Share on Facebook

Main News Page

ਆਖਿਰਕਾਰ ਭਾਰਤੀ ਲੋਕਤੰਤਰ, ਦੇਸ਼ ਭਗਤ ਸਿੱਖਾਂ ਵਾਸਤੇ ਬੁੱਚੜਖਾਨਾਂ ਕਿਉਂ ਬਣਦਾ ਜਾ ਰਿਹਾ ਹੈ ?
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਭਾਰਤ ਨਾਲ ਸਿੱਖ ਆਗੂਆਂ ਨੇ ਬੜਾ ਵੱਡਾ ਭਰੋਸਾ ਕਰਕੇ ਕਿਸਮਤ ਜੋੜੀ ਸੀ, ਕਿਉਂਕਿ ਭਾਰਤੀ ਲੀਡਰਸ਼ਿਪ ਨੇ ਜੁਬਾਨੀ ਕਲਾਮੀ ਵੱਡੇ ਵੱਡੇ ਵਾਹਦੇ ਸਿੱਖਾਂ ਨਾਲ ਕੀਤੇ ਸਨ, ਕਿ ਆਜ਼ਾਦੀ ਤੋਂ ਬਾਅਦ ਸਿੱਖ ਅਜਿਹਾ ਜੀਵਨ ਬਸਰ ਕਰਨਗੇ ਕਿ ਕਦੇ ਕੋਈ ਗਿਲਾ ਸ਼ਿਕਵਾ ਕਰਨ ਦੀ ਗੁੰਜਾਇਸ਼ ਨਹੀਂ ਹੋਵੇਗੀ, ਲੇਕਿਨ ਹਰ ਦਿਨ ਸਿੱਖਾਂ ਵਾਸਤੇ ਕੋਈ ਨਵੀ ਦੁਸ਼ਵਾਰੀ ਲੈ ਕੇ ਹੀ ਚੜਿਆ। ਸਿੱਖ ਪਹਿਲੋਂ ਪਹਿਲ ਸਭ ਕੁੱਝ ਵਕਤੀ ਸਮਝਕੇ ਜਰਦੇ ਗਏ ਅਤੇ ਭਾਰਤੀ ਬਹੁਗਿਣਤੀ ਉੱਤੇ ਭਰੋਸਾ ਕਰਕੇ, ਉਹਨਾਂ ਵਿਚੋਂ ਹੀ ਕੋਈ ਅਜਿਹਾ ਬਦਲ ਲੱਭਦੇ ਰਹੇ ਕਿ ਜਿਹੜਾ ਸਿੱਖ ਮਸਲਿਆਂ ਦਾ ਹੱਲ ਕਰਕੇ ਸਿੱਖਾਂ ਨੂੰ ਕੁੱਝ ਸਕੂਨ ਦੇ ਸਕੇ, ਲੇਕਿਨ ਸਿੱਖਾਂ ਨੂੰ ਇਹ ਪਤਾ ਨਹੀਂ ਸੀ ਕਿ ਸਾਰੇ ਖਰਬੂਜੇ ਇੱਕ ਵੇਲ ਦਾ ਦੀ ਫਲ ਹਨ। ਹਾਲੇ ਵੀ ਸਿੱਖ ਇਸ ਪਾਸਿਓ ਮੁੜਦੇ ਨਹੀਂ, ਜਦੋਂ ਕੋਈ ਨਵੀ ਪਾਰਟੀ ਆਪਣਾ ਸਿਆਸੀ ਧੂਤੂ ਵਜਾਉਂਦੀ ਹੈ ਤਾਂ ਸਿੱਖ ਮੰਤਰ ਮੁਘਦ ਹੋਕੇ, ਪਿੱਛੇ ਭੱਜ ਉਠਦੇ ਹਨ ਕਿ ਸ਼ਾਇਦ ਹੁਣ ਹੀ ਕੋਈ ਕਰਾਮਾਤ ਹੋ ਜਾਵੇ ਅਤੇ ਸਾਡੀ ਤਕਦੀਰ ਵੀ ਚਮਕ ਪਵੇ, ਪਰ ਅਜਿਹੀ ਸੋਚ ਲੈਕੇ ਘੁੰਮਦੇ ਘੁੰਮਦੇ ਸਿੱਖ ਇਹੋ ਜਿਹੀ ਦਲ ਦਲ ਵਿੱਚ ਫਸ ਗਏ ਹਨ ਕਿ ਹੁਣ ਜਿੰਨਾ ਉਸ ਵਿੱਚੋਂ ਨਿਕਲਣ ਨੂੰ ਜੋਰ ਲਾਉਂਦੇ ਹਨ, ਓਨਾਂ ਹੋਰ ਹੇਠਾਂ ਨੂੰ ਧਸਦੇ ਜਾ ਰਹੇ ਹਨ।

