Share on Facebook

Main News Page

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਤੋਂ ਖਾਰਜ ਕੀਤੇ ਨਿਰੰਕਾਰੀ; ਅਕਾਲੀਆਂ ਦੀ ਮਦਦ ਨਾਲ ਪਿੰਡਾਂ ਵਿੱਚ ਬੇਖੌਫ਼ ਹੋ ਕੇ ਕਰਨ ਲੱਗੇ ਪ੍ਰੋਗਰਾਮ

* ਲਾਗਲੇ ਪਿੰਡ ਤਿਉਣਾ ਵਿੱਚ ਚੇਤਨਾ ਮਾਰਚ ਦੌਰਾਨ ਸਕੂਲੀ ਬੱਚਿਆਂ ਨੂੰ ਵੀ ਕੀਤਾ ਸ਼ਾਮਲ
* ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਇਸ ਲਈ ਜਥੇਦਾਰ ਨੂੰ ਇਸਦਾ ਜਲਦ ਨੋਟਿਸ ਲੈਣਾ ਚਾਹੀਦਾ ਹੈ : ਬਾਬਾ ਹਰਦੀਪ ਸਿੰਘ

ਬਠਿੰਡਾ, 30 ਜੁਲਾਈ (ਕਿਰਪਾਲ ਸਿੰਘ) : 1978 ਵਿੱਚ ਸਿੱਖਾਂ ਨਾਲ ਸਿੱਧੀ ਟੱਕਰ ਲੈਣ ਵਾਲੇ ਅਤੇ ਉਸ ਤੋਂ ਬਾਅਦ ਆਪਣੇ ਸਤਸੰਗ ਘਰਾਂ ਨੂੰ ਸੰਗਲ ਲਾ ਕੇ ਬੰਦ ਰੱਖਣ ਵਾਲੇ ਅਖੌਤੀ ਨਿਰੰਕਾਰੀਏ ਵੀ ਅੱਜ ਕਲ੍ਹ ਬੇਖੌਫ ਪਿੰਡਾਂ ਵਿੱਚ ਸਮਾਗਮ ਕਰਨ ਲੱਗੇ ਹਨ ਤੇ ਲੋਕਾਂ ਨੂੰ ਸਮਾਜ ਸੇਵੀ ਹੋਣ ਦਾ ਢੌਂਗ ਦਿਖਾਉਣ ਲੱਗੇ ਹਨ। 1978 ਵਿੱਚ ਇਨ੍ਹਾਂ ਅਖੌਤੀ ਨਿਰੰਕਾਰੀਆਂ ਨਾਲ ਟੱਕਰ ਹੋਣ ਦੌਰਾਨ 17 ਸਿੱਖ ਕਤਲ ਹੋਣ ਤੋਂ ਬਾਅਦ ਹੀ ਪੰਜਾਬ ਨੂੰ ਅੱਗ ਲੱਗੀ ਸੀ ਤੇ ਕਰੀਬ 13 ਸਾਲ ਪੰਜਾਬ ਅੱਗ ਦੀ ਭੱਠੀ ਵਿੱਚ ਤਪਦਾ ਰਿਹਾ ਤੇ ਹਜਾਰਾਂ ਹੀ ਬੇਕਸੂਰ ਲੋਕ ਅਤੇ ਨੌਜਵਾਨ, ਪੁਲਿਸ ਜਵਾਨ ਇਸ ਅੱਗ ਦੇ ਸੇਕ ਨਾਲ ਝੁਲਸੇ ਗਏ। ਹੁਣ ਇੱਕ ਵਾਰ ਫਿਰ ਇਹ ਨਿਰੰਕਾਰੀਏ ਸਿੱਖਾਂ ਨੂੰ ਚਿੜਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਕਹਿਣ ਨੂੰ ਤਾਂ ਇਹ ਸਮਾਜ ਸੇਵਾ ਕਰ ਰਹੇ ਹਨ ਤੇ ਖੂਨਦਾਨ ਕੈਂਪ ਲਗਾ ਰਹੇ ਹਨ, ਪਰ ਇਸਦੀ ਆੜ ਵਿੱਚ ਸਕੂਲੀ ਬੱਚਿਆਂ ਨੂੰ ਸਮਾਗਮਾਂ ਵਿੱਚ ਸ਼ਾਮਲ ਕਰਕੇ ਦੇਹ ਪੂਜਾ ਸਮੇਤ ਹੋਰ ਕਈ ਤਰ੍ਹਾਂ ਦੇ ਪਾਖੰਡ ਦੇ ਪਾਠ ਪੜ੍ਹਾ ਰਹੇ ਹਨ। ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਸਭ ਕੁੱਝ ਜਾਣਦੇ ਹੋਏ ਵੀ ਇਨ੍ਹਾਂ ਦਾ ਖੁੱਲ੍ਹਮ ਖੁੱਲ੍ਹਾ ਸਾਥ ਦੇ ਰਹੇ ਹਨ। ਅੱਜ ਪਿੰਡ ਤਿਉਣਾ ਵਿੱਚ ਇਨ੍ਹਾਂ ਨੇ ਚੇਤਨਾ ਮਾਰਚ ਕੱਢਿਆ ਜਿਸ ਵਿੱਚ ਅਕਾਲੀ ਦਲ ਨਾਲ ਸਬੰਧਤ ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਗੁਰਚਰਨ ਸਿੰਘ ਅਤੇ ਸਰਪੰਚ ਚਾਨਣ ਸਿੰਘ ਦੇ ਸ਼ਮੂਲੀਅਤ ਅਤੇ ਪੂਰਨ ਸਹਿਯੋਗ ਦੀ ਗੱਲ ਕਹੀ ਜਾ ਰਹੀ ਹੈ। ਹੁਣ ਆਗਾਮੀ 1 ਅਗਸਤ ਨੂੰ ਪਿੰਡ ਤਿਉਣਾ ਵਿਖੇ ਹੀ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਮਾਲਵੇ ਦੇ ਉੱਘੇ ਧਾਰਮਿਕ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ 13 ਅਪਰੈਲ 1978 ਦਾ ਸਾਕਾ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਖੌਤੀ ਨਿਰੰਕਾਰੀਆਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਅਤੇ ਇਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਮਿਲਵਰਤਣ ਨਾ ਰੱਖਣ ਦਾ ਹੁਕਮਨਾਮਾ ਜਾਰੀ ਹੋਣ ਕਾਰਣ ਅੱਜ ਤੱਕ ਕਿਸੇ ਵੀ ਤਰ੍ਹਾਂ ਇਨ੍ਹਾਂ ਨਾਲ ਕਿਸੇ ਸਿੱਖ ਨੇ ਸਾਂਝ ਨਹੀਂ ਰੱਖੀ ਪਰ ਹੁਣ ਅਚਾਨਕ ਪਿੰਡਾਂ ਵਿੱਚ ਇੱਨ੍ਹਾਂ ਦੇ ਸਮਾਗਮ ਕਰਵਾਉਣੇ ਮੰਦਭਾਗੇ ਹਨ ਤੇ ਪੰਜਾਬ ਵਿੱਚ ਹਾਲਾਤ ਖਰਾਬ ਕਰਵਾਉਣ ਦੀ ਮੰਸ਼ਾ ਨਾਲ ਕਰਵਾਏ ਜਾ ਰਹੇ ਹਨ, ਜਿਸਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਆਪਣੇ ਘੁਰਨਿਆਂ ਵਿੱਚ ਹੀ ਬੰਦ ਕਰ ਦੇਣਾ ਚਾਹੀਦਾ ਹੈ। ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਵਾਰ ਵਾਰ ਕੋਸ਼ਿਸ਼ ਕਰਨ ਤੇ ਵੀ ਸੰਪਰਕ ਨਹੀਂ ਹੋ ਸਕਿਆ।


ਟਿੱਪਣੀ: ਅਕਾਲ ਤਖ਼ਤ 'ਤੇ ਕਾਬਿਜ਼ ਪੱਪੂ ਪਾਂਡੇ ਤੇ ਅਵਤਾਰ ਮੱਕਾਰ ਉਸ ਗੱਦਾਰ-ਏ-ਕੌਮ ਦੇ ਝਾੜੂਬਰਦਾਰ ਹਨ, ਜਿਸਨੇ ਆਪ ਹੀ 1978 'ਚ ਨਰਕਧਾਰੀ ਗੁਰਬਚਨ ਸਿੰਘ ਨੂੰ ਪੰਜਾਬ ਤੋਂ ਦਿੱਲੀ ਜਾਣ ਦਾ ਰਾਹ ਪੱਧਰਾ ਕੀਤਾ ਸੀ, ਕਿਨ੍ਹਾਂ ਕੋਲੋਂ ਆਸਾਂ ਲਾਈਆਂ ਹਨ?

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top