Share on Facebook

Main News Page

ਕੀ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰੇ ਵਾਕਿਆ ਹੀ ਪੰਥ ਤੋਂ ਵਿੱਛੜ ਚੁਕੇ ਹਨ ਜਾਂ ਇਨ੍ਹਾਂ ਦਾ ਪ੍ਰਬੰਧ ਸਿੱਖਾਂ ਪਾਸ ਹੀ ਹੈ ?
ਵਿੱਛੜ ਜਾਣ ਦੀ ਕੀ ਪਰਿਭਾਸ਼ਾ ਹੈ ? ਇਸ ਵਿੱਛੜ ਗਏ ਦੀ ਮਰਿਆਦਾ ਵਿੱਚ ਹਰਿਦਵਾਰ ਦਾ ਗੁਰਦੁਆਰਾ, ਊਧਮ ਪੁਰ ਦਾ ਗੁਰਦੁਆਰਾ ਕਿਉਂ ਨਹੀਂ ਆਉਂਦਾ
ਬਾਦਲਕੇ ਆਪਣੀਆਂ ਨਾ ਕਾਮਯਾਬੀਆਂ ਛੁਪਾਉਣ ਲਈ ਤੇ ਸੱਤਾ ਵਿੱਚ ਮੁੜ ਆਉਣ ਲਈ "ਸਿੱਖ ਅਜੰਡੇ” ਨੂੰ ਮੁੜ ਹਵਾ ਦੇਣ ਲੱਗੇ
 
ਜੱਥੇਦਾਰ ਸਾਹਿਬ ਦੀ ਕਥਿਤ ਅਪੀਲ ਨੇ ਇਹ ਸਾਬਤ ਕੀਤਾ ਹੈ ਕਿ ਜਨਵਰੀ 1952 ਤੋਂ ਦੇਸ਼ ਵਿਦੇਸ਼ਾਂ ਵਿੱਚ ਨਿੱਤ ਸੁਬਹ ਅਤੇ ਸ਼ਾਮ ਨੂੰ ਕਰੋੜਾਂ ਸਿੱਖਾਂ ਵੱਲੋਂ ਨਿੱਜੀ ਤੌਰ 'ਤੇ ਆਪੋ ਆਪਣੇ ਘਰਾਂ ਅਤੇ ਲੱਖਾਂ ਗੁਰਦੁਆਰਿਆਂ ਵਿੱਚ "ਸ਼ਬਦ ਗੁਰੂ” ਸਨਮੁਖ ਕੀਤੀ ਜਾਂਦੀ ਅਰਦਾਸ ਉਪਰ ਖ਼ਾਲਸਾ ਪੰਥ ਦੇ ਸ਼੍ਰੋਮਣੀ ਤਖ਼ਤ ਦੇ ਜੱਥੇਦਾਰ ਦਾ ਭਰੋਸਾ ਨਹੀਂ ਰਿਹਾ ਹੈ। "ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ; ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ।” ਜੀ ਦੀ ਅਰਦਾਸ ਹਰ ਰੋਜ ਸਿੱਖ ਕਰ ਰਿਹਾ ਹੈ ਤਾਂ 14 ਅਗਸਤ ਨੂੰ ਹੀ ਇਹ ਵੱਖਰੇ ਤੌਰ ਤੇ ਹੋਰ ਦੁਹਰਾਉਣ ਦੀ ਕੀ ਲੋੜ ਆਨ ਪਈ ਹੈ ? 14 ਅਗਸਤ ਨੂੰ ਪਾਕਿਸਤਾਨ ਦਾ ਅਜ਼ਾਦੀ ਦਿਵਸ ਹੈ ਤਾਂ ਉਸੇ ਦਿਨ ਹੀ ਅਰਦਾਸ ਕਿਉਂ ਕਰਨੀ ? ਪਾਕਿਸਤਾਨ ਵਿਚਲਾ ਸਿੱਖ ਤਾਂ ਦਰਸ਼ਨ ਦੀਦਾਰਾਂ ਲਈ ਸੁਤੰਤਰ ਹੈ ਅਤੇ ਇਹ ਗੁਰਦੁਆਰੇ ਉਨ੍ਹਾਂ ਦੇ ਹੀ ਪ੍ਰਬੰਧਕੀ ਢਾਂਚੇ ਵਿੱਚ, ਸੇਵਾ ਨਾਲ ਚਲ ਰਹੇ ਹਨ। ਪੰਥ ਨਾਲ ਸਾਂਝ ਦਰਸਾਉਣ ਲਈ ਪਾਕਿਸਤਾਨੀ ਸਿੱਖ ਨਾਗਰਿਕ ਵੀ ਉਪਰੋਕਤ ਅਰਦਾਸ ਨਿੱਤ ਕਰਦਾ ਹੈ ਤਾਂ ਅਜਿਹੀ ਅਵਸਥਾ ਵਿੱਚ ਉਸ ਨੂੰ ਹੀ ਨੀਵਾਂ ਕਿਉਂ ਦਿਖਾਇਆ ਜਾ ਰਿਹਾ ਹੈ
ਇਹ ਅਰਦਾਸ 15 ਅਗਸਤ ਨੂੰ ਭਾਰਤ ਅੰਦਰ ਕਿਉਂ ਨਹੀਂ ਕੀਤੀ ਜਾ ਸਕਦੀ, ਜਦੋਂ ਅਤੇ ਜਿਸ ਦਿਨ ਤੋਂ ਭਾਰਤੀ ਸੰਪ੍ਰਭੁਤਾ ਨੇ ਸਿੱਖਾਂ ਤੋਂ ਇਹ ਹੱਕ ਖੋਹਿਆ ਹੈ। ਸ਼ਾਇਦ ਜੱਥੇਦਾਰ ਸਾਹਿਬ ਸਮੇਤ ਬਹੁਤ ਘਟ ਸਿੱਖਾਂ ਨੂੰ ਪਤਾ ਹੋਣਾ ਹੈ ਕਿ ਸਿੱਖਾਂ ਤੋਂ ਇਹ ਹੱਕ ਭਾਰਤ ਦਾ ਸੰਵਿਧਾਨ ਲਾਗੂ ਹੋਣ ਦੇ ਦਿਨ 26 ਜਨਵਰੀ 1950 ਤੋਂ ਭਾਰਤ ਸਰਕਾਰ ਨੇ ਖੋਹ ਲਿਆ ਸੀ, ਨਾ ਕਿ ਪਾਕਿਸਤਾਨ ਸਰਕਾਰ ਨੇ। ਅਕਾਲੀ ਲੀਡਰਸ਼ਿਪ ਵਲੋਂ ਹਮੇਸ਼ਾਂ ਹੀ ਦੋਗਲੀਆਂ ਚਾਲਾਂ ਚਲਣ ਦੇ ਨਤੀਜੇ ਵੱਜੋਂ ਹੀ 1952 ਵਿੱਚ ਇਹ ਸ਼ਬਦ ਅਰਦਾਸ ਵਿੱਚ ਇਸ ਲਈ ਸ਼ਾਮਲ ਕੀਤੇ ਗਏ ਸਨ ਕਿ ਸਿੱਖਾਂ ਨੂੰ "ਉਸ ਵਕਤ ਅਕਾਲੀ ਸਿਆਸਤ ਦੀ ਮੁੱਖ ਸੁਰ ‘ਸਿੱਖ ਹੋਮਲੈਂਡ’ ਦੀ ਸੁਰਤ ਨੂੰ ਜਦੋਂ ਮਰਜ਼ੀ ਉਭਾਰ ਕੇ ਲਾਹਾ ਲਿਆ ਜਾ ਸਕੇ” ਕਿਉਂ ਕੀ ਅਕਾਲੀਆਂ ਦੇ ਹੱਥ ਵਰਤਮਾਨ ਵਾਂਗ ਹੀ ਖਾਲੀ ਸਨ। ਅਕਾਲੀਆਂ ਨੇ ਅਤੇ ਅਕਾਲੀਆਂ ਲਈ ਕੰਮ ਕਰਦੇ ਬੁੱਧੀਜੀਵੀਆਂ ਨੇ ਇਸੇ ਚਾਲ ਨੂੰ ਹੀ ਦੁਬਾਰਾ "ਅਨੰਦਪੁਰ ਸਾਹਿਬ ਦੇ ਮਤੇ ਵਿਚਲੇ ਗੋਲ ਮੌਲ ਸ਼ਬਦ ‘ਖ਼ਾਲਸਾ ਜੀ ਕੇ ਬੋਲ ਬਾਲੇ’ ਦੀ ਤਰਜ਼ ਤੇ ਸਿਆਸੀ ਨਿਸ਼ਾਨਾਂ ਦੇ ਕੇ ਕੀਤਾ ਗਿਆ ਹੈ”। ਕੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਪਸ਼ਟ ਕਰਨਗੇ ਕਿ ਓਦੋਂ ਤਾਂ ਦੋ ਸਾਲਾਂ ਵਿੱਚ ਹੀ ਸਿੱਖ ਸੁਰ ਗੁਰਧਾਮਾਂ ਲਈ ਤੜਪ ਉਠੀ ਤੇ ਹੁਣ ਜੂਨ ’84 ਤੋਂ 32 ਸਾਲ ਬਾਅਦ ਵੀ ਸਿੱਖਾਂ ਨੂੰ ਕਈ ਗੁਰਧਾਮਾਂ ਤੋਂ ਮਰਹੂਮ ਹੀ ਕਰ ਦਿੱਤਾ ਗਿਆ ਹੈ, ਵਿਛੋੜਾ ਵੀ ਦਿੱਤਾ ਗਿਆ ਹੈ ਤਾਂ ਸਿੱਖ ਸੁਰ ਕਿਉਂ ਨਹੀਂ ਜਾਗਰਿਤ ਕੀਤੀ ਗਈ ? 52 ਵਾਲੀ ਤਾਂ ਤੁਸੀਂ ਦੁਹਰਾ ਰਹੇ ਹੋ ਅਤੇ ਵਰਤਮਾਨ ਵਾਲੀ ਕਿਉਂ ਭੁਲਾ ਰਹੇ ਹੋ ?

