Share on Facebook

Main News Page

ਆਰ.ਐਸ.ਐਸ. ਦੇਸ਼ ਤੇ ਦੁਨੀਆਂ ਨੂੰ ‘ਹਿੰਦੂ’ ਬਣਾਉਣ ਦੇ ਦਮਗੱਜੇ ਕਿਉਂ ਮਾਰਨ ਲੱਗ ਪਈ ਹੈ ?
-: ਨਿਮਰਤ ਕੌਰ

ਅਸ਼ੋਕ ਸਿੰਘਲ ਨੇ ਬਿਆਨ ਦਿਤਾ ਹੈ ਕਿ 2020 ਤਕ ਪੂਰਾ ਭਾਰਤ ਹਿੰਦੂ ਰਾਸ਼ਟਰ ਬਣ ਜਾਵੇਗਾ। ਉਨ੍ਹਾਂ ਭਾਜਪਾ ਦੇ ਸੱਤਾ ਵਿਚ ਆਉਣ ਨੂੰ ਇਕ ਕ੍ਰਾਂਤੀ ਦਾ ਨਾਮ ਦਿਤਾ। ਉਨ੍ਹਾਂ ਦੇ ਪਿਛਲੇ ਕੁੱਝ ਮਹੀਨਿਆਂ ਦੇ ਬਿਆਨਾਂ ਤੋਂ, ਉਨ੍ਹਾਂ ਦੀ ਕ੍ਰਾਂਤੀ ਦੇ ਤਰੀਕਿਆਂ ਤੇ ਵੀ ਰੋਸ਼ਨੀ ਪੈਂਦੀ ਹੈ। ਸਿੰਘਲ ਨੇ ਧਮਕੀ ਦਿਤੀ ਹੈ ਕਿ ਜੇ ਰਾਮ ਮੰਦਰ ਦੀ ਅਯੋਧਿਆ ਵਿਚ ਉਸਾਰੀ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਹੋਰ ਮਸਜਿਦਾਂ ਨੂੰ ਮੰਦਰਾਂ ਵਿਚ ਤਬਦੀਲ ਕਰ ਦਿਤਾ ਜਾਏਗਾ। ਉਨ੍ਹਾਂ ਦੀ ਇਸ ਕ੍ਰਾਂਤੀ ਬਾਰੇ ਮੋਹਨ ਭਾਗਵਤ ਨੇ ਵੀ ਬਿਆਨ ਦਿਤਾ ਹੈ ਕਿ ”ਭਾਰਤ ਹਿੰਦੂਆਂ ਦਾ ਦੇਸ਼ ਹੈ। ਅਸੀ ਜੋ ਕੁੱਝ ਗਵਾ ਬੈਠੇ ਹਾਂ, ਉਸ ਨੂੰ ਵਾਪਸ ਜ਼ਰੂਰ ਲਵਾਂਗੇ। ਜਿਨ੍ਹਾਂ ਨੇ ਦੂਜਾ ਧਰਮ ਅਪਣਾਇਆ ਹੈ, ਉਨ੍ਹਾਂ ਨੂੰ ਜਬਰ ਨਾਲ ਵਾਪਸ ਹਿੰਦੂ ਬਣਾਵਾਂਗੇ।” ਭਾਗਵਤ ਦਾ ਸੁਪਨਾ ਹੈ ਕਿ ਭਾਰਤ ਇਕ ਭਾਸ਼ਾ ਬੋਲੇਗਾ, ਇਕ ਧਰਮ ਤੇ ਇਕ ਭਗਵਾਨ ਨੂੰ ਪੂਜੇਗਾ।