ਲੇਖ ਦਾ ਮੁੱਖੜਾ ਪੜ੍ਹਕੇ ਕੁੱਝ ਲੋਕਾਂ ਨੂੰ ਚੁੱਭਿਆ ਵੀ ਹੋਵੇਗਾ ਕਿ ਅਜਿਹੀ ਸਖਤ ਸ਼ਬਦਾਵਲੀ ਲਿਖਣ ਦੀ ਕਿਹੜੀ ਲੋੜ ਪੈ ਗਈ ਸੀ, ਪਰ ਉਹਨਾਂ ਪਾਠਕ ਵੀਰਾਂ ਨੂੰ ਇਹ ਨਹੀਂ ਪਤਾ ਕਿ ਅੱਜ ਗੱਲ ਕਿੱਥੇ ਤਕ ਆ ਪਹੁੰਚੀ ਹੈ। ਸਿੱਖਾਂ ਵਾਸਤੇ ਭਾਰਤ ਇੱਕ ਬੁਚੜਖਾਨਾ ਅਤੇ ਇਥੋਂ ਦਾ ਨਿਜ਼ਾਮ ਕਸਾਈ ਬਣਕੇ ਪੇਸ਼ ਆ ਰਿਹਾ ਹੈ। ਹੁਣੇ ਕੁੱਝ ਦਿਨ ਦੀਨਾਨਗਰ ਥਾਣੇ ਉੱਤੇ ਹਮਲਾ ਹੋਇਆ, ਸਿੱਖ ਐਸ.ਪੀ. ਬਲਜੀਤ ਸਿੰਘ ਸੈਣੀ ਹਮਲਾਵਰਾਂ ਨਾਲ ਜੂਝਦਿਆਂ ਆਪਣੀ ਜਾਨ ਕੁਰਬਾਨ ਕਰ ਰਿਹਾ ਹੈ, ਸਿੱਖ ਕਮਾਂਡੋ ਬਹਾਦਰੀ ਨਾਲ ਲੜ ਰਹੇ ਹਨ। ਕੁੱਝ ਸਿੱਖ ਗੁਰਦਵਾਰੇ ਵਿੱਚੋਂ ਲੰਗਰ ਲਿਆਕੇ ਵਰ•ਦੀਆਂ ਗੋਲੀਆਂ ਵਿੱਚ ਸੁਰਖਿਆ ਬਲਾਂ ਨੂੰ ਛਕਾ ਰਹੇ ਹਨ, ਪਰ ਭਾਰਤੀ ਮੀਡੀਆ ਜੋਰ ਲਾਈ ਜਾ ਰਿਹਾ ਹੈ ਕਿ ਇਸ ਹਮਲੇ ਦੇ ਤਾਰ ਸਿੱਖ ਜਥੇਬੰਦੀਆਂ ਨਾਲ ਜੁੜਦੇ ਹਨ। ਕੁਝ ਅਫਸਰ ਜਿਹੜੇ ਸਿਫਾਰਸ਼ੀ ਬਦਲੀਆਂ ਕਰਵਾਕੇ, ਸਾਰੀ ਜਿੰਦਗੀ ਫੌਜ ਵਿੱਚ ਵੀ ਸਿਵਲ ਵਾਲੀ ਨੌਕਰੀ ਵਾਂਗੂੰ ਮੌਜਾਂ ਲੁੱਟਦੇ ਰਹਿੰਦੇ ਹਨ, ਉਹ ਫਿਰ ਟੀ.ਵੀ. ਉੱਤੇ ਬੇਲੋੜੇ ਪੰਡਿਤ ਬਣਕੇ ਭਵਿੱਖ ਬਾਣੀਆਂ ਕਰਨ ਲੱਗ ਪੈਂਦੇ ਹਨ। ਪੁਲਿਸ ਅਜਿਹੀ ਘਟਨਾ ਨੂੰ ਲੈ ਕੇ ਸਾਰੇ ਪੰਜਾਬ ਅੰਦਰ ਤਿੰਨ ਦਿਨ ਨਾਕੇ ਲਾ ਕੇ, ਲੋਕਾਂ ਨੂੰ ਪਰੇਸ਼ਾਨ ਕਰਦੀ ਰਹੀ ਹੈ, ਦੋਸ਼ ਸਿੱਖਾਂ ਦੇ ਸਿਰ ਮੜ੍ਹਣ ਦੀ ਸਿਰ ਤੋੜ ਕੋਸ਼ਿਸ਼ ਹੋਈ ਅਤੇ ਅੱਜ ਵੀ ਹੋ ਰਹੀ ਹੈ।

ਦੋ ਦਿਨ ਪਹਿਲਾਂ ਦੀਆਂ ਅਖਬਾਰਾਂ ਵਿੱਚ ਭਾਰਤੀ ਖੁਫੀਆਤੰਤਰ ਦੇ ਹਵਾਲੇ ਨਾਲ, ਕੁੱਝ ਖਬਰ ਛਪੀਆਂ ਕਿ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪਾਕਿਸਤਾਨ ਵਾਲੇ ਪਾਸੇ, ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਆਸ ਪਾਸ, ਕੁੱਝ ਅਤਵਾਦੀਆਂ ਦੇ ਗਰੁੱਪ ਦਿਖਾਈ ਦਿੱਤੇ, ਜਿਹੜੇ ਮੌਕਾ ਪਾ ਕੇ ਭਾਰਤ ਵਿੱਚ ਦਾਖਲ ਹੋ ਸਕਦੇ ਹਨ ਅਤੇ ਇਸ ਨਾਲ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਮਸਿਆ ਖੜੀ ਹੋ ਸਕਦੀ ਹੈ। ਦਰਅਸਲ ਮਾਮਲਾ ਇਹ ਨਹੀਂ ਹੈ, ਇਸ ਪਿੱਛੇ ਇੱਕ ਵੱਡਾ ਰਾਜ ਹੈ ਕਿਉਂਕਿ ਹਰ ਮਹੀਨੇ ਸ. ਕੁਲਦੀਪ ਸਿੰਘ ਵਡਾਲਾ ਦੇ ਉਦਮ ਨਾਲ ਬਹੁਤ ਸਾਰੇ ਸਿੱਖ ਇਕਠੇ ਹੋਕੇ ਉਥੇ ਅਰਦਾਸ ਕਰਦੇ ਹਨ ਅਤੇ ਭਾਰਤ ,ਪਾਕਿਸਤਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਇਸ ਅਸਥਾਨ ਤੱਕ ਇੱਕ ਲਾਂਘਾ ਦਿੱਤਾ ਜਾਵੇ। ਪ੍ਰਬੰਧਕਾ ਅਨੁਸਾਰ ਪਾਕਿਸਤਾਨ ਸਰਕਾਰ ਦਾ ਰੁਖ ਕਾਫੀ ਹਾਂ ਪੱਖੀ ਹੈ ਲੇਕਿਨ ਭਾਰਤੀ ਨਿਜ਼ਾਮ ਨੂੰ ਅਜਿਹਾ ਰਾਸ ਕਦੋਂ ਆਉਂਦਾ ਹੈ। ਜੇ ਕੋਈ ਹਿੰਦੂ ਤੀਰਥ ਹੁੰਦਾ ਤਾਂ ਸ਼ਾਇਦ ਕਦੋਂ ਦਾ ਰਸਤਾ ਖੁੱਲ ਗਿਆ ਹੁੰਦਾ। ਹੁਣ ਇਸ ਹਮਲੇ ਦੀ ਆੜ ਵਿੱਚ ਭਾਰਤੀ ਨਿਜ਼ਾਮ ਸਿੱਖਾਂ ਦੀ ਇਸ ਮੰਗ ਨੂੰ ਸੁਰੱਖਿਆ ਦੀ ਕਬਰ ਵਿੱਚ ਦਫਨ ਕਰਨ ਦੀ ਤਿਆਰੀ ਵਿੱਚ ਹੈ।

ਹੁਣ ਇੱਕ ਸਰਹਿੰਦ ਦਾ ਛੋਕਰਾ, ਜਿਹੜਾ ਨਿਸ਼ਾਂਤ ਸ਼ਰਮੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਹਮਲਾ ਕਰਨ ਗਿਆ ਸੀ, ਪਰ ਨਿਸ਼ਾਂਤ ਸ਼ਰਮੇ ਦੀ ਗੱਲ ਉੱਤੇ ਪਏ, ਸਿੰਘ ਦੇ ਘਸੁੰਨ ਦੀ ਪਟਾਕੇ ਵਰਗੀ ਅਵਾਜ ਸੁਣਕੇ, ਅਗਾਹ ਵਧਣ ਦਾ ਤਾਂ ਹੀਆ ਨਹੀਂ ਕਰ ਸਕਿਆ ਸੀ, ਲੇਕਿਨ ਇਸ ਬਹਾਨੇ ਸਰਕਾਰ ਤੋਂ ਗੰਨਮੈਨ ਜਰੂਰ ਲੈ ਲਏ। ਹੁਣ ਪਹਿਲੀ ਗਲ ਤਾਂ ਇਹ ਕਿ ਜਿਹੜੇ ਭਾਈ ਹਵਾਰਾ ਉੱਤੇ ਹਮਲਾ ਕਰਨ ਦੀ ਹਿੰਮਤ ਕਰ ਸਕਦੇ ਹਨ, ਉਹ ਤਾਂ ਦਲੇਰ ਹੋਣੇ ਚਾਹੀਦੇ ਹਨ, ਉਹਨਾਂ ਨੂੰ ਗੰਨਮੈਨਾਂ ਦੀ ਕਿਹੜੀ ਲੋੜ ਪੈ ਗਈ ਸੀ, ਇਹ ਕੋਈ ਉਹਨਾਂ ਵਾਸਤੇ ਜਰੂਰੀ ਤਾਂ ਨਹੀਂ ਸੀ ਕਿ ਕਾਨੂੰਨ ਅਨੁਸਾਰ ਸਜ਼ਾ ਕੱਟ ਰਹੇ ਇੱਕ ਬੰਦੇ ਉੱਤੇ ਪਹਿਲਾਂ ਹਮਲਾ ਕਰੋ, ਫਿਰ ਸਰਕਾਰ ਤੋਂ ਗੰਨਮੈਨ ਮੰਗੋ, ਖਰਚਾ ਸਰਕਾਰ ਉੱਤੇ ਪਵੇ? ਚੱਲੋ ਗੰਨਮੈਨ ਵੀ ਦੇ ਦਿੱਤੇ, ਹੁਣ ਉਸ ਨੇ ਆਪਣੇ ਗੰਨਮੈਨ ਨਾਲ ਵੀ ਝਗੜਾ ਕਰ ਲਿਆ ਤੇ ਨੌਬਤ ਇੱਥੋਂ ਤੱਕ ਆ ਪਹੁੰਚੀ ਕਿ ਗੰਨਮੈਨ ਨੇ ਹੀ ਉਸ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ, ਏਨਾ ਸ਼ੁਕਰ ਹੈ ਕਿ ਗੰਨਮੈਨ ਵੀ ਉਸ ਹੀ ਜਮਾਤ ਵਿੱਚੋਂ ਸੀ, ਪਰ ਫਿਰ ਸਾਰੇ ਭਗਵੇ ਕਬੂਤਰ ਫਤਿਹਗੜ੍ਹ ਸਾਹਿਬ ਆਕੇ ਸਿੱਖਾਂ ਖਿਲਾਫ਼ ਹੀ ਗੁਟਰਗੁੰ ਗਟੁਰਗੁੰ ਕਰਦੇ ਫਿਰਦੇ ਹਨ, ਕਿ ਮਨੀਸ਼ ਸੂਦ ਦਾ ਕਤਲ ਸਿੱਖ ਅਤਵਾਦੀਆਂ ਦੀ ਕਾਰਵਾਈ ਹੈ। ਕੋਈ ਸ਼ਰਮ ਨਹੀਂ ਆਈ ਵਿੱਚੇ ਹੀ ਭਾਜਪਾ ਦੇ ਆਗੂ ਬਿਆਨਬਾਜ਼ੀ ਕਰ ਰਹੇ ਹਨ। ਇਕ ਬੰਦੇ ਦੇ ਕਤਲ ਉੱਤੇ ਪੂਰੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਕਦੇ ਇਹ ਨਹੀਂ ਯਾਦ ਆਇਆ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਵਿੱਚ ਸਿੱਧੇ ਤੌਰ ਉੱਤੇ ਸ਼ਾਮਲ ਹਨ, ਉਥੇ ਜ਼ੁਬਾਨ ਨਹੀਂ ਖੁੱਲ•ਦੀ ਕਿ ਹਿੰਦੂ ਅਤਵਾਦੀਆਂ ਨੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਸੀ।

