Share on Facebook

Main News Page

ਅਕਾਲੀ-ਭਾਜਪਾ ਦਾ ਪਤੀ-ਪਤਨੀ ਵਾਲਾ ਰਿਸ਼ਤਾ
-: ਰਜਿੰਦਰ ਸਿੰਘ ਪੁਰੇਵਾਲ

ਬੀਤੇ ਦਿਨੀਂ ਅਕਾਲੀ ਸੁਪਰੀਮ ਤੇ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਏਨਾ ਮਜ਼ਬੂਤ ਹੈ ਜਿੰਨਾ ਪਤੀ-ਪਤਨੀ ਦਾ ਹੁੰਦਾ ਹੈ। ਇਸ ਲਈ ਇਹ ਕਦੇ ਵੀ ਨਹੀਂ ਟੁੱਟ ਸਕਦਾ। ਉਨ੍ਹਾਂ ਕਿਹਾ ਕਿ 2017 ਵਿੱਚ ਇਕੱਠੇ ਚੋਣਾਂ ਲੜਾਂਗੇ ਤੇ ਜਿੱਤ ਵੀ ਹਾਸਲ ਕਰਾਂਗੇ। ਇਹ ਗੱਲ ਸੱਚ ਹੈ ਕਿ ਇਹ ਗੱਠਜੋੜ ਵਿਚਾਰਧਾਰਕ ਤੇ ਸਿਧਾਂਤਕ ਨਹੀਂ ਹੈ ਤੇ ਸੱਤਾ ਨੂੰ ਹਾਸਲ ਕਰਨ ਲਈ ਕੀਤਾ ਗਿਆ ਗੱਠਜੋੜ ਹੈ। ਅੱਜ ਤੱਕ ਇਸ ਗੱਠਜੋੜ ਰਾਹੀਂ ਪੰਜਾਬ ਤੇ ਪੰਥ ਦੀ ਭਲਾਈ ਨਹੀਂ ਹੋਈ। ਭਾਜਪਾ ਇਸ ਸਮੇਂ ਪੂਰੇ ਭਾਰਤ ਉੱਪਰ ਮੋਦੀ ਦੀ ਅਗਵਾਈ ਅਧੀਨ ਕਾਬਜ਼ ਹੈ। ਕਾਂਗਰਸ ਕੌਮੀ ਪੱਧਰ ‘ਤੇ ਨਿਘਰ ਚੁੱਕੀ ਹੈ। ਭਾਜਪਾ ਵਿਚ ਵੀ ਕਿਸੇ ਵਿਚ ਦਮ ਨਹੀਂ ਕਿ ਉਹ ਮੋਦੀ ਦਾ ਵਿਰੋਧ ਕਰ ਸਕੇ।

ਇਹੀ ਕਾਰਨ ਹੈ ਕਿ ਪਾਰਟੀ ਅਤੇ ਦੇਸ ਵਿਚ ਮੋਦੀ ਦੀ ਝੰਡੀ ਹੈ। ਇਸ ਦੌਰਾਨ ਜਦ ਪੰਜਾਬ ਵਿਚ ਅਤੇ ਨੈਸ਼ਨਲ ਪੱਧਰ ‘ਤੇ ਭਾਜਪਾ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਖਾਂ ਦਿਖਾਈਆਂ ਗਈਆਂ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਆਪਣੇ ਪੱਧਰ ‘ਤੇ ਲੜਨਗੇ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਥਾਂ ਸੱਤਾ ਦਾ ਫਿਕਰ ਪੈ ਗਿਆ, ਕਿਉਂਕਿ ਭਾਜਪਾ ਤੋਂ ਬਿਨਾਂ ਬਾਦਲ ਪੰਜਾਬ ਵਿਚ ਸੱਤਾ ਦਾ ਸੁਪਨਾ ਨਹੀਂ ਦੇਖ ਸਕਦੇ। ਕਾਰਨ ਇਹੀ ਹੈ ਕਿ ਉਨ੍ਹਾਂ ਨੇ ਪੰਜਾਬ ਤੇ ਪੰਥਕ ਹਿੱਤਾਂ ਦੇ ਲਈ ਅਜਿਹਾ ਕੁਝ ਨਹੀਂ ਕੀਤਾ, ਜਿਸ ਕਾਰਨ ਅਕਾਲੀ ਦਲ ਦਾ ਪੁਰਾਤਨ ਪੰਥਕ ਵੋਟ ਬੈਂਕ ਜੋ ਹੁਣ ਕਾਂਗਰਸ, ਗਰਮ ਖਿਆਲੀ ਧਿਰਾਂ ਤੇ ‘ਆਪ’ ਵਿਚ ਵੰਡਿਆ ਜਾ ਚੁੱਕਾ ਹੈ। ਉਹ ਹੁਣ ਬਾਦਲ ਨਾਲ ਜੁੜਨ ਨੂੰ ਤਿਆਰ ਨਹੀਂ। ਬਾਪੂ ਸੂਰਤ ਸਿੰਘ ਦੀ ਬੰਦੀਵਾਨ ਸਿੱਖਾਂ ਦੇ ਹੱਕ ਵਿਚ ਰੱਖੀ ਲੰਬੀ ਭੁੱਖ ਹੜਤਾਲ ਬਾਰੇ ਬਾਦਲ ਸਰਕਾਰ ਦਾ ਨਕਾਰਾਤਾਮਕ ਰਵੱਈਆ ਸਿੱਖ ਪੰਥ ਅੰਦਰ ਰੋਸ ਜਗਾ ਰਿਹਾ ਹੈ, ਇਸ ਗੱਲ ਨੂੰ ਮੁੱਖ ਮੰਤਰੀ ਬਾਦਲ ਭਲੀ ਭਾਂਤ ਜਾਣਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਜੇਕਰ ਉਹ ਬੰਦੀਵਾਨ ਸਿੱਖਾਂ ਨੂੰ ਕਾਨੂੰਨ ਮੁਤਾਬਕ ਰਿਹਾਅ ਵੀ ਕਰ ਦਿੰਦੇ ਹਨ ਤਾਂ ਫਿਰਕੂ ਸੰਗਠਨ ਰੋਲਾ ਰੱਪਾ ਪਾ ਕੇ ਉਨ੍ਹਾਂ ਨੂੰ ਹਿੰਦੂ ਭਾਈਚਾਰੇ ਤੋਂ ਦੂਰ ਕਰ ਦੇਣਗੇ।

