Share on Facebook

Main News Page

ਹਸਨਪੁਰ ਵਿਖੇ ਹੋਏ ਪੰਥਕ ਇੱਕਠ ’ਚ ਬਾਦਲ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ

- 10 ਜੁਲਾਈ ਨੂੰ ਲੁਧਿਆਣਾ ਮੁਕੰਮਲ ਬੰਦ ਦਾ ਕੀਤਾ ਐਲਾਨ
- ਜੇਕਰ ਹੁਣ ਸਰਕਾਰ ਨੇ ਕੋਈ ਜਬਰਦਸਤੀ ਕੀਤੀ ਤਾਂ ਪਾਣੀ ਪੀਣਾ ਵੀ ਛੱਡ ਦਿਆਂਗਾ- ਬਾਪੂ ਸੂਰਤ ਸਿੰਘ ਖਾਲਸਾ

ਮੁੱਲਾਂਪੁਰ ਦਾਖਾ (6 ਜੁਲਾਈ 2015): ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 173 ਦਿਨਾਂ ਤੋਂ ਪਿੰਡ ਹਸਨਪੁਰ ਵਿਖੇ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੇ ਹੱਕ ’ਚ ਅੱਜ ਸਮੁੱਚਾ ਸਿੱਖ ਪੰਥ ਇਸ ਪੰਥਕ ਕਾਰਜ ਦੀ ਸਫਲਤਾ ਲਈ ਇੱਕਮੰਚ ’ਤੇ ਇੱਕਠਾ ਹੋਇਆ ਦਿਖਾਈ ਦਿੱਤਾ ਜਦੋਂ ਪੰਜਾਬ ਦੇ ਕੋਨੇ ਕੋਨੇ ’ਚੋਂ ਸਿੱਖ ਜੱਥੇਬੰਦੀਆਂ ਅਤੇ ਨੌਜਵਾਨਾਂ ਦੇ ਠਾਠਾਂ ਮਾਰਦੇ ਵਿਸ਼ਾਲ ਕਾਫਲੇ ਗੁਰਦੁਆਰਾ ਹਸਨਪੁਰ ਵਿਖੇ ਪਹੁੰਚਣੇ ਸ਼ੁਰੂ ਹੋ ਗਏ। ਇਸ ਪੰਥਕ ਇੱਕਠ ਦੀ ਪਲ-ਪਲ ਦੀ ਜਾਣਕਾਰੀ ਪੁਲਿਸ ਅਤੇ ਸਰਕਾਰ ਦੀਆਂ ਖੁਫੀਆਂ ਏਜੰਸੀਆਂ ਆਪਣੇ ਆਕਾਵਾਂ ਨੂੰ ਦਿੰਦੀਆਂ ਰਹੀਆਂ। ਚੱਪੇ ਚੱਪੇ ’ਤੇ ਤਾਇਨਾਤ ਪੁਲਿਸ ਚੁੱਪਚਾਪ ਇਸ ਸ਼ਾਂਤਮਈ ਢੰਗ ਨਾਲ ਚਲਾਈ ਜਾ ਰਹੀ ਪੰਥਕ ਕੰਨਵੈਸ਼ਨ ਨੂੰ ਦੇਖਦੀ ਰਹੀ। ਦੇਖਦੇ ਹੀ ਦੇਖਦੇ ਗੁਰਦੁਆਰਾ ਸਾਹਿਬ ਦੇ ਦੋਨੇ ਦਰਬਾਰ ਸਾਹਿਬ ਸੰਗਤਾਂ ਦੇ ਨਾਲ ਭਰ ਗਏ ਅਤੇ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੰਥਕ ਕਾਫਲੇ ਇਸ ਸਮਾਗਮ ’ਚ ਨਾਅਰੇ ਲਾਕੇ ਪੁੱਜਦੇ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ’ਚ ਹੋਈ ਇਸ ਵਿਸ਼ਾਲ ਪੰਥਕ ਇੱਕਤਰਤਾ ਨੂੰ ਲਗਭਗ ਸਮੂਹ ਬੁਲਾਰਿਆਂ ਨੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ। ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਵਿੱਡਿਆ ਸੰਘਰਸ਼ ਜਿਹੜਾ 174ਵੇਂ ਦਿਨ ’ਚ ਸ਼ਾਮਲ ਹੋ ਗਿਆ।

