Share on Facebook

Main News Page

ਖੁੱਲ੍ਹੀ ਚਿੱਠੀ
-: ਗਜਿੰਦਰ ਸਿੰਘ, ਦਲ ਖਾਲਸਾ

ਗੁਰੂ ਪਿਆਰੇ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਬਾਪੂ ਸੂਰਤ ਸਿੰਘ ਜੀ, ਦੀ ਭੁੱਖ ਹੜਤਾਲ ਹੁਣ ਫੈਸਲਾਕੁੰਨ ਦੌਰ ਵਿੱਚ ਦਾਖਿਲ ਹੋ ਗਈ ਲੱਗਦੀ ਹੈ । ਕਿਸੇ ਵੇਲੇ ਵੀ, ਕੁੱਝ ਵੀ ਹੋ ਸਕਦਾ ਹੈ । ਐਸੀ ਸੂਰਤ ਵਿੱਚ ਸਰਕਾਰੀ ਮਸ਼ੀਨਰੀ ਇਸ ਸਾਰੇ ਮਾਮਲੇ ਤੇ ਗੰਭੀਰਤਾ ਨਾਲ ਗ਼ੌਰ ਕਰ ਰਹੀ ਹੋਵੇਗੀ । ਉਹ ਦੋਵੇਂ ਸੂਰਤਾਂ ਤੇ ਗ਼ੌਰ ਕਰ ਰਹੀ ਹੋਵੇਗੀ, ਇੱਕ ਕਿਸੇ ਤਰ੍ਹਾਂ ਬਾਪੂ ਸੂਰਤ ਸਿੰਘ ਦੀ ਭੁੱਖ ਹੜ੍ਹਤਾਲ ਤੁੜਵਾ ਕੇ ਉਹਨਾਂ ਦੀ ਜਾਨ ਬਚਾਈ ਜਾ ਸਕੇ, ਤੇ ਦੂਜਾ ਸ਼ਹਾਦਤ ਹੋ ਜਾਣ ਤੋਂ ਬਾਦ ਪੈਦਾ ਹੋਣ ਵਾਲੇ ਹਾਲਾਤ ਤੇ ਕਾਬੂ ਕਿਵੇਂ ਰਖਿਆ ਜਾਵੇ । ਇਹਨਾਂ ਦੋਹਾਂ ਸੂਰਤਾਂ ਲਈ ਯਕੀਨਨ ਉਹਨਾਂ ਨੇ ਕਈ ਪਲੈਨ ਬਣਾਏ ਹੋਣਗੇ, ਪਹਿਲੀ, ਦੂਜੀ, ਤੀਜੀ, ਕਈ ਆਪਸ਼ਨਜ਼ ਤੇ ਵਿਚਾਰ ਕੀਤਾ ਹੋਵੇਗਾ ।

ਪੰਜਾਬ ਦੀ ਸਿੱਖ ਪਹਿਲੂ ਤੋਂ ਕਮਜ਼ੋਰ ਅਕਾਲੀ ਸਰਕਾਰ ਤੋਂ ਇਹ ਉਮੀਦ ਨਹੀਂ ਹੈ ਕਿ ਉਹ ਇਸ ਸਿਚੂਏਸ਼ਨ ਨੂੰ ਡੀਲ ਕਰਨ ਲਈ ‘ਪੰਥਕ ਹਿੱਤ’ ਵਿੱਚ ਕੋਈ ਵੱਡਾ ਫੈਸਲਾ ਕਰ ਸਕੇਗੀ । ਉਹ ਛੋਟੀਆਂ ਮੋਟੀਆਂ ‘ਰਿਆਇਤਾਂ’ ਤਾਂ ਦੇ ਸਕਦੀ ਹੈ, ਜਿਵੇਂ ਕੁੱਝ ਹੋਰ ਸਿੱਖ ਕੈਦੀਆਂ ਨੂੰ ਬਾਹਰੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਕਰਨਾ, ਪਰ ਉਹ ਰਿਹਾਈਆਂ ਵਰਗਾ ਵੱਡਾ ਫੈਸਲਾ ਨਹੀਂ ਕਰ ਸਕੇਗੀ । ਉਹਨਾਂ ਦੀ ਇੱਤਹਾਦੀ ਜਮਾਤ ਬੀਜੇਪੀ ਉਹਨਾਂ ਨੂੰ ਕਦੇ ਵੀ ਇੰਝ ਨਹੀਂ ਕਰਨ ਦੇਵੇਗੀ।