ਇਸ ਲਈ ਬਾਦਲ ਸਰਕਾਰ ਵੱਲੋਂ ਇਸ ਮਾਮਲੇ ਵਿਚ ਸਿਧਾਂਤਕ ਤੇ ਕਾਨੂੰਨੀ ਫੈਸਲਾ ਲੈਣਾ ਅਸੰਭਵ ਜਿਹਾ ਦਿਖਾਈ ਦੇ ਰਿਹਾ ਹੈ। ਜੇਕਰ ਬਾਦਲ ਪੰਥਕ ਏਜੰਡੇ ਦੀ ਗੱਲ ਕਰਦੇ ਹਨ ਤਾਂ ਅਸਲ ਵਿਚ ਉਨ੍ਹਾਂ ਦਾ ਇਰਾਦਾ ਪੰਥਕ ਏਜੰਡੇ ‘ਤੇ ਪਹਿਰਾ ਦੇਣਾ ਨਹੀਂ ਹੁੰਦਾ। ਉਨ੍ਹਾਂ ਦਾ ਮਨੋਰਥ ਤਾਂ ਭਾਜਪਾ ਨੂੰ ਧਮਕਾਉਣਾ ਹੁੰਦਾ ਹੈ ਕਿ ਜੇਕਰ ਉਨ੍ਹਾਂ ਨੇ ਇਹ ਗੱਠਜੋੜ ਤੋੜਿਆ ਤਾਂ ਉਹ ਪੰਥਕ ਏਜੰਡੇ ‘ਤੇ ਪਹਿਰਾ ਦੇਣਗੇ, ਜਿਸ ਨਾਲ ਪੰਜਾਬ ਦਾ ਹਾਲਾਤ ਅਸ਼ਾਂਤ ਵੀ ਹੋ ਸਕਦੇ ਹਨ। ਅਸਲ ਵਿਚ ਇਹ ਸਾਰੀ ਸਿਆਸੀ ਖੇਡ ਸੱਤਾ ਹਾਸਲ ਕਰਨ ਦੀ ਹੈ। ਪੰਜਾਬ ਦੇ ਲੋਕ ਨਸ਼ਿਆਂ ਕਰਕੇ, ਮਹਿੰਗਾਈ ਤੇ ਬੇਰੁਜ਼ਗਾਰੀ ਕਰਕੇ, ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਕਰਕੇ ਔਜੜੇ ਪਏ ਹੋਏ ਬਰਬਾਦੀ ਦੇ ਰਾਹ ‘ਤੇ ਹਨ। ਆਰਥਿਕ ਤੌਰ ‘ਤੇ ਨਿਘਰ ਚੁੱਕਿਆ ਪੰਜਾਬ ਦਾ ਕਿੰਗ ਪ੍ਰਕਾਸ਼ ਸਿੰਘ ਬਾਦਲ ਇਸ ਸਮੇਂ ਆਰਥਿਕ ਤੌਰ ‘ਤੇ ਚੜ੍ਹਾਈਆਂ ਤੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਸ਼ ਲਗਾ ਚੁੱਕੇ ਹਨ ਕਿ ਬਾਦਲ ਪੰਜਾਬ ਤੇ ਰਾਜ ਨਹੀਂ ਬਿਜਨੈਸ ਚਲਾ ਰਹੇ ਹਨ। ਇਹ ਗੱਲ ਕਿੰਨੀ ਕੁ ਸੱਚੀ ਹੈ, ਇਹ ਤਾਂ ਸੁਪਰੀਮ ਕੋਰਟ ਵਰਗੀ ਨਿਰਪੱਖ ਸੰਸਥਾ ਦੀ ਅਗਵਾਈ ਵਿਚ ਸੀ.ਬੀ.ਆਈ ਪੰਜਾਬ ਦੇ ਸਿਆਸਤਦਾਨਾਂ ਦੀ ਜਾਂਚ ਕਰੇ ਕਿ ਉਨ੍ਹਾਂ ਨੇ ਸੱਤਾ ਵਿਚ ਰਹਿ ਕੇ ਕਿੰਨੀ ਕਮਾਈ ਕੀਤੀ ਤਾਂ ਇਸ ਦਾ ਸੱਚ ਪਤਾ ਲੱਗ ਸਕਦਾ ਹੈ। ਅਸੀਂ ਯਾਦ ਦਿਵਾ ਦਈਏ ਕਿ ਅਕਾਲੀ-ਭਾਜਪਾ ਦਾ ਸਿਆਸੀ ਜੋੜ 1996 ਤੋਂ ਹੈ ਤੇ 1997 ਤੋਂ 2002 ਤੱਕ ਦੋਨਾਂ ਦੀ ਸਾਂਝੀ ਸਰਕਾਰ ਕੰਮ ਕਰਦੀ ਰਹੀ ਹੈ। ਕੇਂਦਰ ਵਿਚ ਭਾਜਪਾ ਨੇਤਾ ਨਰਿੰਦਰ ਮੋਦੀ ਦੀ ਐਨਡੀਏ ਸਰਕਾਰ ਵਿਚ ਅਕਾਲੀ ਦਲ ਭਾਈਵਾਲ ਹੈ ਤੇ ਪਹਿਲਾਂ ਵੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਭਾਈਵਾਲ ਰਿਹਾ ਹੈ।