ਅੱਜ ਉਸ ਸਮੇਂ ਸ਼ਿਖ਼ਰਾਂ ’ਤੇ ਪੁੱਜ ਗਿਆ ਜਦ ਬਾਪੂ ਦਾ ਜੱਦੀ ਪਿੰਡ ਹਸਨਪੁਰ (ਲੁਧਿਆਣਾ) ਕੇਸਰੀ ਰੰਗ ’ਚ ਰੰਗਿਆ ਗਿਆ ਅਤੇ ਹਰ ਪਾਸੇ ਕੇਸਰੀ ਦਸਤਾਰਾਂ ਤੇ ਨੀਲੇ ਦੁਮਾਲਿਆਂ ਦਾ ਹੜ ਆਇਆ ਵਿਖਾਈ ਦਿੱਤਾ। ਜ਼ਜ਼ਬਾਤੀ ਸਿੱਖ ਨੌਜਵਾਨਾਂ ਦੀ ਭਾਰੀ ਵੱਡੀ ਗਿਣਤੀ ਜਿਹੜੀ ਜ਼ਾਬਰ, ਮਕਾਰ ਸਰਕਾਰ ਵਿਰੁੱਧ ਸਖ਼ਤ ਐਕਸ਼ਨ ਦੀ ਮੰਗ ਕਰਦੀ ਰਹੀ। ਸਰਕਾਰ ਦੇ ਮਚਲੇਪੁਣੇ ਵਿਰੁੱਧ ਦੰਦੀਆਂ ਪੀਂਹਦੀ ਵਿਖਾਈ ਦਿੱਤੀ। ਇਸ ਸਮੇਂ ਬਾਪੂ ਸੂਰਤ ਸਿੰਘ ਖਾਲਸਾ ਨੇ ਫੈਸਲਾਕੁੰਨ ਐਲਾਨ ਕਰਦਿਆਂ ਆਖਿਆ ਕਿ ਸਰਕਾਰ ਉਨਾਂ ਨੂੰ ਵਾਰ ਵਾਰ ਜ਼ਬਰੀ ਚੁੱਕ ਕੇ ਜ਼ਲੀਲ ਕਰ ਰਹੀ ਹੈ। ਜਿਸ ਨੂੰ ਹੁਣ ਉਹ ਹੋਰ ਬਰਦਾਸ਼ਤ ਨਹੀਂ ਕਰਨਗੇ। ਬਾਪੂ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਹੁਣ ਉਨਾਂ ਨੂੰ ਜੱਦੀ ਘਰ ’ਚੋਂ ਜ਼ਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਜਲ ਦਾ ਤਿਆਗ ਵੀ ਕਰ ਦੇਣਗੇ। ਬਾਪੂ ਖਾਲਸਾ ਨੇ ਬਾਦਲ ਨੂੰ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਗਰਦਾਨਿਆ। ਆਖਿਆ ਕਿ ਜਿਨਾਂ ਨੁਕਸਾਨ ਇੰਦਰਾ ਗਾਂਧੀ, ਬੇਅੰਤ ਸਿੰਘ, ਕੇ. ਪੀ. ਐੱਸ. ਗਿੱਲ ਜਾਂ ਭਾਰਤੀ ਫ਼ੌਜ ਦੇ ਮੁੱਖੀ ਜਰਨਲ ਵੈਦਿਆ ਨੇ ਸਿੱਖਾਂ ਦਾ ਕੀਤਾ ਸੀ, ਉਸ ਤੋਂ ਕਿਤੇ ਵੱਧ ਨੁਕਸਾਨ ਬਾਦਲ ਨੇ ਸਿੱਖਾਂ ਦਾ ਕੀਤਾ ਹੈ। ਇਸ ਲਈ ਉਹ ਕੌਮ ਨੂੰ ਅਪੀਲ ਕਰਦੇ ਹਨ ਕਿ ਬਾਦਲਾਂ ਨੂੰ ਕੌਂਮ ਦੇ ਗਲੋਂ ਤਰੁੰਤ ਲਾਹਿਆ ਜਾਵੇ। ਬਾਪੂ ਨੇ ਇਸ ਸਮੇਂ ਕੌਮ ਨੂੰ ਸੱਦਾ ਦਿੱਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਜ਼ਾਦ ਕਰਵਾਉਣ ਦੀ ਜੰਗ ਲੜੀ ਜਾਵੇ।

