Share on Facebook

Main News Page

ਪਹਿਰੇਦਾਰ 'ਤੇ ਹਮਲਾ, ਪੰਥ ਤੇ ਸੱਚ ਦੀ ਆਵਾਜ਼ ਦਾ ਗਲਾ ਦਬਾ ਕੇ, ਹੋਕੇ ਨੂੰ ਬੰਦ ਕਰਾਉਣ ਦੀਆਂ ਤਿਆਰੀਆਂ
-: ਜਸਪਾਲ ਸਿੰਘ ਹੇਰਾਂ

ਪ੍ਰੈਸ ਨੂੰ ਇਸ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਦੇਸ਼ ਦੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਬੋਲਣ ਦੀ ਅਜ਼ਾਦੀ ਦਿੱਤੀ ਹੈ। ਮੀਡੀਆ, ਸਮਾਜ ਨੂੰ ਉਸਦਾ ਅਕਸ ਦਿਖਾਉਣ ਵਾਲਾ ਸ਼ੀਸਾ ਹੁੰਦਾ ਹੈ। ਜੋ ਕੁਝ ਸਮਾਜ ’ਚ ਵਾਪਰਦਾ ਹੈ, ਚੰਗਾ ਜਾਂ ਮਾੜਾ ਉਸਨੂੰ ਉਸਦੇ ਚੰਗੇ ਮਾੜੇ ਪ੍ਰਭਾਵ ਦੀ ਵਿਆਖਿਆ ਕਰਕੇ, ਸਮਾਜ ਤੱਕ ਪਹੁੰਚਾਉਣਾ ਹੁੰਦਾ ਹੈ। ਅਦਾਰਾ ਪਹਿਰੇਦਾਰ ‘‘ਹੱਕ-ਸੱਚ ਦੀ ਪਹਿਰੇਦਾਰੀ’’ ਦਾ ਮਿਸ਼ਨ ਲੈ ਕੇ ਪੱਤਰਕਾਰੀ ਦੇ ਮੈਦਾਨ ’ਚ ਨਿੱਤਰਿਆ ਸੀ। ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਅਤੇ ਨਵੀਂ ਪੀੜੀ ਨੂੰ ਸਿੱਖ ਵਿਰਸੇ ਨਾਲ ਜੋੜਣਾ ਅਤੇ ਜ਼ੋਰ-ਜਬਰ ਦਾ ਡੱਟਵਾ ਟਾਕਰਾ ਕਰਦਿਆਂ ਹਰ ਮਜ਼ਲੂਮ ਦੀ ਧਿਰ ਬਣਨਾ, ਪਹਿਰੇਦਾਰ ਦਾ ਮਿਸ਼ਨ ਵੀ ਹੈ, ਮੰਤਵ ਵੀ ਹੈ ਅਤੇ ਨਿਸ਼ਾਨਾ ਵੀ ਹੈ।

ਸੱਚ ਕਹਿਣਾ ਤੇ ਸੱਚ ਸੁਣਨਾ, ਦੋਵੇਂ ਬਹੁਤ ਔਖੇ ਹੁੰਦੇ ਹਨ। ਸੱਚ ਬੋਲਣਾ, ਤਲਵਾਰ ਦੀ ਧਾਰ ਤੇ ਤੁਰਨ ਬਰਾਬਰ ਹੁੰਦਾ ਹੈ। ਸਾਨੂੰ ਇਸ ਕੌੜੇ ਸੱਚ ਦਾ ਪੂਰਾ-ਪੂਰਾ ਅਹਿਸਾਸ ਸੀ ਕਿ ਸੱਚ ਦੀ ਪਹਿਰੇਦਾਰੀ ਕਰਦਿਆਂ, ਲੁਟੇਰੀਆਂ ਤਾਕਤਾਂ ਨਾਲ ਟੱਕਰ ਲੈਣੀ ਪਵੇਗੀ। ਉਨਾਂ ਦੇ ਕੋਝੇ ਵਾਰ ਵੀ ਸਹਿਣੇ ਪੈਣਗੇ। ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਜੰਗ ਲੜਦੇ ਆ ਰਹੇ ਹਾਂ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੋਕਣ ਲਈ ਕੇਸਰੀ ਲਹਿਰ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੋਕਣ ਲਈ 83ਲੱਖੀ ਦਸਤਖ਼ਤੀ ਮੁਹਿੰਮ ਅਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼, ਪਹਿਰੇਦਾਰ ਨੇ ਅੱਗੇ ਹੋ ਕੇ ਲੜਿਆ ਅਤੇ ਕੌਮ ਦੇ ਭਰਪੂਰ ਸਹਿਯੋਗ ਤੇ ਅਸ਼ੀਰਵਾਦ ਸਦਕਾ ਪਹਿਲੀਆਂ ਦੋਵਾਂ ਜੰਗਾਂ ’ਚ ਵਕਤੀ ਸਫ਼ਲਤਾ ਵੀ ਪ੍ਰਾਪਤ ਕੀਤੀ।