 

ਇਸ ਗੱਲ ਨੂੰ ਸਪਸ਼ਟ ਤੌਰ ਤੇ ਸਮਝਣ ਦੀ ਲੋੜ ਹੈ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਦਾ ਮੁੱਦਾ ਸੰਸਾਰ ਭਰ ਦੇ ਸਿੱਖਾਂ ਦਾ ਮੁੱਦਾ ਨਹੀਂ ਹੈ ਕਿਉਂ ਕੀ ਬਾਹਰਲੇ ਮੁਲਕਾਂ ਦੇ ਜਿਤਨੇ ਵੀ ਸਿੱਖ ਜਦੋਂ ਵੀ ਆਪਣੀ ਸਹੂਲਤ ਅਨੁਸਾਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਅਤੇ ਇਸ ਤੋਂ ਵੀ ਅਗਾਹ ਪਾਕਿਸਤਾਨ ਵਿੱਚ ਸੈਰ ਸਪਾਟੇ ਲਈ ਪਾਕਿਸਤਾਨ ਦਾ ਵੀਜ਼ਾ ਮੰਗਦੇ ਹਨ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ। ਅਮਰੀਕਾ ਸਮੇਤ ਕਈ ਯੂਰਪੀਨ ਮੁਲਕ ਅਜਿਹੇ ਹਨ ਜਿੱਥੋਂ ਦੇ ਨਾਗਰਿਕਾਂ ਨੂੰ ਪਾਕਿਸਤਾਨ ਆਉਣ ਲਈ ਸਮੇਤ ਸਿੱਖਾਂ ਨੂੰ ਵੀਜ਼ਾ ਲੈਣ ਦੀ ਵੀ ਲੋੜ ਨਹੀਂ ਹੈ।

 

