Share on Facebook

Main News Page

ਅੱਤ - ਖ਼ੁਦਾ ਦਾ ਵੈਰ...
-: ਤਰਲੋਕ ਸਿੰਘ ‘ਹੁੰਦਲ’

ਮੁਨੀਸ਼ ਸੂਦ ਮਰ ਗਿਆ।ਨਾ ਉਹ ਸਖ਼ਸ਼ ਕੁਦਰਤੀ ਮੌਤ ਮਰਿਆ ਤੇ ਨਾ ਹੀ ਕਿਸੇ ਹੋਰ ਦੇ ਹੱਥੋਂ ਮਰਿਆ। ਉਸ ਨੂੰ ਤਾਂ ਉਸ ਦੇ ਅੰਗ-ਰਖਿਅਕ ਗੰਨਮੈਂਨ ਸੋਮ ਦੱਤ ਨੇ ਹੀ ਗੋਲੀਆਂ ਨਾਲ ਭੁੰਨ ਸੁੱਟਿਆ। ਪੰਜਤਾਲੀ ਕੁ ਸਾਲਾ ਮੁਨੀਸ਼ ਸੂਦ, ਜੋ ‘ਬੰਟੀ’ ਕਰਕੇ ਵੀ ਮਸ਼ਹੂਰ ਸੀ, ਅਖਿਲ ਭਾਰਤੀਯ ਸੁਰੱਖਿਆ ਸਮਿਤੀ ਦੇ ਪੰਜਾਬ ਇੰਚਾਰਜ ਥਾਪੇ ਹੋਏ ਸਨ। ਹਰੇਕ ਗੱਲ 'ਤੇ ਖ਼ਾਸ ਕਰ ਸਿੱਖਾਂ ਨਾਲ ਬਿਲਾ-ਵਜਹ ਆਢਾ ਲੈਂਣ ਦੀ ਪੂਰੀ ਚੜ੍ਹਤ ਸੀ। ਪਹਿਲੇ ਨੰਬਰ ਦੇ ਵਿਵਾਦਤ ਹਿੰਦੂ ਲੀਡਰ ਗਿਣੇ ਜਾਂਦੇ ਸਨ।

ਇਸੇ ਮਹੀਨੇ ਦੀ ਤਿੰਨ ਤਰੀਕ ਸੀ। ਸੂਤਰ ਦੱਸਦੇ ਹਨ ਕਿ ਸਰਹਿੰਦ ਮੰਡੀ ’ਚ (ਜਿਲ੍ਹਾ ਫ਼ਤਹਿਗੜ ਸਾਹਿਬ) ਬੈਂਕ ਕਲੋਨੀ, ਰਾਤ ਦੇ ਦੂਸਰੇ ਪਹਿਰ ਦੀ ਘਟਨਾ ਹੈ। ਆਪਣੇ ਘਰ ਵਿੱਚ ਲੀਡਰ ਸਾਹਿਬ,ਆਪਣੇ ਅੰਗ-ਰਖਿਅਕ ਸੋਮ ਦੱਤ ਨਾਲ ਸ਼ਰਾਬ ਪੀ ਰਹੇ ਸਨ। ਵਾਹਵਾ ਨਸ਼ਈ ਹੋ ਗਏ,ਫਿਰ ਸ਼ਰੇਆਮ ਇਨ੍ਹਾਂ ਦਾ ਆਪਸੀ ਤਕਰਾਰ ਹੋਇਆ। ਤਿੱਖਾ ਹੋਇਆ ਵਾਦ-ਵਿਵਾਦ, ਗਾਲੀ-ਗਲੌਚ ਤੋਂ ਵੀ ਅਗਾਂਹ ਲੰਘ ਗਿਆ। ਅਸਲ ਕਾਰਨ ਕੀ ਸੀ? ਕੁੱਝ ਨਹੀਂ ਕਿਹਾ ਜਾ ਸਕਦਾ। ਭਾਵੇਂ ਪੁਲੀਸ ਚੁੱਪ ਹੈ, ਮੌਕੇ ਦਾ ਗੁਵਾਹ ਵੀ ਕੋਈ ਨਹੀਂ, ਪਰ ਇਨ੍ਹਾਂ ਦੇ ਸ਼ਰਾਬੀ ਹਾਲਤ ਵਿੱਚ ਟਕਰਾਓ ਦਾ ਕਿੱਸਾ ਇੱਥੇ ਆਣ ਕੇ ਮੁੱਕਿਆ ਕਿ ਚਾਕਰ ਗੰਨਮੈਂਨ ਨੂੰ ਆਪਣੀ ਕਾਰਬਾਈਂਨ 'ਚੋਂ ਸੂਦ ਵੱਲ ਸੇਧ ਕੇ ਸਾਰੀਆਂ ਗੋਲੀਆਂ ਚਲਾਉਣੀਆਂ ਪੈ ਗਈਆਂ। ਗੰਨਮੈਂਨ ਨੇ ਬੰਟੀ ਉੱਤੇ ਕੁੱਲ ਸਤਾਰਾਂ ਗੋਲੀਆਂ ਦਾਗੀਆਂ। ਇੱਕ ਛੱਡ ਕੇ ਬਾਕੀਆਂ ਸੋਲ੍ਹਾਂ ਗੋਲੀਆਂ ਠੀਕ ਨਿਸ਼ਾਨੇ 'ਤੇ ਜਾ ਵੱਜੀਆਂ, ਨਤੀਜਤਨ, ਬੰਟੀ ਮਰ ਗਿਆ।

