Share on Facebook

Main News Page

ਕੁੱਝ ਹੰਝੂ ੧੫ ਅਗਸਤ ਦੇ ਨਾਮ
-: ਗਜਿੰਦਰ ਸਿੰਘ, ਦਲ ਖਾਲਸਾ

ਅੱਜ ੧੪ ਅਗਸਤ ਹੈ, ਤੇ ਕੱਲ ੧੫ ਹੋਵੇਗੀ । ੧੯੪੭ ਵਿਚ ਇਹਨਾਂ ਦੋਹਾਂ ਦਿਨ੍ਹਾਂ ਦੀ ਵਿਚਕਾਰਲੀ ਰਾਤ ਸਿੱਖ ਕੌਮ ਲਈ ਬੜ੍ਹੀ ਬਦਕਿਸਮਤ ਤੇ ਜ਼ਾਲਮ ਸਾਬਿਤ ਹੋਈ ਸੀ । ਇਸ ਜ਼ਾਲਮ ਰਾਤ ਨੂੰ ਯਾਦ ਕਰਦੇ ਕਈ ਵਰ੍ਹੇ ਪਹਿਲਾਂ ਇੱਕ ਲੇਖ ਲਿਖਿਆ ਸੀ, ਜੋ ਅੱਜ ਫਿਰ ਆਪ ਨਾਲ ਸਾਂਝਾ ਕਰਨ ਜਾ ਰਿਹਾ ਹਾਂ । - ਗਜਿੰਦਰ ਸਿੰਘ, ਦਲ ਖਾਲਸਾ । ੧੪.੮.੨੦੧੫

ਕੁੱਝ ਹੰਝੂ 15 ਅਗਸਤ 'ਤੇ

ਹਰ ਸਾਲ ਜਦੋਂ ਵੀ ਪੰਦਰਾਂ ਅਗਸਤ ਦਾ ਦਿਨ ਆਉਂਦਾ ਹੈ, ਤਾਂ ਕਈ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ, ਤੇ ਕਈ ਜ਼ਖਮ ਮੁੜ੍ਹ ਹਰੇ ਹੋ ਜਾਂਦੇ ਹਨ । ਇੱਕ ਐਸੀ ਕੌਮ, ਸਵੈਮਾਣ, ਸਰਦਾਰੀ, ਤੇ ਸ਼ੇਰਾਂ ਵਾਲੀ ਹਾਕਮੀਅਤ ਜਿਸ ਦੇ ਨਾਮ ਤੋਂ ਲੈ ਕੇ ਉਸ ਦੇ ਖੂਨ ਤੱਕ ਵਿੱਚ ਸਮਾਈ ਹੋਈ ਹੈ, ਕਿਵੇਂ ਇਸ ਦਿਨ ਲਫ਼ਜ਼ਾਂ ਦੀ ਸ਼ਾਤਰਾਨਾ ਖੇਡ ਦਾ ਸ਼ਿਕਾਰ ਹੋ ਕੇ ਗ਼ੁਲਾਮੀ ਦਾ ਇੱਕ ਨਵਾਂ ਜੂਲਾ ਆਪਣੇ ਗੱਲ ਵਿੱਚ ਪਵਾ ਬੈਠੀ !

ਜਦੋਂ ਅੰਗਰੇਜ਼ ਹਿੰਦ ਉਪ ਮਹਾਂਦੀਪ ਉਤੇ ਕਾਬਜ਼ ਹੋਣੇ ਸ਼ੁਰੂ ਹੋਏ, ਤਾਂ ਉਨਾਂ ਦਾ ਇੱਥੇ ਕਈ ਧਰਮਾਂ, ਕੌਮਾਂ ਤੇ ਕਬੀਲਿਆਂ ਦੇ ਲੋਕਾਂ ਨਾਲ ਵਾਹ ਪਿਆ । ਹਿੰਦੁਸਤਾਨ ਭਾਵੇਂ ਕਹਿਣ ਨੂੰ 1857 ਤੱਕ ਮੁਗ਼ਲੀਆ ਬਾਦਸ਼ਾਹਤ ਦੇ ਅਧੀਨ ਸੀ, ਪਰ ਉਹ ਅੰਗਰੇਜ਼ਾ ਦੇ ਦਾਖਲੇ ਤੋਂ ਬਾਦ ਹੌਲੀ ਹੌਲੀ, ਸੁੰਗੜਦੀ ਸੁੰਗੜਦੀ ਦਿੱਲੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ, ਤੇ ਉਹ ਵੀ ਨਾਮ ਦੀ ਹੀ । ਮੁਗ਼ਲੀਆ ਬਾਦਸ਼ਾਹਤ ਦੇ ਕਮਜ਼ੋਰ ਹੋ ਜਾਣ ਤੋਂ ਬਾਦ ਇਹ ਖਿੱਤਾ ਮੁਸਲਿਮ, ਹਿੰਦੁ ਤੇ ਸਿੱਖ ਰਿਆਸਤਾਂ ਵਿੱਚ ਵੰਡਿਆ ਗਿਆ ਸੀ, ਜਿਨਾ ਵਿੱਚੋਂ ਬਹੁਤੀਆਂ ਅੰਗਰੇਜ਼ ਹਕੂਮੱਤ ਦੀ ਮੁਕੰਮਲ ਸਰਪ੍ਰਸਤੀ ਵਿੱਚ ਸਨ, ਤੇ ਕੁੱਝ ਨੀਮ ਖੁੱਦਮੁਖਤਿਆਰ ਸਨ ।

ਅਠਾਰਵੀਂ ਸਦੀ ਤੱਕ ਪਹੁੰਚਦੇ ਪਹੁੰਚਦੇ ਕੇਵਲ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਤੇ ਕਾਇਮ ਕੀਤਾ ਖ਼ਾਲਸਾ ਰਾਜ ਹੀ ਬਾਕੀ ਰਹਿ ਗਿਆ ਸੀ, ਜੋ ਪੂਰਨ ਤੌਰ ਤੇ ਪ੍ਰਭੂਸੱਤਾ ਸੰਪਨ, ਭਾਵ ਸਾਵਰਨ ਸੀ ਤੇ ਅੰਗਰੇਜ਼ਾਂ ਦੀ ਵਿਸ਼ਾਲ ਸਲਤਨਤ ਦੇ ਸਾਹਮਣੇ ਹਿੱਕ ਠੋਕ ਕੇ ਖੜ੍ਹਾ ਸੀ । ਪੰਜਾਬ ਤੋਂ ਤਿਬੱਤ, ਕਸ਼ਮੀਰ, ਤੇ ਜਮਰੌਦ ਤੱਕ ਫੈਲੀ ਹੋਈ ਖ਼ਾਲਸਈ ਹਕੂਮੱਤ ਵੀ ਆਖਿਰ ਅੰਗਰੇਜ਼ਾਂ ਦੀਆਂ ਸ਼ਾਤਰਾਨਾ ਚਾਲਾਂ ਦਾ ਸ਼ਿਕਾਰ ਹੋਈ, ਜਿਸ ਉਤੇ ਕਈ ਜੰਗਾਂ ਵਿੱਚ ਭਾਰੀ ਮੁੱਲ ਚੁਕਾਉਣ ਤੋਂ ਬਾਦ ਉਹ ਕਾਬਜ਼ ਹੋਣ ਵਿੱਚ ਕਾਮਯਾਬ ਹੋਏ । ਇਹ ਗੱਲ 1849 ਦੀ ਹੈ, ਜਦੋਂ ਬਾਕੀ ਦਾ ਸਾਰਾ ਹਿੰਦੁਸਤਾਨ ਪਹਿਲਾਂ ਹੀ ਅੰਗਰੇਜ਼ਾਂ ਦੇ ਕਬਜ਼ੇ ਹੇਠ ਆ ਚੁੱਕਾ ਹੋਇਆ ਸੀ ।