ਪਹਿਰੇਦਾਰ ਕੌਮ ’ਚ ਏਕੇ ਦਾ ਮੁਦਈ ਹੈ। ਉਹ ਸਾਰੀਆਂ ਪੰਥਕ ਧਿਰਾਂ ਨੂੰ ਕੌਮ ਦੀ ਚੜਦੀ ਕਲਾ ਲਈ ਇਕ ਪਲੇਟ ਫਾਰਮ ਤੇ ਇਕੱਠਾ ਕਰਨ ਲਈ ਦਿਲੋ ਯਤਨਸ਼ੀਲ ਹੈ। ਸਿੱਖੀ ਨੂੰ ਹੜੱਪਣ ਲਈ ਕਾਹਲੀਆਂ ਹਿੰਦੂਵਾਦੀ ਸ਼ਕਤੀਆਂ ਦੇ ਅੱਗੇ ਡੱਟ ਕੇ ਚੱਟਾਨ ਵਾਗੂੰ ਖੜਾ ਹੈ। ਸਿੱਖੀ ਤੇ ਹੁੰਦੇ ਹਰ ਹਮਲੇ ਦਾ ਤੁਰੰਤ ਮੂੰਹ ਤੋੜਵਾ ਉੱਤਰ ਦੇਣ ਲਈ ਹਮੇਸ਼ਾ ਤੱਤਪਰ ਹੈ। ਇਸੇ ਕਾਰਣ ਸਿੱਖ ਦੁਸ਼ਮਣ ਤਾਕਤਾਂ ਦੀਆਂ ਅੱਖਾਂ ’ਚ ‘ਪਹਿਰੇਦਾਰ’ ਸਭ ਤੋਂ ਵੱਧ ਰੜਕਣ ਲੱਗ ਪਿਆ ਹੈ। ਬਾਦਲਕਿਆਂ ਤੇ ਮੋਦੀਕਿਆਂ ਨੂੰ ਲੱਗਦਾ ਹੈ ਕਿ ‘‘ਪਹਿਰੇਦਾਰ’’ ਦੇ ਹੁੰਦਿਆਂ, ਸਿੱਖ ਕੌਮ ਤੇ ਸਿੱਧਾ ਜਾਂ ਲੁੱਕਣਾ ਵਾਰ ਕਰਨਾ ਸੰਭਵ ਨਹੀਂ। ਇਸ ਲਈ ਪਹਿਰੇਦਾਰ ਨੂੰ ਰਸਤੇ ’ਚ ਹਟਾਉਣ ਲਈ, ਸੱਚ ਨੂੰ ਫਾਂਸੀ ਦੇਣ ਲਈ, ਸਮੇਂ ਦੀਆਂ ਜਾਬਰ ਸਰਕਾਰਾਂ ਨੇ ਰੱਸੇ ਪੈੜੇ ਵੱਟ ਲਏ ਹਨ। ਭਾਵੇਂ ਕਿ ਅਸੀਂ ਆਪਣੀ ਇਸ ਹੋਣੀ ਲਈ, ਸਰਕਾਰ ਦਾ ਜਬਰ ਆਪਣੇ ਪਿੰਡੇ ਤੇ ਹੰਢਾਉਣ ਲਈ ਹਮੇਸ਼ਾ ਤਿਆਰ ਹਾਂ। ਪ੍ਰੰਤੂ ਅਸੀਂ ਕੌਮ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਜਿਸ ਪੰਥਕ ਅਖ਼ਬਾਰ ਨੂੰ ਸਮੁੱਚੀ ਕੌਮ, ਕੌਮ ਦੀ ਅਵਾਜ਼ ਪ੍ਰਵਾਨ ਕਰਦੀ ਹੈ, ਉਸ ਸੱਚੀ ਅਵਾਜ਼ ਦਾ ਗਲ਼ ਦਬਾਉਣ ਦੀ ਪੂਰੀ-ਪੂਰੀ ਤਿਆਰੀ ਹੋ ਚੁੱਕੀ ਹੈ।