ਇੰਜ ਹੀ ਸ਼ਿਵ ਸੈਨਾ ਬਾਲ ਠਾਕਰੇ ਦਾ ਗੁਰਦਸਪੁਰ ਜਿਲੇ ਦਾ ਇੱਕ ਲੋਕਲ ਆਗੂ, ਜਿਹੜਾ ਸਿੱਖ ਬੱਚਿਆਂ ਦੀਆਂ ਪੱਗਾਂ ਲਾਹ ਕੇ, ਚੌਂਕ ਵਿੱਚ ਸਾੜਕੇ, ਦੋ ਫਿਰਕਿਆਂ ਵਿੱਚ ਨਫਰਤ ਪੈਦਾ ਕਰਦਾ ਹੈ, ਉਸ ਨੂੰ ਵੀ ਸੱਤ ਗੰਨਮੈਨ ਦੇ ਦਿੱਤੇ। ਜੇ ਕਿਸੇ ਸਿੱਖ ਨੇ ਖਿਝਕੇ ਉਸ ਉੱਤੇ ਹਮਲਾ ਕਰ ਦਿੱਤਾ ਤਾਂ ਸਾਰੀ ਸਰਕਾਰ ਹਸਪਤਾਲ ਮਹਿਮਾਨ ਨਿਵਾਜ਼ੀ ਕਰਦੀ ਫਿਰਦੀ ਹੈ ਅਤੇ ਗੰਨਮੈਨ ਸੱਤ ਤੋਂ ਇੱਕੀ ਕਰ ਦਿੱਤੇ ਗਏ ਹਨ। ਸਰਕਾਰੀ ਖਰਚੇ ਉੱਤੇ ਜਿਪਸੀ ਦੇ ਦਿੱਤੀ ਗਈ ਹੈ। ਇਹ ਲੋਕ ਅਕਸਰ ਵਿਆਹ ਸ਼ਾਦੀਆਂ ਮੌਕੇ ਸਰਕਾਰੀ ਹਥਿਆਰਾਂ ਤੋਂ ਫ਼ਾਇਰ ਵੀ ਕਰ ਦਿੰਦੇ ਹਨ, ਪਰ ਕੋਈ ਕਾਰਵਾਈ ਨਹੀਂ। ਅਜਿਹੇ ਲੋਕਾਂ ਉਤੇ ਦੇਸ਼ ਧ੍ਰੋਹੀ ਜਾਂ ਅਮਨ ਕਾਨੂੰਨ ਭੰਗ ਕਰਨ ਦੇ ਕੇਸ ਕਿਉਂ ਨਹੀਂ ਦਰਜ਼ ਕੀਤੇ ਜਾਂਦੇ, ਸ. ਸਿਮਰਨਜੀਤ ਸਿੰਘ ਮਾਨ ਜਿਹੜੇ ਇੱਕ ਆਈ.ਪੀ.ਐਸ ,ਅਫਸਰ ਅਤੇ ਦੋ ਵਾਰ ਪਾਰਲੀਮੈਂਟ ਦੇ ਮੈਂਬਰ ਚਣੇ ਗਏ ਹਨ, ਉਹਨਾਂ ਨੂੰ ਵੀ ਤਾਂ ਕੋਈ ਮੂਰਖ ਨੁਕਸਾਨ ਪਹੁੰਚਾ ਸਕਦਾ ਹੈ, ਲੇਕਿਨ ਉਹਨਾਂ ਦੀ ਸੁਰੱਖਿਆ ਵਾਪਿਸ ਲੈ ਲਈ ਗਈ ਹੈ।

ਇੱਕ 83 ਸਾਲਾ ਬਜੁਰਗ ਬਾਪੂ ਸੂਰਤ ਸਿੰਘ ਖਾਲਸਾ, ਪਿਛਲੇ ਸੱਤ ਮਹੀਨਿਆਂ ਤੋਂ ਭੁੱਖ ਹੜਤਾਲ ਉੱਤੇ ਹੈ। ਪੰਜਾਬ ਦੀ ਨੀਲੀ ਭਗਵੀਂ ਸਰਕਾਰ ਅਤੇ ਦਿੱਲੀ ਦੀ ਭਗਵੀਂ ਨੀਲੀ ਸਰਕਾਰ, ਛੇ ਮਹੀਨਿਆਂ ਤੋਂ ਸੁਪ੍ਰੀਮ ਕੋਰਟ ਵਿੱਚ ਵਿਚਾਰ ਅਧੀਨ ਮਾਮਲਾ ਆਖਕੇ ਡੰਗ ਟਪਾਉਂਦੀ ਰਹੀ ਹੈ, ਪਰ ਸੁਪ੍ਰੀਮ ਕੋਰਟ ਵਿੱਚ ਕੇਸ ਵਿਚਾਰ ਅਧੀਨ ਹੋਣ ਦੇ ਬਾਵਜੂਦ ਇੱਕ ਪੁਲਿਸ ਅਫਸਰ ਗੁਰਮੀਤ ਸਿੰਘ ਉਰਫ ਪਿੰਕੀ ਕੈਟ ਦੀ ਰਿਹਾਈ ਕਿਵੇ ਮਿੰਟਾਂ ਵਿੱਚ ਹੋ ਗਈ, ਹੁਣ ਤਾਂ ਸੁਪ੍ਰੀਮ ਕੋਰਟ ਨੇ ਘੁੰਡੀ ਰੱਖਕੇ ਫੈਸਲਾ ਵੀ ਦੇ ਦਿੱਤਾ ਹੈ ਕਿ ਰਾਜ ਸਰਕਾਰਾਂ ਅਜਿਹੇ ਕੈਦੀ ਨਹੀਂ ਛੱਡ ਸਕਦੀਆਂ ਪਰ ਕੇਂਦਰ ਸਰਕਾਰ ਜਾਂ ਗਵਰਨਰ ਅਤੇ ਰਾਸ਼ਟਰਪਤੀ ਉੱਤੇ ਇਹ ਫੈਸਲਾ ਕੋਈ ਅਸਰ ਨਹੀਂ ਕਰਦਾ, ਉਹ ਜਦੋਂ ਚਾਹੁਣ ਕਿਸੇ ਦੀ ਰਿਹਾਈ ਕਰ ਸਕਦੇ ਹਨ। ਫਿਰ ਹੁਣ ਵੀ ਪੰਜਾਬ ਦੀ ਸਰਕਾਰ ਅਤੇ ਭਾਰਤੀ ਨਿਜ਼ਾਮ ਇਸ ਮਾਮਲੇ ਬਾਰੇ ਸੰਜੀਦਾ ਕਿਉਂ ਨਹੀਂ ਹਨ , ਇਸ ਕਰਕੇ ਕਿ ਇਹ ਬੰਦੀ ਸਿੱਖ ਹਨ? ਜੇ ਕਿਸੇ ਬਹੁਗਿਣਤੀ ਦੇ ਹੁੰਦੇ ਤਾਂ ਪੰਜਾਬ ਦੀ ਵਿਧਾਨਸਭਾ ਨੇ ਵੀ ਹੁਣ ਤੱਕ ਮਤਾ ਪਾਸ ਕਰਕੇ ਰਿਹਾਈ ਦੀ ਮੰਗ ਕਰ ਲੈਣੀ ਸੀ, ਪਰ ਹੁਣ ਤਾਂ ਕਾਲੀ (ਅਕਾਲੀ) ਦਲ ਬਾਦਲ ਦਾ ਪ੍ਰਧਾਨ ਅਤੇ ਪੰਜਾਬ ਦਾ ਉੱਪ ਮੁੱਖ ਮੰਤਰੀ ਬਿਆਨ ਦੇ ਰਿਹਾ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਸਿੱਖਾਂ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ ਹੈ।

ਅੱਜ ਹਾਲਤ ਇੱਥੇ ਆ ਚੁੱਕੀ ਹੈ ਕਿ ਜੇ ਬਾਪੂ ਸੂਰਤ ਸਿੰਘ ਖਾਲਸਾ ਦੀ ਨਜਾਇਜ ਨਜਰਬੰਦੀ ਨੂੰ ਖਤਮ ਕਰਵਾਉਣ ਵਾਸਤੇ, ਸਿੱਖ ਪੰਥ ਹਸਪਤਾਲ ਅੱਗੇ ਸ਼ਾਂਤਮਈ ਧਰਨਾ ਦੇਣਾ ਚਾਹੁੰਦਾ ਹੈ ਤਾਂ ਸਰਕਾਰ ਰਾਤ ਨੂੰ ਸਾਢੇ ਦਸ ਵਜੇ ਬਾਪੂ ਖਾਲਸਾ ਨੂੰ ਰਿਹਾ ਕਰ ਦਿੰਦੀ, ਲੇਕਿਨ ਨਾਲ ਹੀ ਸਾਰੇ ਪੰਜਾਬ ਵਿੱਚੋਂ ਪੰਥਕ ਵਰਕਰਾਂ ਨੂੰ ਜਲੀਲ ਕਰਕੇ ਗ੍ਰਿਫਤਾਰ ਕਰਨ ਦੇ ਹੁਕਮ ਵੀ ਚਾੜ੍ਹ ਰਹੀ ਹੈ। ਹੁਣ ਜਦੋਂ ਬਾਪੂ ਖਾਲਸਾ ਨੂੰ ਸਰਕਾਰ ਰਿਹਾ ਕਰ ਚੁੱਕੀ ਹੈ ਤੇ ਉਹ ਆਪਣੇ ਪਿੰਡ ਦੇ ਗੁਰਦਵਾਰਾ ਸਾਹਿਬ ਵਿੱਚ ਅਖੰਡ ਪਾਠ ਕਰਵਾਉਣਾ ਚਾਹੁੰਦੇ ਹਨ ਤਾਂ ਇਸ ਵਿੱਚ ਕਿਹੜਾ ਕੋਈ ਗੁਨਾਹ ਵਾਲੀ ਗੱਲ ਹੈ। ਕੋਈ ਵੀ ਸਿੱਖ ਕਿਸੇ ਵੀ ਗੁਰਦਵਾਰੇ ਜਾਂ ਆਪਣੇ ਘਰ ਵਿੱਚ ਜਦੋਂ ਚਾਹੇ ਪਾਠ ਕਰਵਾ ਸਕਦਾ ਹੈ, ਇਸ ਵਿਚ ਕਿਸੇ ਸਰਕਾਰ ਦੀ ਮਨਜੂਰੀ ਦੀ ਤਾਂ ਲੋੜ ਨਹੀਂ ਹੁੰਦੀ, ਲੇਕਿਨ ਅੱਜ ਬਾਦਲ ਅਤੇ ਮੋਦੀ ਦੀ ਨੀਲੀ ਭਗਵੀ ਸਰਕਾਰ ਨੇ ਬਾਪੂ ਖਾਲਸਾ ਨੂੰ ਚਿੱਟ ਕਪੜੀਏ ਪੁਲਸੀਆਂ ਰਾਹੀ ਗੁਰਦਵਾਰਾ ਸਾਹਿਬ ਵਿੱਚੋਂ ਜਬਰੀ ਚੁਕਵਾਕੇ, ਘਰ ਭੇਜ ਦਿੱਤਾ ਹੈ, ਉਥੇ ਮੌਜੂਦ ਸਿੰਘਾਂ, ਬੀਬੀਆਂ ਨਾਲ ਬਦਸਲੂਕੀ ਕੀਤੀ ਹੀ ਗਈ, ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਨਹੀਂ ਬਖਸ਼ਿਆ। ਇਹ ਕਿਹੋ ਜਿਹਾ ਲੋਕਤੰਤਰ ਹੈ, ਦੇਸ਼ ਹੈ ਜਾਂ ਜੰਗਲ ਹੈ? ਸਮਝ ਨਹੀਂ ਆ ਰਹੀ। ਹੁਣ ਪੁਲਿਸ ਦੇ ਅਫਸਰ ਆਖ ਰਹੇ ਹਨ ਕਿ ਪਰਸੋਂ ਨੂੰ ਭੋਗ ਉੱਤੇ ਪਿੰਡ ਹਸਨਪੁਰ ਵਿੱਚ ਬੰਦਾ ਤਾਂ ਕਿਵੇਂ ਦਾਖਲ ਹੋ ਸਕੇਗਾ, ਅਸੀਂ ਅਸਮਾਨੋਂ ਪਰਿੰਦਾ ਵੀ ਨਹੀਂ ਲੰਘਣ ਦੇਣਾ। ਫਿਰ ਕਿੱਥੇ ਹੈ ਅਸੂਲ, ਕਾਨੂੰਨ, ਨਿਆਂ ?

ਸਾਰਾ ਮੀਡਿਆ ਪ੍ਰਭਾਵਿਤ ਕੀਤਾ ਹੋਇਆ ਹੈ ਜੇ ਕੋਈ ਇੱਕ ਅੱਧਾ ਰੋਜ਼ਾਨਾਂ ਪਹਿਰੇਦਾਰ ਵਰਗਾ ਪੰਥ ਦਰਦੀ ਅਖਬਾਰ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਉਦਮ ਕਰੇ ਤਾਂ ਕਦੇ ਉਸ ਦੇ ਸੰਪਾਦਕ ਨੂੰ ਸਾਰਾ ਸਾਰਾ ਦਿਨ ਥਾਣੇ ਬੈਠਣਾ ਪੈਦਾ ਹੈ, ਕਦੇ ਅਖਬਾਰ ਦੇ ਦਫਤਰ ਉਤੇ ਅੱਧੀ ਰਾਤ ਨੂੰ ਪੁਲਿਸ ਦੀਆਂ ਧਾੜਾਂ ਛਾਪੇ ਮਾਰੀ ਕਰਦੀਆਂ ਹਨ। ਸੰਪਾਦਕ ਦੇ ਘਰ ਨੂੰ ਰਾਤ ਨੂੰ ਘੇਰਾ ਪਾਇਆ ਜਾਂਦਾ ਹੈ, ਫਿਰ ਕਿਸ ਨੂੰ ਲੋਕਤੰਤਰ ਆਖੀਏ, ਕਿਥੇ ਕਾਨੂੰਨ ਹੈ, ਕਿਥੇ ਹੈ ਆਜ਼ਾਦੀ, ਜਿਸ ਵਾਸਤੇ ਸਾਡੇ ਬਜੁਰਗਾਂ ਨੇ ਅਠਾਨਵੇਂ ਫੀ ਸਦੀ ਸਿਰ ਦਿੱਤੇ ਸਨ। ਦੂਜੇ ਪਾਸੇ ਸ. ਸਿਮਰਨਜੀਤ ਸਿੰਘ ਮਾਨ ਜਿਹੜੇ ਕਾਫੀ ਸਮੇਂ ਤੋਂ ਬੀਮਾਰ ਹਨ, ਉਹਨਾਂ ਨੂੰ ਇਸ ਕਰਕੇ ਆਪਣੇ ਘਰ ਵਿੱਚ ਘੇਰਕੇ ਨਜਰਬੰਦ ਕਰ ਦਿੱਤਾ ਕਿ ਉਹ ਆਪਣੀ ਪਾਰਟੀ ਦੇ ਕੁੱਝ ਵਰਕਰਾਂ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਸ਼ਿਰਕਤ ਨਾ ਕਰ ਸਕਣ, ਇਹ ਲੇਖ ਲਿਖਣ ਵੇਲੇ ਤੱਕ ਘੇਰਾਬੰਦੀ ਬਰਕਰਾਰ ਸੀ। ਸਰਕਾਰ ਪੁਰ ਅਮਨ ਤਰੀਕੇ ਨਾਲ ਸਿੱਖਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਦੇ ਰਹੀ। ਹਰ ਕਦਮ ਉੱਤੇ ਜਬਰ ਅਤੇ ਡੰਡਾਤੰਤਰ ਦਾ ਸਹਾਰਾ ਲੈਕੇ ਸਿੱਖਾਂ ਵਿੱਚ ਸਹਿਮ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਸਿੱਖਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਕੇ, ਅਠਾਰਵੀ ਸਦੀ ਦੇ ਮੁਗਲ ਰਾਜ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਸਿੱਖ ਨੂੰ ਕੋਈ ਮਾਰ ਦੇਵੇ ਕਿਸੇ ਤੇ ਕੇਸ ਨਹੀਂ ਦਰਜ਼ ਹੁੰਦਾ, ਕੋਈ ਪੁਲਿਸ ਵਾਲਾ ਸਿੱਖ ਨੂੰ ਫੜ੍ਹਕੇ ਬੰਦ ਕਰ ਦੇਵੇ ਕਿਤੇ ਫਰਿਆਦ ਕਰਨ ਨੂੰ ਥਾਂ ਨਹੀਂ, ਸਿੱਖ ਸ਼ਾਂਤਮਈ ਤਰੀਕੇ ਮਰਨ ਵਰਤ ਰੱਖਕੇ ਮਰਨਾ ਚਾਹੁੰਦਾ ਤਾਂ ਮਰਨ ਦੀ ਵੀ ਇਜਾਜ਼ਤ ਨਹੀਂ, ਸਿੱਖ ਕੋਈ ਰੋਸ ਪ੍ਰਦਰਸ਼ਨ ਕਰਨ ਤਾਂ ਅਮਨ ਕਾਨੂੰਨ ਨੂੰ ਖਤਰਾ, ਸਰਸੇ ਵਾਲੇ ਦੇ ਚੇਲੇ ਜਾਂ ਅਸ਼ੁਤੋਸ਼ੀਏ ਬੇਸ਼ਕ ਰੋਜ਼ ਸੜਕਾਂ ਜਾਮ ਕਰੀ ਰੱਖਣ ਕੋਈ ਕੇਸ ਨਹੀਂ। ਜੇ ਕੋਈ ਸਿੱਖਾਂ ਨੂੰ ਮਾਰੇ ਜਾਂ ਬੇਇਜਤੀ ਕਰੇ, ਉਸ ਨੂੰ ਗੰਨਮੈਨ ਮਿਲਦੇ ਹਨ। ਜਦੋਂ ਨਿਆਂ ਨਹੀਂ, ਬਰਾਬਰੀ ਨਹੀਂ, ਆਪਣੇ ਹੱਕ ਮੰਗਣ ਦੀ ਇਜਾਜ਼ਤ ਨਹੀਂ, ਆਪਣੀ ਕਿਸਮਤ ਉੱਤੇ ਵੈਣ ਪਾਉਣ ਦਾ ਹੱਕ ਨਹੀਂ, ਫਿਰ ਕੀਹ ਆਖਾਂ ਇਹ ਮੇਰਾ ਦੇਸ਼ ਹੈ ਜਾਂ ਮੇਰੀ ਕੌਮ ਵਾਸਤੇ ਹਕੂਮਤੀ ਬੁੱਚੜਖਾਨਾ ਹੈ ?

ਸਮਝੋ! ਜਾਗੋ! ਜਾਗਦਿਆਂ ਦਾ ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top