ਵਿਚਾਰਧਾਰਕ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਸੂਬਿਆਂ ਲਈ ਵਧ ਅਧਿਕਾਰਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਤੇ ਜਦਕਿ ਭਾਜਪਾ ਮਜ਼ਬੂਤ ਕੇਂਦਰ ਦੀ ਹਾਮੀ ਹੈ। ਪਿਛੋਕੜ ਵਲ ਝਾਤ ਮਾਰੀਏ ਤਾਂ ਦੋਨਾਂ ਪਾਰਟੀਆਂ ਦਾ ਆਪਸ ਵਿਚ ਲਵ-ਹੇਟ ਵਾਲਾ ਰਿਸ਼ਤਾ ਰਿਹਾ ਹੈ। ਦੇਸ ਅਜ਼ਾਦ ਹੋਣ ਪਿਛੋਂ ਭਾਸ਼ਾ ਦੇ ਆਧਾਰ ‘ਤੇ ਭਾਰਤ ਵਿਚ ਸੂਬੇ ਬਣਾਏ ਗਏ। ਪਰ ਪੰਜਾਬੀ ਸੂਬੇ ਦੀ ਮੰਗ ਠੁਕਰਾ ਦਿੱਤੀ ਗਈ। ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਸਥਾਪਤੀ ਲਈ ਲੰਮਾ ਸੰਘਰਸ਼ ਕੀਤਾ। ਜਨਸੰਘ (ਭਾਜਪਾ ਦਾ ਪਹਿਲਾ ਰੂਪ) ਇਸ ਦੇ ਉਲਟ ਮਹਾਂਪੰਜਾਬ ਦੀ ਗੱਲ ਕਰਦਾ ਰਿਹਾ ਹੈ। ਸਾਲ 1951 ਤੋਂ 1961 ਦੀ ਮਰਦਮਸ਼ੁਮਾਰੀ ਵੇਲੇ ਜਨਸੰਘ ਨੇ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਬਾਰੇ ਸੱਦਾ ਦਿੱਤਾ। ਇਨ੍ਹਾਂ ਦੀਆਂ ਕਰਤੂਤਾਂ ਕਾਰਨ ਪੰਜਾਬੀ ਸੂਬਾ ਲੰਗੜਾ ਬਣਿਆ ਤੇ ਇਸ ਦੀ ਰਾਜਧਾਨੀ ਚੰਡੀਗੜ੍ਹ ਤੇ ਅਨੇਕਾਂ ਪੰਜਾਬੀ ਭਾਸ਼ਾਈ ਇਲਾਕੇ ਇਸ ਤੋਂ ਬਾਹਰ ਰੱਖੇ ਗਏ।