ਦੂਜੀ ਗੱਲ, ਇਹ ਮੁੱਦਾ ਪਾਕਿਸਤਾਨ, ਅਫ਼ਗਾਨਿਸਤਾਨ, ਇਰਾਨ ਅਤੇ ਹੋਰ ਮੁਸਲਿਮ ਮੁਲਕਾਂ ਦੇ ਨਾਗਰਿਕ ਸਿੱਖਾਂ ਦਾ ਵੀ ਨਹੀਂ ਹੈ। ਇਹ ਮੁੱਦਾ ਕੇਵਲ ਤੇ ਕੇਵਲ ਭਾਰਤੀ ਨਾਗਰਿਕ ਸਿੱਖਾਂ ਦਾ ਹੀ ਹੈ। ਭਾਰਤ ਵਿੱਚ ਵੀ ਜੰਮੂ ਕਸ਼ਮੀਰ ਦੇ ਸਿੱਖਾਂ ਦਾ ਇਹ ਮਸਲਾ ਨਹੀਂ ਹੈ, ਉਹ ਜਿਤਨੀ ਮਰਜ਼ੀ ਤਾਦਾਦ ਵਿੱਚ ਜਦੋਂ ਮਰਜ਼ੀ ਆਪਣੇ ਆਜ਼ਾਦ ਕਸ਼ਮੀਰ ਰਾਹੀਂ ਗੁਰਧਾਮਾਂ ਦੇ ਦਰਸ਼ਨ ਦੀਦਾਰਾਂ ਲਈ ਆ ਜਾ ਸਕਦੇ ਹਨ। ਉਨ੍ਹਾਂ ਨੂੰ ਉਸ ਰਾਹ ਤੋਂ ਨਾ ਤਾਂ ਆਜ਼ਾਦ ਕਸ਼ਮੀਰ ਰੋਕਦਾ ਹੈ ਅਤੇ ਨਾ ਹੀ ਪਾਕਿਸਤਾਨ ਸਰਕਾਰ। ਉਸ ਰਾਹ ਤੋਂ ਵੀ ਆਉਣ ਜਾਣ ਤੇ ਸਿੱਖਾਂ ਉਪਰ ਪਾਬੰਦੀ ਭਾਰਤ ਸਰਕਾਰ ਨੇ ਹੀ ਲਾਈ ਹੋਈ ਹੈ। ਕੀ ਸਿੰਘ ਸਾਹਿਬਾਨ ਇਸ ਪਾਬੰਦੀ ਨੂੰ ਹਟਾਉਣ ਲਈ ਉੜੀ ਬਾਰਡਰ ਤੇ ਆ ਕੇ ਅਰਦਾਸ ਕਰ ਸਕਦੇ ਹਨ ? ਬਿਨਾ ਸੋਚੇ ਸਮਝੇ ਮਸਲੇ ਪੈਦਾ ਨਾ ਕਰੋ ਤੇ ਨਾ ਹੀ ਇਨ੍ਹਾਂ ਵਿੱਚ ਕੌਮ ਨੂੰ ਉਲਝਾਓ। 68 ਸਾਲ ਹੋ ਗਏ ਹਨ ਸਿੱਖਾਂ ਨੂੰ ਮੂਰਖ ਬਣਾਉਂਦੇ ਹੋਏ ਅਤੇ 68 ਸਾਲ ਹੀ ਸਿੱਖਾਂ ਨੂੰ ਅਜਿਹੀਆਂ ਜਜ਼ਬਾਤੀ ਗੱਲਾਂ ਰਾਹੀਂ ਹੋ ਗਏ ਹਨ ਮੂਰਖ ਬਣਦੇ ਹੋਏ;  ਹੁਣ ਤਾਂ ਬਸ ਕਰ ਦਿਓ ! ਇਸ ਲਈ ਸੰਸਾਰ ਭਰ ਦੇ ਸਿੱਖਾਂ ਨੂੰ ਇਸ ਮਸਲੇ ਵਿੱਚ ਧਿਰ ਬਣਾ ਕੇ ਕਿਸੇ ਇੱਕ ਸੁਤੰਤਰ ਸੰਪ੍ਰਭੁਤਾ ਸੰਪੰਨ ਰਾਸ਼ਟਰ ਦੇ ਖ਼ਿਲਾਫ਼ ਖੜਾ ਕਰਨਾ, ਜੱਥੇਦਾਰ ਸਾਹਿਬ ਜੀ ਵੱਲੋਂ ਬੇਲੋੜੀ ਕਾਲ ਦੇ ਕੇ  ਸਿੱਖ ਹਿਤਾਂ ਨੂੰ ਮਾਰੀ ਜਾ ਰਹੀ ਢਾਹ ਹੀ ਹੈ। ਸੰਸਾਰ ਭਰ ਦਾ ਸਿੱਖ ਇੱਕ ਉਸ ਮੁਲਕ ਦੇ ਖ਼ਿਲਾਫ਼ ਕਿਉਂ ਡਟੇ ਜਿਸ ਮੁਲਕ ਨੇ ਉਨ੍ਹਾਂ ਨੂੰ ਆਪਣੇ ਧਾਰਮਿਕ ਫਰਾਇਜ਼ ਅਦਾ ਕਰਨ ਤੋਂ ਕਦੇ ਰੋਕਿਆ ਹੀ ਨਹੀਂ ਹੈ ? ਇਸ ਨੂੰ ਕਿਸ ਅਧਾਰ ਤੇ ਸਿੱਖ ਕੌਮ ਦੀ ਸਿਆਣਪ ਕਿਹਾ ਜਾਵੇਗਾ ?

 

