Share on Facebook

Main News Page

ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਵਿੱਚ ਜਜ਼ਬਾਤਾਂ ਦੇ ਨਾਲ ਨਾਲ ਅਨੁਸਾਸ਼ਨ ਅਤੇ ਨੇਕਨੀਤੀ ਦੀ ਵੀ ਲੋੜ..!
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਚੱਲ ਰਿਹਾ ਸੰਘਰਸ਼ ਇਸ ਸਮੇਂ ਸਿਖਰਾਂ ਛੋਹਣ ਲੱਗ ਪਿਆ ਹੈ ਅਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਹੁਣ ਸਮੁੱਚਾ ਸਿੱਖ ਪੰਥ ਇਸ ਸੰਘਰਸ਼ ਵਿੱਚ ਕੁੱਦ ਪਿਆ ਹੈ। ਜਿਹੜੇ ਹਾਲੇ ਤੱਕ ਵੀ ਨਹੀਂ ਤੁਰੇ ਉਹਨਾਂ ਦੀ ਗਿਣਤੀ ਅਬਦਾਲੀ ਦੇ ਯਾਰਾਂ ਵਿੱਚ ਹੀ ਹੋਵੇਗੀ। ਦੋ ਦਿਨ ਪਹਿਲਾਂ 4 ਅਗਸਤ ਨੂੰ, ਕੁੱਝ ਪੰਥਕ ਜਥੇਬੰਦੀਆਂ ਨੇ ਸਾਂਝੇ ਤੌਰ ਉੱਤੇ ਭਾਰਤ ਦੀ ਲੋਕਸਭਾ ਦੇ ਸਪੀਕਰ ਅਤੇ ਰਾਜਸਭਾ ਦੇ ਸਭਾ ਪਤੀ ਨੂੰ, ਬੰਦੀ ਸਿੰਘਾਂ ਦੀ ਰਿਹਾਈ ਵਿੱਚ ਭਾਰਤੀ ਨਿਜ਼ਾਮ ਦੀ ਦੋਗਲੀ ਨੀਤੀ, ਪ੍ਰਤੀ ਰੋਸ ਪ੍ਰਗਟ ਕਰਨ ਅਤੇ ਇਨਸਾਫ਼ ਲੈਣ ਵਾਸਤੇ, ਨਾਲ ਹੀ ਬਾਪੂ ਸੂਰਤ ਸਿੰਘ ਖਾਲਸਾ ਦੀ ਨਜਾਇਜ ਨਜ਼ਰਬੰਦੀ ਅਤੇ ਪੰਜਾਬ ਸਰਕਾਰ ਵਲੋਂ ਚਲਾਏ ਦਮਨ ਚੱਕਰ ਨੂੰ ਠੱਲ ਪਾਉਣ ਲਈ, ਇੱਕ ਮੈਮੋਂਰੰਡਮ ਦੇਣਾ ਸੀ, ਜਿਸ ਵਿੱਚ ਸਿੱਖ ਪੰਥ ਵੱਲੋਂ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਸਾਰੇ ਸੂਬਿਆਂ ਵਾਸਤੇ ਵੱਧ ਅਧਿਕਾਰ ਅਤੇ ਸਿੱਖੀ ਦੇ ਬੋਲ ਬਾਲੇ ਵਾਸਤੇ, 4 ਅਗਸਤ 1982 ਨੂੰ ਅਰੰਭੇ ਸੰਘਰਸ਼ ਵਿੱਚ ਦਰਸਾਏ ਮੁੱਦਿਆਂ ਦੀ, ਹੁਣ ਤੱਕ ਪੂਰਤੀ ਨਾ ਕੀਤੇ ਜਾਣ ਨੂੰ ਮੰਦਭਾਗਾ ਦੱਸਦਿਆਂ , ਸਿੱਖ ਪੰਥ ਦੇ ਬੁਨਿਆਦੀ ਮਸਲਿਆਂ ਦਾ ਤਰੁੰਤ ਹੱਲ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਉਸ ਦਿਨ ਇੱਕ ਛੋਟੀ ਜਿਹੀ ਅਪੀਲ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨੇ ਸੈਂਕੜੇ ਮੀਲ ਪੈਂਡਾ ਤਹਿ ਕਰਕੇ, ਭਾਰਤ ਦੀ ਰਾਜਧਾਨੀ ਵਿੱਚ ਆਕਾਸ਼ ਗੁੰਜਾਊ ਨਾਹਰਿਆਂ, ਜੈਕਾਰਿਆਂ ਨਾਲ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਹਰ ਕੋਈ ਪੁੱਛ ਰਿਹਾ ਸੀ ਕਿ ਕੀਹ ਗੱਲ ਹੋਈ ਹੈ, ਸਿੱਖ ਏਨੀ ਵੱਡੀ ਤਦਾਦ ਵਿੱਚ ਅਤੇ ਏਨੇ ਜੋਸ਼ ਵਿੱਚ ਦਿੱਲੀ ਕਿਵੇਂ  ਆਏ ਹਨ।