1947 ਤੋਂ ਕੁੱਝ ਸਮਾਂ ਪਹਿਲਾਂ ਜਦੋਂ ਅੰਗਰੇਜ਼ਾਂ ਦਾ ਹਿੰਦੁਸਤਾਨ ਛੱਡ ਕੇ ਜਾਣਾ ਤਕਰੀਬਨ ਯਕੀਨੀ ਲੱਗਣ ਲੱਗ ਪਿਆ ਸੀ, ਓਦੋਂ ਬ੍ਰਤਾਨਵੀ ਹਕੂਮੱਤ ਨੇ ਸੱਤਾ ਦੇ ਤਬਾਦਲੇ ਲਈ ਉਪ ਮਹਾਂਦੀਪ ਦੇ ਵਾਸੀਆਂ ਦੀਆਂ ਨੁਮਾਇੰਦਾ ਸਮਝੀਆਂ ਜਾਣ ਵਾਲੀਆਂ ਸਿਆਸੀ ਕੁੱਵਤਾਂ ਨਾਲ ਗੱਲਬਾਤ ਦਾ ਇੱਕ ਬਾਕਾਇਦਾ ਸਿਲਸਿਲਾ ਸ਼ੁਰੂ ਕੀਤਾ । ਮੋਟੇ ਤੌਰ ਤੇ ਇਹ ਗੱਲਬਾਤ ਹਿੰਦੂਆਂ ਵੱਲੋਂ ਕਾਂਗਰਸ, ਮੁਸਲਮਾਨਾਂ ਵੱਲੋਂ ਮੁਸਲਿਮ ਲੀਗ, ਅਤੇ ਸਿੱਖਾਂ ਵੱਲੋਂ ਅਕਾਲੀ ਦੱਲ ਦੇ ਆਗੂਆਂ ਨਾਲ ਕੀਤੀ ਜਾ ਰਹੀ ਸੀ, ਕਿਓਂਕਿ ਖਿੱਤੇ ਦੀ ਹਾਕਮੀਅਤ ਦੀਆਂ ਅਸਲ ਵਾਰਿਸ ਇਹਨਾਂ ਤਿੰਨਾਂ ਕੌਮਾਂ ਨੂੰ ਹੀ ਮੰਨਿਆਂ ਗਿਆ ਸੀ । ਇਹ ਸਥਿੱਤੀ ਗੱਲਬਾਤ ਦੇ ਸ਼ੁਰੂ ਹੋਣ ਤੋਂ ਲੈ ਕੇ 14/15 ਅਗਸਤ ਦੀ ਰਾਤ ''ਪਾਵਰ ਟਰਾਂਸਫਰ'' ਦੇ ਵਕਤ ਤੱਕ ਕਾਇਮ ਰਹੀ, ਜਦੋਂ ਰੇਡੀਓ ਦਿੱਲੀ ਤੋਂ ਹਿੰਦੂਆਂ ਵੱਲੋਂ ਪੰਡਿਤ ਨਹਿਰੂ, ਮੁਸਲਮਾਨਾਂ ਵੱਲੋਂ ਮਿਸਟਰ ਜਿੱਨਾਹ, ਤੇ ਸਿੱਖਾਂ ਵੱਲੋਂ ਬਲਦੇਵ ਸਿੰਘ ਨੇ ਭਾਸ਼ਣ ਕੀਤੇ, ਜਾਂ ਕਹਿ ਲਈਏ ਸੰਦੇਸ਼ ਪੜ੍ਹੇ । ਇਸ 14/15 ਅਗਸਤ ਦੀ ਰਾਤ ਤੋਂ ਬਾਦ, ਜਦੋਂ ਸਿੱਖ ਲੀਡਰਸ਼ਿੱਪ ਵੱਲੋਂ ਸਿੱਖ ਕੌਮ ਦੀ ਕਿਸਮੱਤ ਹਿੰਦੂਆਂ, ਅਥਵਾ ਹਿੰਦੁਸਤਾਨ ਨਾਲ ਜੋੜ੍ਹਨ ਦਾ ਐਲਾਨ ਕਰ ਦਿੱਤਾ ਗਿਆ, ਸਿੱਖਾਂ ਦੀ ਹੈਸੀਅਤ ਆਪਣੀ ਵਿਲੱਖਣ ਹੋਂਦ ਰੱਖਣ ਵਾਲੀ ਤੀਜੀ ਧਿਰ ਵਜੋਂ ਖਤਮ ਹੋ ਗਈ । ਇਸ ਦਿਨ ਤੋਂ ਬਾਦ ਅਸੀਂ ਆਪਣੀ ਕਿਸਮਤ ਦੇ ਮਾਲਿਕ ਆਪ ਨਹੀਂ ਰਹੇ, ਬਲਕਿ ਨਵੇਂ ਹਿੰਦੁਸਤਾਨ ਦੀ ਹਿੰਦੂ ਬਹੁਗਿਣਤੀ/ ਹਿੰਦੂ ਲੀਡਰਸ਼ਿੱਪ ਬਣ ਗਈ ।

ਜਦੋਂ ਕਦੇ ਵੀ ਮੈਂ 14/15 ਅਗਸਤ ਦੀਆਂ ਇਹਨਾਂ ਬਦਕਿਸਮਤ ਘੜ੍ਹੀਆਂ ਬਾਰੇ ਸੋਚਦਾ ਹਾਂ, ਤਾਂ ਆਪਣੀ ਕਿਸਮੱਤ ਤੇ ਲਹੂ ਦੇ ਅੱਥਰੂ ਰੋ ਕੇ ਰਹਿ ਜਾਂਦਾ ਹਾਂ ।