ਪੁਸ਼ਟ ਖ਼ਬਰਾਂ ਅਨੁਸਾਰ ਮੁਨੀਸ਼ ਸੂਦ ਉਰਫ ਬੰਟੀ ਉਹ ਵਿਅਕਤੀ ਹੈ, ਜਿਸ ਨੇ 11 ਅਗਸਤ, 2011 ਈ: ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਕਚਿਹਰੀ ਵਿੱਚ ਆਪਣੇ ਹੁਲੜਬਾਜ ਟੋਲੇ ਨਾਲ ਬੇਅੰਤ ਸਿੰਘ ਕਤਲਕਾਂਡ ਦੇ ਕਹੇ ਜਾਦੇ ਦੋਸ਼ੀ ਭਾਈ ਜਗਤਾਰ ਸਿੰਘ ‘ਹਵਾਰਾ’ ਉੱਤੇ ਪੇਸ਼ੀ ਦੌਰਾਨ ਜਾਨਲੇਵਾ ਹਮਲਾ ਕਰਨ ਦਾ ਘਿਨਾਉਂਣਾ ਯਤਨ ਕੀਤਾ ਸੀ।

ਖੈਰ! ਚਿਤੰਨ ਸਿੰਘ ਨੇ ਉੱਥੇ ਹੀ ਢੁੱਕਵਾਂ ਜਵਾਬ ਦੇ ਕੇ ਇਸ ਨੂੰ ਸੰਤੁਸ਼ਟ ਕਰ ਦਿੱਤਾ ਸੀ। ਇਸ ਵਿਵਾਦਤ ਵਿਅਕਤੀ ਦੇ ਪਾਕਿਸਤਾਨ ਸਰਕਾਰ ਬਾਰੇ ਤੇ ਹਿੰਦ-ਪਾਕਿ ਬੱਸ ਸੇਵਾ ਸਬੰਧੀ ਲਾਂਬੂ-ਲਾਊ ਬਿਆਨ ਪਹਿਲਾਂ ਹੀ ਲੋਕ-ਚਰਚਾ ਵਿੱਚ ਹਨ। ਕੁੱਝ ਸਮਾਂ ਪਹਿਲਾਂ, ਇਸ ਦੇ ਗਰੋਹ ਨੇ ਸੰਤ ਭਿੰਡਰਾਂਵਾਲੇ ਦੇ ਜਨਮ-ਦਿਨ ਮਨਾਉਂਣ ਸਬੰਧੀ ਪ੍ਰਕਾਸ਼ਤ ਇਸ਼ਤਿਹਾਰ / ਪੋਸਟਰ ਵੀ ਪਾੜੇ ਸਨ। ਇਹ ਵੀ ਪਤਾ ਚਲਦਾ ਹੈ, ਕਿ ਇਸ ਨੂੰ ਕਿਸੇ ਅਜਿਹੇ ਹੋਰ ਕੇਸ ਵਿੱਚ ਸਜਾ ਵੀ ਹੋਈ ਸੀ। ਇਹ ਸਾਰਾ ਅੱਤ ਦਾ ਪ੍ਰਗਟਾਵਾ ਹੈ, ਅਤੇ ਸਿਆਣੇ ਏਹੋ ਆਖਦੇ ਹਨ ਕਿ ‘ਅੱਤ ਤੇ ਖ਼ੁਦਾ ਦਾ ਵੈਰ’ ਹੁੰਦਾ ਹੈ।