ਬਾਪੂ ਸੂਰਤ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰੰਭੇ ਮਰਨ ਵਰਤ ਵਿੱਚ ਦੋ ਸੌ ਦਿਨ ਪੂਰੇ ਕਰ ਲਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਖੁਰਾਕ ਤੋਂ ਬਿਨਾਂ ਏਨੇ ਦਿਨ ਜੀਵਤ ਰਹਿਣਾ ਮੁਸ਼ਕਿਲ ਹੀ ਨਹੀਂ, ਸਗੋਂ ਨਾ ਮੁੰਮਕਿਨ ਹੈ। ਲੇਕਿਨ ਪਾਠਕਾਂ ਅਤੇ ਪੰਥ ਦਰਦੀਆਂ ਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਸਰਕਾਰ ਅਜਿਹੇ ਸ਼ਾਂਤਮਈ ਸੰਘਰਸ਼ ਤੋਂ ਘਬਰਾਉਂਦੀ ਹੈ, ਕਿਸੇ ਤਰ੍ਹਾਂ ਦੀ ਹਿੰਸਾ ਨੂੰ ਦਬਾਉਣਾ ਸਰਕਾਰ ਦੇ ਖੱਬੇ ਹੱਥ ਦਾ ਖੇਡ ਹੁੰਦਾ ਹੈ। ਹਕੂਮਤ ਇਸ ਤਰ੍ਹਾਂ ਦੇ ਲੋਕਰਾਜੀ ਘੋਲ ਨੂੰ ਖਤਮ ਕਰਨ ਵਾਸਤੇ, ਫਿਰ ਹੋਰ ਹੱਥ ਕੰਡੇ ਅਪਣਾਉਂਦੀ ਹੈ। ਪਹਿਲਾਂ ਤਾਂ ਘੁਲਾਟੀਏ ਨੂੰ ਖਰੀਦਣ ਅਤੇ ਡਰਾਉਣ ਦਾ ਯਤਨ ਕੀਤਾ ਜਾਂਦਾ ਹੈ, ਫਿਰ ਉਸ ਦੇ ਹਮਾਇਤੀਆਂ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ, ਜਿਵੇ ਹੁਣ ਸਭ ਕੁੱਝ ਹੋ ਰਿਹਾ ਹੈ, ਜੇ ਫਿਰ ਵੀ ਗੱਲ ਨਾ ਬਣੇ ਤਾਂ ਸੰਘਰਸ਼ ਦੇ ਹੀਰੋ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡੇਗਣ ਦਾ ਯਤਨ ਕੀਤਾ ਜਾਂਦਾ ਹੈ, ਜਿਵੇ ਸਭ ਨੂੰ ਪਤਾ ਹੈ ਕਿ ਬਾਪੂ ਖਾਲਸਾ ਦੀ ਸਿਹਤ ਜਦੋਂ ਕਿਸੇ ਵੱਡੇ ਵਿਗਾੜ ਦੇ ਨੇੜੇ ਪਹੁੰਚਦੀ ਹੈ ਤਾਂ ਸਰਕਾਰ ਜਬਰੀ ਹਸਪਤਾਲ ਲੈ ਜਾਂਦੀ ਹੈ, ਜਿੱਥੇ ਧੱਕੇ ਦੀ ਖੁਰਾਕ ਦੇ ਕੇ ਸਰੀਰ ਨੂੰ ਰਾਹਤ ਦੇ ਦਿੱਤੀ ਜਾਂਦੀ ਹੈ ਤਾਂ ਕਿ ਮਰਨ ਵਰਤ ਵਾਲਾ ਸਿਰੜੀ ਬਹੁਤਾ ਚਿਰ ਜੀਵਤ ਰਹੇ, ਜਿਸ ਨਾਲ ਉਸ ਉੱਤੇ ਸ਼ਕ ਪ੍ਰਗਟ ਹੋਣ ਲੱਗ ਪੈਵੇ ਕਿ ਬਿਨਾਂ ਖਾਣ ਪੀਣ ਤੋਂ ਜਿੰਦਗੀ ਕਿਵੇਂ  ਸਰਕ ਰਹੀ ਹੈ?