1849 ਤੱਕ ਅਸੀਂ ਇੱਕ ਵੱਡੀ ਬਾਦਸ਼ਾਹੀ ਸਾਂ, ਦੁਨੀਆਂ ਵਿੱਚ ਸਾਡੀ ਆਜ਼ਾਦ ਕੌਮ ਦੀ ਹੈਸੀਅਤ ਸੀ, ਆਪਣੀਆਂ ਫੌਜਾਂ ਸਨ, ਆਪਣੇ ਸਿੱਕੇ ਚੱਲ੍ਹਦੇ ਸਨ, ਤੇ ਝੰਡੇ ਝੂਲਦੇ ਸਨ । 1849 ਤੋਂ 1947 ਤੱਕ ਵੀ ਸਾਡੇ ਪੱਲੇ ਬਹੁਤ ਕੁੱਝ ਸੀ, ਭਾਵੇਂ ਆਜ਼ਾਦੀ ਨਹੀਂ ਸੀ । ਜੇ ਅੰਗਰੇਜ਼ਾਂ ਦੇ ਖਿਲਾਫ ਜੱਦੋ-ਜਹਿਦ ਦੀ ਗੱਲ ਸੀ ਤਾਂ ਉਸ ਵਿੱਚ ਵੀ ਅਸੀਂ ਮੋਹਰੀ ਸਾਂ, ਤੇ ਜੇ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਕੇ ਪਹਿਲੀ ਦੂਜੀ ਆਲਮੀ ਜੰਗ ਵਿੱਚ ਮੱਲਾ ਮਾਰਨ ਦੀ ਗੱਲ ਸੀ ਤਾਂ ਉਸ ਵਿੱਚ ਵੀ ਸਾਡੀ ਝੰਡੀ ਬਹੁਤ ਉਚੀ ਸੀ । 15 ਅਗਸਤ ਦੇ ਮਨਹੂਸ ਦਿਨ ਤੋਂ ਪਹਿਲਾਂ ਤੱਕ ਇਸ ਖਿੱਤੇ ਵਿੱਚ ਸਿੱਖਾਂ ਦੀਆਂ ਨੀਮ ਖੁੱਦਮੁਖਤਿਆਰ ਸੱਤ ਰਿਆਸਤਾਂ ਸਨ, ਜਿਹਨਾਂ ਵਿੱਚ ਪਟਿਆਲਾ ਰਿਆਸਤ ਸੱਭ ਤੋਂ ਵੱਡੀ ਸੀ, ਤੇ ਸ਼ਾਇਦ ਅੱਜ ਵੀ ਦੁਨੀਆਂ ਦੇ ਕਈ ਆਜ਼ਾਦ ਦੇਸ਼ ਉਸ ਵੇਲੇ ਦੀ ਪਟਿਆਲਾ ਰਿਆਸਤ ਤੋਂ ਛੋਟੇ ਹੋਣਗੇ । ਅੰਗਰੇਜ਼ਾਂ ਦੀ ਅਧੀਨਗੀ ਵਾਲੇ ਸਾਰੇ ਉਪ-ਮਹਾਂਦੀਪ ਦੀ ਸਾਂਝੀ ਫੌਜ ਵਿੱਚ ਸਿੱਖਾਂ ਦਾ ਹਿੱਸਾ ਪੰਜਾਹ ਫੀਸਦੀ ਦੇ ਆਲੇ ਦੁਆਲੇ ਸੀ । ਇਹ ਰੇਸ਼ੋ ਵੱਖ ਵੱਖ ਕਿਤਾਬਾਂ ਵਿੱਚ ਵੱਖ ਵੱਖ ਪੜ੍ਹਨ ਨੂੰ ਮਿਲਦੀ ਰਹੀ ਹੈ, ਪਰ ਬਹੁਤੇ ਫਰਕ ਨਾਲ ਨਹੀਂ । ਸੱਤ ਮਾਨਤਾਂ ਪ੍ਰਾਪਤ ਰਿਆਸਤਾਂ, ਤੇ ਕਈ ਛੋਟੀਆਂ ਜਾਗੀਰਦਾਰੀਆਂ ਦੀ ਮਾਲਕ, ਇੱਕ ਵੱਡੀ ਫੌਜੀ ਤਾਕਤ ਦੀ ਮਾਲਕ, ਤੇ ਅਕਾਲੀ ਦੱਲ ਵਰਗੀ ਲੱਖਾਂ ਦੇ ਇਕੱਠ ਕਰ ਸਕਣ ਵਾਲੀ ਸਿਆਸੀ ਜਮਾਤ ਦੀ ਮਾਲਕ, ਸਿੱਖ ਕੌਮ ਦੀ ਕਿਸਮੱਤ ਕੁੱਝ ਐਸੀ ਕਰੋਪੀ ਦਾ ਸ਼ਿਕਾਰ ਹੋਈ ਕਿ ਇੱਕ ਪਿੰਡ ਜਿੰਨੀ ਭੋਏਂ ਵੀ ਆਪਣੀ ਇਜ਼ੱਤ ਬਚਾਉਣ ਲਈ ਕੌਮੀ ਘਰ ਦੇ ਰੂਪ ਵਿੱਚ ਬਚਾ ਨਾ ਸਕੀ ।