ਬੀਤੀ ਰਾਤ ਜਿਸ ਤਰਾਂ ਪੁਲਿਸ ਦੀਆਂ ਧਾੜਾਂ ਨੇ ਪਹਿਰੇਦਾਰ ਦੇ ਮੁੱਖ ਦਫ਼ਤਰ ਲੁਧਿਆਣੇ ਅਤੇ ਮੇਰੇ (ਜਸਪਾਲ ਸਿੰਘ ਹੇਰਾਂ) ਦੇ ਜਗਰਾਉਂ ਸਥਿੱਤ ਘਰ ਤੇ ਅੱਧੀ ਰਾਤ ਨੂੰ ਹੱਲਾ ਬੋਲਿਆ, ਉਹ ਜਿਥੇ ਪ੍ਰੈਸ ਦੀ ਅਜ਼ਾਦੀ ਤੇ ਹਮਲਾ ਹੈ, ਉਥੇ ਕੌਮ ਦੀ ਅਵਾਜ਼ ਨੂੰ ਦਬਾਉਣ ਦਾ ਕੋਝਾ ਯਤਨ ਵੀ ਹੈ। ਅਸੀਂ ਹਰ ਜਬਰ ਦਾ ਮੁਕਾਬਲਾ ਕਰਨ ਲਈ ਵਚਨਬੱਧ ਹਾਂ ਅਤੇ ਸਰਕਾਰ ਦੇ ਜਬਰ ਨਾਲ ਲੜਨ ਲਈ ਤਿਆਰ ਹਾਂ, ਪ੍ਰੰਤੂ ਇਸ ਜਿੱਤ ਲਈ ਸਾਨੂੰ ਕੌਮ ਦਾ ਸੱਚਾ ਪਿਆਰ, ਪੂਰਨ ਸਹਿਯੋਗ ਅਤੇ ਅਸ਼ੀਰਵਾਦ ਹਮੇਸ਼ਾ ਲੋੜੀਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਕੌਮ ਅੱਜ ਆਪਣੇ ਫਰਜ਼ ਦੀ ਪੂਰਤੀ ਲਈ, ਪਹਿਰੇਦਾਰ ਦੀ ਰਾਖ਼ੀ ਲਈ ਅੱਗੇ ਆਵੇ ਤਾਂ ਕਿ ਹੋਰ ਬੁਲੰਦ ਹੌਸਲੇ ਨਾਲ, ਸਿਖ਼ਰ ਦੀ ਨਿੱਡਰਤਾ ਨਾਲ, ਕੌਮੀ ਜਜ਼ਬੇ ਦੀਆਂ ਸ਼ੂਕਦੀਆਂ ਭਾਵਨਾਵਾਂ ਨਾਲ ਦਿਨ-ਰਾਤ ਕੌਮ ਦੀ ਸੇਵਾ ਕਰਦੇ ਰਹੀਏ।

ਸਾਡਾ ਕੌਮ ਨਾਲ ਵਾਅਦਾ ਹੈ ਕਿ ਦੁਨੀਆ ਦੇ ਕਿਸੇ ਵੀ ਜਾਬਰ ਤੋਂ ਜਾਬਰ ਤਾਕਤਾਂ ਅੱਗੇ ਪਹਿਰੇਦਾਰ ਨਾ ਕਦੇ ਝੁਕੇਗਾ ਨਾ ਕਦੇ ਡਰੇਗਾ, ਨਾ ਕਦੇ ਵਿਕੇਗਾ। ਉਹ ਹਮੇਸ਼ਾ ਕੌਮ ਦਾ ਸੱਚਾ ਪਹਿਰੇਦਾਰ ਬਣ ਕੇ ਆਪਣੇ ਫਰਜ਼ ਦੀ ਪੂਰਤੀ ਕਰਦਾ ਰਹੇਗਾ। ਬੱਸ! ਕੌਮ ਦਾ ਸਹਿਯੋਗ ਜ਼ਰੂਰੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top