ਆਪਣੇ ਲੀਡਰ ਦੀ ਮੌਤ ਦੀ ਖ਼ਬਰ ਸੁਣ ਕੇ ਹਿੰਦੂ ਜੱਥੇਬੰਦੀਆਂ, ਖ਼ਾਸਕਰ ਅਖਿਲ ਭਾਰਤੀਯ ਹਿੰਦੂ ਸੁਰੱਖਿਆ ਸਮਿਤੀ ਦਾ ਤਲਮਿਲਾਉਂਣਾ ਸੁਭਾਵਕ ਹੈ। ਮਰਨ ਵਾਲਾ ਤੇ ਮਾਰਨ ਵਾਲਾ, ਦੋਵੇਂ ਹਿੰਦੂ। ਸੁਰੱਖਿਆ ਸਮਿਤੀ ਦੇ ਕੌਮੀਂ ਪ੍ਰਧਾਨ ਪੰਚਾਨੰਦ ਗਿਰੀ ਦੀ ਕਮ-ਅਕਲੀ ਵੇਖੋ! ਬਿਆਨ ਦਿੰਦਾ ਹੈ ਕਿ ‘ਇਸ (ਮੁਨੀਸ਼ ਸੂਦ) ਨੂੰ ਖ਼ਾਲਸਤਾਨੀਆਂ ਦੇ ਧਮਕੀ-ਭਰੇ ਫੂਨ ਆ ਰਹੇ ਸਨ...ਵੱਡੇ ਤੜਕੇ ਹੀ ਯੂ-ਟੀਊਬ ਉਪਰ ਇਹ ਟਿੱਪਣੀ ਪਾਈ ਗਈ ਹੈ, ਕਿ ਉਨ੍ਹਾਂ ਮੁਨੀਸ਼ ਸੂਦ ਨੂੰ ਮਾਰ ਕੇ ਬਦਲਾ ਲੈ ਲਿਆ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਗਰਮਦਲੀ ਸਿੱਖਾਂ ਦੇ ਇਸ਼ਾਰੇ ਉਪਰ ਕੀਤਾ ਗਿਆ ਕਤਲ ਹੈ’। ਲੱਖ-ਲਾਹਨਤ ਐਸੇ ਕੌਮੀ ਪ੍ਰਧਾਨ ਦੇ। ਸਿੱਖਾਂ ਤੇ ਖਾੜਕੂਆਂ ਦਾ ਇਸ ਨਾਲ ਕੀ ਸਬੰਧ? ਕੀ ਸ਼ਰਾਬ ਵੀ ਉਨ੍ਹਾਂ ਨੇ ਭੇਜੀ ਸੀ? ਪੁੱਛਣਾ ਬਣਦਾ ਹੈ ਕਿ ਅਜਿਹੇ ਮੂਰਖਤਾ-ਭਰੇ ਬਿਆਨ ਦਾਗ ਕੇ ਪ੍ਰਧਾਨ ਗਿਰੀ ਕੀ ਕਹਿਣਾ ਚਾਹੁੰਦੇ ਹਨ? ਇੱਕ ਹੋਰ ਗੱਲ, ਹਿੰਦੂ ਸੁਰੱਖਿਆ ਸਮਿਤੀ ਨੇਤਾ ਜੇ ਆਪਣੀ ਸੁਰੱਖਿਆ ਆਪ ਨਹੀਂ ਕਰ ਸਕਿਆ ਤੇ ਸੋਮ ਦੱਤ ਹਥੋਂ ਮਾਰਿਆ ਗਿਆ, ਇਸ ਸਮਿਤੀ ਨੇ ਫਿਰ “ਹਿੰਦੂਆਂ” ਦੀ ਸੁਰੱਖਿਆ ਸੁਵਾਹ ਕਰਨੀਂ ਹੈ?

ਯਾਦ ਰੱਖੋ! ਪੰਜਾਬ ਵਿੱਚ ਸਿੱਖਾਂ ਤੇ ਹਿੰਦੂਆਂ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ। ‘ਅੱਗ ਲਾਈ ਤੇ ਡਬੂ ਰੂੜੀ 'ਤੇ’ਵਾਲੀ ਗੱਲ ਨਾ ਕਰੋ। ‘ਜੀਉ ਤੇ ਜੀਣ ਦਿਉ’। ਪੰਜਾਬ ਵਿੱਚ ‘ਪੰਥਕ ਸਰਕਾਰ” ਹੈ। ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਪੰਥਕ ਸਰਕਾਰ ਨੂੰ ਹਰਕਤ ਵਿੱਚ ਆਉਂਣਾ ਚਾਹੀਦਾ ਹੈ। ਹਿੰਦੂ-ਸਿੱਖ ਵਿੱਚ ਨਫਰਤ ਪੈਦਾ ਕਰਨ ਲਈ ਅਗਨੀ-ਬਾਣ ਚਲਾਉਂਣ ਵਾਲੇ ਲੀਡਰਾਂ ਉੱਤੇ ਧਾਰਾ 295-ਏ ਅਧੀਨ ਕਾਰਵਾਈ ਹੋਣੀ ਸਮੇਂ ਦੀ ਲੋੜ ਹੈ। ਅਣਚਾਹੀ ਢਿੱਲ-ਮੱਠ ਖ਼ਤਰਨਾਕ ਸਾਬਤ ਹੋ ਸਕਦੀ ਹੈ। ਅਜਿਹੀਆਂ ਪ੍ਰਸਥਿਤੀਆਂ ਵਿੱਚ ਹਰ ਵਰਗ ਦੇ ਪੰਜਾਬੀ ਲੋਕ ਜਰੂਰ ਸੋਚਣ, ਤਾਂ ਕਿ ਸਦੀਵ ਸ਼ਾਂਤੀ ਕਾਇਮ ਰੱਖਣ ਲਈ ਪੰਜਾਬ ਅੰਦਰ ਬੇਲੋੜੀ ਗੁੰਡਾ-ਗਰਦੀ ਨੂੰ ਕਿਵੇਂ ਨੱਥ ਪਾਈ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top