Share on Facebook

Main News Page

ਮੁੰਦਾਵਣ / ਮੁਦਾਵਣੀ
-:
ਹਰਜਿੰਦਰ ਸਿੰਘ 'ਘੜਸਾਣਾ'

ਸਮੱਗਰ ਗੁਰਬਾਣੀ ਅੰਦਰ 'ਮੰਦਾਵਣੀ' ਲਫਜ਼ ਕੇਵਲ ਇੱਕ ਵਾਰ ਅਤੇ 'ਮੁਦਾਵਣੀ' ਲਫਜ਼ ੨ ਵਾਰ ਆਇਆ ਹੈ।'ਮੁੰਦਾਵਣੀ' ਲ਼ਫਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧੪੨੯ 'ਤੇ ਦਰਜ਼ ਹੈ ਜਦਕਿ 'ਮੁਦਾਵਣੀ' ਲਫਜ਼ ਸੋਰਠਿ ਕੀ ਵਾਰ ਵਿੱਚ ਪੰਨਾ ੬੪੫ ਉਤੇ ਅੰਕਿਤ ਹੈ। ਉਕਤ ਸ਼ਬਦਾਂ ਵਿੱਚ ਫ਼ਰਕ ਕੇਵਲ ਨਾਸਕੀ-ਚਿੰਨ੍ਹ 'ਟਿੱਪੀ' ਕਰਕੇ ਹੀ ਹੈ, ਇੱਕ ਵਾਰ ਆਏ ਲਫਜ਼ 'ਤੇ ਟਿੱਪੀ ਹੈ, ਦੋ ਵਾਰ ਆਏ ਲਫਜ਼ਾਂ ਉਤੇ ਟਿੱਪੀ ਦੀ ਵਰਤੋਂ ਨਹੀਂ ਹੈ।

ਮੁੰਦਾਵਣੀ: ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ 'ਮੁੰਦਾਵਣੀ ਮਹਲਾ ੫' ਵਾਰਤਕ ਵਜ਼ੋਂ ਦਰਜ਼ ਹੈ। ਸੰਸਕ੍ਰਿਤ ਵਿੱਚ 'ਮੁੰਦਣ' ਧਾਤੂ ਤੋਂ 'ਮੁੰਦਾਵਣੀ' ਲ਼ਫ਼ਜ਼ ਦੀ ਵਿਉਤਪਤੀ ਲਈਏ ਤਾਂ ਸਹਿਜੇ ਹੀ ਦਰੁਸੱਤ ਅਰਥ ਬਣ ਜਾਂਦੇ ਹਨ।' ਮੁੰਦਣ' ਦਾ ਭਾਵ ਸੰਜੋਗੀ ਕਿਰਿਆ ਇਕਵਚਨ 'ਮੁੰਦਣਾ' ਹੈ। ਇਸ ਵਾਰਤਕ ਸਿਰਲੇਖ ਵਿੱਚ ਆਏ ਲਫ਼ਜ਼ 'ਮੁੰਦਾਵਣੀ' ਦਾ ਅਰਥ ਭਾਸ਼ਾਈ ਅਧਾਰ 'ਤੇ 'ਮੁੰਦਣਾ,ਬੰਦ ਕਰਨਾ' ਬਣਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਜੀ ਭੀ ਮਹਾਨ ਕੋਸ਼ ਵਿੱਚ ਉਕਤ ਅਰਥ ਦੀ ਪੁਸ਼ਟੀ ਕਰਦੇ ਹੋਏ ਇਸ ਲਫਜ਼ ਦੀ ਵਰਤੋਂ ਰਾਜ-ਦਰਬਾਰਾਂ ਵਿੱਚ ਭੀ ਹੁੰਦੀ ਹੈ ਬਾਰੇ ਲਿਖਦੇ ਹਨ ।"ਭਾਰਤ ਵਿੱਚ ਰੀਤਿ ਹੈ ਕਿ ਮਹਾਂਰਾਜਿਆਂ ਦੇ ਖਾਨ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ,ਆਪਣੇ ਸਾਮ੍ਹਣੇ ਭੋਜਨ ਤਿਆਰ ਕਰਵਾਕੇ ਦੇਗਚੇ ਆਦਿ ਬਰਤਨਾਂ ਪੁਰ ਮੁਹਰ ਲਾਦਿੰਦਾ ਹੈ, ਤਾਕਿ ਕੋਈ ਅਸ਼ੁੱਭਚਿੰਤਕ ਜ਼ਹਿਰ ਆਦਿ ਭੋਜਨ ਵਿੱਚ ਨਾ ਮਿਲਾ ਸਕੇ,ਫੇਰ ਜਦ ਥਾਲ ਪਰੋਸਦਾ ਹੈ,ਤਦ ਕੀ ਥਾਲ ਪੁਰ ਸਪਰਸ਼ ਦੇ ਕੇ ਮੁਹਰ ਲਾ ਦਿੰਦਾ ਹੈ,ਅਰ ਉਹ ਮੁਹਰ ਜੁੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀ ਜਾਂਦੀ ਹੈ, "ਮੁੰਦਾਵਣੀ ਮ:੫" ਸਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪੁਰ ਪਾਠ ਹੈ, ਜਿਸ ਦਾ ਭਾਵ ਅੰਤਿਮ ਮੁਹਰਛਾਪ ਹੈ, ਸਮਾਪਤੀ ਪੁਰ ਮੁਦ੍ਰਣ ਕਰਕੇ ਇਹ ਉਪਦੇਸ਼ ਹੈ, ਕਿ ਇਥੇ ਧਰਮਗ੍ਰੰਥ ਦੇ ਪਾਠ ਦਾ ਭੋਗ ਹੈ" (ਮਹਾਨ ਕੋਸ਼) ਭਾਈ ਕਾਨ੍ਹ ਸਿੰਘ ਜੀ ਨਾਭਾ ਵੱਲੋਂ ਦਿੱਤੀ ਜਾਣਕਾਰੀ ਤੋਂ 'ਮੰਦਣਾ' ਅਰਥ ਸਪਸ਼ੱਟ ਹੋ ਜਾਂਦੇ ਹਨ।

ਇਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਅੰਦਰ ਇੱਕ ਪੰਗਤੀ ਵਿੱਚ 'ਮੁੰਦਾਵਣੀ' ਲਫ਼ਜ਼ ਦਾ ਮੂਲ ਧਾਤੂ 'ਮੁੰਦਣ' ਭੀ ਵਰਤਿਆ ਮਿਲਦਾ ਹੈ, ਇਸ ਅੰਦਰਲੀ ਗਵਾਹੀ ਨਾਲ ਉਕਤ ਲਫ਼ਜ਼ ਦੇ ਪ੍ਰਸੰਗਕ ਅਰਥ ਬਿਲਕੁਲ ਸਪਸ਼ੱਟ ਹੋ ਜਾਂਦੇ ਹਨ : ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ (ਪੰ/੧੧੧੬) ਉਪਰੋਕਤ ਪੰਗਤੀ ਵਿੱਚ ਆਇਆ ਸ਼ਬਦ 'ਮੁੰਦਣਿ' ਮੁੰਦਾਵਣੀ ਦਾ ਹੀ ਮੂਲ ਧਾਤੂ ਹੈ,'ਮੁੰਦਣਿ' ਲਫਜ਼ ਨੂੰ ਅੰਤਕ ਇਕਰਾਂਤ (ਸਿਹਾਰੀ ) ਮੂਲਕ-ਅੰਗ ਵਜ਼ੋਂ ਹੈ। ਸੋ ਜਿਸ ਤਰ੍ਹਾਂ ਰਾਜੇ-ਮਹਾਰਾਜਿਆਂ ਦੇ ਦਰਬਾਰ ਵਿਚ 'ਮੁੰਦਾਵਣੀ' ਲਫਜ਼ ਮੁਹਰ ਲਾਉਣ, ਬੰਦ ਕਰਨ ਦੇ ਅਰਥਾਂ ਵਿੱਚ ਪ੍ਰਯੋਗ਼ ਹੁੰਦਾ ਸੀ, ਉਸੇ ਤਰ੍ਹਾਂ ਇਸ ਸਿਰਲੇਖ ਵਿੱਚ ਭੀ 'ਮੁੰਦਾਵਣੀ' ਦਾ ਅਰਥ 'ਮੁੰਦਣ,ਬੰਦ ਕਰਨਾ' ਵਧੇਰੇ ਢੁਕਵਾਂ ਹੈ ਕਿਉਂਕਿ 'ਥਾਲ ਵਿਚਿ ਤਿੰਨਿ ਵਸਤੂ ਪਈਓ' ਸ਼ਬਦ ਵਿੱਚ ਸਤਿਗੁਰੂ ਜੀ ਨੇ ਰੂਪਕ ਅਲੰਕਾਰ ਬੰਨ ਕੇ 'ਥਾਲ,ਵਸਤੂਆਂ' ਆਦਿ ਦਾ ਜ਼ਿਕਰ ਕੀਤਾ ਹੈ। ਅੰਤ ਪੁਰ ਮੁੰਦਾਵਣੀ ਪਾ ਕੇ ਗੁਰੂ ਗ੍ਰੰਥ ਸਾਹਿਬ ਰੂਪ ਥਾਲ ਦਾ ਰੂਪਕ ਬੰਨ ਕੇ ਅਗਲੇਰਾ ਸ਼ਬਦ ਸ਼ੁਕਰਾਨੇ ਵਜ਼ੋਂ ਉਚਾਰ ਆਤਮਿਕ ਉਪਦੇਸ਼ ਦਿੱਤਾ ਹੈ।