ਆਰ.ਐਸ.ਐਸ. ਦੀ ਸੋਚ ਇਸ ਵਕਤ ਇਹ ਕਹਿੰਦੀ ਹੈ ਕਿ ਭਾਜਪਾ ਦੀ ਜਿੱਤ ਨੇ ਮੁਸਲਮਾਨਾਂ ਦੇ 900 ਸਾਲ ਦੇ ਰਾਜ ਦਾ ਅੰਤ ਕਰ ਦਿਤਾ ਹੈ। ਲਗਦਾ ਹੈ, ਇਨ੍ਹਾਂ ਦਾ ਇਤਿਹਾਸ ਬੜਾ ਕਮਜ਼ੋਰ ਹੈ। ਮੁਸਲਮਾਨ ਰਾਜ ਦਾ ਅੰਤ ਹੋਏ ਨੂੰ ਕਈ ਸਦੀਆਂ ਬੀਤ ਗਈਆਂ ਹਨ। ਆਖ਼ਰੀ ਮੁਸਲਿਮ ਬਾਦਸ਼ਾਹ ਬਹਾਦਰਸ਼ਾਹ ਜ਼ਫ਼ਰ ਦੇ ਪ੍ਰਵਾਰ ਦੀ ਪੋਤ-ਨੂੰਹ ਰਹਿ ਗਈ ਹੈ ਜੋ ਸਰਕਾਰ ਕੋਲੋਂ 200 ਰੁਪਏ ਦੀ ਪੈਨਸ਼ਨ ਲੈ ਕੇ ਕਲਕੱਤਾ ਦੇ ਬਾਹਰ ਝੋਂਪੜੀ ਵਿਚ ਅਪਣੇ 6 ਬੱਚਿਆਂ ਨਾਲ ਰਹਿੰਦੀ ਹੈ। ਕਿਸੇ ਸਮੇਂ ਮਹਿਲਾਂ ਵਿਚ ਰਹਿਣ ਵਾਲਾ ਪ੍ਰਵਾਰ ਹੁਣ ਦੋ ਕਮਰਿਆਂ ਵਿਚ ਰਹਿੰਦਾ ਹੈ। ਉਹ ਅਪਣੇ ਪੁਰਖਿਆਂ ਵਲੋਂ ਸਿੱਖਾਂ ਤੇ ਹਿੰਦੂਆਂ ਉਤੇ ਕੀਤੇ ਗਏ ਜ਼ੁਲਮਾਂ ਲਈ ਮਾਫ਼ੀ ਮੰਗਣ ਲਈ ਦੋਹਾਂ ਧਰਮ ਦੇ ਮੰਦਰਾਂ ਤੇ ਗੁਰਦਵਾਰਿਆਂ ਵਿਚ ਜਾ ਚੁੱਕੀ ਹੈ। ਰਹੀ ਗੱਲ ਭਾਰਤ ਦੇ 12 ਕਰੋੜ ਮੁਸਲਮਾਨਾਂ ਦੀ, ਆਜ਼ਾਦੀ ਤੋਂ ਬਾਅਦ ਉਨ੍ਹਾਂ ਨਾਲ ਹਰ ਤਰ੍ਹਾਂ ਦਾ ਵਿਤਕਰਾ ਕੀਤਾ ਗਿਆ ਹੈ। 52 ਫ਼ੀ ਸਦੀ ਤੋਂ ਵੱਧ ਮੁਸਲਮਾਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। 50 ਫ਼ੀ ਸਦੀ ਤੋਂ ਵੱਧ ਅਨਪੜ੍ਹ ਹਨ। ਹੁਣ ਮਦਰੱਸਿਆਂ ਨੂੰ ਬੰਦ ਕਰ ਦੇਣ ਨਾਲ ਅਨਪੜ੍ਹਤਾ ਦੇ ਅੰਕੜਿਆਂ ਵਿਚ ਵਾਧਾ ਹੀ ਹੋਵੇਗਾ। ਸਿਰਫ਼ 1.6 ਫ਼ੀ ਸਦੀ ਮੁਸਲਮਾਨ ਹੀ ਕਾਲਜ ਤਕ ਪਹੁੰਚ ਪਾਉਂਦੇ ਹਨ। ਕੇਵਲ 4.4 ਫ਼ੀ ਸਦੀ ਨੂੰ ਸਰਕਾਰੀ ਨੌਕਰੀ ਨਸੀਬ ਹੁੰਦੀ ਹੈ।

ਕਿਸ ਨਫ਼ਰਤ ਦੀ ਸਿਆਸਤ ਵਿਚ ਭਾਰਤ ਨੂੰ ਧਕੇਲਿਆ ਜਾ ਰਿਹਾ ਹੈ? ਆਜ਼ਾਦੀ ਤੋਂ ਬਾਅਦ ਦਾ ਕਾਂਗਰਸ ਦਾ ਰਾਜ ਵੀ ਘੱਟ-ਗਿਣਤੀਆਂ ਵਾਸਤੇ ਕੋਈ ਵਿਕਾਸ ਦਾ ਸਮਾਂ ਨਹੀਂ ਰਿਹਾ ਪਰ ਹੁਣ ਆਰ.ਐਸ.ਐਸ. ਦੇ ਬੁਲਾਰੇ ਕਿਸ ਕ੍ਰਾਂਤੀ ਵਲ ਭਾਰਤ ਨੂੰ ਧੱਕ ਰਹੇ ਹਨ? ਸਿਮ੍ਰਿਤੀ ਇਰਾਨੀ ਨੇ ਆਰ.ਐਸ.ਐਸ. ਨਾਲ ਪੰਜ ਘੰਟੇ ਬੈਠ ਕੇ ਸਲਾਹ ਕੀਤੀ, ਇਹ ਤੈਅ ਕਰਨ ਲਈ ਕਿ ਕਿਸ ਕਾਰਜਕਰਤਾ ਨੂੰ ਕਿਹੜੀ ਉੱਚ ਵਿਦਿਆ ਦੀ ਸੰਸਥਾ ਸੌਂਪੀ ਜਾਵੇ? ਉਨ੍ਹਾਂ ਸੱਭ ਦੀ ਸਿਆਣਪ ਦਾ ਨਮੂਨਾ, ਗਜਿੰਦਰ ਸਿੰਘ, ਅੱਜ ਦੁਨੀਆਂ ਸਾਹਮਣੇ ਹੈ।

