Share on Facebook

Main News Page

ਪ੍ਰਿਥਮ ਭਗਉਤੀ” ਜਾਂ “ਪ੍ਰਿਥਮ ਅਕਾਲਪੁਰਖ” - ਦੂਜਾ ਪੱਖ (ਭਾਗ ਦੂਜਾ)
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

* ਲੜ੍ਹੀ ਜੋੜਨ ਲਈ ਪੜ੍ਹੋ: ਭਾਗ ਪਹਿਲਾ, ਭਾਗ ਆਖਰੀ

ਸਵਾਲੀਏ ਵੀਰ ਵਲੋਂ ਅਗਲਾ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਬਾਰੇ

ਉਦਹਾਰਣ ਵਜੋਂ ਅਰਦਾਸ ਤੋਂ ਬਾਅਦ ਪ੍ਹੜੇ ਜਾਣ ਵਾਲੇ ਦੋਹਿਰੇ ਦੇ ਦੋ ਬੰਦਾਂ ਦਾ ਲਿਖਾਰੀ ਭਾਈ ਪ੍ਰਹਿਲਾਦ ਸਿੰਘ ਹੈ, ਜੋ ਕੇ ਰਹਿਤ ਨਾਮੇ ਦਾ ਲਿਖਾਰੀ ਹੈ। ਇਹ ਦਸਦਾ ਹੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਵਿਖੇ ਬੈਠ ਕੇ ਇਹ ਰਹਿਤ ਨਾਮਾ ਲਿਖਵਾਇਆ ਸੀ। ਪਰ ਰਹਿਤਨਾਮੇ ਨੂੰ ਲਿਖਣ ਦਾ ਸਾਲ ਬਿਕਰਮੀ ਸੰਮਤ 1752 {ਸੰਨ 1695} ਦਸਦਾ ਹੈ, ਜਦ ਕਿ ਉਸ ਸਮੇਂ ਤੱਕ ਨਾ ਤਾਂ ਅਜੇ ਖਾਲਸਾ ਸਾਜਿਆ ਗਿਆ ਸੀ, ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਅਬਚਲ ਨਗਰ ਵਿਖੇ ਗਏ ਸਨ। {ਵੇਖੋ ਮਹਾਨ ਕੋਸ਼ ਪੰਨਾ 796}

ਏਥੋਂ ਪ੍ਰਹਿਲਾਦ ਸਿੰਘ ਦੀ ਲਿਖਤ ਅਤੇ ਉਸ ਦੀ ਹੋਂਦ ਭੀ ਸ਼ੱਕੀ ਜਾਪਦੀ ਹੈ। ਰਹਿਤ ਨਾਮਿਆਂ ਦੀ ਸੰਪਾਦਨਾ ਕਰਨ ਵਾਲੇ ਪਿਆਰਾ ਸਿੰਘ ਪਦਮ ਨੇ ਤਾਂ ਸਾਫ ਹੀ ਲਿਖ ਦਿਤਾ ਕੈ ਇਹ ਰਹਿਤ ਨਾਮੇ ਲਿਖਣ ਵਾਲਿਆਂ ਦੇ ਨਾਮ ਜਾਹਲੀ ਹਨ, ਜਿਸ ਵਿਚ ਪ੍ਰਹਿਲਾਦ ਸਿੰਘ ਦਾ ਨਾਮ ਭੀ ਲੈਂਦਾ ਹੈ ਕਿ ਗੁਰੂ ਸਾਹਿਬ ਦਾ ਸਮਕਾਲੀ ਨਹੀਂ ਹੈ। ਪਰ ਸਵਾਲ ਕਰਨ ਵਾਲਾ ਵੀਰ, ਜਿਥੇ ਉਸਨੂੰ ਆਪ ਖੁਦ ਸ਼ੱਕੀ ਮੰਨ ਰਿਹਾ ਹੈ, ਓਥੇ ਉਸੇ ਦੀ ਲ਼ਿਖਤ ਨੂੰ ਆਪਣੀ ਸੋਚ ਦਾ ਆਧਾਰ ਬਣਾ ਕੇ ਲਿਖਦਾ ਹੈ:

ਰੋਜ਼ਾਨਾ ਅਰਦਾਸ ਤੋਂ ਬਾਅਦ ਪੜ੍ਹੇ ਜਾਣ ਵਾਲੇ ਪਹਿਲੇ ਦੋ ਦੋਹਿਰੇ ਇਸੇ ਰਹਿਤਨਾਮੇ ਵਿਚ ਇਸ ਤਰ੍ਹਾਂ ਦਰਜ ਹਨ

ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਇਓ ਪੰਥ ਸਭ ਸਿਖਨ ਕਉ ਕੋ ਹੁਕਮ ਹੈ ਗੁਰੁ ਮਾਇਓ ਗ੍ਰੰਥ
ਗੁਰੁ ਖਾਲਸਾ ਮਾਨਿੳਹੁ ਪ੍ਰਗਟ ਗਰਾਂ ਕੀ ਦੇਹ ਜੋ ਸਿਖ ਮੋ ਮਿਲਬੋ ਚਹੈ ਖੋਜ ਇਨਹੁ ਮੈ ਲੇਹ

ਸਵਾਲੀਏ ਲਿਖਾਰੀ ਦਾ ਆਪਣਾ ਖਿਆਲ:

"ਇਸ ਦੋਹਿਰੇ ਅਨਸਾਰ ਸਰੀਰ ਕਰਕੇ ਖਾਲਸਾ ਹੀ ਸਤਿਗੁਰਾਂ ਦਾ ਪ੍ਰਗਟ ਰੂਪ ਹੈ।"

ਧਿਆਨ ਨਾਲ ਸੋਚਣ ਵਾਲੀ ਗੱਲ ਹੈ ਕੇ ਇਨ੍ਹਾਂ ਦੋਹਾਂ ਦੋਹਰਿਆਂ ਵਿੱਚ ਗੁਰੂ ਸ਼ਬਦ ਦਾ ਕਿਤੇ ਭੀ ਜ਼ਿਕਰ ਨਹੀਂ ਹੈ। ਸਵਾਲੀਏ ਲਿਖਾਰੀ ਵਲੋਂ ਅਗਲੀ ਉਦ੍ਹਾਰਣ:

ਭਾਈ ਕਾਨ੍ਹ ਸਿੰਘ ਜੀ ਨਾਭਾ ਅਨਸਾਰ ਹੁਣ ਇਹ ਪਾਠ ਅਨਪ੍ਹੜ ਸਿੱਖਾਂ ਨੇ ਮਨਘੜਤ ਇਉਂ ਬਣਾ ਲਿਆ ਹੈ “ਗੁਰੂ ਗ੍ਰੰਥ ਜੀ ਮਾਨੀਅਹੁ ਪਰਗਟ ਗੁਰਾਂ ਕੀ ਦੇਹ {ਵੇਖੋ ਗੁਰਮਤ ਮਾਰਤੰਡ ਪੰਨਾ 331}

ਅਗੇ ਸਵਾਲੀਆ ਲਿਖਾਰੀ ਅਪਣਾ ਫੈਸਲਾ ਲਿਖਦਾ ਹੈ,

ਕਿ ਇਹ ਤਬਦੀਲੀ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਲਿਖਣ ਵੇਲੇ ਕੀਤੀ ਸੀ ਜਿਸ ਨੂੰ ਕੇ ਅੱਜ ਕੱਲ ਤਕਰੀਬਨ ਸਾਰੇ ਸਿਖਾਂ ਨੇ ਪ੍ਰਵਾਣ ਕਰ ਲਿਆ ਹੈ। ਅੱਜ ਹਾਲਤ ਇਹ ਹੈ ਕਿ ਅਸੀਂ ਗੁਰਮਤਿ ਦੇ ਮੁੱਢਲੇ ਸਿਧਾਂਤ ਦਾ ਖੰਡਨ ਕਰਨ ਵਾਲੀ ਕੀਤੀ ਗਈ ਇਸ ਤਬਦੀਲੀ ਨੂੰ ਹਰ ਰੋਜ਼ ਰਲ ਕੇ ਗਾਈ ਜਾ ਰਹੇ ਹਾਂ।

