ਸਿੱਖੀ ਵਿੱਚ ਵੱਧ ਰਹੇ ਅੰਧਵਿਸ਼ਵਾਸ਼ ਦਾ ਇਕੋ ਇਕ ਕਾਰਣ ਹੈ ਕਿ ਸਿੱਖ
ਦਿਨ ਬ ਦਿਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੁੰਦਾ ਜਾ ਰਿਹਾ ਹੈ, ਅਤੇ ਗੁਰਮਤਿ
ਸਿਧਾਂਤਾਂ ਤੋਂ ਵਾਕਿਫ ਨਹੀਂ ਹੈ। ਬਹੁਤ ਦੁਖ ਹੁੰਦਾ ਹੈ ਜਦੋਂ ਕੌਮ ਦੇ ਮਹਾਨ ਸ਼ਹੀਦ ਬਾਬਾ
ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ "ਅੰਧ ਵਿਸ਼ਵਾਸ਼" ਦਾ ਸਭ ਤੋਂ ਵੱਡਾ ਕੇਂਦਰ
ਬਣਿਆਂ ਹੋਇਆਂ ਵੇਖੀ ਦਾ ਹੈ। ਸਾਡੇ ਕੇਸਾਧਾਰੀ ਬ੍ਰਾਹਮਣ ਆਗੂ ਸਿੱਖੀ ਸਿਧਾਂਤਾਂ ਦਾ ਇਹ
ਮਖੌਲ ਅਪਣੇ ਅੱਖੀਂ ਵੇਖ ਕੇ ਵੀ ਖਾਮੋਸ਼ ਨੇ । ਉਨਾਂ ਨੂੰ ਕੀ ਲੈਨਾਂ ਦੇਣਾਂ ਹੈ ਕਿ ਸਿੱਖੀ
ਰਹੇ, ਭਾਵੇ ਨਾਂ ਰਹੇ ਉਨਾਂ ਦੀ ਦੁਕਾਨ ਤੇ ਜੋਰ ਸ਼ੋਰ ਨਾਲ ਚਲ ਹੀ ਰਹੀ ਹੈ ।
ਮੇਰੇ
ਸਹੁਰੇ, ਖਾਸ ਅੰਮ੍ਰਿਤਸਰ ਸ਼ਹਿਰ ਵਿਚ ਤਰਨ ਤਾਰਨ ਰੋਡ 'ਤੇ ਹੀ ਰਹਿੰਦੇ ਹਨ। ਦੋ ਚਾਰ ਸਾਲ
ਬਾਅਦ ਹੀ ਕਿਸੇ ਖੁਸ਼ੀ ਗਮੀ ਵਿੱਚ ਉਥੇ ਆਉਣਾ ਜਾਣਾ ਹੁੰਦਾ ਹੈ। ਕੁੱਝ ਵਰ੍ਹੇ ਪਹਿਲਾਂ
ਮੈਂ, ਪੰਥ ਦੇ ਮਹਾਨ ਸ਼ਹੀਦ ਅਤੇ ਯੋਧੇ ਦੀ ਯਾਦਗਾਰ ਵਿੱਚ ਬਣੇ ਉਸ ਇਤਿਹਾਸਕ ਗੁਰਦੁਆਰੇ
ਦਰਸ਼ਨਾਂ ਲਈ ਗਇਆ। ਮੇਰੇ ਨਾਲ ਮੇਰੀ ਸਾਲਿਹਾਰ ਅਤੇ ਸਾਲਾ ਸਾਹਿਬ ਸਨ। ਗੁਰਦੁਆਰੇ ਪੁਜ ਕੇ
ਉਹ ਕਿਸੇ ਦੂਜੇ ਗੇਟ ਵਿਚੋਂ ਅੰਦਰ ਵੜ ਗਏ ਤੇ ਮੈਂ ਕਿਸੇ ਦੂਜੀ ਡਿਉੜੀ ਤੋਂ ਅੰਦਰ ਵੜਿਆ।
ਇਸ ਕਰਕੇ ਉਨਾਂ ਤੋਂ ਮੈਂ ਵੱਖ ਹੋ ਗਇਆ ਸੀ।
ਬਾਬਾ ਦੀਪ ਸਿੰਘ ਸ਼ਹੀਦ ਦੇ ਉਸ ਇਤਿਹਾਸਕ ਗੁਰਦੁਆਰੇ ਵਿੱਚ ਜੋ ਕੁਝ ਹੋ ਰਿਹਾ ਸੀ, ਵੇਖ
