Share on Facebook

Main News Page

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ
-: ਜੁਗਰਾਜ ਸਿੰਘ

ਗੁਰੂ ਨਾਨਕ ਦੇਵ ਜੀ ਨੇ 1500 ਈਸਵੀ ਦੇ ਲਾਗੇ ਇੱਕ ਪਰਮਾਤਮਾ ਵਿਚ, ਜਿਹੜਾ ਅਕਾਰ ਰਹਿਤ ਤੇ ਜੂਨ ਰਹਿਤ ਹੈ ਦੇ ਬਣਾਏ ਜਾਤਿ ਰਹਿਤ ਸਮਾਜ ਵਿੱਚ ਆਪਣੇ ਵਿਸ਼ਵਾਸ਼ ਦਾ ਐਲਾਨ ਕੀਤਾ। ਉਨ੍ਹਾਂ ਨੇ ਪਰਚਾਰਿਆਂ ਕਿ ਇੱਕ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਅਤੇ ਇਹ ਉਸ ਦੇ ਹੀ ਬਣਾਏ ਹੋਏ ਸਿਧਾਂਤ ਅਨਕੂਲ ਚੱਲ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਾਦਰ ਦੀ ਕੁਦਰਤ ਦੇ ਅਸੂਲ਼ਾਂ ਅਨੁਸਾਰ ਚਲਣ ਦੀ ਸਿਖਿਆ ਦਿਤੀ। ਗੁਰੂ ਨਾਨਕ ਦੇਵ ਜੀ ਤੋਂ ਪਿਛੋਂ ਦੂਸਰੇ ਗੁਰੂ ਸਾਹਿਬਾਂ ਨੇ ਸਰਬੱਤ ਦੇ ਭਲੇ ਵਾਲੇ ਇਸ ਸਿਧਾਂਤ ਦਾ ਵਿਸਥਾਰ ਤੇ ਪਰਚਾਰ ਕੀਤਾ। ਗੁਰੂ ਗਰੰਥ ਸਾਹਿਬ ਸਾਂਝੀਵਾਲਤਾ ਦੀ ਇਸ ਵਿਚਾਰਧਾਰਾ ਦਾ ਲਿਖਤੀ ਰੂਪ ਹੈ।

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ ਪੰਨਾ 966

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ
ਦਿਲਿ ਖੋਟੈ ਆਕੀ ਫਿਰਨ੍ਹ੍ਹਿ ਬੰਨ੍ਹ੍ਹਿ ਭਾਰੁ ਉਚਾਇਨ੍ਹ੍ਹਿ ਛਟੀਐ ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ਕਉਣੁ ਹਾਰੇ ਕਿਨਿ ਉਵਟੀਐ ॥੨॥ ਪੰਨਾ 967

ਗੁਰੂ ਨਾਨਕ ਸਾਹਿਬ ਜੀ ਨੇ ‘ਸੱਚ ਦਾ ਮਾਰਗ’ ਇੱਕ ਨਵੇਂ ਤੇ ਨਿਰਾਲੇ ਧਰਮ ਦੀ ਨੀਂਹ ਰੱਖਕੇ ਸਾਰੀ ਉਮਰ ਲੋਕਾਂ ਨੂੰ ਸਚਿਆਰੇ ਤੇ ਗਿਅਨਾਵਾਨ ਬਨਣ ਦਾ ਉਪਦੇਸ ਦ੍ਰਿੜ੍ਹ ਕਰਵਾਇਆ। ਆਪ ਜੀ ਨੇ ਜਿਉਂਦੇ ਜੀਅ, ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ, ਇਸ ਨਵੇਂ ਚਲਾਏ ਧਰਮ ਨੂੰ ਆਪਣੇ ਅਕਾਲ ਚਲਾਣੇ ਤੋਂ ਪਿਛੋਂ ਇਸ ਧਰਤੀ ਤੇ ਚਲਦਾ ਰੱਖਣ ਲਈ ਕੇਵਲ ਯੋਗਤਾ ਦੇ ਆਧਾਰ 'ਤੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ੀ। ਉਨ੍ਹਾਂ ਅਪਣੇ ਪੁਤਰਾਂ ਦਾ ਵੀ ਲਿਹਾਜ ਨਹੀਂ ਕੀਤਾ। ਗੁਰੂ ਗਰੰਥ ਸਾਹਿਬ ਵਿੱਚ ਇਹ ਲਿਖਿਆ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਤੇ ਪੁਤਰਾਂ ਦੀ ਘੋਖ ਕੀਤੀ ਅਤੇ ਲਹਿਣਾ ਜੀ ਇਸ ਪਰਖ ਵਿੱਚ ਪੂਰੇ ਉੱਤਰੇ। ਗੁਰਬਾਣੀ ਵਿੱਚ ਇਹ ਵੀ ਅੰਕਿਤ ਹੈ ਕਿ ਲਹਿਣਾ ਜੀ ਗੁਰੂ ਨਾਨਕ ਸਾਹਿਬ ਦਾ ਹਰ ਹੁਕਮ ਸਿਰ ਮੱਥੇ 'ਤੇ ਮੰਨਦੇ ਸਨ ਤੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਉਨ੍ਹਾਂ ਦੇ ਕਹਿਣੇ ਨਹੀਂ ਲਗਦੇ ਸਨ। ਗੁਰੁ ਅੰਗਦ ਦੇਵ ਜੀ ਨੇ ਗੁਰੁ ਅਮਰ ਦਾਸ ਜੀ ਨੂੰ ਅਤੇ ਫਿਰ ਇਹਨਾਂ ਨੇ ਗੁਰੂ ਰਾਮ ਦਾਸ ਨੂੰ ਯੋਗਤਾ ਦੇ ਆਧਾਰ 'ਤੇ ਹੀ ਗੁਰ-ਗੱਦੀ ਬਖਸ਼ੀ।