ਇਸ ਦਾ ਮਤਲਬ ਗੁਰੂ ਗ੍ਰੰਥ ਜੀ ਮਾਨੀਅਹੁ ਪਰਗਟ ਗੁਰਾਂ ਕੀ ਦੇਹ ਇਹ ਪਾਠ ਅਨਪ੍ਹੜ ਸਿੱਖਾਂ ਨੇ ਮਨਘੜਤ ਬਣਾਂ ਲਿਆ ਹੈ, ਅਤੇ ਸਭ ਤੋਂ ਪਹਿਲੇ ਅਨਪੜ੍ਹ ਸਿੱਖ ਗਿਆਨੀ ਗਿਆਨ ਸਿੰਘ ਹਨ, ਜਿਹਨਾ ਨੇ ਪਹਿਲਾਂ ਇਹ ਪਾਠ ਬਣਾਇਆ ਹੈ।

ਸਵਾਲੀਆ ਵੀਰ ਗਿਆਨੀ ਗਿਆਨ ਸਿੰਘ ਵਲੋਂ ਕੀਤੀ ਇਸ ਤਬਦੀਲੀ ਦੇ ਵਿਰੋਧ ਵਿਚ ਗੁਰੂ ਗ੍ਰੰਥ ਜੀ ਨੂੰ ਪਰਗਟ ਗੁਰਾਂ ਕੀ ਦੇਹ ਨਾ ਮੰਨਣ ਲਈ ਹੁਣ ਜਸਵੰਤ ਸਿੰਘ ਨੇਕੀ ਦਾ ਪੱਲਾ ਫੜਦਾ ਹੈ ਤੇ ਲਿਖਦਾ ਹੈ:

ਸ: ਜਸਵੰਤ ਸਿੰਘ ਨੇਕੀ ਅਨੁਸਾਰ ਜਾਪਦਾ ਹੈ, ਕਿ ਇਹ ਦੋਹਰਾ ਦੇਹਧਾਰੀ ਗੁਰੂ ਦੇ ਸਿਧਾਂਤ ਨੂੰ ਰੱਦ ਕਰਣ ਵਾਸਤੇ ਪ੍ਰਚਲਿਤ ਕੀਤਾ ਗਿਆ ਹੈ। ਪਰ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਇਸ ਵਿਚਲਾ ਸਿਧਾਂਤ ਗੁਰਮਤਿ ਅਨੁਸਾਰ ਸਹੀ ਨਹੀਂ, ਸੰਦੇਹ ਜਨਕ ਹੈ। (ਵੇਖੋ ਪੁਸਤਕ ‘ਅਰਦਾਸ’ ਪੰਨਾ 293)

ਜਸਵੰਤ ਸਿੰਘ ਨੇਕੀ ਜੀ ਨੇ ਤਾਂ ਕੁਛ ਸਾਲ ਪਹਿਲੇ ਬੰਗਲਾ ਸਾਹਿਬ ਦਿਲੀ ਵਿਖੇ ਫੋਟੋ ਪ੍ਰਦਰਸ਼ਨੀ ਲਾਈ ਸੀ, ਜਿਸ ਵਿਚ ਗੁਰੂ ਨਾਨਕ ਜੀ ਨੂੰ ਸਿਰੋਂ ਨੰਗੇ ਕੇਵਲ ਬ੍ਰਾਹਮਣੀ ਧੋਤੀ ਬੰਨੀ, ਗਲ ਜਨੇਊ ਪਾਇਆ ਦਿਖਾਇਆ ਸੀ। ਸਿੱਖ ਨੌਜਵਾਨਾਂ ਵਲੋਂ ਰੋਸ ਮੁਜ਼ਾਹਰੇ ਬਾਅਦ ਇਹ ਕਹਿ ਦਿਤਾ ਕਿ ਇਹ ਤਸਵੀਰਾਂ ਸਾਡੀ ਅਠਾਰਵੀਂ ਸਦੀ ਦਾ ਆਰਟ ਹੈ।

ਅੱਗੇ ਲਿਖਾਰੀ ਦੇ ਅਪਣੇ ਵੀਚਾਰ:

ਹੁਣ ਵੀਚਾਰਨ ਵਾਲਾ ਨੁਕਤਾ ਇਹ ਹੈ ਕਿ "ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਦੀ ਵੀਚਾਰਾਂ ਰੂਪੀ ਜੋਤ ਹੈ, ਜਾਂ ਕਿ ਸਤਿਗੁਰਾਂ ਦਾ ਪ੍ਰਗਟ ਸਰੀਰ"। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੀਰ ਹਨ, ਤਾਂ ਫਿਰ ਸਰੀਰ ਨੂੰ ਤਾਂ ਭੁੱਖ ਵੀ ਲਗਦੀ ਹੈ, ਗਰਮੀ ਸਰਦੀ ਵੀ ਲਗਦੀ ਹੈ, ਥਕਾਵਟ ਵੀ ਹੁੰਦੀ ਹੈ, ਨੀਂਦ ਵੀ ਆਉਂਦੀ ਹੈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾਉਣੇ, ਸਿਰ 'ਤੇ ਚੁਕ ਕੇ ਸੈਰ ਕਰਵਾਉਣੀ, ਪ੍ਰਕਾਸ਼ ਅਸਥਾਨ ਦੇ ਨਾਲ ਵਖਰਾ ਵਾਸ਼ਰੂਮ ਬਨਾਉਣਾ, ਰਾਤ ਨੂੰ ਪਾਣੀ ਦੀ ਬਾਲਟੀ ਅਤੇ ਦਾਤਣ ਆਦਿਕ ਰਖਣਾ, ਗਰਮੀਆਂ ਵਿੱਚ ਏ.ਸੀ. ਅਤੇ ਸਰਦੀਆਂ ਵਿੱਚ ਹੀਟਰ ਲਗਾਉਣੇ, ਸੰਗਤਾਂ ਦੇ ਹਜ਼ਾਰਾਂ ਡਾਲਰ ਖਰਚ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਹਵਾਈ ਜ਼ਹਾਜ ਵਿਚ ਝੂਟੇ ਦਿਵਾਉਣੇ ਆਦਿਕ ਕਰਮਕਾਂਡ ਕਿਸ ਤਰਾਂ ਮਨਮਤਿ ਆਖੇ ਜਾ ਸਕਦੇ ਹਨ?"

ਮੈਂ ਇਹ ਸਮਝਦਾ ਸਾਂ ਕਿ ਏਹੋ ਜੇਹੇ ਕਰਮ ਕਾਂਡੀ ਸੰਤ ਸਾਧ ਪ੍ਰਗਟ ਗੁਰਾਂ ਕੀ ਦੇਹ ਦੀ ਪ੍ਰੀਭਾਸ਼ਾ ਹੀ ਨਹੀਂ ਜਾਣਦੇ, ਪਰ ਅੱਜ ਮੈਨੂੰ ਦੁਖ ਹੋ ਰਿਹਾ ਹੈ ਜਦੋਂ ਇੱਕ ਮਿਸ਼ਨਰੀ ਪ੍ਰਚਾਰਕ ਨੂੰ ਭੀ ਉਸੇ ਹੀ ਅਗਿਆਨਤਾ ਵਿਚ ਖੜਾ ਦੇਖ ਰਿਹਾ ਹਾਂ।

