[http://www.khalsanews.org/top.html]

 Share on Facebook

Main News Page

ਸਿੱਖ ਰਹਿਤ ਮਰਯਾਦਾ ਦਾ ਖਰੜਾ ਕਿਵੇਂ ਬਣਿਆ ? (ਆਖਰੀ ਭਾਗ)
-: ਪ੍ਰੋ. ਕਸ਼ਮੀਰਾ ਸਿੰਘ USA

<< ਪਿਛਲਾ ਅੰਕ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>

ਧਾਰਮਿਕ ਸਲਾਹਕਾਰ ਕਮੇਟੀ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਹੋਏ-

ਜਥੇਦਾਰ ਮੋਹਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਅੱਛਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਪ੍ਰੋ: ਤੇਜਾ ਸਿੰਘ ਐੱਮ. ਏ. ਖ਼ਾਲਸਾ ਕਾਲਜ ਅੰਮ੍ਰਿਤਸਰ ਕਨਵੀਨਰ, ਸ੍ਰ: ਗੰਗਾ ਸਿੰਘ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਗਿਆਨੀ ਲਾਲ ਸਿੰਘ ਐੱਮ. ਏ. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਪ੍ਰੋ: ਸ਼ੇਰ ਸਿੰਘ।

ਐੱਮ. ਐੱਸ ਸੀ. ਸਰਕਾਰੀ ਕਾਲਜ ਲੁਧਿਆਣਾ, ਬਾਵਾ ਪ੍ਰੇਮ ਸਿੰਘ ਹੋਤੀ ਇਤਿਹਾਸਕਾਰ ਅਤੇ ਗਿਆਨੀ ਬਾਦਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੜ।

ਨੋਟ:
ਧਾਰਮਿਕ ਸਲਾਹਕਾਰ ਕਮੇਟੀ ਵਲੋਂ ਸੰਨ 1945 ਵਿੱਚ ਖਰੜੇ ਵਿੱਚ ਕੀਤੇ ਵਾਧੇ ਘਾਟਿਆਂ ਸਮੇਂ ਭਾਈ ਕਾਨ੍ਹ ਸਿੰਘ ਨਾਭਾ (ਸੰਨ 1861-1938) ਚੜ੍ਹਾਈ ਕਰ ਚੁੱਕੇ ਸਨ। ਉਸ ਸਮੇਂ 25 ਮੈਂਬਰੀ ਸਬ-ਕਮੇਟੀ ਦੇ ਅਤੇ ਹੋਰ ਪਹਿਲਾਂ ਸਮਾਗਮਾਂ ਵਿੱਚ ਭਾਗ ਲੈ ਚੁੱਕੇ ਹੇਠ ਲਿਖੇ ਮੈਂਬਰ ਸਹੀ ਸਲਾਮਤ ਸਨ ਜਿਨ੍ਹਾਂ ਨੂੰ ਧਾਰਮਿਕ ਸਲਾਹਕਾਰ ਕਮੇਟੀ ਤੋਂ ਦੂਰ ਰੱਖਿਆ ਗਿਆ-

ਭਾਈ ਵੀਰ ਸਿੰਘ (ਸੰਨ 1872-1957), ਭਾਈ ਰਣਧੀਰ ਸਿੰਘ (ਸੰਨ 1878-1961), ਬਾਵਾ ਹਰਕਿਸ਼ਨ ਸਿੰਘ ਪ੍ਰਿੰਸੀਪਲ (ਸੰਨ 1892-1978), ਅਕਾਲੀ ਕੌਰ ਸਿੰਘ (ਸੰਨ 1886-1953), ਗਿਆਨੀ ਹੀਰਾ ਸਿੰਘ ਦਰਦ (ਸੰਨ 1889-1965), ਕਰਤਾਰ ਸਿੰਘ ਦਾਖਾ (ਸੰਨ 1888-1958) ਅਤੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ (ਸੰਨ 1899-1976) ਆਦਿਕ।