1947 ਵਰਗੇ ਸਮਿਆਂ ਦਾ ਸਾਹਮਣਾ ਦੁਨੀਆਂ ਵਿੱਚ ਕੇਵਲ ਸਾਨੂੰ ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਕੌਮਾਂ, ਕਬੀਲਿਆਂ, ਤੇ ਇਲਾਕਿਆਂ ਨੂੰ ਕਰਨਾ ਪਿਆ ਹੈ । ਕਿਤੇ ਐਸੀਆਂ ਮਿਸਾਲਾਂ ਹਨ, ਜਿੱਥੇ ਸਮਾਂ ਆਣ ਤੇ ਸਹੀ ਫੈਸਲੇ ਲੈ ਸਕਣ ਦੀ ਸਮਰੱਥਾ ਨਾਲ ਛੋਟੇ ਛੋਟੇ ਕਬੀਲਿਆਂ ਦੇ ਕੁੱਝ ਸਰਦਾਰਾਂ ਨੇ ਆਪਸ ਵਿੱਚ ਸਮਝੋਤੇ ਕਰਕੇ ਨਵੇਂ ਦੇਸ਼ ਸਿਰਜ ਕੇ ਆਪਣਾ ਸਵੈਮਾਣ ਤੇ ਹਿੱਤ ਸੁਰਖਿਅੱਤ ਕਰ ਲਏ, ਅਤੇ ਕਿਤੇ ਐਸੀਆਂ ਮਿਸਾਲਾਂ ਹਨ ਜਿੱਥੇ ਹਾਲਾਤ ਅਤੇ ਕਿਸਮਤ ਦੀ ਮੇਹਰਬਾਨੀ ਨਾਲ ਇੰਨੀਆਂ ਛੋਟੀਆਂ ਛੋਟੀਆਂ ਰਿਆਸਤਾਂ ਆਪਣੀ ਆਜ਼ਾਦ ਹੋਂਦ ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਗਈਆਂ ਜਿਹੜੀਆਂ ਦੁਨੀਆਂ ਦੇ ਨਕਸ਼ੇ ਉਤੇ ਸੂਈ ਜਿੰਨੀ ਥਾਂ ਵੀ ਨਹੀਂ ਘੇਰਦੀਆਂ । ਅੱਜ ਦਾ ''ਯੁਨਾਈਟਿਡ ਅਰਬ ਐਮੀਰੇਟਸ'' ਪਹਿਲੀ ਕਿਸਮ ਦੀ ਹੀ ਇੱਕ ਮਿਸਾਲ ਹੈ ਤੇ ਦੁਨੀਆਂ ਦੇ ਨਕਸ਼ੇ ਤੇ ਇਸ ਨਾਲ ਮਿਲਦੀਆਂ ਜੁਲਦੀਆ ਹੋਰ ਵੀ ਕਈ ਮਿਸਾਲਾਂ ਮੌਜੂਦ ਹੋਣਗੀਆਂ । ਦੂਜੀ ਕਿਸਮ ਦੀ ਮਿਸਾਲ ਦੇਣ ਲਈ ਦੁਨੀਆਂ ਦੇ ਨਕਸ਼ੇ ਤੇ ਐਸੇ ਛੋਟੇ ਛੋਟੇ ਕਈ ਦੇਸ਼ ਮੌਜੂਦ ਨੇ ਜਿਨਾ ਦੀ ਸਿੱਖਾਂ ਵਰਗੀ ਕੋਈ ਵਿਸ਼ੇਸ਼ ਕੌਮੀ ਵਿਲੱਖਣਤਾ ਵੀ ਨਹੀਂ ਹੈ, ਤੇ ਰਕਬੇ ਵਿੱਚ ਵੀ ਸਿੱਖਾਂ ਦੀਆਂ ਸੱਤ ਰਿਆਸਤਾਂ ਵਿੱਚੋਂ ਸੱਭ ਤੋਂ ਛੋਟੀ ਤੋਂ ਵੀ ਛੋਟੇ ਹੋਣਗੇ । ਆਸਟ੍ਰੇਲੀਆ ਕੌਲ ਪੈਂਦੀ ਰਿਆਸਤ ''ਨੌਰੂ'', ਇੰਡੋਨੇਸ਼ੀਆ ਕੌਲ ਪੈਂਦੀ ਰਿਆਸਤ ''ਬਰੁਨਈ'' , ਯੂਰਪ ਵਿੱਚ ਪੈਂਦੀ ਰਿਆਸਤ ''ਮੋਨਾਕੋ'' ਅਤੇ ਹੋਰ ਕੁੱਝ ਮਿਸਾਲਾਂ ਵੀ ਮੌਜੂਦ ਹਨ ਜੋ ਇਸ ਹਵਾਲੇ ਨਾਲ ਦਿੱਤੀਆਂ ਜਾ ਸਕਦੀਆਂ ਹਨ । ਪੰਜਾਬ ਦੇ ਤਕਰੀਬਨ ਇੱਕ ਇੱਕ ਦੋ ਦੋ ਪਿੰਡਾਂ ਤੇ ਕਸਬਿਆਂ ਦੇ ਰਕਬੇ ਜਿੰਨੇ ਇਹ ਦੇਸ਼ ਯੁਨਾਈਟਿਡ ਨੇਸ਼ਨ ਦੇ ਮੈਂਬਰ ਵੀ ਹਨ, ਤੇ ਇਸ ਨਾਤੇ ਕੌਮਾਂ ਦੀ ਬਿਰਾਦਰੀ ਵਿੱਚ ਸਵੈਮਾਣ ਨਾਲ ਬੈਠਦੇ ਹਨ ।

ਹਰ ਪੰਦਰਾਂ ਅਗਸਤ ਤੇ ਇਹੋ ਜਿਹੀਆਂ ਯਾਦਾਂ ਤੇ ਸੋਚਾਂ ਸਾਨੂੰ ਚੜ੍ਹਦੀ ਜਵਾਨੀ ਦੇ ਦਿਨਾ ਤੋਂ ਸ਼ਰਮਸਾਰ ਕਰਦੀਆਂ ਆ ਰਹੀਆਂ ਹਨ । ਇਹਨਾਂ ਸੋਚਾਂ ਵਿੱਚੋਂ ਪੈਦਾ ਹੋਏ ਬੇਘਰੇ ਤੇ ਕੌਮੀ ਤੌਰ ਤੇ ਬੇ-ਪਹਿਚਾਣ ਹੋਣ ਦੇ ਸਾਡੇ ਅਹਿਸਾਸ ਵਿੱਚੋਂ ਹੀ ਦਲ ਖ਼ਾਲਸਾ ਨੇ ਜਨਮ ਲਿੱਤਾ ਸੀ । ਸ਼ੁਰੂ ਸ਼ੁਰੂ ਵਿੱਚ ਜਦੋਂ ਅਸੀਂ ਹੋਰ ਕੁੱਝ ਨਹੀਂ ਸਾਂ ਕਰ ਸਕਿਆ ਕਰਦੇ, ਇਸ ਦਿਨ ਅਸੀਂ ਕਿਸੇ ਗੁਰੂ ਘਰ ਦੇ ਵਿਹੜੇ ਵਿੱਚ ਖੜ੍ਹੋ ਕੇ ਆਪਣੀ ਕੌਮੀ ਪਹਿਚਾਣ ਦੇ ਪ੍ਰਤੀਕ ਵਜੋਂ ਕੇਸਰੀ ਨਿਸ਼ਾਨ ਸਾਹਿਬ ਨੂੰ ਸਲਾਮੀ ਦੇ ਕੇ, ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਮਾਰ ਕੇ ਆਪਣੇ ਜਜ਼ਬਾਤਾਂ ਨੂੰ ਤਸਕੀਨ ਪਹੁੰਚਾ ਲਿਆ ਕਰਦੇ ਸਾਂ, ਤੇ ਉਨਾ ਦਾ ਇਜ਼ਹਾਰ ਵੀ ਕਰ ਲਿਆ ਕਰਦੇ ਸਾਂ । ਅੱਜ ਗੱਲ 1978 ਤੋਂ ਇੱਕ ਲੰਮਾਂ ਸਫਰ ਤਹਿ ਕਰਦੀ ਕਿਤੇ ਦੀ ਕਿਤੇ ਪਹੁੰਚ ਚੁੱਕੀ ਹੈ, ਪਰ ਸਫਰ ਜਾਰੀ ਹੈ, ਜੰਗ ਜਾਰੀ ਹੈ । ਹਿੰਦੁਸਤਾਨ ਦੀ ਹਕੂਮੱਤ ਸਾਨੂੰ ਭਾਵੇਂ ਖਤਰਨਾਕ ਅਤਿਵਾਦੀ ਕਹਿ ਲਵੇ ਜਾਂ ਦੇਸ਼ ਦੇ ਗੱਦਾਰ, ਪਰ ਸਾਨੂੰ ਮਾਣ ਹੈ, ਤਹਿ ਕੀਤੇ ਸਫਰ ਦੇ ਇੱਕ ਇੱਕ ਕਦਮ ਤੇ, ਤੇ ਇਸ ਸਫਰ ਦੌਰਾਨ ਡੁੱਲ੍ਹੇ ਲਹੂ ਦੇ ਇੱਕ ਇੱਕ ਕੱਤਰੇ 'ਤੇ ।