ਕੇ ਮੇਰੀਆਂ ਅੱਖਾਂ ਭਿੱਜ ਗਈਆਂ। ਮੈ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕ ਕੇ ਬਾਬਾ ਦੀਪ
ਸਿੰਘ ਹੋਰਾਂ ਦੀ ਮਹਾਨ ਸ਼ਖਸ਼ੀਯਤ ਅਤੇ ਉਨਾਂ ਦਾ ਉਚਾ ਸੁੱਚਾ ਕਿਰਦਾਰ ਯਾਦ ਕਰਦਿਆਂ,
ਦਲਹੀਜ ਕੋਲ ਹੀ ਬੈਠ ਗਿਆ, ਅਤੇ ਪਤਾ ਨਹੀਂ ਕਿੰਨੀ ਦੇਰ ਸੋਚੀਂ ਹੀ ਪਿਆ ਰਿਹਾ।
ਉਸ ਪੰਥ ਦੇ ਅਮਰ ਸ਼ਹੀਦ ਬਾਰੇ ਮੈਂ ਜੋ ਇਤਿਹਾਸ ਪੜ੍ਹਿਆ ਸੀ, ਉਸਨੂੰ ਯਾਦ ਕਰਦਾ ਰਿਹਾ ਤੇ
ਇਹ ਸੋਚਦਾ ਰਿਹਾ ਕਿ ਇਕ ਤੇਰੇ ਵਰਗਾ ਕੌਮ ਦਾ ਅਮਰ ਸ਼ਹੀਦ ਤੇ ਇਕ ਇਹੋ ਜਹੇ ਸਿੱਖ ਹਨ,
ਜਿਨਾਂ ਦੇ ਅੰਧ ਵਿਸ਼ਵਾਸ਼ ਅਤੇ ਕਰਮਕਾਂਡਾਂ ਨਾਲ ਗੁਰਦੁਆਰੇ ਨੂੰ ਇਕ ਮੰਦਰ ਬਣਾਂ ਕੇ ਰਖ
ਦਿਤਾ ਹੈ। ਜਦੋਂ ਵੀ ਯੋਧਿਆਂ ਦੀ ਚੋਣ ਹੁੰਦੀ, ਆਪ ਸ਼ਹੀਦ ਹੋਣ ਦੇ ਚਾਅ ਵਿਚ, ਗੁਰੂ ਦੇ
ਸਾਮ੍ਹਣੇ ਯੋਧਿਆਂ ਦੀ ਕਤਾਰ ਵਿੱਚ, ਸਭਤੋਂ ਅੱਗੇ, ਜਾਨਬੂਝ ਕੇ ਖੜੇ ਹੋ ਜਾਂਦੇ ਸੀ, ਇਸ
ਲਈ ਕੇ ਗੁਰੂ ਸਾਹਿਬ ਆਪ ਜੀ ਨੂੰ ਯੁਧ ਵਿੱਚ ਜਾਣ ਦੀ ਸੇਵਾ ਬਖਸ਼ ਦੇਣਗੇ। ਇਸ ਸਾਰਾ
ਦ੍ਰਿਸ਼ ਮੇਰੇ ਦਿਮਾਗ ਵਿਚ ਚਲ ਰਿਹਾ ਸੀ ਤੇ ਮੇਰੀਆਂ ਅੱਖਾਂ ਪਹਿਲੇ ਨਾਲੋਂ ਵੀ ਵਧ ਗਿਲੀਆਂ
ਹੋ ਚੁਕੀਆਂ ਸੀ। ਮੈਂ ਬਾਬਾ ਦੀਪ ਸਿੰਘ ਹੋਰਾਂ ਨਾਲ ਅਪਣੀ ਕਲਪਨਾਂ ਦੇ ਸੰਸਾਰ ਵਿਚ ਗਿਲੇ
ਵੀ ਕਰ ਰਿਹਾ ਸੀ ਕਿ, ਬਾਬਾ ਜੀ, ਕੀ ਉਸ ਵੇਲੇ ਵੀ ਇਹੋ ਜਹੇ ਸਿੱਖ ਹੈ ਸਨ ਜਾਂ ਐਸੇ ਸਿੱਖਾਂ
ਦੀ ਤੁਸੀਂ ਕਲਪਨਾਂ ਵੀ ਕਦੀ ਕੀਤੀ ਸੀ ? ਜੋ ਸਿੱਖੀ ਸਿਧਾਂਤ ਅਤੇ ਗੁਰੂ ਦੀ ਸਿਖਿਆ ਨੂੰ
ਭੁਲ ਕੇ ਬ੍ਰਾਹਮਣ ਵਾਦ ਅਤੇ ਕਰਮਕਾਂਡਾਂ ਦੇ ਖਾਰੇ ਸਮੂੰਦਰ ਵਿੱਚ ਆਪ ਛਾਲਾਂ ਮਾਰਨਗੇ ?