ਸੰਨ 1945 ਵਿੱਚ ਧਾਰਮਿਕ ਸਲਾਹਕਾਰ ਕਮੇਟੀ ਵਲੋਂ ਕੀਤੀ ਗਈ ਇਕ ਤਬਦੀਲੀ ਇਸ ਤਰ੍ਹਾਂ ਹੈ-

ਸੰਨ 1936 ਤਕ ਪ੍ਰਵਾਨ ਹੋਏ ਖਰੜੇ ਵਿੱਚ ਪੰਨਾਂ ਨੰਬਰ 7 ਉੱਤੇ ਲਿਖਿਆ ਸੀ-

‘ਭੋਗ (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਪਾਇਆ ਜਾਵੇ’।

ਸੰਨ 1945 ਵਿੱਚ ਧਾਰਮਿਕ ਸਲਾਹਕਾਰ ਕਮੇਟੀ ਨੇ ਬਦਲ ਕੇ ਲਿਖਿਆ-

‘ਭੋਗ- (ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਣ ਜਾਂ ਅਖੰਡਪਾਠ) ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗ ਮਾਲ਼ਾ ਪੜ੍ਹ ਕੇ ਚੱਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ’। {ਸ੍ਰ: ਮਦਨ ਸਿੰਘ ਬਰਮਿੰਘਮ ਦੇ ਲੇਖ ‘RAAG MAALAA re-appraisal in the context of Sh. Guru Granth Sahib. ਵਿੱਚੋਂ। ਇਸ ਤੱਥ ਦਾ ਜ਼ਿਕਰ ਡਾ: ਗੁਰਸ਼ਰਣ ਸਿੰਘ ਨੇ ਵੀ ਆਪਣੀ ਪੁਸਤਕ ‘ਗੁਰਮਤ ਨਿਰਣੈ’ ਵਿੱਚ ਕੀਤਾ ਹੈ}।

ਤੱਤ ਸਾਰ: ਧਾਰਮਿਕ ਸਲਾਹਕਾਰ ਕਮੇਟੀ ਦੇ ਵਿਦਵਾਨਾਂ ਦੀਆਂ ਅੱਖਾਂ ਵਿੱਚੋਂ ਰਹਿਤ ਮਰਯਾਦਾ ਦੇ ਖਰੜੇ ਦਾ ਅੱਖਰ ਅੱਖਰ ਲੰਘਿਆ ਹੋਵੇਗਾ। ਕਰੀਬ 14 ਸਾਲ ਖਰੜੇ ਵਿੱਚ ਕੀ ਕੀ ਬਦਲਿਆ ਗਿਆ ਤੇ 25 ਮੈਂਬਰੀ ਕਮੇਟੀ ਨੇ ਕਿੱਸ ਰੂਪ ਵਿੱਚ ਇਹ ਸ਼੍ਰੋ: ਕਮੇਟੀ ਨੂੰ ਪੇਸ਼ ਕੀਤਾ ਸੀ ਇਸ ਦਾ ਕੋਈ ਜ਼ਿਕਰ ਨਹੀਂ ਮਿਲ਼ਦਾ।

ਕੁਝ ਵੀ ਹੋਵੇ- ਧਾਰਮਿਕ ਸਲਾਹਕਾਰ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਕੀ ਇਹ ਪਤਾ ਨਹੀਂ ਲੱਗਾ ਕਿ ਖਰੜੇ ਵਿੱਚ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਸੋਚ ਦੇ ਵਿਰੁੱਧ ਕੁਝ ਬਿਪਰਵਾਦੀ ਤੇ ਸਨਾਤਨੀ ਅੰਸ਼ ਘੁਸਪੈਠ ਕਰ ਚੁੱਕੇ ਹਨ ਜਾਂ ਉਨ੍ਹਾ ਰਾਹੀਂ ਸ਼ਾਮਲ ਕੀਤੇ ਜਾ ਰਹੇ ਹਨ? ਇਨ੍ਹਾਂ ਅੰਸ਼ਾਂ ਨੂੰ ਖਰੜੇ ਵਿੱਚੋਂ ਬਾਹਰ ਕੱਢਣਾਂ ਇਸ ਆਖ਼ਰੀ ਸੁਧਾਰ ਕਮੇਟੀ ਦੇ ਪ੍ਰਮੁੱਖ ਤੇ ਚੋਟੀ ਦੇ ਸਿੱਖ ਵਿਦਵਾਨਾਂ ਦਾ ਮੁੱਢਲਾ ਫ਼ਰਜ਼ ਬਣਦਾ ਸੀ।