ਭਾਰਤ ਸਰਕਾਰ ਵੱਲੋਂ ‘ਬਲੈਕ ਲਿਸਟਾਂ ਬਣਾ ਕੇ’ ਹਜ਼ਾਰਾਂ ਵਿਦੇਸ਼ੀ ਵੱਸਦੇ ਸਿੱਖਾਂ ਦੀ ਤਾਂ ਹੁਣ ਮੂਲ ਸਮੱਸਿਆ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਂ ਤਖ਼ਤ ਸਾਹਿਬਾਨਾਂ ਦੇ ਦਰਸ਼ਨ ਦੀਦਾਰ ਦੀ ਪੈਦਾ ਕੀਤੀ ਜਾ ਚੁਕੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਸਮੇਤ ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਕੀ ਹੁਣ ਜੂਨ 1984 ਤੋਂ ਬਾਅਦ ਤੋਂ ਜਿਹੜੇ ਹਜ਼ਾਰਾ ਸਿੱਖਾਂ ਨੂੰ ਭਾਰਤ ਅੰਦਰਲੇ ਗੁਰਧਾਮਾਂ ਦੇ ਦਰਸ਼ਨ ਦੀਦਾਰਾਂ ਤੋਂ ਵਾਂਝੇ ਕੀਤਾ ਗਿਆ ਹੈ ਉਨ੍ਹਾਂ ਨਿਮਿਤ ਅਰਦਾਸ ਵਿੱਚ ਸ਼ਬਦ ਕਿਉਂ ਨਹੀਂ ਜੋੜੇ ਜਾਂਦੇ ? ਜੇ 1950 ਵਿੱਚ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ 2 ਸਾਲਾਂ ਦੇ ਅੰਦਰ ਹੀ ਭਾਰਤੀ ਸਿੱਖਾਂ ਨੇ ਪਾਕਿਸਤਾਨੀ ਗੁਰਧਾਮਾਂ ਲਈ ਬਾਕੀ ਸੰਸਾਰ ਭਰ ਦੇ ਸਿੱਖਾਂ ਉਪਰ ਵੀ ਅਤੇ ਪਾਕਿਸਤਾਨ ਵਿੱਚ ਵੱਸਦੇ ਸਿੱਖਾਂ ਉਪਰ ਵੀ ਇਹ ਮਰਿਆਦਾ ਬਾ ਹੁਕਮ ਜਬਰੀ ਅਤੇ ਅਨਿਆਂ ਪੂਰਨ ਢੰਗ ਤਰੀਕੇ ਨਾਲ ਠੋਸ ਦਿੱਤੀ ਕਿ ਹਰ ਸਿੱਖ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ ਲਈ ਅਰਦਾਸ ਕਰੇ ਅਤੇ ਕਰਦਾ ਹੈ। ਤਾਂ ਫਿਰ, ਹੁਣ ਭਾਰਤੀ ਸਿੱਖਾਂ ਸਮੇਤ ਸੰਸਾਰ ਭਰ ਦਾ ਸਿੱਖ ਭਾਰਤ ਸਰਕਾਰ ਦੇ ਅਨਿਆਂ ਵਿਰੁਧ ਅਤੇ ਭਾਰਤ ਵਿਚਲੇ ਸਿੱਖ ਗੁਰਧਾਮਾਂ, ਸ੍ਰੀ ਦਰਬਾਰ ਸਾਹਿਬ, ਪੰਜਾਂ ਤਖ਼ਤਾਂ ਅਤੇ 9 ਗੁਰੂ ਸਾਹਿਬਾਨਾਂ ਦੇ ਜਨਮ ਅਸਥਾਨਾਂ ਤੋਂ ਜਿਵੇਂ ਵਿਦੇਸ਼ੀ ਵਸਦੇ ਪੰਥ ਨੂੰ ਵਿਛੋੜਿਆਂ ਗਿਆ ਹੈ, ਪੰਜਾਬ ਅਤੇ ਭਾਰਤ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਉਨ੍ਹਾਂ ਨੂੰ ਦਿਲੀ ਹਵਾਈ ਅੱਡੇ ਤੋਂ ਹੀ ਮੋੜ ਦਿੱਤਾ ਜਾਂਦਾ ਹੈ, ਉਸ ਲਈ ਅਰਦਾਸ ਵਿੱਚ ਸ਼ਬਦ ਸ਼ਾਮਲ ਕਿਉਂ ਨਹੀਂ ਕੀਤੇ ਜਾਂਦੇ ? ਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਗੁਰਦੁਆਰੇ ਤੋਂ, ਪੰਜਾਂ ਤਖ਼ਤਾਂ ਤੋਂ ਉਨ੍ਹਾਂ ਗੁਰ ਸਿੱਖਾਂ ਲਈ ਭਾਰਤੀ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰ ਦੀ ਅਰਦਾਸ ਕਰਵਾਉਣ ਦਾ ਹੁਕਮ ਨਾਮਾ ਸ੍ਰੀ ਜੱਥੇਦਾਰ ਸਾਹਿਬ ਜਾਰੀ ਕਰਨਗੇ ? ਅਤੇ, 15 ਅਗਸਤ ਨੂੰ ਇਸ ਨਿਮਿਤ ਪੰਥ ਨੂੰ ਅਰਦਾਸ ਦਿਵਸ ਮਨਾਉਣ ਦਾ ਸੰਦੇਸ਼ ਜਾਰੀ ਕਰਨਗੇ ? ਅਗਰ ਹਾਂ ਤਾਂ ਫਿਰ ਸਿੱਖ ਕੌਮ ਦੀ ਸ਼੍ਰੋਮਣੀ ਸੱਤਾ ਦਾ ਸ੍ਰੋਤ ਸ੍ਰੀ ਅਕਾਲ ਤਖ਼ਤ ਵਾਕੇ ਹੀ ਸੁਤੰਤਰ ਮੰਨਿਆਂ ਜਾਣਾ ਚਾਹੀਦਾ ਹੈ, ਅਗਰ ਅਜਿਹਾ ਇਹ ਨਹੀਂ ਕਰਦੇ ਤਾਂ ਫਿਰ ਇਹ ਸੱਤਾ ਸ੍ਰੋਤ ਖੁਦ ਨੂੰ ਹੁਣ ਆਪ ਹੀ ‘ਕਠਪੁਤਲੀ’ ਵੱਜੋਂ ਕੀ ਪ੍ਰਮਾਣਿਤ ਨਹੀਂ ਕਰ ਜਾਵੇਗਾ ? ਮੇਰੀ ਸ਼ਬਦ ਗੁਰੂ-ਪੰਥ ਗੁਰੂ ਸਮੇਤ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਿਬ ਅੱਗੇ ਅਰਦਾਸ ਹੈ ਕਿ ਅਜਿਹਾ ਨਾ ਹੋਵੇ…

 