ਉਥੇ ਹੀ ਡਿਉੜੀ ਕੋਲ ਬੈਠਾ ਬੈਠਾ ਮੈਂ ਹੁਣ ਕੁਝ ਸਹਿਜ ਹੋ ਚੁਕਾ ਸੀ ਅਤੇ ਉਸ ਗੁਰਦੁਆਰੇ
ਦਾ ਨਜ਼ਾਰਾ ਵੇਖ ਰਿਹਾ ਸੀ ਬਹੁਤ ਸਾਰੇ ਸ਼੍ਰਧਾਲੂ ਅੰਦਰ ਵੜਦੇ , ਪੈਰ ਧੌਂਦੇ ਤੇ "ਧੰਨ
ਬਾਬਾ ਦੀਪ ਸਿੰਘ" ਕਹਿੰਦੇ ਜਾ ਰਹੇ ਸੀ। ਮੈਂ ਕਿਸੇ ਦੇ ਮੂੰਹੋ "ਧੰਨ ਗੁਰੂ ਗ੍ਰੰਥ ਸਾਹਿਬ
ਜੀ" ਕਹਿੰਦੇ ਨਹੀਂ ਸੁਣਿਆ। ਸ਼ਾਇਦ ਇਥੇ ਲੋਕੀ "ਸ਼ਬਦ ਗੁਰੂ" ਦੇ ਲੜ ਲਗਣ ਲਈ ਨਹੀਂ, ਬਲਕਿ
ਬਾਬਾ ਦੀਪ ਸਿੰਘ ਦੇ ਗੁਰੂਦੁਆਰੇ "ਚਾਲੀਹਾ" ਕਟਣ ਜਾਂ "ਚੌਪਹਿਰਾ" ਕੱਟ ਕੇ ਆਪਣੀਆਂ
ਮੁਰਾਦਾਂ ਪੂਰੀਆਂ ਕਰਨ ਆ ਰਹੇ ਸੀ । ਬਹੁਤ ਸਾਰੇ ਲੋਕੀ ਕੰਧ ਨਾਲ ਢੋਹ ਲਾ ਕੇ ਗੁਟਕਿਆਂ
ਵਿਚੋਂ ਗੁਰਬਾਣੀ ਦਾ ਪਾਠ ਵੀ ਕਰ ਰਹੇ ਸੀ। ਮੈਂ ਬਹੁਤ ਖੁਸ਼ ਹੋਇਆ ਕਿ ਚਲੋ ਇਥੇ ਆਂਉਣ
ਵਾਲਿਆਂ ਵਿੱਚ ਕੋਈ ਤਾਂ ਗੁਰਬਾਣੀ ਦਾ ਅਭਿਲਾਖੀ ਹੈ। ਲੇਕਿਨ ਛੇਤੀ ਹੀ ਮੇਰੀ ਇਹ ਖੁਸ਼ੀ
ਮਾਯੂਸੀ ਵਿੱਚ ਬਦਲ ਗਈ, ਜਦੋਂ ਨਾਲ ਹੀ ਬੈਠੀ ਇਕ ਬੀਬੀ, ਜੋ ਪਾਠ ਪੂਰਾ ਕਰਕੇ ਆਪਣਾ ਗੁਟਕਾ
ਅਪਣੇ ਪਰਸ ਵਿੱਚ ਸਾਂਭ ਰਹੀ ਸੀ। ਉਸ ਨੂੰ ਉਠਦਿਆਂ ਵੇਖ ਉਸ ਦੀ ਜਾਣ ਪਛਾਣ ਦੀ ਇਕ ਹੋਰ
ਬੀਬੀ ਉਸ ਕੋਲ ਆਈ ਤੇ ਬੋਲੀ ਕਿ "ਕਿੰਨੇ ਪਾਠ ਹੋ ਗਏ ਤੇਰੇ?"