ਸਾਡੀ ਅਰਦਾਸ ਹੈ ਕਿ ਵਾਹਿਗੁਰੂ ਪੰਜਾਬ ਤੇ ਦਿੱਲੀ ਦੀ ਹਕੂਮੱਤ ਨੂੰ ਸੁਮੱਤ ਬਖਸ਼ੇ ਤੇ ਉਹ ਬਾਪੂ ਸੂਰਤ ਸਿੰਘ ਜੀ ਦੀਆਂ ਹੱਕੀ ਮੰਗਾਂ ਨੂੰ ਸਵੀਕਾਰ ਕਰ ਕੇ, ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਰਿਹਾ ਕਰ ਦੇਵੇ, ਤੇ ਭਾਣੇ ਨੂੰ ਵਾਪਰਨ ਤੋਂ ਬਚਾ ਲਵੇ । ਪਰ ਇੰਝ ਲੱਗਦਾ ਨਹੀਂ । ਬਾਪੂ ਸੂਰਤ ਸਿੰਘ ਜੀ ਸ਼ਹੀਦ ਫੇਰੂਮਾਨ ਵਾਂਗ ਹੀ ਆਪਣੇ ਸੰਕਲਪ ਤੇ ਦ੍ਰਿੜ ਤੇ ਸ਼ਹਾਦਤ ਦੇ ਚਾਹਵਾਨ ਦਿਖਾਈ ਦਿੰਦੇ ਹਨ । ਖਾਲਸਾ ਜੀ, ਸਾਡੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਬਾਪੂ ਜੀ ਸ਼ਹੀਦ ਹੋ ਜਾਂਦੇ ਹਨ, ਤਾਂ ਉਹਨਾਂ ਵੱਲੋਂ ਵਿੱਢੇ ਸੰਘਰਸ਼ ਨੂੰ ਕਿਵੇਂ ਚਲਾਉਣਾ ਹੈ, ਤੇ ਕਿਵੇਂ ਅੱਗੇ ਵਧਾਉਣਾ ਹੈ । ਇਹ ਖੁਸ਼ੀ ਦੀ ਗੱਲ ਹੈ ਕਿ ਕੌਮੀ ਸ਼ੰਘਰਸ਼ ਪ੍ਰਤੀ ਵਚਨਬੱਧ ਚਾਰ ਜੱਥੇਬੰਦੀਆਂ ਦਾ ਇੱਤਹਾਦ ਪਹਿਲਾਂ ਹੀ ਬਣਿਆਂ ਹੋਇਆ ਹੈ, ਇਸ ਸੰਘਰਸ਼ ਨੂੰ ਅਗਵਾਈ ਬਖਸ਼ਣ ਲਈ ।

ਅੱਜ ਲੋੜ੍ਹ ਇਸ ਗੱਲ ਦੀ ਹੈ ਕਿ ਇਹ ਇੱਤਹਾਦ, ਤੇ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਸਾਰੀਆਂ ਕੌਮ ਪ੍ਰਸਤ ਜੱਥੇਬੰਦੀਆਂ ਆਣ ਵਾਲੀ ਸੂਰਤੇਹਾਲ ਤੇ ਵਿਚਾਰ ਕਰਨ ਤੇ ਨਿਰਣੇ ਲੈਣ । ਇਹ ਅੱਜ ਵਿਚਾਰ ਲਿਆ ਜਾਣਾ ਚਾਹੀਦਾ ਹੈ, ਕਿ ਕੱਲ ਬਣਨ ਵਾਲੇ ਹਾਲਾਤ ਵਿੱਚ ਕੀ ਕੀ ਕਰਨਾ ਹੈ, ਕਿਵੇਂ ਕਿਵੇਂ ਕਰਨਾ ਹੈ, ਤੇ ਕੀ ਨਹੀਂ ਕਰਨਾ । ਕਿਤੇ ਇਹ ਨਾ ਹੋਵੇ ਕਿ ਸੰਘਰਸ਼ ਸੁਹਿਰਦ ਲੀਡਰਸ਼ਿੱਪ ਦੇ ਹੱਥੋਂ ਨਿਕਲ ਕੇ ਭਾਰਤੀ ਏਜੰਸੀਆਂ ਦੇ ਹੱਥਾਂ ਵਿੱਚ ਖੇਡ ਜਾਵੇ, ਤੇ ਫਿਰ ਜਿੱਤੀ ਬਾਜ਼ੀ ਹਾਰਨ ਵਾਲੀ ਬਦਕਿਸਮਤੀ ਕੌਮ ਦੀ ਝੋਲ੍ਹੀ ਪਵੇ । ਦਾਸ ਇਹ ਖੁਲ੍ਹੀ ਚਿੱਠੀ ਸਿੱਖ ਜੱਥੇਬੰਦੀਆਂ ਦੀ ਲੀਡਰਸ਼ਿੱਪ ਨੂੰ ਸੁਚੇਤ ਕਰਨ ਲਈ ਲਿੱਖ ਰਿਹਾ ਹੈ, ਅਤੇ ਉਮੀਦ ਕਰਦਾ ਹੈ ਕਿ ਸਾਰੀਆਂ ਕੌਮ ਪ੍ਰਸਤ ਧਿਰਾਂ ਇੱਕ ਦਿਨ ਵੀ ਜ਼ਾਇਆ ਕੀਤੇ ਬਿਨ੍ਹਾਂ ਭਵਿੱਖ ਦੇ ਹਾਲਾਤ ਤੇ ਸੰਘਰਸ਼ ਪ੍ਰਤੀ ਸੋਚਣਾ ਸ਼ੁਰੂ ਕਰ ਦੇਣਗੀਆਂ । ਸਿੱਖਾਂ ਬਾਰੇ ਸਿੱਖ ਦੁਸ਼ਮਣਾ ਨੇ ਇਹ ਗੱਲ ਪ੍ਰਚਲੱਤ ਕੀਤੀ ਹੋਈ ਹੈ ਕਿ ‘ਸਿੱਖ ਵਕਤ ਲੰਘਣ ਤੋਂ ਬਾਦ ਸੋਚਣਾ ਸ਼ੁਰੂ ਕਰਦੇ ਹਨ’ । ਆਉ ਇਸ ਵਾਰ ਦੁਸ਼ਮਣਾ ਨੂੰ ਗ਼ਲਤ ਸਾਬਿਤ ਕਰੀਏ ।

ਆਪ ਸੱਭ ਦਾ

ਗਜਿੰਦਰ ਸਿੰਘ, ਦਲ ਖਾਲਸਾ । ੧੯.੭.੨੦੧੫


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top