ਧਾਰਮਿਕ ਸਲਾਹਕਾਰ ਕਮੇਟੀ ਵਿੱਚ ਸ਼ਾਮਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ, ਵਿਦਿਆਰਥੀਆਂ ਨੂੰ ਧਾਰਮਿਕ ਵਿੱਦਿਆ ਦੇਣ ਵਾਲ਼ੇ ਵਿਦਵਾਨ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਨੂੰ ਵੀ ਇਹ ਨਾ ਪਤਾ ਲੱਗਾ ਕਿ ਦੁਰਗਾ ਪੂਜਾ ਦੀਆਂ ਕੁਝ ਰਚਨਾਵਾਂ ਖਰੜੇ ਵਿੱਚ ਸ਼ਾਮਲ ਹੋ ਗਈਆਂ ਹਨ ਜੋ ਕੌੰਮ ਦਾ ਵੱਡਾ ਨੁਕਸਾਨ ਕਰਨਗੀਆਂ? ਏਡੀਆਂ ਵੱਡੀਆਂ ਸੰਸਥਾਵਾਂ ਦੇ ਏਡੇ ਵੱਡੇ ਵਿਦਵਾਨ ਵੀ ਬਿਪਰਵਾਦੀ ਸੋਚ ਅੱਗੇ ਗੋਡੇ ਟੇਕ ਗਏ! ਬੜੀ ਨਮੋਸ਼ੀ ਹੁੰਦੀ ਹੈ।