ਹਾਂ ਭਾਰਤੀ ਸਿੱਖ ਦੀ ਇਹ ਤਰਜੀਹ ਦੇ ਅਧਾਰ ਉਪਰ ਹੱਲ ਹੋਣ ਵਾਲੀ ਸਮੱਸਿਆ ਹੈ ਕਿ ਉਸ ਨੂੰ ਪਾਕਿਸਤਾਨ ਦੇ 173 ਗੁਰਧਾਮਾਂ ਦੇ ਦਰਸ਼ਨ ਦੀਦਾਰ ਦਾ ਹੱਕ ਦਿਵਾਇਆ ਜਾਵੇ। ਜਿਸ ਨੂੰ ਸਿਰਫ਼ ਅਰਦਾਸ ਦਿਵਸ ਦੇ ਰੂਪ ਵਿੱਚ ਰਸਮੀ ਅਦਾਇਗੀ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਜੱਥੇਦਾਰ ਸਾਹਿਬ ਨੂੰ ਬੇਲੋੜੀ ਅਜਿਹੀ ਅਪੀਲ ਰਾਹੀਂ ਪਾਕਿਸਤਾਨ ਦੇ ਖ਼ਿਲਾਫ਼ ਹਵਾ ਬਣਾਈ ਜਾਣ ਵਾਲੀ ਕਾਰਵਾਈ ਵਿੱਚ ਇਸਤੇਮਾਲ ਹੋਣ ਤੋਂ ਪਾਸਾ ਵੱਟਣਾ ਚਾਹੀਦਾ ਸੀ। ਸਪਸ਼ਟ ਹੀ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਚੁਕਾ ਹੈ। ਅਜਿਹੀ ਬਿਆਨ ਬਾਜ਼ੀ ਨਾਲ ਕੱਟੜਪੰਥੀ ਹਿੰਦੁਤਵਾ ਸਰਕਾਰ ਦੇ ਜਿੱਥੇ ਇਰਾਦੇ ਪੁਰੇ ਹੁੰਦੇ ਹਨ ਉੱਥੇ ਹੀ ਅਜਿਹੀ ਬਿਆਨ ਬਾਜ਼ੀ ਨਾਲ ‘ਅਕਾਲੀ ਦਲ ਦੀ ਬਾਦਲ ਧਿਰ’ ਨੂੰ ਫਰਵਰੀ 2017 ਦੀਆਂ ਆਮ ਚੋਣਾਂ ਵਿੱਚ ਸਿੱਖ ਜਜ਼ਬਾਤਾਂ ਨੂੰ ਉਭਾਰ ਕੇ ਸਿੱਖ ਵੋਟ ਬੈਂਕ ਤਿਆਰ ਕਰ ਕੇ ਦੇਣ ਦੀ ਵੀ ਬੂ ਆਉਂਦੀ ਹੈ। ਅਗਰ ਜੱਥੇਦਾਰ ਸਾਹਿਬ ਵਾਕੇ ਹੀ ਭਾਰਤੀ ਸਿੱਖਾਂ ਨੂੰ ਪਾਕਿਸਤਾਨੀ 173 ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਟੀ.ਆਰ.ਪੀ. ਵਧਾਉਣ ਵਾਲੀਆਂ ਅਜਿਹੀਆਂ ਰਸਮੀ ਬਿਆਨ ਬਾਜ਼ੀਆਂ ਦੀ ਬਜਾਏ ਠੋਸ ਪ੍ਰੋਗਰਾਮ ਅਤੇ ਨੀਤੀਆਂ ਬਣਾ ਕੇ, ਕਾਰਵਾਈਆਂ ਕਰਨ ਹਿਤ ਪ੍ਰਦੇਸ਼ ਅਤੇ ਕੇਂਦਰ ਵਿੱਚ ਭਾਈਵਾਲ ਭਾਜਪਾ ਅਕਾਲੀ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਸਨ। ਨਾਲ ਹੀ ਇਨ੍ਹਾਂ ਦੇ ਸਮਾਂ ਬਧ ਤੁਰਤ ਲਾਗੂ ਕਰਨ ਕਰਵਾਉਣ ਦੀ ਜਿੰਮੇਵਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦੇ ਕੇ ਕਰਨੀ ਚਾਹੀਦੀ ਹੈ। ਅਜਿਹੇ ਬਿਆਨਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਣ, ਸਤਿਕਾਰ, ਮਰਿਆਦਾ ਅਤੇ ਇੱਜ਼ਤ ਘਟਦੀ ਹੈ, ਵਧਦੀ ਨਹੀਂ।

 

ਜੇ ਤਾਂ ਸਿੰਘ ਸਾਹਿਬਾਨ ਵਾਕੇ ਹੀ ਭਾਰਤੀ ਸਿੱਖਾਂ ਲਈ ਪਾਕਿਸਤਾਨੀ ਗੁਰਧਾਮਾਂ ਦੇ ਖੁਲੇ ਦਰਸ਼ਨ ਦੀਦਾਰਾਂ ਲਈ ਅਸਲੋਂ ਸੰਜੀਦਾ ਹਨ ਤਾਂ ਉਹ ਉਪਰੋਕਤ ਅਨੁਸਾਰ ਆਪਣੀ ਅਪੀਲ ਨੂੰ ਪਹਿਲਾਂ ਤਾਂ ਸੋਧਣ; ਉਪਰੰਤ ਪ੍ਰੋਟੋਕੋਲ ਅਨੁਸਾਰ ਹੇਠਲੀਆਂ ਤਜਵੀਜ਼ਾਂ ਨੂੰ ਆਪਣੇ ਲੈਟਰ ਪੈਡ ਤੇ ਪੰਜ ਸਿੰਘ ਸਾਹਿਬਾਨਾਂ ਦੇ ਦਸਤਖ਼ਤ ਕਰਵਾ ਕੇ ਬਾ ਹੁਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਣ ਕਿ ਉਹ ਆਪਣੇ ਵਰਕਿੰਗ ਕਮੇਟੀ ਦੇ ਇਜਲਾਸ ਵਿੱਚ ਪਾਸ ਕਰਵਾ ਕੇ, ਮਤੇ ਦੇ ਰੂਪ ਵਿੱਚ ਇਨ੍ਹਾਂ ਤਜਵੀਜ਼ਾਂ ਨੂੰ ਉਸੇ ਦੇ ਹੀ ਦਲ ਦੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੋਂ ਪੂਰਾ ਕਰਵਾਉਣ ਹਿਤ ਉਸ ਨੂੰ ਭੇਜੇ ਅਤੇ ਓਦੋਂ ਤਕ ਕਾਰਵਾਈ ਜਾਰੀ ਰੱਖੇ ਜਦੋਂ ਤਕ ਅਕਾਲੀ ਭਾਜਪਾ ਦੀ ਸਾਂਝੀ ਪੰਜਾਬ ਸਰਕਾਰ ਆਪਣੀ ਭਾਈਵਾਲ ਵਾਲੀ ਉਸ ਦੀ ਆਪਣੀ ਕੇਂਦਰ ਸਰਕਾਰ ਤੋਂ ਇਹ ਪੂਰੀਆਂ ਨਹੀਂ ਕਰਵਾ ਲੈਂਦੀ। ਇਸ ਦੀ ਸਮਾਂ ਅਵਧੀ ਦਸੰਬਰ 2016 ਤਕ ਦੀ ਨੀਅਤ ਕਰ ਕੇ, ਇਸੇ ਸਮੇਂ ਅਵਧੀ ਵਿੱਚ ਹਾਂਦਰੂ ਨਿਰਣੈ ਕਰਵਾਉਣ ਹਿਤ ਸ੍ਰੀ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰੇ। ਇਹ ਤਜਵੀਜ਼ਾਂ ਇਹ ਹਨ:-