ਪਰ ਬੀਤੇ ਦਿਨੀ ਕੁੱਝ ਪੰਥਕ ਜਥੇਬੰਦੀਆਂ ਨੇ ਇਕ ਸਾਂਝੀ ਮੀਟਿੰਗ ਕਰਕੇ, ਸਰਕਾਰ ਦੀਆਂ ਬਦਨੀਤੀਆਂ ਦਾ ਟਾਕਰਾ ਕਰਨ ਵਾਸਤੇ, ਕਮਰਕੱਸਾ ਕਰ ਲਿਆ ਸੀ, ਉਸ ਵਿੱਚੋਂ ਜਿੱਥੇ ਕਾਨੂੰਨੀ ਚਾਰਾਜੋਈ ਕਰਨ ਵਾਸਤੇ ਪੰਥਕ ਵਕੀਲਾਂ ਨੂੰ ਸਰਗਰਮ ਕੀਤਾ ਹੈ, ਉਥੇ ਸਿੱਖ ਪੰਥ ਨੇ ਸਾਰੇ ਮਾਮਲੇ ਨੂੰ ਦੇਸ਼ ਦੀ ਮਚਲੀ ਰਾਜਨੀਤੀ ਤੋਂ ਹੱਲ ਕਰਵਾਉਣ ਵਾਸਤੇ, ਮੁਕਾਬਲੇ ਦੀ ਰਾਜਨੀਤਿਕ ਲੜਾਈ ਵੀ ਆਰੰਭ ਦਿੱਤੀ ਹੈ। ਸਾਰੀਆਂ ਜਥੇਬੰਦੀਆਂ ਵੱਲੋ ਦਿੱਤੇ, ਦਿੱਲੀ ਦੇ ਪ੍ਰੋਗ੍ਰਾਮ ਵਿੱਚ ਜੋ ਉਤਸ਼ਾਹ ਸਿੱਖ ਪੰਥ ਨੇ ਵਿਖਾਇਆ ਹੈ, ਉਸ ਨਾਲ ਕਾਮਯਾਬੀ ਦਾ ਮੁੱਢ ਬੱਝ ਗਿਆ ਹੈ। ਲੇਕਿਨ ਹਾਲੇ ਮੰਜਿਲ ਦੂਰ ਹੈ, ਸਿਰਫ ਇੱਕ ਧਰਨੇ ਜਾਂ ਮੁਜ਼ਾਹਰੇ ਨਾਲ ਨਹੀਂ ਸਰਨਾ, ਹੁਣ ਤਾਂ ਨਿਰੰਤਰ ਪਹਿਰੇਦਾਰੀ ਕਰਨੀ ਪਵੇਗੀ ਅਤੇ ਸਭ ਨੂੰ ਬੜੀ ਇਮਾਨਦਾਰੀ ,ਦਿਆਨਤਦਾਰੀ ਅਤੇ ਪੰਥਕ ਜੁਗਤੀ ਨਾਲ ਇੱਕਜੁੱਟ ਹੋਕੇ ਤੁਰਨਾ ਪਵੇਗਾ। ਪਰਸੋਂ ਦਿੱਲੀ ਵਿਖੇ ਹੋਇਆ ਇਕੱਠ ਤਸਲੀ ਬਖਸ਼ ਸੀ, ਪਰ ਇਕ ਗੱਲ ਬੜੀ ਸਾਫ਼ ਹੈ ਕਿ ਇਸ ਇਕੱਠ ਵਿੱਚ ਜਿੱਥੇ ਜਜਬਾਤ ਸਿਖਰ ਉੱਤੇ ਸਨ, ਉਥੇ ਅਨੁਸਾਸ਼ਨਹੀਂਨਤਾ ਦਾ ਵੀ ਅੰਤ ਨਹੀਂ ਸੀ।

ਪੰਜਾਬ ਵਿੱਚ ਅਕਸਰ ਮਾਰਕਸੀ ਜਥੇਬੰਦੀਆਂ ਰੋਜ਼ ਅਜਿਹੇ ਧਰਨੇ ਮਾਰਚ ਕਰਦੀਆਂ ਹਨ ਅਤੇ ਸੈਕੜਿਆਂ ਦੀ ਗਿਣਤੀ ਹੁੰਦੇ ਹੋਏ ਵੀ, ਸਿਰਫ ਅਨੁਸਾਸ਼ਨ ਵਿੱਚ ਰਹਿਕੇ ਉਸ ਦਾ ਹਜ਼ਾਰਾਂ ਦੀ ਗਿਣਤੀ ਤੋਂ ਵਧੇਰੇ ਪ੍ਰਭਾਵ ਛੱਡ ਜਾਂਦੇ ਹਨ, ਜੇ ਵਰਕਰ ਜਿਆਦਾ ਹਨ ਤਾਂ ਤਿਨ ਦੀ ਕਤਾਰ, ਜੇ ਘੱਟ ਹਨ ਤਾਂ ਦੋ ਦੋ ਦੀ ਲਾਈਨ ਵਿੱਚ ਖੁਲੇ ਖੁਲੇ ਤੁਰ ਕੇ ਡੰਗ ਟਪਾਈ ਕਰ ਜਾਂਦੇ ਹਨ। ਲੇਕਿਨ ਸਾਡੇ ਵਰਕਰ ਏਨੀ ਮਿਹਨਤ ਕਰਨ ਤੋਂ ਬਾਅਦ, ਸਿਰਫ ਅਨੁਸਾਸ਼ਨ ਵਿੱਚ ਨਾ ਰਹਿਣ ਕਰਕੇ ਬਣੀ ਬਣਾਈ ਖੀਰ ਉੱਤੇ ਸਵਾਹ ਪਾਉਣ ਵਾਲੀ ਗੱਲ ਕਰ ਜਾਂਦੇ ਹਨ। ਹਰ ਕਿਸੇ ਨੂੰ ਚਾਅ ਹੁੰਦਾ ਹੈ ਕਿ ਮੇਰੀ ਫੋਟੋ ਕੱਲ ਦੇ ਅਖਬਾਰ ਵਿੱਚ ਜਰੂਰ ਆਵੇ, ਇਸ ਕਰਕੇ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਭੱਜਦੇ ਹਨ। ਜਿਸ ਨਾਲ ਸਾਰੇ ਮਾਰਚ ਦਾ ਸਵਾਦ ਕਿਰਕਿਰਾ ਹੋ ਜਾਂਦਾ ਹੈ। ਕੁੱਝ ਨੌਜਵਾਨ ਅੱਗੇ ਜਾਕੇ ਆਪਣੇ ਨਾਲ ਦੇ ਸਾਥੀਆਂ ਦੀਆਂ ਮੋਬਾਇਲ ਫੋਨਾਂ ਵਿੱਚ ਫੋਟੋਆਂ ਖਿੱਚਣ ਕਰਕੇ ਵੀ ਗੜਬੜ ਪੈਦਾ ਕਰ ਦਿੰਦੇ ਹਨ। ਪਰਸੋਂ ਵੀ ਗੁਰਦਵਾਰਾ ਰਕਾਬ ਗੰਜ ਸਾਹਿਬ ਤੋਂ ਆਰੰਭ ਹੋਏ, ਇਸ ਮਾਰਚ ਨੂੰ ਮਗਰੋਂ ਏਨਾ ਜ਼ੋਰਦਾਰ ਧੱਕਾ ਲਾਇਆ ਜਾ ਰਿਹਾ ਸੀ ਕਿ ਅਗਵਾਈ ਕਰਨ ਵਾਲਿਆਂ ਦੀਆਂ ਜੁੱਤੀਆਂ ਵੀ ਲਹਿ ਗਈਆਂ, ਨਾਲ ਡਿਉਟੀ ਦੇ ਰਹੇ ਦਿੱਲੀ ਪੁਲਿਸ ਦੇ ਜਵਾਨ ਜਿੱਥੇ ਭੱਜਕੇ ਨਾਲ ਰਲ ਰਹੇ ਸਨ, ਉਥੇ ਅੱਗੇ ਹੋ ਕੇ ਇਹ ਵੀ ਆਖ ਰਹੇ ਸਨ ਕਿ ‘‘ਥੋੜਾ ਧੀਰੇ ਚਲੋ ਆਪਕੇ ਸਾਥੀ ਪੀਛੇ ਦੂਰ ਰਹਿ ਚੁਕੇ ਹੈਂ’’ ਪ੍ਰਬੰਧਕਾਂ ਵੱਲੋਂ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਕੋਈ ਕਿਸੇ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਸੀ। ਇੰਜ ਹੀ ਮੰਚ ਉੱਤੇ ਵੀ ਬੁਲਾਰਿਆਂ ਨੂੰ ਬੈਠਣਾ ਮੁਸ਼ਕਿਲ ਕਰ ਦਿੱਤਾ ਗਿਆ।