ਅਫ਼ਸੋਸ ਕਿ ਕਮੇਟੀ ਵਿੱਚ ਸ਼ਾਮਲ ਹੋਏ ਕਿਸੇ ਵੀ ਸਿੱਖ ਵਿਦਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੋਈ ਰਾਇ ਨਹੀਂ ਲਈ ਕਿ ਖਰੜੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਅਣਭੋਲ਼ੇ ਹੀ ਬਾਣੀ ਸਮਝ ਕੇ ਸ਼ਾਮਲ ਕੀਤੇ ਵਾਧੂ ਅੰਸ਼ ਗੁਰ-ਸੋਚ ਅਥਵਾ ਸਿੱਖੀ ਵਿਚਾਰਧਾਰਾ ਅਨੁਸਾਰ ਹਨ ਜਾਂ ਨਹੀਂ। ਏਥੇ ਸਿੱਖੀ ਵਿਚਾਰਧਾਰਾ ਦੀਆਂ ਵਿਰੋਧੀ ਸ਼ਕਤੀਆਂ ਸਿੱਖ ਵਿਦਵਾਨਾਂ ਦੇ ਅੱਖੀ ਘੱਟਾ ਪਾ ਕੇ ਉਨ੍ਹਾਂ ਦੀ ਲਯਾਕ਼ਤ ਨੂੰ ਵੀ ਮਾਤ ਪਾ ਗਈਆਂ। ਕੌਮ ਦੇ ਆਗੂ ਸਿੱਖ ਵਿਦਵਾਨਾਂ ਦੇ ਹੱਥੋਂ ਗੁਆਚੇ ਇਹ ਸੁਨਹਿਰੀ ਪਲ ਸਿੱਖ ਕੌਮ ਲਈ ਮਨਹੂਸ ਪਲ ਬਣ ਕੇ ਰਹਿ ਗਏ, ਪਰ ਦੁਜੇ ਪਾਸੇ ਬਿਪਰਵਾਦੀ ਤੇ ਸਨਾਤਨੀ ਸੋਚ ਵਾਲ਼ਿਆਂ ਨੇ ਖਰੜੇ ਵਿੱਚ ਸ਼ਾਮਲ ਹੋਈਆਂ ਬਿਪਰਵਾਦੀ ਰਚਨਾਵਾਂ ਨੂੰ ਦੇਖ ਆਪਣੀ ਸੋਚ ਦੀ ਹੋਈ ਜਿੱਤ ਵਜੋਂ ਜ਼ਰੂਰ ਹੀ ਖ਼ੁਸ਼ੀ ਵਿੱਚ ਲੱਡੂ ਵੰਡੇ ਹੋਣਗੇ। {ਅਜਿਹੀਆਂ ਸੰਸਥਾਵਾਂ ਹੁਣ ਵੀ ਚੁੱਪ ਕਰਕੇ ਨਹੀਂ ਬੈਠੀਆਂ। ਸਿੱਖਾਂ ਨੂੰ ਹਿੰਦੂ ਮੱਤ ਵਿੱਚ ਜਜ਼ਬ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਸਿੱਖ ਰੀਤਾਂ ਰਸਮਾਂ ਨੂੰ ਹਿੰਦੂ ਮੱਤ ਦੀ ਪੁੱਠ ਚਾੜ੍ਹੀ ਜਾ ਰਹੀ ਹੈ। ਸਿੱਖਾਂ ਦੀਆਂ ਚੋਟੀ ਦੀਆਂ ਅਗਵਾਈ ਕਰਤਾ ਸੰਸਥਾਵਾਂ ਬਿਪਰਵਾਦੀ ਸੋਚ ਦੀਆਂ ਗ਼ੁਲਾਮ ਹੋ ਚੁੱਕੀਆਂ ਹਨ।}

ਸਿੱਖ ਕੌਮ ਇਸ ਤਰ੍ਹਾਂ ਬਣਾਏ ਖਰੜੇ ਨੂੰ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਸੱਚੇ ਪਿਤਾ ਨੂੰ ਛੱਡ ਕੇ ਅਣਭੋਲ਼ੇ ਹੀ ਕਿਸੇ ਦੂਜੇ ਖ਼ਸਮ (ਦਸ਼ਮ ਗ੍ਰੰਥ) ਨਾਲ਼ ਪਿਆਰ ਪਉਣ ਲੱਗ ਪਈ, ਜਿਸ ਦੀਆਂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਵਾਲ਼ੀਆਂ ਰਚਨਾਵਾਂ ਨੂੰ ਸਿੱਖਾਂ ਦੇ ਗਲ਼ੀਂ ਮੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਿੱਖੀ ਵਿਚਾਰਧਾਰਾ ਦਾ ਘਾਣ ਕਰ ਦਿੱਤਾ ਗਿਆ।

ਸਮੇਂ ਦੀ ਲੋੜ ਹੈ ਕਿ ਸਿੱਖ ਕੌਮ ਕੇਵਲ ਆਪਣੇ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ (ਰਾਗਮਾਲ਼ਾ ਨੂੰ ਛੱਡ) ਤੋਂ ਬਿਨਾਂ, ਗਲ਼ ਪਈਆਂ ਹੋਰ ਕੱਚੀਆਂ ਰਚਨਾਵਾਂ ਨੂੰ ਪੜ੍ਹਨਾ ਛੱਡ ਕੇ ਬਿੱਪਰਵਾਦ ਦੇ ਕੀਤੇ ਹਮਲੇ ਤੋਂ ਆਪਣਾ ਬਚਾਅ ਆਪ ਕਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁੱਚੀ ਵਿਚਾਰਧਾਰਾ ਨੂ ਮੁੜ ਸਮਰਪਿਤ ਹੋਵੇ।