 

1. ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਦਿੱਤਾ ਜਾਵੇ ਤਾਂ ਜੋ ਇੱਥੋਂ ਸਿੱਖ ਬਿਨਾਂ ਕਿਸੇ ਵੀ ਵੀਜ਼ੇ ਪ੍ਰਣਾਲੀ ਤੋਂ ਇੱਕ ਦੂਜੇ ਸ਼ਹਿਰ ਵਿੱਚ ਆ ਜਾ ਸਕਣ। ਸ. ਗੰਗਾ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਦਿਵਾਉਣ ਲਈ ਅਮਰੀਕਾ ਵਿੱਚ ਬਣੀ ਸੰਸਥਾ ਦੇ ਉੱਦਮ ਸਦਕਾ ਰਾਸ਼ਟਰ ਪਤੀ ਪਾਕਿਸਤਾਨ ਸ੍ਰੀ ਮਾਨ ਜੀਆ ਉਲ ਹਕ ਆਪਣੇ ਕਾਰਜ ਕਾਲ ਸਮੇਂ ਇਸ ਲਈ ਰਾਜ਼ੀ ਹੋ ਗਏ ਸਨ। ਇਸ ਤਜਵੀਜ਼ ਤੇ ਸ੍ਰੀ ਤਖ਼ਤ ਸਾਹਿਬ ਵੱਲੋਂ ਹੁਣ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦਾ ਰੁਖ ਸਪਸ਼ਟ ਕਰਵਾਇਆ ਜਾਵੇ।ਇਹ ਵੀ ਸਪਸ਼ਟ ਕੀਤਾ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤਕ ਅਜਿਹੀ ਕੋਈ ਤਜਵੀਜ਼ ਕਿਉਂ ਨਹੀਂ ਤਿਆਰ ਕੀਤੀ ? ਇੰਝ ਹੀ,

 

2. ਅਗਰ ਭਾਰਤ ਅਤੇ ਪੰਜਾਬ ਸਰਕਾਰ ਅਜਿਹਾ ਕਰਨ ਤੋਂ ਆਕੀ ਹੈ ਤਾਂ ਫਿਰ ਕੀ ਸਮੱਸਿਆ ਭਾਰਤੀ ਹੀ ਨਹੀਂ ਹੈ ? ਅਜਿਹੇ ਹਾਲਾਤ ਵਿੱਚ ਵਾਘਾ ਬਾਰਡਰ ਤੋਂ ਸ੍ਰੀ ਨਨਕਾਣਾ ਸਾਹਿਬ ਤਕ ਸਿੱਧੀ ਬਿਨਾ ਰੁਕੇ ਅੰਡਰ ਗ੍ਰਾਉਂਡ ਮੇਟ੍ਰੋ ਰੇਲ ਸੇਵਾ ਆਰੰਭ ਕੀਤੀ ਜਾ ਸਕਦੀ ਹੈ। ਇਸ ਰੇਲ ਸੇਵਾ ਨੂੰ ਬਣਾਉਣ ਅਤੇ ਚਲਾਉਣ ਦਾ ਸਾਰਾ ਖਰਚਾ ਸਿੱਖ ਸੰਸਥਾਵਾਂ ਹੀ ਚੁੱਕਣਗੀਆਂ ਦੀ ਪਹਿਲਾਂ ਹੀ ਤਜਵੀਜ਼ ਭਾਰਤ ਸਰਕਾਰ ਨੂੰ ਦਿੱਤੀ ਜਾ ਸਕਦੀ ਹੈ। ਤਾਂ ਜੋ ਕੋਈ ਵੀ ਢੁੱਚਰ ਨਾ ਪੈਦਾ ਕੀਤੀ ਜਾ ਸਕੇ। ਇਸ ਰੇਲ ਸੇਵਾ ਵਿੱਚ ਸਫ਼ਰ ਕਰਨ ਲਈ ਸਿਰਫ਼ ਪਾਸ ਪੱਧਤੀ ਨੂੰ ਅਪਣਾਇਆ ਜਾ ਸਕਦਾ ਹੈ, ਪਾਸਪੋਰਟ ਅਤੇ ਵੀਜ਼ੇ ਦੀਆਂ ਦਿੱਕਤਾਂ ਹੱਲ ਹੋ ਜਾਂਦੀਆਂ ਹਨ। ਪਾਕਿਸਤਾਨ ਤੋਂ ਕੋਈ ਹੋਰ ਇਸ ਵਿੱਚ ਸਫ਼ਰ ਨਾ ਕਰ ਸਕੇ ਅਤੇ ਭਾਰਤ ਤੋਂ ਜਾਣ ਵਾਲੇ ਸਿੱਖ ਉੱਥੋਂ ਭੱਜ ਨਾ ਸਕਣ ਦਾ ਵੀ ਪ੍ਰਬੰਧ ਚਾਰਦੀਵਾਰੀ ਰਾਹੀਂ ਸੰਭਵ ਹੈ।

 

3. ਸ੍ਰੀ ਕਰਤਾਰ ਪੁਰ ਸਾਹਿਬ ਦੇ ਦਰਸ਼ਨਾਂ ਲਈ ਕੰਧ ਕਰਕੇ ਖੁਲ੍ਹਾ ਲਾਂਘਾ ਬਣਾਇਆ ਜਾ ਸਕਦਾ ਹੈ। ਇਸ ਤੇ ਵੀ ਭਾਰਤ ਸਰਕਾਰ ਨੂੰ ਹੀ ਆਪੱਤੀ ਹੈ। ਪਾਕਿਸਤਾਨ ਸਰਕਾਰ ਕਈ ਵਾਰ ਇਸ ਹਿਤ ਹਾਂਦਰੂ ਰਵੱਈਆ ਜ਼ਾਹਰ ਕਰ ਚੁਕੀ ਹੈ।

 

ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਸ਼ਮੀਰ ਵਿੱਚ ‘ਦੁਲਾਂਝਾਂ’ ਉਰੀ ਤੋਂ ਅੱਗੇ 2 ਕਿਲੋਮੀਟਰ ਤੇ ਭਾਰਤੀ ਇਸਲਾਮਾਬਾਦ ਕਸਬੇ ਤੋਂ ਬਾਰਡਰ  ਦੇ ਉਪਰ ਇੱਥੋਂ 6 ਕਿਲੋਮੀਟਰ ਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਇੱਕ ਅਜਿਹਾ ਇਤਿਹਾਸਕ ਅਸਥਾਨ ਮੌਜੂਦ ਹੈ; ਜਿਸ ਦਾ ਲਾਂਘਾ ਭਾਰਤ ਅਤੇ ਪਾਕਿਸਤਾਨ ਦੁਹਾਂ ਪਾਸਿਆਂ ਤੋਂ ਹੈ। ਜੇ ਉੱਥੇ ਸਿੱਖ ਸੰਗਤਾਂ ਦੇ ਆਉਣ ਜਾਣ ਨਾਲ ਕਦੇ ਵੀ 68 ਸਾਲਾਂ ਦੇ ਇਤਿਹਾਸ ਵਿੱਚ ਕੋਈ ਮੁਸੀਬਤ ਖੜੀ ਨਹੀਂ ਹੋਈ ਤਾਂ ਫਿਰ ਬਾਕੀ ਗੁਰਧਾਮਾਂ ਲਈ ਵੀ ਅਜਿਹਾ ਹੀ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਸਕਦਾ ?

 

4. ਬੰਗਲਾ ਦੇਸ਼ ਨਾਲ ਜਿਸ ਤਰਜ਼ ਤੇ 6 ਜੂਨ 2015 ਨੂੰ ਧਰਤੀ ਦਾ ਵਟਾਂਦਰਾ ਕੀਤਾ ਗਿਆ ਹੈ; ਕਰਤਾਰਪੁਰ ਸਾਹਿਬ ਨੂੰ ਵੀ ਤਾਂ ਜੇ ਭਾਰਤ ਚਾਹੇ ਤਾ ਸਹਿਜੇ ਹੀ ਪੰਜਾਬ ਨਾਲ ਉਸੇ ਤਰਜ਼ ਤੇ ਵਟਾਂਦਰਾ ਕਰਕੇ ਮਿਲਾਇਆ ਜਾ ਸਕਦਾ ਹੈ । ਜਿਸ ਤਰਜ਼ ਤੇ ਹੁਣੇ ਹੀ ਭਾਰਤੀ ਪ੍ਰਧਾਨ ਮੰਤਰੀ ਨੇ ਬੰਗਲਾ ਦੇਸ਼ ਨੂੰ ਭਾਰਤ ਦਾ 10 ਹਜ਼ਾਰ ਏਕੜ ਧਰਤੀ ਦਾ ਰਕਬਾ ਦੇ ਕੇ ਬੰਗਲਾ ਦੇਸ਼ ਤੋਂ ਭਾਰਤ ਲਈ 500 ਏਕੜ ਮਾਤਰ ਦਾ ਰਕਬਾ ਹਾਸਲ ਕੀਤਾ ਹੈ। ਇਸ ਨੂੰ ਸਮੁੱਚੇ ਦੇਸ਼ ਨੇ ਦੇਸ਼ ਭਗਤੀ ਕਰਾਰ ਦਿੱਤਾ ਹੈ। ਸਮੁੱਚੇ ਭਾਰਤ ਵਿੱਚੋਂ ਇਸ ਦੇ ਖ਼ਿਲਾਫ਼ ਕੋਈ ਵੀ ਨਹੀਂ ਬੋਲਿਆ ਤਾਂ ਫਿਰ ਅਜਿਹੇ ਹੀ ਇੱਕ ਵਟਾਂਦਰੇ ਰਾਹੀਂ ਗੁਰੂ ਨਾਨਕ ਦੇ ਕਰਤਾਰਪੁਰ ਲਈ ਅਜਿਹਾ ਆਪਣੀ ਸਰਕਾਰ ਤੋਂ ਅਕਾਲੀ ਕਿਉਂ ਨਹੀਂ ਕਰਵਾ ਸਕਦੇ ? ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਨੂੰ ਇਸ ਨੂੰ ਸੰਭਵ ਬਣਾਉਣ ਹਿਤ ਹੁਕਮ ਜਾਰੀ ਹੋਣੇ ਚਾਹੀਦੇ ਹਨ ਜਾਂ ਘਟੋਂ ਘਟ ਅਜਿਹਾ ਕਰਨ ਦੇ ਵੀ ਆਦੇਸ਼ ਦਿੱਤੇ ਜਾ ਸਕਦੇ ਹਨ। ਬਹੁਗਿਣਤੀ ਹਿੰਦੂ ਸਮੁਦਾਏ ਨੂੰ 9500 ਹਜ਼ਾਰ ਏਕੜ ਭਾਰਤ ਦੀ ਧਰਤੀ ਬੰਗਲਾ ਦੇਸ਼ ਨੂੰ ਦੇਣ ਉਪਰ ਜੇ ਇਤਰਾਜ਼ ਨਹੀਂ ਹੋਇਆ ਤਾਂ ਫਿਰ ਕਰਤਾਰਪੁਰ ਸਾਹਿਬ ਦੇ ਵਟਾਂਦਰੇ ਸਮੇਂ ਵੀ ਨਹੀਂ ਹੋਣਾ ਚਾਹੀਦਾ।

 

5. ਜੇ ਉਪਰੋਕਤ ਸੰਵਿਧਾਨਿਕ ਅਮਲ ਵਿਚਲਾ ਕੋਈ ਵੀ ਪ੍ਰਬੰਧ ਕਰਵਾਉਣ ਵਿੱਚ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕਾਮਯਾਬ ਨਹੀਂ ਹੁੰਦੇ ਹਨ ਤਾਂ ਫਿਰ ਪਾਕਿਸਤਾਨੀ ਗੁਰਧਾਮਾਂ ਦੇ ਦਰਸ਼ਨ ਦੀਦਾਰਾਂ ਹਿਤ ਸਿੱਖਾਂ ਨੂੰ ਜਾਣ ਆਨ ਲਈ "ਵੀਜ਼ੇ” ਖੁਲੇ ਕਰੇ ਅਤੇ ਇਨ੍ਹਾਂ ਨੂੰ ਪਾਕਿਸਤਾਨੀ ਹਿੰਦੂਆਂ ਦੇ ਵੀਜ਼ੇ ਨਾਲ ਨਾ ਜੋੜਿਆ ਜਾਵੇ। ਦੋਵੇਂ ਮਾਮਲੇ ਅੱਡੋ ਅੱਡ ਤੇ ਸੁਤੰਤਰ ਰੱਖੇ ਜਾਣ । ਇਸ ਹਿਤ ਲੋੜ ਇਹ ਹੈ ਕਿ ਭਾਰਤ ਸਰਕਾਰ ਸਿੱਖਾਂ ਨੂੰ ਦਿੱਤੇ ਜਾਂਦੇ ਵੀਜ਼ੇ ਨਾਲ ਆਪਣੀ ਬਦੋ ਬਦੀ ਪਾਕਿਸਤਾਨ ਸਰਕਾਰ ਉਪਰ ਲਾਈ ਗਈ ਇਸ ਸ਼ਰਤ ਨੂੰ ਜੁਦਾ ਕਰੇ ਕਿ ਉਹ ਜਿਤਨੇ ਹਿੰਦੂਆਂ ਨੂੰ ਪਾਕਿਸਤਾਨ ਤੋਂ ਭਾਰਤ ਆਉਣ ਦੀ ਆਗਿਆ ਦੇਵੇਗਾ ਉਤਨੇ ਹੀ ਸਿੱਖਾਂ ਨੂੰ ਇੱਥੋਂ ਪਾਕਿਸਤਾਨ ਜਾਣ ਦੀ ਆਗਿਆ ਭਾਰਤ ਸਰਕਾਰ ਦਏਗੀ। ਧੱਕਾਂ ਇਸ ਸ਼ਰਤ ਕਰਕੇ ਹੋ ਰਿਹਾ ਹੈ। ਜਿਸ ਉਪਰ ਸਭ ਸਿੱਖ ਸੰਸਥਾਵਾਂ ਸਭ ਕੁਝ ਜਾਣਦੇ ਹੋਏ ਵੀ ਮੀਸਣੀਆਂ ਬਣ, ਦੜ ਵੱਟ ਜਾਂਦੀਆਂ ਹਨ।

 

ਅਸਲ ਤੱਥ ਅਤੇ ਗੱਲਾਂ ਬੜੀਆਂ ਸਪਸ਼ਟ ਹਨ। ਲੋੜ ਲੀਡਰਸ਼ਿਪ ਦੀ ਸੰਜੀਦਗੀ ਅਤੇ ਸਿਆਸੀ ਇੱਛਾ ਸ਼ਕਤੀ ਦੀ ਦ੍ਰਿੜਤਾ ਦੀ ਹੈ। ਕੀ ਇਹ ਆਸ ਸਿੱਖ ਕੌਮ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰ ਸਕਦੀ ਹੈ ਕਿ ਉਹ ਹੁਣ ਅਜਿਹਾ ਕਰ ਦਿਖਾਉਣਗੇ ? ਅਗਰ ਨਹੀਂ ਤਾਂ ਫਿਰ ਸਿੱਖ ਵਿਸ਼ਵਾਸ ਅਤੇ ਸ਼ਰਧਾ ਨੂੰ ਭੰਗ ਕਰਕੇ ਉਸ ਦੀ ਵਿਸ਼ਵਾਸ ਯੋਗਤਾ ਉਪਰ ਪ੍ਰਸ਼ਨ ਚਿੰਨ੍ਹ ਖੜਾ ਕਰ ਦੇਣ ਵਾਲੇ ਤੁਹਾਡੇ ਵਿਚਾਰ ਅਧੀਨ ਬਿਆਨ ਨੂੰ ਖ਼ਾਲਸਾ ਪੰਥ ਨੂੰ ਵਾਪਸ ਮੋੜ ਦੇਣਾ ਚਾਹੀਦਾ ਹੈ; ਕਿਉਂ ਕੀ ਇਸ ਨਾਲ 1952 ਤੋਂ ਕੀਤੀ ਜਾ ਰਹੀ ਸਿੱਖਾਂ ਦੀ ਅਰਦਾਸ ਦੀ ਭਰੋਸੇ ਯੋਗਤਾ ਅਤੇ ਉਨ੍ਹਾਂ ਦੇ ਆਪਣੇ ਗੁਰੂ ਅਤੇ ਇਸ਼ਟ ਨਾਲ ਸੰਬੰਧਾਂ ਤੇ ਹੀ ਸਵਾਲੀਆਂ ਨਿਸ਼ਾਨ ਖੜਾ ਕੀਤਾ ਜਾ ਰਿਹਾ ਹੈ।

ਹੁਣ ਵਿਸ਼ੇਸ਼ ਅਰਦਾਸ ਕਰਨ ਦਾ ਤੱਥ ਅਤੇ ਸੱਚ ਇਹੋ ਨਿੱਖਰ ਕੇ ਸਾਹਮਣੇ ਆਉਂਦਾ ਹੈ ਕਿ ਜਾਂ ਤਾਂ ਸਿੱਖ ਅਰਦਾਸ ਕਰਨ ਜੋਗਾ ਹੀ ਨਹੀਂ ਰਿਹਾ ਜਾਂ ਫਿਰ ਉਸ ਦਾ ਗੁਰੂ ਉਸ ਦੀ ਅਰਦਾਸ ਸੁਣਦਾ ਹੀ ਨਹੀਂ ਹੈ ! ਇਹ ਰੁਝਾਨ ਸਿੱਖ ਵਿਸ਼ਵਾਸ ਘਾਤੀ ਅਤੇ ਗੁਰੂ ਤੋਂ ਬੇਮੁਖਤਾ ਦਾ ਪ੍ਰਗਟਾਵਾ ਕਰਦਾ ਹੈ। ਦਾਸ ਇਸ ਦਾ ਸਮਰਥਨ ਕਰਨ ਤੋਂ ਸਮੁੱਚੀ ਸਿੱਖ ਸੰਗਤ ਨੂੰ ਰੋਕਣ ਦੀ ਬੇਨਤੀ ਕਰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਆਪਣੀ ਮਾਣ ਮਰਿਆਦਾ ਅਤੇ ਸਿੱਖਾਂ ਵਿੱਚ ਆਪਣੀ ਸਾਖ਼ ਪ੍ਰਤੀ ਸਤਿਕਾਰ ਨੂੰ ਵਧਾਉਣ ਲਈ ਆਪਣੀ ਸੰਜੀਦਗੀ ਅਤੇ ਜਿੰਮੇਵਾਰੀ ਅਥਾਰਟੀ ਨੂੰ ਕਾਇਮ ਕਰ ਕੇ ਹੁਣ ਦਿਖਾਉਣਾ ਚਾਹੀਦਾ ਹੈ।

ਸਤਿਕਾਰ ਨਾਲ,
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top