ਬਹੁਤੇ ਨੌਜਵਾਨ ਜੋਸ਼ੀਲੇ ਨਾਹਰੇ ਲਾ ਰਹੇ ਸਨ, ਉਹਨਾਂ ਨੂੰ ਕਿਸੇ ਨੇ ਨਾਹਰੇ ਲਾਉਣ ਤੋਂ ਇਸ ਲਈ ਵਰਜਿਆ ਨਹੀਂ ਕਿਉਂਕਿ ਪ੍ਰਬੰਧਕ ਸਮਝਦੇ ਹਨ ਕਿ ਇਹ ਕੌਮੀ ਜਜਬਾਤ ਹਨ, ਪਰ ਕਈ ਵਾਰੀ ਜਜਬਾਤ ਏਨੇ ਭਾਰੂ ਪੈ ਜਾਂਦੇ ਸਨ ਕਿ ਅਸਲੀ ਕਾਰਜ਼ ਬਾਰੇ ਗੱਲ ਹੀ ਨਹੀਂ ਸਮਝ ਆਉਂਦੀ ਸੀ। ਜੋਸ਼ ਵਾਲੇ ਨਾਹਰੇ ਲਾਉਣੇ ਵੀ ਜਰੂਰੀ ਹੁੰਦੇ ਹਨ ਤਾਂ ਕਿ ਹੌਂਸਲੇ ਬੁਲੰਦ ਰਹਿਣ, ਪਰ ਨਾਲ ਨਾਲ ਜਿਸ ਮੁੱਦੇ ਨੂੰ ਲੈ ਕੇ ਆਏ ਹਾ ਉਸ ਦਾ ਉਭਾਰਨਾ ਵੀ ਬੜਾ ਹੀ ਜਰੂਰੀ ਹੁੰਦਾ ਹੈ। ਇਸ ਵਾਸਤੇ ਹੁਣ ਜਿਸ ਪੜਾਅ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਪੁੱਜ ਚੁੱਕਾ ਹੈ, ਇੱਥੇ ਜਜਬਾਤ ਅਤੇ ਅਨੁਸਾਸ਼ਨ ਦਾ ਸੁਮੇਲ ਬੜਾ ਜਰੂਰੀ ਹੈ। ਦਿੱਲੀ ਵਾਲਾ ਮਾਰਚ ਕਿਤੇ ਅਨੁਸਾਸ਼ਨਬੱਧ ਤਰੀਕੇ ਨਾਲ ਕਤਾਰਾਂ ਵਿੱਚ ਕੀਤਾ ਜਾਂਦਾ ਤਾਂ ਇੱਕ ਅਨੋਖਾ ਪ੍ਰਭਾਵ ਹੋਣਾ ਸੀ, ਪਰ ਕੋਈ ਗੱਲ ਨਹੀਂ ਇਨਸਾਨ ਹਰ ਗਲਤੀ ਵਿੱਚੋਂ ਕੁੰਝ ਸਿੱਖਦਾ ਹੈ। ਦਾਸ ਦਾ ਇਹ ਲਿਖਣਾ ਨੌਜਵਾਨਾ ਜਾਂ ਕਿਸੇ ਹੋਰ ਦੇ ਹੌਂਸਲੇ ਨੂੰ ਪਸਤ ਕਰਨ ਦਾ ਇਰਾਦਾ ਨਹੀਂ, ਸਗੋਂ ਉਹਨਾਂ ਨੂੰ ਇੱਕ ਨਸੀਹਤ ਹੈ ਕਿ ਜੇ ਉਹ ਅਨੁਸਾਸ਼ਨ ਵਿੱਚ ਰਹਿਣ ਤਾਂ ਉਹਨਾਂ ਦੀ ਸ਼ਕਤੀ ਦਾ ਦੁੱਗਣਾ ਬਲ ਪੈ ਸਕਦਾ ਹੈ, ਇਕ ਹੋਰ ਵੀ ਸਮਝਣ ਵਾਲੀ ਗੱਲ ਹੈ ਕਿ ਪੰਥ ਤਾਂ ਨਾਮ ਹੀ ਅਨੁਸਾਸ਼ਨ ਦਾ ਹੈ।