ਜਦੋਂ ਕਿਸੇ ਵਿਅਕਤੀ ਦੀ ਕੋਈ ਚੀਜ਼ ਗਵਾਚ ਜਾਵੇ ਤਾਂ ਉਹ ਉਸ ਨੂੰ ਢੂੰਡਣ ਦੀ ਵੱਸ ਲਗਿਆਂ ਕੋਸ਼ਿਸ਼ ਜ਼ਰੂਰ ਕਰਦਾ ਹੈ, ਜੇ ਨਾ ਮਿਲੇ ਤਾਂ ਸਬਰ ਕਰਨਾ ਉਸ ਦੀ ਮਜਬੂਰੀ ਹੁੰਦਾ ਹੈ । ਪਰ ਜੇ ਕਿਸੇ ਵਿਅਕਤੀ ਕੋਲੋਂ ਕੋਈ ਚੀਜ਼ ਛੱਲ ਫਰੇਬ ਨਾਲ ਕੋਈ ਲੈ ਲਵੇ, ਤੇ ਜਾਂ ਤਾਕਤ ਨਾਲ ਖੋਹ ਲਵੇ ਤਾਂ ਬੰਦੇ ਦੇ ਮਨ ਵਿੱਚ ਇੱਕ ਰੰਝ, ਇੱਕ ਗੁੱਸਾ ਜ਼ਰੂਰ ਰਹਿੰਦਾ ਹੈ, ਤੇ ਮੌਕਾ ਮਿਲੇ ਤੇ ਆਪਣੀ ਖੁੱਸੀ ਹੋਈ ਸ਼ੈਅ ਮੁੜ੍ਹ ਹਾਸਿਲ ਕਰਨ ਦੀ ਇੱਛਾ ਵੀ ਜ਼ਰੂਰ ਹੁੰਦੀ ਹੈ । ਸੁਭਾ ਦਾ ਇਹੀ ਲੱਛਣ ਵਿਅਕਤੀਆਂ ਵਾਂਗ ਕੌਮਾਂ ਵਿੱਚ ਵੀ ਹੁੰਦਾ ਹੈ । ਮੈਂ ਇੱਤਹਾਸ ਵਿੱਚ ਪੜ੍ਹਿਆ ਹੈ, ਕਿ 1849 ਵਿੱਚ ਖੁਸਿਆ ਖ਼ਾਲਸਾ ਰਾਜ, ਸਾਡੇ ਵਡਿਆਂ ਤੋਂ ਅੰਗਰੇਜ਼ਾਂ ਨੇ ਛੱਲ ਨਾਲ ਵਧੇਰੇ ਤੇ ਤਾਕਤ ਨਾਲ ਘੱਟ ਖੋਹਿਆ ਸੀ । ਮੈਂ ਆਪਣੇ ਵਾਲਿਦ ਤੋਂ ਸੁਣਿਆਂ ਹੈ ਕਿ ਪਟਿਆਲਾ ਰਿਆਸਤ ਵੀ 1947 ਵਿੱਚ ਆਜ਼ਾਦ ਹੋਏ ਹਿੰਦੁਸਤਾਨ ਦੀ ਹਿੰਦੂ ਲੀਡਰਸ਼ਿੱਪ ਨੇ ਛੱਲ ਅਤੇ ਤਾਕਤ ਨਾਲ ਹੀ ਉਸ ਵੇਲੇ ਦੇ ਮਹਾਰਾਜਾ ਪਟਿਆਲਾ ਤੋਂ ਹਾਸਿਲ ਕੀਤੀ ਸੀ । ਮੇਰੇ ਵਾਲਿਦ ਦੇ ਮੁਤਬਿਕ, ਮਹਾਰਾਜਾ ਯਾਦਵਿੰਦਰ ਸਿੰਘ ਨੇ ਪਟਿਆਲਾ ਰਿਆਸਤ ਦੇ ਆਜ਼ਾਦ ਰਹਿਣ ਦਾ ਐਲਾਨ ਇਹ ਕਹਿ ਕੇ ਕੀਤਾ ਸੀ, ਕਿ ਪਟਿਆਲਾ ਰਿਆਸਤ ਦਾ ਆਪਣਾ ਇੱਕ ਇੱਤਹਾਸ ਹੈ, ਤੇ ਇਸ ਨੂੰ ਆਜ਼ਾਦ ਰਹਿਣ ਦਾ ਪੂਰਾ ਹੱਕ ਹੈ । ਇਹ ਸੱਚ ਵੀ ਹੈ, ਹਿੰਦੁਸਤਾਨ ਨੂੰ ਆਜ਼ਾਦ ਕਰਨ ਵਾਲੇ ਬ੍ਰਤਾਨਵੀ ਕਾਨੂੰਨ ''ਟਰਾਂਸਫਰ ਆਫ ਪਾਵਰਜ਼ ਐਕਟ'' ਦੇ ਮੁਤਾਬਿਕ ਦੇਸੀ ਰਿਆਸਤਾਂ ਨੂੰ ਆਜ਼ਾਦੀ ਦੀ ਚੋਣ ਦਾ ਹੱਕ ਦਿੱਤਾ ਗਿਆ ਸੀ । ਮੈਂ ਕਦੇ ਕਦੇ ਸੋਚਦਾ ਹਾਂ ਕਿ ਅਗਰ ਗਜਿੰਦਰ ਸਿੰਘ ਨੂੰ ਪਟਿਆਲਾ ਰਿਆਸਤ ਦੇ ਇੱਕ ਕੌਮੀ ਸਰਮਾਏ ਵਜੋਂ ਖੁੱਸੇ ਹੋਣ ਦਾ ਇੰਨਾ ਰੰਝ ਹੈ, ਤਾਂ ਕੀ ਅਮਰਿੰਦਰ ਸਿੰਘ ਦੇ ਮਨ ਵਿੱਚ ਇਹ ਰੰਝ ਕਦੇ ਨਾ ਉਠਦਾ ਹੋਵੇਗਾ, ਜਿਹੜਾ ਇਸ ਰਿਆਸਤ ਦਾ ਇੱਕ ਵਿਅਕਤੀ ਵਜੋਂ ਕਾਨੂੰਨੀ ਵਾਰਿਸ ਵੀ ਹੈ ?