ਪੰਜਾਬ ਬੰਦ ਸੱਦੇ ਦੇ ਦੌਰਾਨ ਇਨ੍ਹਾਂ ਜਨਸੰਘੀਆਂ ਨੇ ਪੰਜਾਬ ਵਿਚ ਹਿੰਸਕ ਕਾਰਵਾਈਆਂ ਕੀਤੀਆਂ। 1982 ਵਿਚ ਜਦੋਂ ਅਕਾਲੀ ਦਲ ਨੇ ਪੰਜਾਬ ਹਿੱਤਾਂ ਦੇ ਲਈ ਧਰਮ ਯੁੱਧ ਮੋਰਚਾ ਲਗਾਇਆ ਤਾਂ ਭਾਜਪਾ ਨੇ ਪੰਜਾਬ ਦੀਆਂ ਮੰਗਾਂ ਦਾ ਡੱਟ ਕੇ ਵਿਰੋਧ ਕੀਤਾ ਤੇ ਅਨੰਦਪੁਰ ਮਤੇ ਨੂੰ ਵੱਖਵਾਦੀ ਮਤਾ ਕਰਾਰ ਦਿੱਤਾ। ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰਵਾਇਆ ਤਾਂ ਭਾਜਪਾ ਨੇ ਇਸ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਛੇ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ। ਅਸੀਂ ਇਹ ਵੀ ਯਾਦ ਕਰਵਾ ਦੇਣਾ ਚਾਹੁੰਦੇ ਹਾਂ ਕਿ ਭਾਜਪਾ ਦੀ ਪੰਜਾਬ ਵਿਚ ਕੋਈ ਵੱਖਰੀ ਸਿਆਸੀ ਹੋਂਦ ਨਹੀਂ। 1969, 1977 ਤੇ 2007 ਵਿਚ ਅਕਾਲੀਆਂ ਦੀ ਮਿਹਰਬਾਨੀ ਕਰਕੇ ਇਨ੍ਹਾਂ ਨੂੰ ਸਰਕਾਰ ਵਿਚ ਥਾਂ ਮਿਲਦੀ ਰਹੀ। ਪਰ ਇਹ ਆਪਣੀਆਂ ਫਿਰਕੂ ਹਰਕਤਾਂ ਤੋਂ ਬਾਜ ਨਾ ਆਏ, ਇਥੋਂ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਭਾਜਪਾ ਨੇ ਵਿਰੋਧ ਕੀਤਾ। ਪਰ ਹੁਣ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀ ਹੋਂਦ ਭਾਜਪਾ ਦੀ ਪਿਛਲੱਗ ਦਿਖਾਈ ਦੇ ਰਹੀ ਹੈ, ਜਿਸ ਦਾ ਪੰਥ ਤੇ ਪੰਜਾਬ ਨਾਲ ਕੋਈ ਸੰਬੰਧ ਨਹੀਂ। ਹਾਲਾਂਕਿ ਭਾਜਪਾ ਵੀ ਜਾਣਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬ ਵਿਚ ਤੁੱਛ ਹੈ, ਪਰ ਬਾਦਲ ਹੁਣੀਂ ਇਤਿਹਾਸ ਦੇ ਸੱਚ ਨੂੰ ਨਹੀਂ ਦੇਖ ਰਹੇ ਤੇ ਉਹ ਪੰਜਾਬ ਤੇ ਪੰਥ ਦੀ ਅਣਖ ਨੂੰ ਬਰਕਰਾਰ ਰੱਖਣ ਵਿਚ ਅਸਫਲ ਦਿਖਾਈ ਦੇ ਰਹੇ ਹਨ, ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਪੰਜਾਬ ਦੀ ਸੱਤਾ ਹਾਸਲ ਕਰਨਾ ਹੀ ਹੈ। ਇਹੀ ਕਾਰਨ ਹੈ ਕਿ ਬਾਦਲ ਨੂੰ ਭਾਜਪਾ ਨਾਲ ਆਪਣਾ ਰਿਸ਼ਤਾ ਪਤੀ-ਪਤਨੀ ਵਾਲਾ ਦਿਖਾਈ ਦੇ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top