ਭਾਜਪਾ ਦੀ ਨਫ਼ਰਤ ਦੀ ਸਿਆਸਤ ਦਾ ਫੱਲ, ਅਯੋਧਿਆ, ਗੋਦਰਾ ਤੇ ਮੁੰਬਈ ਵਿਚ ਅਸੀ ਵੇਖ ਹੀ ਚੁੱਕੇ ਹਾਂ। ਅਟਾਲੀ ਵਿਚ ਹਜ਼ਾਰਾਂ ਭਾਰਤੀ ਮੁਸਲਮਾਨ ਤੇ ਹਿੰਦੂ, ਨਫ਼ਰਤ ਵਾਲਾ ਜੀਵਨ ਬਤੀਤ ਕਰ ਰਹੇ ਹਨ। ਮੁੰਬਈ ਵਿਚ ਅਸਹਿਣਸ਼ੀਲਤਾ ਇਸ ਕਦਰ ਵੱਧ ਗਈ ਹੈ ਕਿ ਮੁਸਲਮਾਨਾਂ ਨੂੰ ਘਰ ਲੱਭਣ ਵਿਚ ਮੁਸ਼ਕਲ ਆ ਰਹੀ ਹੈ। ਇਫ਼ਤਾਰ ਮਨਾਉਣ ਨੂੰ ਭਾਜਪਾ ਨਾਟਕ ਕਰਾਰ ਦੇਂਦੀ ਹੈ ਤੇ ਪ੍ਰਧਾਨ ਮੰਤਰੀ ਨੇ ਮੁੜ ਤੋਂ ਦੂਜੀ ਵਾਰ ਇਸ ਵਿਚ ਸ਼ਾਮਲ ਨਾ ਹੋਣ ਦਾ ਬਹਾਨਾ ਲੱਭ ਲਿਆ। ਪਾਕਿਸਤਾਨ ਨਾਲ ਸ਼ਾਂਤੀ ਤਾਂ ਦੂਰ ਦੀ ਗੱਲ, ਇਸ ਵਾਰ ਈਦ ਮੌਕੇ ਮਠਿਆਈਆਂ ਦੀ ਥਾਂ ਆਪਸ ਵਿਚ ਗੋਲੀਆਂ ਵੰਡੀਆਂ ਗਈਆਂ।

ਜੇ ਅੱਜ ਮੁੜ ਤੋਂ ਚੋਣਾਂ ਹੋ ਜਾਣ ਤਾਂ ਕੀ ਭਾਜਪਾ ਜਿੱਤ ਜਾਵੇਗੀ? ਭਾਰਤ ਦਾ ਆਮ ਇਨਸਾਨ ਤਰੱਕੀ ਮੰਗਦਾ ਹੈ, ਦੁਨੀਆਂ ਵਿਚ ਸਿਰ ਚੁੱਕ ਕੇ ਅੱਗੇ ਵਧਣਾ ਚਾਹੁੰਦਾ ਹੈ। ਪਰ ਜਿਸ ਤਰ੍ਹਾਂ ਅੱਜ ਦੇਸ਼ ਵਿਚ ਕ੍ਰਾਂਤੀ ਦੀ ਗੱਲ ਕੀਤੀ ਜਾ ਰਹੀ ਹੈ, ਸਾਨੂੰ ਦੁਨੀਆਂ ਇਕ ਪਛੜਿਆ ਹੋਇਆ ਤੇ ਨਫ਼ਰਤ ਦਾ ਮਾਰਿਆ ਦੇਸ਼ ਕਰਾਰ ਕਰ ਦੇਵੇਗੀ। ਐਚ.ਆਰ.ਡੀ. ਮੰਤਰੀ ਆਖਦੀ ਹੈ ਕਿ ਸਾਨੂੰ ਅਪਣੇ ਇਤਿਹਾਸ ‘ਤੇ ਨਾਜ਼ ਹੋਣਾ ਚਾਹੀਦਾ ਹੈ ਪਰ ਫਿਰ ਸਾਡਾ ਇਤਿਹਾਸ ਉਨ੍ਹਾਂ ਤੋਂ ਵੱਖ ਕਿਉਂ ਹੈ? ਸਾਡੇ ਇਤਿਹਾਸ ਵਿਚ ਸਹਿਣਸ਼ੀਲਤਾ, ਮਿਲਾਪ, ਵੱਖ ਵੱਖ ਧਰਮਾਂ ਤੇ ਰਾਜਾਂ ਵਿਚਕਾਰ ਦੋਸਤੀ ਸੀ। ਆਰ.ਐਸ.ਐਸ. ਨੂੰ ਸਿਰਫ਼ ਬਦਲਾ ਤੇ ਨਫ਼ਰਤ ਕਿਉਂ ਨਜ਼ਰ ਆਉਂਦਾ ਹੈ? ਜਿਸ ਭਾਂਡੇ ਵਿਚ ਨਫ਼ਰਤ ਉਬਾਲੇ ਖਾਂਦੀ ਹੋਵੇ, ਉਹ ਭਾਂਡਾ ਵੀ ਮੋਰੀਆਂ ਵਾਲਾ ਬਣ ਜਾਂਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top