ਗ੍ਰੰਥ ਦੇਹ ਸਰੀਰ ਬਾਰੇ ਵੀਚਾਰ

ਪਹਿਲੀ ਗੱਲ ਸਰੀਰ ਦੇਹ ਉਸ ਬਾਹਰਲੇ ਦਿਸਦੇ ਹਿਸੇ ਨੂੰ ਕਹਿੰਦੇ ਹਨ। ਜਿਸ ਵਿੱਚ ਜੋਤ ਰੱਖੀ ਜਾਂਦੀ ਹੈ। ਗੁਰਬਾਣੀ ਅਨਸਾਰ “ਦੇਹੀ ਮਹਿ ਜੀਉ ਆਇ ਪਇਆ ਅਤੇ ਜੀਉ ਏਕੁ ਅਰੁ ਸਗਲ ਸਰੀਰਾ” ਜੋਤ ਜੀਉ ਇਕੋ ਹੈ, ਪਰ ਸਰੀਰ ਕਈ ਤਰ੍ਹਾਂ ਦੇ ਵੱਖ ਵੱਖ ਹਨ। ਹਰ ਸ਼ਰੀਰ ਦੀ ਆਪਣੀ ਲੋੜ ਆਪਣਾ ਰੂਪ ਆਪਣਾ ਰੰਗ ਵੱਖਰਾ ਹੈ, ਪਾਣੀ ਵਿਚ ਰਹਿਣ ਵਾਲੇ, ਪੰਛੀ ਜੰਗਲੀ ਜਾਨਵਰ ਸਭ ਦੇ ਸ਼ਰੀਰ ਹਨ, ਸਭ ਸਰੀਰਾਂ ਦੀਆਂ ਲੋੜਾਂ ਅਪਣੀਆਂ ਅਪਣੀਆਂ ਹਨ। ਪੰਛੀ ਦਾਣਾ ਚੁਗਦੇ ਹਨ ਪੰਛੀਆਂ ਨੂੰ ਆਹਲਣਾ ਚਾਹੀਦਾ ਹੈ, ਪਰ ਪਾਣੀ ਦੇ ਜੀਵਾਂ ਲਈ ਸਭ ਕੁਛ ਪਾਣੀ ਹੈ। ਸਭ ਸਰੀਰਾਂ ਦੀਆਂ ਅਪਣੀਆਂ ਅਪਣੀਆਂ ਲੋੜਾਂ ਹਨ। ਸ਼ਬਦ ਗੁਰੂ ਜੋਤ ਜੇ ਪੰਜ ਭੁਤਕ ਸਰੀਰ ਵਿੱਚ ਟਿਕੀ, ਤਾਂ ਸ਼ਬਦ ਗੁਰੂ ਜੋਤ ਨਾਲ ਸਰੀਰ ਦਾ ਨਾਮ ਜੁੜ ਗਿਆ ਗੁਰੂ-ਅਮਰਦਾਸ ਜੀ, ਗੁਰੂ-ਰਾਮਦਾਸ ਜੀ, ਗੁਰੂ-ਅਰਜਨ ਦੇਵ ਜੀ। ਇਹ ਇਕ ਨਾਮ ਨਹੀਂ, ਦੋ ਨਾਵਾਂ ਦਾ ਸੰਗਰਹਿ ਹੈ। ਇਸ ਲਈ ਉਨ੍ਹਾਂ ਪੰਜ ਭੂਤਕ ਸਰੀਰਾਂ ਦੀਆਂ ਅਪਣੀਆਂ ਲੋੜਾਂ ਸਨ, ਜੋ ਪੂਰੀਆਂ ਹੋਂਦੀਆਂ ਰਹੀਆਂ।

ਹੁਣ ਗ੍ਰੰਥ ਨੂੰ ਦੇਹ ਸਰੀਰ ਮੰਨ ਕੇ ਉਹ ਸਬਦ ਗੁਰੂ ਜੋਤ ਗ੍ਰੰਥ ਵਿੱਚ ਟਿਕਾ ਦਿਤੀ ਅਤੇ ਏਥੇ ਭੀ ਦੋ ਨਾਵਾਂ ਦਾ ਸੰਗਰਹਿ ਹੋ ਗਿਆ। ਸ਼ਬਦ ਗੁਰੂ ਅਤੇ ਗ੍ਰੰਥ ਦੇਹ। ਗ੍ਰੰਥ ਦੇਹ ਦੀ ਕਿਰਿਆ ਸਰੀਰ ਵਾਂਗੂੰ ਬਿਰਦ ਭੀ ਹੋਂਦੀ ਹੈ ਅਤੇ ਬਦਲੀ ਭੀ ਜਾਂਦੀ ਹੈ, ਪਰ ਇਸ ਗ੍ਰੰਥ ਵਿਚ ਰੱਖੀ ਗਈ ਸ਼ਬਦ ਗੁਰੂ ਜੋਤ ਨਾ ਬਿਰਦ ਹੋਂਦੀ ਹੈ, ਨਾ ਬਦਲੀ ਜਾਂਦੀ ਹੈ ਇਸੇ ਲਈ ਗਿਆਨੀ ਗਿਆਨ ਸਿੰਘ ਜੀ ਨੇ ਪਹਿਲੇ ਦੋਹਰੇ ਵਿਚ ਲਿਖਿਆ - ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ। ਸਭ ਸਿਖਨ ਕੋ ਹੁਕਮ ਹੈ ਗੁਰੁ ਮਾਨੀਅਹੁ ਗ੍ਰੰਥ। ਅਤੇ ਫਿਰ ਅਗਲੇ ਦੋਹਰੇ ਵਿਚ ਹੋਰ ਸਪਸ਼ਟ ਕਰ ਦਿਤਾ ਕੇ ਗ੍ਰੰਥ ਦੇਹ ਹੈ, ਅੰਦਰ ਟਿਕਿਆਂ ਸ਼ਬਦ ਗੁਰੂ ਹੈ, ਜਿਸ ਸਿੱਖ ਨੇ ਪ੍ਰਭੂ ਨੂੰ ਮਿਲਣਾ ਹੋਵੇ ਉਹ ਸ਼ਬਦ ਗੁਰੂ ਦੀ ਖੋਜ ਨਾਲ ਹੀ ਮਿਲ ਸਕਦਾ ਹੈ। ਗੁਰੂ ਗ੍ਰੰਥ ਜੀ ਮਾਨੀਓ ਪਰਗਟ ਗੁਰਾਂ ਕੀ ਦੇਹ। ਜੋ ਪ੍ਰਭੂ ਕੋ ਮਿਲਬੋ ਚਹੈ ਖੋਜ ਸ਼ਬਦ ਮੈ ਲੇਹ।