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ਪੰਨਾ 954

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਪੰਨਾ 767

ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥ ਪੰਨਾ 140

ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥ ਪੰਨਾ 140

ਸਾਨੂੰ ਸਤਿਗੁਰਾਂ ਚਿਤਾਵਨੀ ਦੇ ਕੇ ਸਮਝਾਇਆ ਹੈ ਕਿ ਗੁਣਹੀਨ ਤੇ ਅਯੋਗ ਆਗੂ ਸਿਰਫ ਆਪਣਾ ਹੀ ਨੁਕਸਾਨ ਨਹੀਂ ਕਰਦੇ ਸਗੋਂ ਆਪਣੇ ਸਾਥੀਆਂ ਤੇ ਜਨਤਾ ਦਾ ਬੇੜਾ ਵੀ ਗਰਕ ਕਰਦੇ ਹਨ। ਅੰਧਾ ਆਗੂ ਹੋਛੀ ਅਕਲ ਕਰਕੇ ਸਹੀ ਰਾਹ ਨਹੀਂ ਪਛਾਣ ਸਕਦਾ। ਬੇਈਮਾਨ ਲੀਡਰਾਂ ਪਿਛੇ ਤਾਂ ਮੂਰਖ ਹੀ ਲਗਦੇ ਨੇ, ਸਿਆਣੇ ਲੋਕ ਲਕੀਰ ਦੇ ਫਕੀਰ ਨਹੀ ਹੁੰਦੇ।

ਖਾੜਕੂ ਸਿੱਖ ਲਹਿਰ ਦੇ ਆਗੂ ਭਾਈ ਦਲਜੀਤ ਸਿੰਘ ਦੀ ਪਤਰਕਾਰ ਅਵਤਾਰ ਸਿੰਘ ਨਾਲ ਇੱਕ ਵਿਸ਼ੇਸ਼ ਮੁਲਾਕਾਤ ਦਾ ਕੁੱਝ ਅੰਸ਼ ਨਵੰਬਰ 30, 2005 ਦੇ ਅੰਮ੍ਰਿਤਸਰ ਟਾਈਮਜ਼ ਅਖਬਾਰ ਛਪਿਆ ਸੀ। "ਸਿੱਖ ਸੰਘਰਸ਼ ਦੇ ਕੁਰਾਹੇ ਪੈਣ ਦੇ ਕੀ ਕਾਰਨ ਹਨ" ਦੇ ਸਵਾਲ ਦਾ ਦਲਜੀਤ ਸਿੰਘ ਦਾ ਦਿੱਤਾ ਜਵਾਬ ਅਵਤਾਰ ਸਿੰਘ ਨੇ ਇਹ ਲਿਖਿਆ ਸੀ ਕਿ "--- ਜੋ ਲੋਕ ਖਾੜਕੂ ਸੰਘਰਸ਼ ਦੇ ਨੁਮਾਇੰਦੇ ਬਣੇ ਹੋਏ ਸਨ --- ਉਨ੍ਹਾਂ ਵਿੱਚ ਕਈ ਰਾਜਸੀ ਤੌਰ ਤੇ ਬੇਈਮਾਨ ਹੀ ਨਹੀਂ ਬਲਕਿ ਸਿਆਸੀ ਪਖੋਂ ਬੌਣੇ ਵੀ ਸਨ। ਅੱਜ ਉਹ ਕਿੱਥੇ ਖੜੇ ਹਨ। ਸਭ ਨੇ ਦੇਖ ਹੀ ਲਏ ਹਨ। --- ਗੁਰਮਤਿ ਦੇ ਰੰਗ ਵਿੱਚ ਰੰਗੇ ਵਿਦਵਾਨਾਂ ਦਾ ਇੱਕ ਪੈਨਲ ਬਣਾਉਣ ਦਾ ਵੀ ਸਾਡਾ ਵਿਚਾਰ ਹੈ ਤਾ ਕਿ ਸਿੱਖ ਕੌਮ ਅਤੇ ਖਾਸ ਕਰਕੇ ਸਿੱਖ ਜਵਾਨੀ ਨੂੰ ਭਟਕਣ ਤੋਂ ਬਚਾਇਆ ਜਾ ਸਕੇ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨਾਲ, ਉਨ੍ਹਾਂ ਦੀ ਪ੍ਰਧਾਨਗੀ ਵੇਲੇ, ਅਜੀਤ ਅਖਬਾਰ ਦੇ ਨੁਮਾਇੰਦਆਂ ਦਿਲਜੀਤ ਸਿੰਘ ਬੇਦੀ ਅਤੇ ਕੰਵਰ ਮਨਜੀਤ ਸਿੰਘ ਦੀ ਵਿਸ਼ੇਸ਼ ਮੁਲਾਕਾਤ ਦਾ ਵੇਰਵਾ ਅਜੀਤ ਅਖਬਾਰ ਵਿੱਚ ਛਪਿਆਂ ਸੀ। "ਅੱਜਕਲ੍ਹ ਸੰਤ ਸਮਾਜ, ਹੋਰ ਸਾਧੂ ਸੰਤ ਜਿਨ੍ਹਾਂ ਨੇ ਆਪਣੀਆਂ-ਆਪਣੀਆਂ ਮਰਯਾਦਾਵਾਂ ਚਲਾਈਆਂ ਹੋਈਆਂ ਹਨ, ਆਪਣੇ-ਆਪਣੇ ਅੰਮ੍ਰਿਤ ਛਕਾ ਰਹੇ ਹਨ" ਦੇ ਸਵਾਲ ਦਾ ਪ੍ਰਧਾਨ ਸਾਹਿਬ ਦਾ ਦਿੱਤਾ ਜਵਾਬ ਪਤਰਕਾਰਾਂ ਨੇ ਇਹ ਲ਼ਿਖਿਆ ਸੀ ਕਿ "ਹਾਂ ਇਹ ਮੁੱਢਲੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਕਸੂਰ ਹੈ। ਜਦੋਂ ਅਸੀਂ ਆਪਣੇ ਗੁਰੂ ਦੀ ਗਲ ਸਹੀ ਰੂਪ ਵਿੱਚ ਲੋਕਾਂ ਸਾਹਮਣੇ ਨਹੀਂ ਪ੍ਰਚਾਰ ਸਕੇ। ਅਸੀਂ ਇਸ ਕਾਰਜ ਵਿੱਚ ਅਸਮਰੱਥ ਰਹੇ ਹਾਂ ਕਿ ਗੁਰਮਤਿ ਵਿਚਾਰਧਾਰਾ ਦਾ ਪੂਰੀ ਤਰਾਂ ਪ੍ਰਚਾਰ ਕਰ ਸਕੀਏ। ਜੇ ਸਹੀ ਅਰਥਾਂ ਵਿੱਚ ਪ੍ਰਚਾਰ ਹੋ ਗਿਆ ਹੁੰਦਾ ਤਾਂ ਲੋਕ ਉਧਰ ਨਾਂ ਅਕਰਸ਼ਿਤ ਹੁੰਦੇ। ਕੋਈ ਗਲ ਜੇ ਏਧਰ ਉਧਰ ਹੋ ਕੇ ਕਰ ਰਿਹਾ ਹੈ, ੳਨ੍ਹਾਂ ਨਾਲੋਂ ਵੱਧ ਕਸੂਰਵਾਰ ਉਹ ਲੋਕ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਗੁਰੂ ਬਾਰੇ, ਗੁਰੂ ਇਤਿਹਾਸ ਬਾਰੇ, ਗੁਰਦੁਆਰਾ ਸਾਹਿਬਾਨ ਬਾਰੇ, ਉਹ ਦੀ ਅਹਿਮੀਅਤ ਬਾਰੇ, ਲੋਕਾਂ ਤੱਕ ਜਾਣਕਾਰੀ ਪਹੁੰਚਾਉਂਦੇ। ਪੱਕੇ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਅਹਿਸਾਸ ਹੈ ਕਿ ਇਹ ਸਾਡੀ ਜ਼ਿਮੇਵਾਰੀ ਸੀ ਜੋ ਅਸੀਂ ਪਿਛਲੇ ਸਮੇਂ ਵਿੱਚ ਪੂਰੀ ਤਰ੍ਹਾਂ ਨਿਭਾਅ ਨਹੀਂ ਸਕੇ ਤੇ ਅਸੀਂ ਭਵਿੱਖ ਵਿੱਚ ਪੂਰਾ ਯਤਨ ਕਰਾਂਗੇ ਕਿ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਤਰਾਂ ਨਿਭਾਈਏ"

