਾਮ ਉੱਤੇ ਦਰਜ਼ ਨਹੀਂ ਹੋਇਆ, ਸਗੋਂ ਅਣਪਛਾਤੇ ਬੰਦਿਆਂ ਦੇ ਸਿਰ ਮੜ੍ਹ ਦਿੱਤਾ ਗਿਆ ਹੈ ਕਿਉਂਕਿ ਉਕਤ ਕਾਰ ਮਾਲਕ ਅਤੇ ਕਾਰ ਸਵਾਰ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਉੱਤੇ ਚਾਰ ਦਿਨ ਜਾਂਦੇ ਰਹੇ ਅਤੇ ਐਮ.ਐਲ.ਏ. ਹੋਸਟਲ ਵਿੱਚ ਰਾਤਾਂ ਕੱਟਦੇ ਰਹੇ, ਜਿਸ ਕਰਕੇ ਬਾਦਲ ਪਰਿਵਾਰ ਦਾ ਨਾਮ ਸਿੱਧੇ ਤੌਰ ਤੇ ਇਸ ਨਾਲ ਜੁੜਦਾ ਸੀ ਤਾਂ ਪੁਲਿਸ ਨੇ ਤਰੁੰਤ ਸਾਰੀ ਘਟਨਾ ਨੂੰ ਕੂਹਣੀ ਮੋੜ ਦੇ ਦਿੱਤਾ, ਬੇਸ਼ਕ ਇੱਕ ਵਾਰੀ ਬੰਦੇ ਫੜ੍ਹ ਵੀ ਲਏ ਸਨ, ਪਰ ਮਾਮਲੇ ਦੀਆਂ ਤਾਰਾਂ ਅਤੇ ਗੰਭੀਰ ਨਤੀਜਿਆਂ ਨੂੰ ਵੇਖਦਿਆਂ, ਉਹਨਾਂ ਬੰਦਿਆਂ ਨੂੰ ਛੱਡ ਦਿੱਤਾ ਗਿਆ ਹੈ ਅਤੇ ਇਹ ਕਹਾਣੀ ਘੜ੍ਹ ਦਿੱਤੀ ਹੈ ਕਿ ਇਹ ਵਿਸਫੋਟਕ ਪਦਾਰਥ ਕਾਰ ਵਿੱਚ ਨਹੀਂ ਸਨ, ਸਗੋਂ ਕਾਰ ਦੇ ਬਾਹਰੋਂ ਉਸ ਜਗਾ ਤੋਂ ਮਿਲੇ ਹਨ ਜਿੱਥੇ ਕਾਰ ਨੇ ਪਲਟੀ ਖਾਧੀ ਸੀ। ਹੁਣ ਇਹ ਕਿਸੇ ਹੋਰ ਅਣਖੀ ਸਿੱਖ ਦੇ ਗਲ ਮੜ੍ਹੇ ਜਾਣੇ ਹਨ।

ਇਸ ਤਰ੍ਹਾਂ ਹੀ ਨਸ਼ਿਆਂ ਦੇ ਮਾਮਲੇ ਵਿੱਚ, ਬੇਸ਼ਕ ਸ. ਬਾਦਲ ਦੇ ਸਕੇ ਰਿਸ਼ਤੇਦਾਰ ਸ.ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਨਸ਼ਾ ਤਸਕਰਾਂ ਨੇ ਲਿਆ, ਪਰ ਸ. ਬਾਦਲ ਨੇ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੱਤਾ, ਹੁਣ ਇਸ ਕੇਸ ਦੀ ਵੀ ਇਸ ਕਰਕੇ ਭਰੂਣ ਹੱਤਿਆ ਕਰ ਦਿੱਤੀ ਹੈ ਕਿ ਇਸ ਨਾਲ ਬਾਦਲ ਸਰਕਾਰ ਅਤੇ ਪਰਿਵਾਰ ਦੋਹਾਂ ਦਾ ਮੂੰਹ ਕਾਲਾ ਹੋਣਾ ਸੀ। ਨਸ਼ਾ ਹੋਵੇ ਜਾਂ ਵਿਸਫੋਟਕ ਸਮੱਗਰੀ, ਦੋਵੇ ਦੇਸ਼ ਅਤੇ ਸਮਾਜ ਵਾਸਤੇ ਘਾਤਕ ਹਨ, ਫਿਰ ਅਜਿਹੇ ਕੇਸਾਂ ਦੀ ਪੜਤਾਲ ਸੀ.ਬੀ.ਆਈ. ਵਰਗੀ ਏਜੰਸੀ ਤੋਂ ਕਿਉਂ ਨਹੀਂ ਕਰਵਾਈ ਜਾਂਦੀ, ਮਾਮਲਾ ਵਿੱਚੇ ਹੀ ਠੱਪ ਕਿਉਂ ਹੋ ਜਾਂਦਾ ਹੈ। ਹਾਲੇ ਥੋੜੇ ਦਿਨ ਪਹਿਲਾਂ ਹੀ ਬੀ.