ਮੁਦਾਵਣੀ: ਇਹ ਲਫ਼ਜ਼ ਰਾਗ ਸੋਰਠਿ ਦੀ ਵਾਰ ਦੇ ਅਠੱਵੇਂ ਸਲੋਕ ਵਿੱਚ ਦਰਜ਼ ਹੈ। ਜੇਕਰ ਇਸ ਲਫਜ਼ ਨੂੰ ਸਿੰਧ ਦੇ ਮਧ ਦਾ ਇਲਾਕਾ (ਪਾਕਿਸਥਾਨ) ਦੀ ਪੋਠੋਹਾਰੀ ਬੋਲੀ 'ਚੋਂ ਲਈਏ ਤਾਂ ਉਕਤ ਸ਼ਬਦ ਦੇ ਮੂਲ ਅਰਥ 'ਬੁਝਾਰਤ' ਬਣਦੇ ਹਨ। ਪੋਠੋਹਾਰੀ ਬੋਲੀ 'ਚ ਇੱਕ ਆਮ ਪ੍ਰਸਿੱਧ ਮੁਹਾਵਰਾ ਭੀ ਸੁਣੀਦਾ ਹੈ 'ਮੁਦਾਵਣਹਾਰੀਆਂ ਕਿਉ ਪਾਨੋ ਓ' ਭਾਵ ਬੁਝਾਰਤਾਂ ਕਿਉਂ ਪਾ ਰਹੇ ਹੋਂ। ਪੋਠੋਹਾਰੀ ਬੋਲੀ ਦੇ ਕੋਸ਼ਾਂ ਵਿੱਚ 'ਮੁਦਤਾ' ਧਾਤੂ ਵੀ 'ਬੁਝਾਰਤ' ਅਰਥਾਂ ਵਿੱਚ ਵਰਤਿਆ ਗਿਆ ਹੈ, ਸੋ ਇਸ ਤਰ੍ਹਾਂ 'ਮੁਦਾਵਣੀ' ਲਫਜ਼ ਦਾ ਅਰਥ 'ਭਾਵ ਵਾਚਕ ਨਾਂਵ ਇਸਤਰੀ ਲਿੰਗ ਇਕਵਚਨ ''ਬੁਝਾਰਤ' ਦਰੁਸਤ ਪ੍ਰਤੀਤ ਹੁੰਦਾ ਹੈ। ਕਿਉਂਕਿ ਸ਼ਬਦ ਵੀਚਾਰਿਆਂ ਭੀ ਉਕਤ ਅਰਥ ਪ੍ਰਸੰਗਕ ਲਗਦੇ ਹਨ : ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ {ਪੰਨਾ 645} ਇਸ ਵੀਚਾਰ ਅਧੀਨ ਤੁਕ ਦਾ ਅਰਥ ਬਣਦਾ ਹੈ ਕਿ 'ਇਹ ਬੁਝਾਰਤ ਹਿਰਦੇ ਵਿੱਚੋਂ ਕਿਉਂ ਕਢੀਏ, ਸਦਾ ਹੀ ਹਿਰਦੇ 'ਚ ਧਾਰ ਕੇ ਰੱਖਣੀ ਚਾਹੀਦੀ ਹੈ।' ਕਿਹੜੀ ਬੁਝਾਰਤ ? ਉਹ ਬੁਝਾਰਤ ਜੋ ਇਸ ਸ਼ਬਦ ਦੇ ਅਰੰਭ ਵਿੱਚ ਦੱਸੀ ਹੈ ; ਹਿਰਦੇ ਰੂਪ ਥਾਲ, ਸਤ, ਸੰਤੋਖ, ਵੀਚਾਰ ਰੂਪ ਪਰੋਸੀਆਂ ਵਸਤੂਆਂ, ਹਰੀ ਦਾ ਨਾਮ ਸ੍ਰੇਸ਼ਟ ਅਤੇ ਆਤਮਿਕ ਅੰਮ੍ਰਿਤ ਰੂਪ ਭੋਜਨ ਅਤੇ ਵਿਕਾਰਾਂ ਤੋਂ ਮੁਕਤੀ ਦਾ ਦਰਵਾਜ਼ਾ ਭਾਵ ਗੁਰੂ ਗਿਆਨ। ਇਹ ਵਸਤੂਆਂ ਕਿੱਥੇ ਹਨ ਕਿਸ ਤੋਂ ਪ੍ਰਾਪਤ ਹੁੰਦੀਆਂ ਹਨ ਦੀ ਬੁਝਾਰਤ ਹੈ, ਇਸ ਤੁਕ ਤੋਂ ਅਗਲੀ ਤੁਕ ਵਿੱਚ 'ਪਾਈ' ਇਸਤਰੀ ਲਿੰਗ ਇਕਵਚਨ ਭੂਤਕਾਲ ਦੀ ਕਿਰਿਆ ਵਰਤ ਕੇ ਸਤਿਗੁਰੂ ਜੀ ਨੇ ਹੋਰ ਸਪਸ਼ੱਟ ਕਰ ਦਿੱਤਾ ਹੈ: ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ॥ ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ॥੧॥ {ਪੰ/:੬੪੫} ਅਰਥ : ਇਹ ਬੁਝਾਰਤ ਸਤਿਗੁਰੂ ਨੇ ਪਾਈ ਹੈ ਗੁਰਸਿਖਾਂ ਨੇ ਢੂੰਢ ਕੇ ਲੱਭ ਲਈ ਹੈ। ਹੇ ਨਾਨਕ ਜਿਸ ਮਨੁੱਖ ਨੂੰ ਇਹ ਬੁਝਾਰਤ ਗੁਰੂ ਬੁਝਾਏਗਾ ਉਹੀ ਮਨੁੱਖ ਇਸ ਨੂੰ ਬੁੱਝੇਗਾ, ਗੁਰਮੁਖ ਨੇ ਨਾਮ ਦੀ ਘਾਲਿ-ਕਮਾਈ ਕਰਕੇ ਹਰੀ ਨੂੰ ਹਿਰਦੇ ਵਿੱਚ ਹੀ ਪਾ ਲਿਆ ਹੈ। ਅਗਾਂਹ 'ਸਲੋਕ' ਅਤੇ 'ਪਉੜੀ' ਇਸ ਬੁਝਾਰਤ ਨੂੰ ਹੀ ਖੋਲਦੇ ਹਨ, ਕਿ ਗੁਰਮੁਖ ਸਖੀਆਂ-ਸਹੇਲੀਆਂ ਕਿਵੇਂ ਆਤਮਿਕ ਵਸਤੂਆਂ ਨੂੰ ਪਾਉਂਦੀਆਂ ਹਨ, ਕਿਵੇਂ ਬੁਝਾਰਤ ਨੂੰ ਗੁਰੂ- ਫ਼ਜ਼ਲ ਦੁਆਰਾ ਬੁਝੱਦੀਆਂ ਹਨ। ਸੋ ਸਾਰੀ ਵੀਚਾਰ ਤੋਂ ਅਸੀਂ ਇਸ ਸਿੱਟੇ ਉਪੱਰ ਪਹੁੰਚੇ ਹਾਂ ਕਿ :

ਮੁੰਦਾਵਣੀ = {ਸੰਜੋਗੀ ਕਿਰਿਆ, 'ਮੁੰਦਣਿ' ਧਾਤੂ} ਬੰਦ ਕਰਨਾ, ਮੁੰਦਣ ਕਰਨਾ।

ਮੁਦਾਵਣੀ = { ਭਾਵ ਵਾਚਕ ਇਸਤਰੀ ਲਿੰਗ ਨਾਂਵ ਇਕਵਚਨ, ਪੋਠੋਹਾਰ} ਬੁਝਾਰਤ। ਆਦਿ ਅਰਥ-ਭਾਵ, ਸ਼ਬਦੀ ਰੂਪ ਅਨੁਸਾਰ ਬਣਦੇ ਹਨ। ਉਪਰੋਕਤ ਸ਼ਬਦ 'ਮੁਦਾਵਣੀ' ਉੱਪਰ ਉਚਾਰਣ ਸਮੇਂ ਨਾਸਕੀ-ਚਿੰਨ੍ਹ 'ਟਿੱਪੀ' ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।

ਭੁੱਲ-ਚੁਕ ਦੀ ਖਿਮਾਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top