ਉਹ ਕਹਿਣ ਲੱਗੀ "ਪਿਛਲੀ ਵਾਰ ਤੇ ਬਾਬਾ ਜੀ ਨੇ 51 ਪਾਠ ਕਰਨ
ਲਈ ਕਿਹਾ ਸੀ ਐਤਕੀਂ 101 ਕਹੇ ਸੀ, ਮੈਂ 60 ਕੁ ਪਾਠ ਪੂਰੇ ਕਰ ਲਏ ਨੇ।" ਇਨਾਂ
ਦੀਆਂ ਹੋਰ ਇਧਰ ਉਧਰ ਦੀਆਂ ਜੋ ਵੀ ਗੱਲਾਂ ਮੇਰੇ ਕੰਨ ਵਿੱਚ ਪੈ ਰਹਿਆਂ ਸੀ, ਉਨਾਂ ਤੋਂ ਇਹ
ਸਾਫ ਪਤਾ ਲਗ ਚੁਕਾ ਸੀ ਕਿ ਇਹ ਦੋਵੇਂ ਬੀਬੀਆਂ ਮਾਤਾ ਕੌਲਾਂ ਟਕਸਾਲ ਦੇ ਮੁੱਖੀ ਗੁਰਇਕਬਾਲ
ਸਿੰਘ ਦੇ ਡੇਰੇ ਜਾਂਦੀਆਂ ਸਨ, ਜੋ ਅਕਸਰ ਹੀ ਸੈਂਕੜੇ ਪਾਠਾਂ ਦਾ ਟਾਰਗੇਟ ਆਪਣੇ ਡੇਰੇ 'ਤੇ
ਆਉਣ ਵਾਲਿਆਂ ਨੂੰ ਦੇਂਦੇ ਰਹਿੰਦੇ ਹਨ। ਇਨਾਂ ਦੇ ਇਹੋ ਜਹੇ ਇਸ਼ਤਿਹਾਰ ਸਾਨੂੰ ਆਪਣੇ
ਸ਼ਹਿਰ ਅਤੇ ਇੰਟਰਨੈਟ 'ਤੇ ਵੀ ਵੇਖਣ ਨੂੰ ਅਕਸਰ ਹੀ ਮਿਲ ਜਾਂਦੇ ਨੇ।
ਬਰਫੀ ਦਾ ਪ੍ਰਸਾਦ ਵੰਡਿਆ ਜਾ ਰਿਹਾ ਸੀ। ਇਹ ਵੇਖ ਕੇ
ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੜਾਹ ਪ੍ਰਸਾਦ ਦੀ ਥਾਂ ਬਰਫੀ ਦੇ ਪ੍ਰਸਾਦ ਨੇ ਕਦੋ ਤੋਂ
ਲੈ ਲਈ? ਬਹੁਤ ਸਾਰੇ ਵੀਰ ਅਤੇ ਬੀਬੀਆਂ ਛੋਟੇ ਛੋਟੇ ਪਾਲੀਥੀਨ ਦੇ ਲਿਫਾਫਿਆਂ ਵਿੱਚ ਘਿਉ
ਜਾਂ ਤੇਲ ਲੈ ਲੈ ਕੇ ਉਥੇ ਜਗ ਰਹੀ ਜੋਤ ਵਿੱਚ ਪਾ ਰਹੇ ਸੀ। ਤੇਲ, ਘਿਉ ਨਾਲ ਉਹ ਥਾਂ ਭਿੱਜੀ
ਹੋਈ ਸੀ ਅਤੇ ਸੰਗਮਰਮਰ ਦਾ ਉਹ ਪੱਥਰ ਥੰਦਾ ਹੋ ਹੋ ਕੇ ਕਾਲਾ ਪੈ ਚੁਕਿਆ ਸੀ, ਜਿੱਥੇ ਉਹ
ਖਾਸ ਜੋਤ ਜੱਗ ਰਹੀ ਸੀ। ਇਹ ਤੇਲ/ਘਿਉ ਬਾਹਰ ਦੁਕਾਨਾਂ ਵਿੱਚ ਪੈਕ ਕੀਤਾ ਹੋਇਆ ਵਿੱਕ ਰਿਹਾ
ਸੀ। ਗੁਰਦੁਆਰੇ ਵੜਨ ਤੋਂ ਪਹਿਲਾਂ ਮੈਂ ਇਕ ਦੁਕਾਨਦਾਰ ਕੋਲੋ 100 ਰੁਪਏ ਦੀ ਚੇਂਜ ਮੰਗੀ
ਤੇ ਉਸ ਨੇ ਉਹ ਨੋਟ ਹਥ ਵਿੱਚ ਫੜਕੇ ਸੁਟ ਦਿਤਾ ਕਿ, “ਮੈਂ
ਦੁਕਾਨਦਾਰੀ ਕਰਾਂ ਕਿ ਤੈਨੂੰ ਪਰਚੀਆਂ ਦੇਵਾਂ?” ਘਿਉ ਦੀਆਂ ਥੈਲੀਆਂ ਉਥੇ ਵੀ
ਵਿੱਕ ਰਹੀਆਂ ਸੀ। ਲਗਦਾ ਸੀ ਕਿ ਇਹ ਦੁਕਾਨਦਾਰ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਖਾਸ ਚਹੇਤੇ
ਵੀ ਹਨ, ਅਤੇ ਉਨਾਂ ਦਾ ਬੋਝਾ ਵੀ ਇਹ ਗਰਮ ਕਰਦੇ ਰਹਿੰਦੇ ਹੋਣੇ ਆ। ਕਿਉਂਕਿ ਇਕ ਕੰਬਲ ਵਾਲਾ
ਰੁਮਾਲਾ ਜੋ ਕਾਨਪੁਰ ਵਿੱਚ 260 ਰੁਪਏ ਦਾ ਮੇਰੀ ਸਿਘੰਨੀ ਖਰੀਦ ਕੇ ਲਿਆਈ ਸੀ, ਹੂ ਬ ਹੂ
ਉਹ ਕੰਬਲ ਵਾਲਾ ਰੁਮਾਲਾ ਉਸ ਦੁਕਾਨਦਾਰ ਨੇ ਇਕ ਬਾਹਰੋਂ ਆਏ ਪਰਿਵਾਰ ਨੂੰ ਬਹੁਤ ਭਾਰਾਂ
ਤੋਲਾਂ ਤੇ ਪੈ ਕੇ 450 ਰੁਪਏ ਦਾ ਦਿੱਤਾ। ਇਹ ਸਭ ਕੁਝ ਵੇਖ ਕੇ ਬਹੁਤ ਪਰੇਸ਼ਾਨ ਅਤੇ ਹੈਰਾਨ
ਸੀ, ਕਿ ਇਨਾਂ ਗੁਰੂ ਸਥਾਨਾਂ 'ਤੇ ਵੀ ਪਾਂਡਿਆਂ ਅਤੇ ਪੰਡਤਾਂ ਵਾਲੀ ਲੁੱਟ ਖਸੁੱਟ ਚੱਲ ਰਹੀ
ਹੈ।
ਗੁਰਦੁਆਰੇ ਦੇ ਵੇੜ੍ਹੇ ਵਿੱਚ ਹੀ ਦੋ ਪਲਾਸਟਿਕ ਦੇ ਵੱਡੇ ਡਰਮ
ਰਖੇ ਹੋਏ ਸੀ, ਜਿਸ ਵਿੱਚ ਬਹੁਤ ਸਾਰੇ ਲੋਕੀਂ ਲੂਣ ਦੇ ਪੈਕੇਟ ਰਖ ਰਹੇ ਸੀ। ਮੇਰੇ
ਬੈਠਿਆਂ ਬੈਠਿਆ ਉਹ ਡਰਮ ਲੂਣ ਨਾਲ ਅੱਧਾ ਕੁ ਭਰ ਗਇਆ ਸੀ ਅਤੇ ਨਾਲ ਦੇ ਡਰਮ ਵਿੱਚ ਲੋਗ ਨਵੇਂ
ਝਾੜੂ ਰੱਖ ਰਹੇ ਸੀ। ਇਹ ਸਾਰਾ ਕਰਮਕਾਂਡ ਅਤੇ ਅੰਧ ਵਿਸ਼ਵਾਸ਼ ਵੇਖਦਾ ਹੋਇਆ, ਆਪਣੇ ਸੁਭਾਵ
ਅਨੁਸਾਰ ਕੌਮ ਦੇ ਕੇਸਾਧਾਰੀ ਬ੍ਰਾਹਮਣ ਆਗੁਆਂ ਨੂੰ ਕੋਸਦਾ ਹੋਇਆ ਉਠਿਆ ਤੇ ਜੋੜਾ ਘਰ ਤੁਰ