ਹੁਣ ਏਹਨਾ ਦੋ ਨਾਵਾਂ ਦੇ ਸੰਗਰਹਿ ਅਨੁਸਾਰ ਕਹਿਣਾ ਪਿਆ - ਗੁਰੂ ਗ੍ਰੰਥ ਜੀ ਮਾਨੀਅਹੁ ਪਰਗਟ ਗੁਰਾਂ ਕੀ ਦੇਹ। ਧਿਆਨ ਦਿਓ, ਇਸ ਤਰ੍ਹਾਂ ਗ੍ਰੰਥ ਦੇਹ ਗੁਰੂ ਨਹੀਂ ਬਣ ਗਿਆ, ਬਲਕਿ ਗੁਰੂ ਦੀ ਦੇਹ ਹੈ ਗ੍ਰੰਥ ਵਿੱਚ ਟਿਕਿਆ ਹੋਇਆ ਸਬਦ ਗੁਰੂ ਹੈ। ਸਿੱਖ ਜਦੋਂ ਨਮਸ਼ਕਾਰ ਕਰਦਾ ਹੈ, ਗ੍ਰੰਥ ਵਿਚ ਟਿਕੇ ਸ਼ਬਦ ਗੁਰੂ ਨੂੰ ਕਰਦਾ ਹੈ। ਸਰੀਰ ਦੀ ਸੇਵਾ ਸੰਭਾਲ ਪੰਜ ਭੂਤਕ ਸਰੀਰ ਦੀਆਂ ਲੋੜਾਂ ਅਨਸਾਰ ਉਸ ਵਕਤ ਭੀ ਹੋਂਦੀ ਰਹੀ ਅਤੇ ਗ੍ਰੰਥ ਸਰੀਰ ਦੀਆਂ ਲੋੜਾਂ ਅਨਸਾਰ ਹੁਣ ਭੀ ਹੋ ਰਹੀ ਅਤੇ ਹੋਂਣੀ ਚਾਹੀਦੀ ਹੈ, ਬੱਸ ਸਮਝਣ ਵਾਲੀ ਗੱਲ ਹੈ ਕਿ ਇਸ ਗ੍ਰੰਥ ਸਰੀਰ ਨੂੰ ਪੰਜ ਭੂਤਕ ਸਰੀਰ ਦੀਆਂ ਲੋੜਾਂ ਲਾਗੂ ਕਰਨ ਵਾਲੇ ਸੰਤ ਸਾਧ ਕਰਮ ਕਾਂਡੀ ਹਨ; ਪਰ ਗਿਆਨੀ ਗਿਆਨ ਸਿੰਘ ਦਾ ਲਿਖਿਆ ਸੱਚ ਹੈ ਕਿ ਗ੍ਰੰਥ ਗੁਰੂ ਦੀ ਦੇਹ ਹੈ, ਜਿਸ ਵਿਚ ਗੁਰੂ ਸ਼ਬਦ ਜੋਤ ਟਿਕਾਈ ਗਈ ਹੈ।

ਅਰਦਾਸ 'ਚ ਅਗਾਂਹ ਪੜ੍ਹੇ ਜਾਣ ਵਾਲੇ ਪੈਰੇ:

ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਸੰਤਾਂ-ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾਂ, ਸ਼ਹੀਦਾਂ, ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।

ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ, ਬੋਲੋ ਜੀ ਵਾਹਿਗੁਰੂ।

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਸਤਿਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ। ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ, ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂੁ ਅਸਥਾਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ, ਹਜੂਰ ਸਾਹਿਬ ਸਮੇਤ ਕੁੱਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰੋ ਜੀ।

ਸੇਈ ਗੁਰਮੁਖ ਪਿਆਰੇ ਮੇਲੋ, ਜ੍ਹਿਨਾਂ ਦੇ ਮਿਲਿਆਂ ਤੇਰਾ ਨਾਮ ਚਿਤ ਆਵੇ।

ਅਰਦਾਸ ਦੇ ਅੰਤ ਵਿੱਚ:

ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ

ਨੋਟ 1- "ਨਾਨਕ ਨਾਮ ਚੜਦੀ ਕਲਾ" ਵਾਲੀ ਲਾਈਨ ਵਿੱਚ ਬੇਸ਼ਕ ਕੋਈ ਮਾੜੀ ਗੱਲ ਨਹੀਂ, ਪਰ ਇਹ ਗੁਰਬਾਣੀ ਨਹੀਂ ਹੈ, ਅਤੇ ਨਾਨਕ ਨਾਮ ਦੀ ਵਰਤੋਂ ਹੋਣ ਕਰਕੇ, ਗੁਟਕਿਆਂ ਵਿੱਚ ਇਹ ਕੱਚੀ ਬਾਣੀ, ਗੁਰਬਾਣੀ ਦਾ ਭੁਲੇਖਾ ਪਾ ਕੇ, ਗੁਰਬਾਣੀ ਦੀ ਥਾਂ ਲੈ ਰਹੀ ਹੈ, ਇਸ ਲਈ ਇਸ ਦੀ ਥਾਵੇਂ, ਗੁਰਬਾਣੀ ਦੀ ਪੰਗਤੀ ਪਾ ਦਿਤੀ ਗਈ ਹੈ।

ਨੋਟ 2- ਇਸ ਅਰਦਾਸ ਵਿਚੋਂ ਦੇਵੀ ਭਗਉਤੀ {ਦੁਰਗਾ} ਦੀ ਉਪਾਸ਼ਨਾ ਛੱਡ ਕੇ ਗੁਰਬਾਣੀ ਸਿਧਾਂਤ ਦੀ ਰੌਸ਼ਨੀ ਵਿਚ ਸੰਪਾਦਨਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਅਸਲ ਵਿਚ {ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ} ਹੀ ਅਰਦਾਸ ਹੈ, ਇਸ ਲਈ ਇਹ ਅਰਦਾਸ ਭੀ ਕੋਈ ਗੁਰਬਾਣੀ ਨਹੀਂ ਹੈ, ਕਿ ਜਿਸ ਵਿਚ ਕੋਈ ਬਦਲਵਾਂ ਸ਼ਬਦ ਨਹੀਂ ਵਰਤਿਆ ਜਾ ਸਕਦਾ, ਪਹਿਲੇ ਭੀ ਹਰ ਥਾਵੇਂ ਅਕਸਰ ਅਰਦਾਸੀਏ ਸਿੰਘ ਆਪਣੀ ਆਪਣੀ ਸ਼ਬਦਾਵਲੀ ਵਰਤਦੇ ਹਨ ਅਤੇ ਹੁਣ ਭੀ ਗੁਰਬਾਣੀ ਸਿਧਾਂਤ ਵਿਚ ਰਹਿੰਦਿਆਂ ਬਦਲਵੀ ਸ਼ਬਦਾਵਲੀ ਵਰਤ ਸਕਦੇ ਹਨ। ਕੇਵਲ ਗੁਰਬਾਣੀ ਦੀ ਪੰਗਤੀ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ। ਅਸਲ ਵਿੱਚ ਅਰਦਾਸ ਤਾਂ ਮਨੋ ਭਾਵਨਾ ਨਾਲ ਹੀ ਹੋਂਦੀ ਹੈ।

ਨੋਟ 3- ਕੜਾਹ ਪ੍ਰਸ਼ਾਦ ਜਾਂ ਲੰਗਰ ਦੀ ਅਰਦਾਸ ਕਰਨ ਸਮੇਂ "ਪ੍ਰਵਾਣ ਹੋਵੇ" ਕਹਿਨਾ ਹੈ ਜੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top