ਜੇ.ਪੀ. ਦੇ ਸਰਕਰਦਾ ਆਗੂ ਕਮਲ ਸ਼ਰਮਾ ਦੇ ਨਿੱਜੀ ਸਹਾਇਕ ਜਿੰਮੀ ਸੰਧੂ, ਜੁਗਰਾਜ ਸਿੰਘ ਕਟੋਰਾ ਬੀ.ਜੇ.ਪੀ. ਦਾ ਜਿਲਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਹੈ ਅਤੇ ਕੁੱਝ ਹੋਰ ਸਾਥੀਆਂ ਵੱਲੋਂ ਹੈਰੋਇਨ ਦੇ ਸਮਗਲਰਾਂ ਦੀ ਮੱਦਦ ਕਰਨ, ਜਾਹਲੀ ਕਰੰਸੀ ਰੱਖਣ, ਨਜਾਇਜ ਹਥਿਆਰ ਰੱਖਣ ਦੇ ਨਾਲ ਨਾਲ ਪਾਕਿਸਤਾਨ ਵਿੱਚਲੇ ਸਮਾਜ ਵਿਰੋਧੀ ਤੱਤਾਂ ਨਾਲ ਸਬੰਧ ਰੱਖਣ ਦਾ ਖੁਲਾਸਾ ਵੀ ਹੋਇਆ, ਮੁਕੱਦਮਾ ਦਰਜ਼ ਹੋਣ ਦੇ ਬਾਵਜੂਦ ਗੱਲ ਠੰਢੇ ਬਸਤੇ ਪਈ ਹੋਈ ਹੈ।

ਹੁਣ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਬਹੁਗਿਣਤੀ ਭਾਈਚਾਰੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨਸ਼ਾ ਤਸਕਰੀ ਅਤੇ ਵਿਸਫੋਟਕ ਸਮਗਰੀ ਦੇ ਤਾਰ ਕਿੱਥੇ ਜੁੜਦੇ ਹਨ। ਬੀ.ਜੇ.ਪੀ. ਦੇ ਨੇਤਾਵਾਂ ਦੇ ਪਾਕਿਸਤਾਨ ਵਿੱਚਲੇ ਸਮਾਜ ਵਿਰੋਧੀ ਤੱਤਾਂ ਨਾਲ ਸਬੰਧ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਕੇ ਆਏ ਲੋਕਾਂ ਦੀਆਂ ਕਾਰਾਂ ਵਿੱਚੋਂ ਧਮਾਕਾ ਖੇਜ ਪਦਾਰਥ ਮਿਲਣ ਨਾਲ, ਹੁਣ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਪੰਜਾਬ ਦੇ ਅਮਨ ਨੂੰ ਅੱਗ ਕੌਣ ਲਾ ਰਿਹਾ ਹੈ, ਉਹ ਵੀ ਸਿਰਫ ਆਪਣੀ ਕੁਰਸੀ ਸਲਾਮਤ ਅਤੇ ਸਦੀਵੀ ਰੱਖਣ ਲਈ ਹਿੰਦੂ ਲੋਕਾਂ ਦੀਆਂ ਵੋਟਾਂ ਪੱਕੀਆਂ ਕਰਨ ਵਾਸਤੇ, ਇੱਕ ਤਾਂ ਫਿਰਕੂ ਨਫਰਤ ਪੈਦਾ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਬੇਗੁਨਾਹ ਅਣਖੀ ਸਿੱਖਾਂ ਨੂੰ, ਸਿਰਫ ਇਸ ਕਰਕੇ ਫਸਾ ਦਿੱਤਾ ਜਾਂਦਾ ਹੈ ਕਿ ਇੱਕ ਤਾਂ ਉਹ ਬਰਾਬਰੀ ਦੀ ਗੱਲ ਨਾ ਕਰਨ ਅਤੇ ਇੱਕ ਹਿੰਦੂ ਲੋਕਾਂ ਵਾਸਤੇ ਹਾਉਆ ਬਣਿਆ ਰਹੇ ਕਿ ਇਹ ਸਿੱਖ, ਜਿਹੜੇ ਹੱਕ ਮੰਗਦੇ ਹਨ, ਇਹ ਜੰਗਲੀ ਜਿਹੇ ਅਤੇ ਮਾਰਧਾੜ ਵਾਲੇ ਹੀ ਬੰਦੇ ਹਨ, ਇਹਨਾਂ ਦਾ ਕੰਮ ਬੰਦੇ ਮਾਰਨਾ ਜਾਂ ਗੜਬੜ ਪੈਦਾ ਕਰਨਾ ਹੀ ਹੈ।

ਪੁਲਿਸ ਵੀ ਕੀਹ ਕਰੇ ਪਹਿਲਾਂ ਅਫਸਰਾਂ ਦੀ ਗੁਲਾਮੀ, ਫਿਰ ਰਾਜਸੀ ਲੋਕਾਂ ਦੀ ਗੁਲਾਮੀ, ਜੇ ਕੋਈ ਅਫਸਰ ਸਾਫਗੋਈ ਨਾਲ ਕੰਮ ਕਰਨਾ ਚਾਹਵੇ ਤਾਂ ਉਸ ਨੂੰ ਆਪਣੇ ਬਿਸਤਰੇ ਦੀ ਰੱਸੀ ਬੰਨ੍ਹਕੇ ਹੀ ਰੱਖਣੀ ਪੈਂਦੀ ਹੈ। ਮੈਨੂੰ ਯਾਦ ਹੈ ਕਿ ਮੈਂ 14 ਕੁ ਸਾਲ ਦਾ ਸੀ, ਮੇਰੇ ਇੱਕ ਬਜੁਰਗ ਰਿਸ਼ਤੇਦਾਰ ਅਫੀਮ ਖਾਂਦੇ ਸਨ, ਅਚਾਨਕ ਉਹਨਾਂ ਉਰਦੂ ਦੇ ਅਖਬਾਰ ਵਿੱਚੋਂ ਖਬਰ ਪੜ੍ਹੀ ਕਿ ਫਲਾਣੀ ਜਗ੍ਹਾ ਪੁਲਿਸ ਨੇ ਅਫੀਮ ਫੜ੍ਹੀ ਹੈ, ਪਰ ਨਾਲ ਹੀ ਖੁਸ਼ ਹੋ ਗਏ ਕਿ ਉਥੇ ਮੇਰਾ ਯਾਰ ਵੱਡਾ ਥਾਨੇਦਾਰ ਹੈ ਉਹ ਬਜੁਰਗ ਉਹ ਮੈਨੂੰ ਸਕੂਲੋਂ ਛੁੱਟੀਆਂ ਹੋਣ ਕਰਕੇ ਆਪਣੇ ਪਿੰਡ ਨਾਲ ਲਿਜਾਣ ਵਾਸਤੇ ਆਏ ਸਨ, ਉਹਨਾਂ ਨੇ ਜਲਦੀ ਤਿਆਰ ਹੋਣ ਵਾਸਤੇ ਕਿਹਾ, ਅਸੀਂ ਸਿੱਧੇ ਉਹਨਾਂ ਦੇ ਪਿੰਡ ਜਾਣ ਦੀ ਬਜਾਇ, ਉਸ ਥਾਣੇ ਪਹੁੰਚ ਗਏ, ਮੈਂ ਹਾਲੇ ਬਾਲ ਉਮਰ ਵਿੱਚ ਸੀ ਬਹੁਤਾ ਕੁੱਝ ਪਤਾ ਨਹੀਂ ਸੀ, ਪਹਿਲੀ ਵਾਰ ਥਾਣੇ ਗਿਆ ਸੀ, ਬਜ਼ੁਰਗਾ ਨੇ ਥਾਨੇਦਾਰ ਤੋਂ ਅਫੀਮ ਮੰਗੀ ਉਸ ਨੇ ਕਾਫੀ ਸਾਰੀ ਤੋੜ ਕੇ ਫੜਾ ਦਿੱਤੀ ਅਤੇ ਨਾਲ ਹੀ ਕਿਹਾ ਕਿ ਚੰਗੇ ਰਹਿ ਗਏ ਹੋ ਭਾਅ ਜੀ, ਤੁਸੀਂ ਨਹੀਂ ਤਾਂ ਅੱਜ ਰਾਤ ਨੂੰ ਇਹ ਦਸ ਕਿੱਲੋ ਤੋਂ ਪੰਝੀ ਕਿੱਲੋ ਹੋ ਜਾਣੀ ਸੀ। ਏਨੇ ਚਿਰ ਨੂੰ ਇੱਕ ਸਿਪਾਹੀ ਅੰਦਰ ਆਇਆ ਤੇ ਕਹਿਣ ਲੱਗਾ ਕਿ ਜਨਾਬ ਉਹ ਮਿਸਤਰੀ ਲੈ ਆਂਦਾ ਹੈ, ਥਾਨੇਦਾਰ ਸਾਹਿਬ ਨੇ ਕਿਹਾ ਉਸਨੂੰ ਅੰਦਰ ਬੁਲਾਅ, ਮਿਸਤਰੀ ਨੇ ਗੋਡੇ ਹੱਥ ਲਾਉਂਦਿਆ ਕਿਹਾ, ਜਨਾਬ ਸੁੱਖ ਹੈ ਕਿਵੇ ਯਾਦ ਕੀਤੈ ਤਾਂ ਥਾਨੇਦਾਰ ਨੇ ਕਿਹਾ ਯਾਰ ਅਫੀਮ ਫੜੀ, ਪਰ ਸਾਹਬ ਨੇ ਕਿਹਾ ਇਸ ਤੇ ਦੋ ਕੱਟੇ ਵੀ ਫਿੱਟ ਕਰਨੇ ਐ, ਤੂੰ ਅੱਜ ਦੋ ਕੱਟੇ ਤਿਆਰ ਕਰ ਦੇਹ, ਮੈਂ ਸੋਚਦਾ ਸੀ ਮੱਝ ਵਾਲੇ ਕੱਟੇ ਤਿਆਰ ਕਰਨੇ, ਫਿਰ ਫਿੱਟ ਕਰਨੇ, ਇਹ ਕਿਵੇ ਹੋ ਸਕਦਾ ਹੈ। ਜਦੋਂ ਮੈਂ ਅਤੇ ਮੇਰੇ ਰਿਸ਼ਤੇਦਾਰ ਥਾਣੇ ਵਿੱਚੋਂ ਬਾਹਰ ਆ ਕੇ ਰੇਲ ਗੱਡੀ ਵਿੱਚ ਬੈਠੇ ਤਾਂ ਮੈਂ ਉਹਨਾਂ ਬਜੁਰਗਾਂ ਨੂੰ ਪੁੱਛਿਆ ਕਿ ਉਥੇ ਮੱਝ ਤਾਂ ਹੈ ਨਹੀਂ, ਕੱਟੇ ਕਿੱਥੋਂ ਆਉਣਗੇ, ਉਹ ਹੱਸਦੇ ਹੋਏ ਕਹਿਣ ਲੱਗੇ ਪੁੱਤਰ ਜੀ ਵੱਡਾ ਹੋਵੇਗਾ ਤਾਂ ਪਤਾ ਲੱਗੇਗਾ, ਕੱਟੇ ਕਈ ਤਰ੍ਹਾਂ ਦੇ ਹੁੰਦੇ ਹਨ, ਉਹ ਕੱਟੇ ਪਿਸਤੌਲ ਨੂੰ ਆਖਦੇ ਸਨ। ਉਸ ਵੇਲੇ ਬਚਪਨ ਕਰਕੇ ਮੇਰੇ ਤੇ ਕੋਈ ਬਹੁਤਾ ਅਸਰ ਨਹੀਂ ਪਿਆ ਸੀ, ਪਰ ਹੁਣ ਖਿਆਲ ਆਉਂਦਾ ਹੈ ਕਿ ਪੁਲਿਸ ਦੇ ਇਮਾਨਦਾਰ ਅਤੇ ਨੇਕ ਅਫਸਰ ਵੀ ਕੀਹ ਕਰਨ, ਜਿਹੜੇ ਮਜਬੂਰ ਹੋਕੇ ਵੱਡੇ ਅਫਸਰਾਂ ਜਾਂ ਸਿਆਸੀ ਲੀਡਰਾਂ ਦੇ ਦਬਾਅ ਕਰਕੇ, ਮੁਜਰਿਮ ਨੂੰ ਛੱਡਣ ਅਤੇ ਇੱਕ ਬੇਗੁਨਾਹ ਨੂੰ ਮੁਜਰਿਮ ਬਣਾਉਣ ਦੀ ਕਾਰਵਾਈ ਕਰਕੇ, ਖੁਦ ਹੀ ਆਪਣੀ ਨਜਰ ਵਿੱਚ ਇਕ ਮੁਜਰਿਮ ਬਣਕੇ ਵੇਲਾ ਪੂਰਾ ਕਰਦੇ ਹਨ। ਹੁਣ ਕੀਹ ਆਖੀਏ 107 / 51 ਵਿੱਚ ਤਾਂ ਹਾਈ ਕੋਰਟ ਦੀ ਦਖਲ ਅੰਦਾਜੀ ਨਾਲ ਰਿਹਾਈ ਲੈਣੀ ਪੈਂਦੀ ਹੈ, ਪਰ ਵਿਸਫੋਟਕ ਸਮਗਰੀ ਜਾਂ ਮਾਰੂ ਨਸ਼ੇ ਗੱਡੀ ਵਿੱਚੋਂ ਮਿਲਣ ਤੇ ਰਾਤੋ ਰਾਤ ਕਲੀਨ ਚਿੱਟ ਮਿਲ ਜਾਂਦੀ ਹੈ, ਪਰ ਹੁਣ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਲੁੱਚੀ ਤਾਂ ਘੁੱਗੀ ਹੈ, ਵਿਚਾਰਾ ਕਾਂ ਤਾਂ ਐਂਵੇਂ ਹੀ ਬਦਨਾਮ ਹੈ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top