ਪਇਆ। ਮੇਰੀ ਸਲਿਹਾਰ ਤੇ ਸਾਲਾ ਉਥੇ ਮੇਰਾ ਹੀ ਇੰਤਜਾਰ ਕਰ ਰਹੇ ਸੀ। ਮੈਨੂੰ ਵੇਖਦੇ ਹੀ
ਬੋਲੇ, ਬਹੁਤ ਦੇਰ ਲਾ ਦਿੱਤੀ ਜੀਜਾ ਜੀ ! ਅਸੀਂ ਤਾਂ ਬਹੁਤ ਦੇਰ ਦਾ ਇੰਤਜਾਰ ਕਰ ਰਹੇ ਸੀ।
ਮੈਂ ਕੁੱਝ ਵੀ ਨਹੀਂ ਬੋਲਿਆ। ਮੈਂ ਜੋੜੇ ਪਾ ਕੇ ਮੇਨ ਗੇਟ ਤੋਂ ਉਨ੍ਹਾਂ ਨਾਲ ਪੈਦਲ ਹੀ ਘਰ
ਵਲ ਤੁਰ ਪਿਆ।
ਤੁਰਦੇ ਤੁਰਦੇ ਮੇਰੇ ਸਾਲਾ ਸਾਹਿਬ ਕੁਝ ਨਾਂ ਕੁਝ ਦਸਦੇ ਜਾ ਰਹੇ ਸੀ, ਅਤੇ ਮੈਂ ਬਿਲਕੁਲ
ਖਾਮੋਸ਼ ਉਨਾਂ ਨਾਲ ਤੁਰ ਰਿਹਾ ਸੀ। ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਬਾਹਰ ਤਰਨ ਤਾਰਨ
ਰੋਡ ਤੇ ਪੁਜੇ ਹੀ ਸੀ ਕੇ ਸਾਲਾ ਸਾਹਿਬ ਨੇ ਦਸਿਆ ਕੇ ਇਹ "ਗੋਲਡਨ ਟੈਂਪਲ ਕਾਲੋਨੀ" ਹੈ,
ਦਰਬਾਰ ਸਾਹਿਬ ਦੇ ਸਾਰੇ ਰਾਗੀ ਇਥੇ ਹੀ ਰਹਿੰਦੇ ਨੇ। ਅੱਗੇ ਰੋਡ ਤੇ ਉਨ੍ਹਾਂ ਨੇ ਬਹੁਤ
ਵਡੀਆਂ ਆਲੀਸ਼ਾਨ ਦੋ ਇਮਾਰਤਾਂ ਦਿਖਾਈਆਂ ਤੇ ਉਹ ਬੋਲੇ ਇਹ "ਵਿਧਵਾ ਆਸ਼ਰਮ" ਹੈ, ਬਾਬਾ
ਗੁਰਇਕਬਾਲ ਸਿੰਘ ਜੀ ਇਸ ਨੂੰ ਚਲਾਉਂਦੇ ਨੇ। ਅਗੇ ਹੋਰ ਵੀ ਇਕ ਆਸ਼ਰਮ ਬਣ ਰਿਹਾ ਹੈ। ਮੇਰੇ
ਮਨ ਵਿੱਚ ਇਸ ਬਾਰੇ ਜੋ ਕੁਝ ਆਇਆ, ਉਹ ਕਹਿ ਕੇ ਮੈਂ ਉਨਾਂ ਦਾ ਮੂਹ ਕਸੈਲਾ ਨਹੀਂ ਕਰਨਾ
ਚਾਹੁੰਦਾ ਸੀ। ਮੇਰੇ ਮੰਨ ਵਿੱਚ ਤਾਂ ਹੋਰ ਹੀ ਕੁਝ ਚਲ ਰਿਹਾ ਸੀ ਜੋ ਉਸ ਗੁਰਦੁਆਰੇ ਵਿੱਚ
ਹੋ ਰਹੇ ਕਰਮਕਾਂਡਾਂ ਬਾਰੇ ਮੈਂ ਇੱਨਾਂ, ਬਿਨਾਂ ਨਾਗਾ ਜਾਂਣ ਵਾਲਿਆਂ ਦੇ ਮੁਖੋ ਹੀ ਸੁਨਣਾਂ
ਚਾਂਉਦਾ ਸੀ।
ਤੁਰਦੇ ਤੁਰਦੇ ਅਸੀਂ ਗਲੀਆਂ ਵਿੱਚ ਆ ਗਏ ਸੀ। ਉਸ ਮੁਹੱਲੇ ਦੇ ਬਹੁਤੇ ਘਰਾਂ ਦੇ ਬਾਹਰ ਮੈਂ
ਇੱਕ ਖਾਸੀਅਤ ਵੇਖੀ ਕਿ ਬਹੁਤਿਆਂ ਸਿਖਾਂ ਦੇ ਘਰ ਦੇ ਬਾਹਰ ਇਕ ਟਾਈਲ ਪੱਕੀ ਲਗੀ ਹੋਈ ਸੀ,
ਜਿਸ 'ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਬਣੀ ਹੋਈ ਸੀ ਅਤੇ ਲਗਭਗ ਹਰ ਸਿੱਖ ਦੇ ਘਰ ਦੇ
ਬਾਹਰ "ਧੰਨ ਬਾਬਾ ਦੀਪ ਸਿੰਘ ਜੀ" ਲਿਖਿਆ ਹੋਇਆ ਸੀ। ਇਹ ਉਥੇ ਦੀ ਮਾਨਸਿਕਤਾ ਨੂੰ ਪ੍ਰਗਟ
ਕਰ ਰਿਹਾ ਸੀ। ਘਰ ਨੇੜੇ ਆਂਉਦੇ ਮੈਂ ਅਪਣੀ ਸਲਿਹਾਰ ਕੋਲੋਂ ਪੁਛਿਆ "ਕੀ ਤੁਸੀਂ ਰੋਜ "ਸ਼ਹੀਦਾਂ
ਦੇ" ਜਾਂਦੇ ਹੋ (ਉਥੇ ਦੇ ਸਾਰੇ ਲੋਕ, ਉਸ ਗੁਰਦੁਆਰੇ ਨੂੰ "ਸ਼ਹੀਦਾਂ ਦੇ" ਕਹਿ ਕੇ ਹੀ
ਬੁਲਾਂਦੇ ਨੇ।) ਉਹ ਬੋਲੀ, "ਹਾਂ ਜੀਜਾ ਜੀ, ਅਸੀਂ ਤੇ ਇਕ ਚਲੀਹਾ ਸੁਖਦੇ ਹਾਂ ਤੇ ਉਸ ਦੇ
ਮੁੱਕਣ ਤੋਂ ਪਹਿਲਾਂ ਹੀ ਦੂਜਾ ਸੁੱਖ ਲੈਦੇ ਹਾਂ।" ਉਥੇ ਜੋਤ ਵਿਚ ਤੇਲ ਕਿਉਂ ਪਾਂਦੇ ਹੋ,
ਕੀ ਗੁਰਦੁਆਰੇ ਵਾਲੇ ਨਹੀ ਪਾਂਦੇ ? ਉਹ ਬੋਲੀ ਵੀਰ ਜੀ ਉਹ ਤੇਲ ਨਹੀਂ ਘਿਉ ਹੁੰਦਾ ਹੈ,
ਦੇਸੀ ਘਿਉ, ਜੋਤ ਵਿੱਚ ਪਾਉਣ ਨਾਲ ਮੰਨਤ ਪੂਰੀ ਹੁੰਦੀ ਹੈ। ਤੇ ਝਾੜੂ ਅਤੇ ਲੂਣ ਕਿਉਂ ਦਾਨ
ਕਰਦੇ ਨੇ ? ਜੀਜਾ ਜੀ ਇਹ ਦਾਨ ਕਰਨ ਨਾਲ ਚਮੜੀ ਦੀਆਂ ਬੀਮਾਰੀਆਂ, ਮੱਸੇ, ਮੌਕੇ ਅਤੇ ਹੋਰ
ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
ਉਨਾਂ ਦੀਆ ਗੱਲਾਂ ਅਤੇ ਉਥੇ ਦਾ ਮਾਹੋਲ ਵੇਖ ਕੇ ਹੈਰਾਨਗੀ ਘੱਟ
ਅਤੇ ਦੁਖ ਜਿਆਦਾ ਹੋ ਰਿਹਾ ਸੀ। ਸ਼੍ਰੋਮਣੀ ਕਮੇਟੀ, ਲੱਖਾਂ ਰੁਪਏ ਬਰਬਾਦ ਕਰ ਰਹੀ
ਹੈ, ਧਰਮ ਪ੍ਰਚਾਰ ਦੇ ਨਾਮ 'ਤੇ। ਉਨਾਂ ਦਾ ਫ੍ਰੀ ਲਿਟਰੇਚਰ ਕੀ ਕਰੇਗਾ ? ਜੇ ਉਨਾਂ ਦੀ
ਅੱਖ ਥਲੇ, ਉਨਾਂ ਦੀ ਜਾਣਕਾਰੀ ਥੱਲੇ, ਉਨ੍ਹਾਂ ਦੇ ਆਪਣੇ ਘਰ ਵਿੱਚ, ਸਿੱਖ ਆਪਣੇ ਸ਼ਬਦ
ਗੁਰੂ, ਗੁਰਬਾਣੀ ਅਤੇ ਸਿੱਖ ਸਿਧਾਂਤਾਂ ਤੋਂ ਟੁੱਟ ਕੇ ਦਿਸ਼ਾਹੀਨ ਹੋ ਰਿਹਾ ਹੈ। ਪੰਜਾਬ
ਵਿੱਚ ਪਤਿਤ ਪੁਣਾ, ਅੱਜ ਤਕ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁਕਾ ਹੈ। ਨੌਜੁਆਨ ਪੀੜ੍ਹੀ
ਨਸ਼ਿਆਂ ਵਿਚ ਗਲਤਾਨ ਹੈ। ਇਹ ਪ੍ਰਚਾਰ ਕੌਣ ਕਰੇਗਾ? ਇਨ੍ਹਾਂ ਭਟਕੇ ਹੋਏ ਸਿੱਖਾਂ ਨੂੰ ਦਿਸ਼ਾ
ਕੌਣ ਦਿਖਾਏਗਾ ? ਕਰਮਕਾਂਡਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਹਟਾ ਕੇ ਇਨ੍ਹਾਂ ਨੂੰ, ਗੁਰਬਾਣੀ
ਨਾਲ ਕੌਣ ਜੋੜੇਗਾ ?
ਜੇ 501 ਚੌਪਈ ਦੇ ਪਾਠ ਕਰਵਾਉਣ ਵਾਲੇ ਰਾਗੀਆਂ ਨੂੰ ਅਕਾਲ ਤਖਤ ਦਾ ਹੈਡ ਗ੍ਰੰਥੀ, ਸਿਰੋਪੇ
ਦੇ ਦੇ ਕੇ ਸਤਕਾਰਦਾ ਰਹੇਗਾ, ਅਤੇ ਗੁਰੂ ਸਿਧਾਂਤਾਂ ਨੂੰ ਸਿੱਖਾਂ ਤਕ ਪਹੁੰਚਾਉਣ ਵਾਲਿਆਂ
ਨੂੰ, ਇਸ ਅਦਾਰੇ ਤੋਂ ਛੇਕਿਆ ਜਾਂਦਾ ਰਹੇਗਾ, ਤੇ ਜੋ ਹਾਲਾਤ ਮੈਂ ਉਥੇ ਵੇਖੇ ਹਨ ਉਸ ਤੋਂ
ਵੀ ਮਾੜੇ ਹਾਲਾਤ ਪੈਦਾ ਹੋ ਜਾਣਗੇ। ਬ੍ਰਾਹਮਣੀ ਸੋਚ ਅਤੇ ਅੰਧ ਵਿਸ਼ਵਾਸ਼ ਸਿੱਖੀ ਨੂੰ
ਅਪਾਹਿਜ ਬਣਾ ਦੇਵੇਗੀ। ਇਹੋ ਜਿਹੇ ਅਪੰਗ ਸੋਚ ਵਾਲੇ ਸਿੱਖ, ਕਰਮਕਾਂਡਾਂ ਅਤੇ ਅੰਧਵਿਸ਼ਵਾਸ਼
ਨੂੰ ਹੀ ਸਿੱਖੀ ਸਮਝ ਸਮਝ ਕੇ ਜਿਉਂਦੇ ਤੇ ਮਰਦੇ ਰਹਿਣਗੇ।