ਮੇਰਾ ਜਨਮ ਪਟਿਆਲੇ ਦਾ ਹੈ, ਸ਼ਾਇਦ ਇਸੇ ਲਈ ਮੇਰਾ ਪਟਿਆਲੇ ਨਾਲ ਇੱਕ ਖਾਸ ਜਜ਼ਬਾਤੀ ਰਿਸ਼ਤਾ ਹੈ, ਕੌਮੀ ਰਿਸ਼ਤਾ ਤਾਂ ਹੈ ਹੀ । ਛੋਟੇ ਹੁੰਦੇ ਜਦੋਂ ਵੀ ਕਦੇ ਮੈਂ ਪਟਿਆਲੇ ਦੇ ਕਿਲ੍ਹੇ ਸਾਹਮਣਿਓਂ ਲੰਘਦਾਂ ਸਾਂ, ਤਾਂ ਮੈਨੂੰ ਫੂਲਕੀਆਂ ਮਿਸਲ ਤੇ ਬਾਬਾ ਆਲਾ ਸਿੰਘ ਦਾ ਇੱਤਹਾਸ ਯਾਦ ਆ ਜਾਂਦਾ ਸੀ, ਤੇ ਫਿਰ ਅੰਦਰ ਦੀ ਅੱਖ ਚੋਂ ਮਜਬੂਰੀ ਦੇ ਕੁੱਝ ਹੰਝੂ ਕਿਰ ਪੈਂਦੇ ਸਨ । ਅੱਜ ਵੀ ਇੰਝ ਲੱਗਦੈ ਸ਼ਾਇਦ ਮੈਂ ਹੰਝੂ ਹੀ ਕੇਰੇ ਨੇ, ਸ਼ਬਦਾਂ ਦੇ ਹੰਝੂ । ਤੇ ਇਹ ਹੰਝੂ ਸਾਨੂੰ ਉਸ ਦਿਨ ਤੱਕ ਹਰ 15 ਅਗਸਤ ਤੇ ਕੇਰਨੇ ਚਾਹੀਦੇ ਹਨ, ਜਦੋਂ ਤੱਕ ਅਸੀਂ ਇਸ ਬਦਕਿਸਮਤ ਦਿਨ ਨਾਲ ਜੁੜੀਆਂ ਯਾਦਾਂ ਵਿੱਚੋਂ ਉਭਰ ਕੇ ਆਪਣਾ ਖੁਸਿਆ ਹੋਇਆ ਕੌਮੀ ਹੱਕ ਤੇ ਸਵੈਮਾਣ ਵਾਪਿਸ ਨਹੀਂ ਲੈ ਲੈਂਦੇ।

ਗਜਿੰਦਰ ਸਿੰਘ, ਦਲ ਖ਼ਾਲਸਾ
gajinder1singh@yahoo.com


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top