ਇੱਕ ਹੋਰ ਬੇਨਤੀ ਹੈ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਦਿੱਲੀ ਪ੍ਰੋਗ੍ਰਾਮ ਵਿੱਚ ਸਹਿਯੋਗ ਕੀਤਾ, ਸਭ ਦੀ ਪ੍ਰਸੰਸਾ ਕਰਨੀ ਬਣਦੀ ਹੈ, ਪਰ ਜਿਸ ਤਰੀਕੇ ਅਕਾਲੀ ਦਲ ਅਮ੍ਰਿਤਸਰ ਦੇ ਵਰਕਰ ਅਜਿਹੇ ਮੌਕਿਆਂ ਉੱਤੇ ਪੰਥਕ ਪਹਿਰੇਦਾਰੀ ਕਰਦੇ ਹਨ, ਜੇ ਅਸੀਂ ਸਾਰੇ ਇਸ ਤਰੀਕੇ ਇੱਕਜੁੱਟ ਹੋ ਕੇ, ਮੋਢੇ ਨਾਲ ਮੋਢਾ ਜੋੜ ਕੇ ਤੁਰ ਪਾਈਏ ਤਾਂ ਮੰਜ਼ਿਲ ਸਾਡੇ ਨੇੜੇ ਆਉਣ ਨੂੰ ਮਜਬੂਰ ਹੋ ਜਾਵੇਗੀ। ਜਿਹੜੀਆਂ ਪੰਥਕ ਜਥੇਬੰਦੀਆਂ ਨੇ ਕਿਸੇ ਕਾਰਨ ਕਰਕੇ ਨਾਸਹਿਯੋਗੀ ਕੀਤੀ ਹੈ, ਉਸ ਵਿੱਚ ਉਹਨਾਂ ਦੀ ਕੋਈ ਮਜਬੂਰੀ ਜਾਂ ਮਗਰੂਰੀ ਹੋ ਸਕਦੀ ਹੈ, ਲੇਕਿਨ ਹੁਣ ਸਮਾਂ ਮੰਗ ਕਰਦਾ ਹੈ ਕਿ ਸਿੱਖ ਮਿਸਲਾਂ ਵਾਂਗੂੰ ਪੰਥਕ ਕਾਜ਼ ਨੂੰ ਸਨਮੁੱਖ ਰੱਖਕ,ੇ ਆਪਣੇ ਛੋਟੇ ਮੋਟੇ ਰੰਜ਼ ਹੁਣ ਪਾਸੇ ਕਰ ਦੇਣੇ ਚਾਹੀਦੇ ਹਨ। ਇਸ ਵਿੱਚ ਇਹ ਨਹੀਂ ਕਿ ਕੋਈ ਜਥੇਬੰਦੀ ਵੱਡੀ ਹੈ ਤੇ ਉਸਦੇ ਵਰਕਰ ਜਿਆਦਾ ਗਿਣਤੀ ਵਿੱਚ ਆਉਂਦੇ ਹਨ । ਛੋਟੀ ਜਥੇਬੰਦੀ ਵਾਲਿਆਂ ਨੂੰ ਗਿਣਤੀ ਮਿਣਤੀ ਦੇ ਚੱਕਰ ਵਿੱਚ ਪੈ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਆਪਣੀ ਸਮਰੱਥਾ ਅਨੁਸਾਰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ,ਪਰ ਇਸ ਵਿੱਚ ਇੱਕ ਗੱਲ ਬੜੀ ਜਰੂਰੀ ਹੈ ਕਿ ਸਾਡੇ ਬੋਲਾਂ ਵਿੱਚ ਪ੍ਰਪੱਕਤਾ ਅਤੇ ਭਰੋਸਾ ਹੋਣਾ ਚਾਹੀਦਾ ਹੈ। ਜਿਹੜੀ ਵੀ ਜਿੰਮੇਵਾਰੀ ਅਸੀਂ ਲਈਏ ਜਾਂ ਸਾਨੂੰ ਸੌਂਪੀ ਜਾਵੇ, ਉਸ ਨੂੰ ਬੜੀ ਸੰਜੀਦਗੀ ਨਾਲ ਨਿਭਾਉਣਾ ਚਾਹੀਦਾ ਹੈ, ਫਿਰ ਸਾਨੂੰ ਕੋਈ ਸਰਕਾਰ ਕੋਈ ਨਿਜ਼ਾਮ ਹਰਾ ਨਹੀਂ ਸਕਦਾ, ਜਿੱਤ ਸਾਡੇ ਕਦਮ ਚੁੰਮੇਗੀ।

ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨਾਲ 16 ਜਨਵਰੀ ਤੋਂ ਆਰੰਭ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੇ ਇਸ ਸੰਘਰਸ਼ ਵਿਚ ਸਾਨੂੰ ਹੁਣ ਤੱਕ ਘਾਟ ਰਹੀ ਹੈ ਕਿ ਸਾਡੀ ਗੱਲ ਲੋਕਾਂ ਤੱਕ ਨਹੀਂ ਪਹੁੰਚ ਰਹੀ, ਲੇਕਿਨ ਪਰਸੋਂ ਦਿੱਲੀ ਦੇ ਰਕਾਬ ਗੰਜ ਸਾਹਿਬ ਤੋਂ ਜੰਤਰ ਮੰਤਰ ਤੱਕ ਦੇ ਬੰਦੀ ਸਿੰਘ ਰਿਹਾਈ ਮਾਰਚ ਨੂੰ ਪ੍ਰੈਸ ਨੇ ਬੜੀ ਗੰਭੀਰਤਾ ਨਾਲ ਲਿਆ ਹੈ ਅਤੇ ਕੱਲ ਦੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਨੇ ਸਮੁੱਚੇ ਸਿੱਖ ਪੰਥ ਨੂੰ ਜਾਗਰੂਕ ਕਰ ਦਿੱਤਾ ਹੈ। ਸਾਡੇ ਸਾਰੇ ਸੰਘਰਸ਼ੀ ਯੋਧਿਆਂ ਨੂੰ ਪ੍ਰੈਸ ਦੀ ਇਸ ਭੂਮਿਕਾ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਅਤੇ ਹਮੇਸ਼ਾ ਪ੍ਰੈਸ ਨੂੰ ਸਤਿਕਾਰ ਦੇ ਕੇ ਆਪਣੇ ਨਾਲ ਖੜੇ ਰੱਖਣਾ ਚਾਹੀਦਾ ਹੈ, ਜਿਸ ਨਾਲ ਸਾਡੀ ਆਵਾਜ਼ ਪੂਰੀ ਦੁਨੀਆਂ ਵਿੱਚ ਇੱਕ ਬੁਲੰਦ ਆਵਾਜ਼ ਬਣਕੇ ਗੂੰਜਦੀ ਰਹੇ। ਗੁਰੂ ਰਾਖਾ!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top