ਵਿਚਾਰ ਅਧੀਨ ਖਰੜੇ ਵਿਚ ਸ਼ਾਮਲ ਬਿਪਰਵਾਦੀ ਜਾਂ ਸਨਾਤਨੀ ਅੰਸ਼ਾਂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲ਼ਟ) ਵਿੱਚ ਸਵੇਰ ਅਤੇ ਸ਼ਾਮ ਦੇ ਨਿੱਤ-ਨੇਮ (ਧੰਨੁ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਵਲੋਂ ਬਖ਼ਸ਼ਸ਼ ਕੀਤੇ ਨਿੱਤ-ਨੇਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ) ਵਿੱਚ ਜੋੜੀਆਂ ਵਾਧੂ ਰਚਨਾਵਾਂ ਅਤੇ ਅਰਦਾਸਿ ਵਿੱਚ ਸ਼ਾਮਲ ਕੀਤੀ ‘ਵਾਰ ਦੁਰਗਾ ਕੀ’ ਦੀ ਦੁਰਗਾ ਦੇ ਪਾਠ ਵਾਲ਼ੀ ਪਹਿਲੀ ਪਉੜੀ ਸ਼ਾਮਲ ਹੈ।

ਨੋਟ: ਖਰੜਾ ਕੇਵਲ ਸ਼੍ਰੋ: ਕਮੁਟੀ ਵਲੋਂ ਪ੍ਰਵਾਨ ਹੀ ਕੀਤਾ ਗਿਆ ਸੀ। ਇਸ ਨੂੰ ਸਿੱਖਾਂ ਵਾਸਤੇ ਕਿਸੇ ਆਦੇਸ਼ ਨਾਲ਼ ਕਿਸੇ ਸੰਸਥਾ ਵਲੋਂ ਲਾਗੂ ਨਹੀਂ ਕੀਤਾ ਗਿਆ। ਕਿਸੇ ਸੰਸਥਾ ਨੇ ਇਸ ਨੂੰ ਆਪ ਹੀ ਅਪਨਾਇਆ ਹੈ ਤੇ ਕਿਸੇ ਨੇ ਆਪ ਹੀ ਇਸ ਨੂੰ ਰੱਦ ਕਰ ਕੇ ਆਪਣੀ ਨਵੀਂ ਮਰਯਾਦਾ ਬਣਾਈ ਹੋਈ ਹੈ। ਮੰਨਣ ਵਾਲ਼ੇ ਅਤੇ ਰੱਦ ਕਰਨ ਵਾਲ਼ੇ ਸਾਰੇ ਹੀ ਕੰਮ ਚਲਾ ਰਹੇ ਹਨ। ਜੋ ਕੁੱਝ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲ਼ਟ ਹੈ ਉਸ ਨੂੰ ਰੱਦ ਕਰਨ ਵਿੱਚ ਹੀ ਸਿੱਖਾਂ ਦਾ ਭਲਾ ਹੈ। ਸਿੱਖ ਲਈ ਗੁਰੂ ਸੱਭ ਤੋਂ ਪਹਿਲਾਂ ਤੇ ਮਹਾਨ ਹੈ, ਬਾਕੀ ਸੱਭ ਕਮੇਟੀਆਂ ਤੇ ਅਹੁਦੇਦਾਰਾਂ ਦੀ ਸੋਚ ਗੁਰੂ ਦੀ ਸੋਚ ਤੋਂ ਕਦੇ ਉੱਚੀ ਨਹੀਂ ਮੰਨੀ ਜਾ ਸਕਦੀ ਤੇ ਨਾਂ ਹੀ ਉੱਚੀ ਹੁੰਦੀ ਹੈ। ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਇੱਕੋ ਇੱਕ ਤੇ ਅਟੱਲ ਗੁਰੂ ਹੈ ਜੋ ਦਸਾਂ ਗੁਰੂ ਪਾਤਿਸ਼ਾਹਾਂ ਜੀ ਜੋਤਿ ਹੈ, ਦੇਹ ਨਹੀਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top