ਗੁਰਬਾਣੀ ਸਮਝਾਉਣੀ ਗੁਰਦਵਾਰਿਆਂ ਦਾ ਮੁੱਖ ਫਰਜ਼ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਬੰਧ ਤੋਂ ਬਾਹਰ ਦੇ ਗੁਰਦਵਾਰਿਆਂ ਦੇ ਪ੍ਰਬੰਧਕ ਗੁਰਬਾਣੀ ਸਮਝਾਉਣ ਦਾ ਆਪਣਾ ਫਰਜ਼ ਨਹੀਂ ਨਿਭਾ ਰਹੇ। ਕੀ ਸਿੱਖੀ ਦਾ ਪ੍ਰਚਾਰ ਹਿੰਦੂ, ਮੁਸਲਮਾਨ ਜਾਂ ਈਸਾਈ ਕਰਨ ਗੇ? ਕੀ ਇਹ ਸਿਖਾਂ ਦੀ ਡਿਉਟੀ ਨਹੀਂ?

ਪਿਛਲੀ ਸਦੀ ਵਿੱਚ ਸਿੱਖ ਪੰਥ ਦੀ ਬੇਇਜ਼ਤੀ, ਦੁਰਗਤੀ ਅਤੇ ਖਜ਼ਲ ਖੁਆਰੀ ਹੋਣ ਦਾ ਮੁੱਖ ਕਾਰਨ ਸਿੱਖ ਸੰਗਤਾਂ ਦਾ ਲੋਭ, ਲਾਲਚ, ਸੁਆਰਥ ਤੇ ਭਾਈ-ਭਤੀਜਾਵਾਦ ਦੇ ਅਸਰ ਹੇਠ, ਗੁਰ ਸਿਧਾਤਾਂ ਦੇ ਉਲਟ ਚਲਕੇ ਤੇ ਆਪਣੀ ਵੋਟ ਦੀ ਗਲਤ ਵਰਤੋਂ ਕਰਕੇ, ਗੁਰਦੁਆਰਾ ਕਮੇਟੀਆਂ ਦੇ ਗੁਰਬਾਣੀ ਗਿਆਨ ਤੋਂ ਕੋਰੇ, ਨਾਲਾਇਕ ਤੇ ਸੁਆਰਥੀ ਨੁਮਾਇੰਦੇ ਚੁਨਣਾ ਹੈ। ਜਦੋਂ ਤੱਕ ਸਿੱਖ ਵੋਟਰ ਯੋਗਤਾ ਵਾਲਾ ਗੁਰਸਿਧਾਂਤ ਵਿਸਾਰ ਕੇ ਆਪਣੀ ਵੋਟ ਦੀ ਗਲਤ ਵਰਤੋਂ ਕਰਨ ਗੇ ਤਦ ਤੱਕ ਸਿਖ ਖੁਆਰ ਹੁੰਦੇ ਹੀ ਰਹਿਣ ਗੇ। ਸਤਿਗੁਰਾਂ ਦੇ ਹੁਕਮਾਂ ਤੋਂ ਆਕੀ ਹੋਣ ਵਾਲਿਆਂ ਦੀ ਬੇਇਜ਼ਤੀ ਤਾਂ ਹੋਣੀ ਹੀ ਹੋਣੀ ਹੈ। ਸਫਲਤਾ ਗੁਰ ਸਿਧਾਂਤ ਤੇ ਚਲੇ ਬਿਨਾ ਨਹੀਂ ਹੋ ਸਕਦੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top