ਬਾਪੂ ਸੂਰਤ ਸਿੰਘ ਖਾਲਸਾ ਨੇ ਇਸ ਸਮੇਂ ਇਹ ਵੀ ਜ਼ੋਰ ਦੇ ਕੇ ਆਖਿਆ ਕਿ ਜਿਹੜਾ ਸਿੱਖ ਸੰਤ ਭਿੰਡਰਾਂਵਾਲਿਆਂ ਦੀ ਸੋਚ ਦਾ ਹਾਮੀ ਜਾਂ ਰਾਹੀ ਨਹੀਂ, ਉਸਨੂੰ ਸਿੱਖ ਅਖਵਾਉਣ ਦਾ ਵੀ ਕੋਈ ਹੱਕ ਨਹੀਂ। ਉਨਾਂ ਕੌਮ ਨੂੰ ਸ਼ਾਂਤਮਈ ਢੰਗ ਨਾਲ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਅਪੀਲ ਕੀਤੀ। ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਆਖਿਆ ਕਿ ਬਾਦਲ ਸਰਕਾਰ ਜਾਣ ਬੁੱਝ ਕੇ ਮਚਲੀ ਹੋਈ ਹੈ ਅਤੇ ਉਹ ਸਿੱਖ ਮੰਗਾਂ ਨੂੰ ਜਾਣ ਬੁੱਝ ਕੇ ਲਮਕਾ ਰਹੀ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਆਖਿਆ ਕਿ ਕੌਮੀਂ ਸਿਧਾਂਤਾਂ ਲਈ ਇਕਜੁੱਟ ਹੋ ਕੇ ਲੜਨਾ ਸਮੇਂ ਦੀ ਵੱਡੀ ਲੋੜ ਬਣ ਗਿਆ ਹੈ। ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਇਸ ਸਮੇਂ ਆਖਿਆ ਕਿ ਇਸ ਸਮੇਂ ਸਾਰੇ ਦੁੱਖਾਂ ਦਾ ਦਾਰੂ ਬਾਦਲ ਦਲ ਦਾ ਪੰਜਾਬ ਅਤੇ ਸਿੱਖ ਸਿਆਸਤ ਤੋਂ ਸਫ਼ਾਇਆ ਹੈ। ਭਾਈ ਹਰਪਾਲ ਸਿੰਘ ਚੀਮਾਂ ਨੇ ਇਸ ਸਮੇਂ ਕਾਨੂੰਨ ਅਤੇ ਸਰਕਾਰ ਦੇ ਮਚਲੇਪਣ ਦੀਆਂ ਘੁੰਡੀਆਂ ਖੋਲੀਆਂ। ਇਸ ਮੌਕੇ ਭਾਈ ਮੋਹਕਮ ਸਿੰਘ ਨੇ ਫਖਰ ਨਾਲ ਕਿਹਾ ਕਿ ਕੌਮ ਹੁਣ ਇਕ ਹੋਰ ਵੱਡੇ ਸ਼ਹੀਦ ਨੂੰ ਜਨਮ ਦੇਣ ਵਾਲੀ ਹੈ। ਉਨਾਂ ਕਿਹਾ ਕਿ ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਕੇ ਸ਼ਹਾਦਤ ਦਿੱਤੀ ਅਤੇ ਸੂਰਤ ਸਿੰਘ ਖਾਲਸਾ ਇੱਕ ਇੱਕ ਸਵਾਸ ਕਰਕੇ ਸ਼ਹਾਦਤ ਦੇ ਰਿਹਾ ਹੈ। ਉਨਾਂ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਇਸ ਸ਼ਹਾਦਤ ਦੀ ਸ਼ਾਨ ਨਾਲ ਵਿਦਾਈਗੀ ਦੇਣ ਲਈ ਤਿਆਰ ਰਹੇ।

ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਸਟੇਜ ਦੀ ਕਾਰਵਾਈ ਚਲਾਉਂਦਿਆ ਕਿਹਾ ਕਿ ਹੁਣ ਸਿੱਖ ਨੌਜਵਾਨ ਜਾਗ ਚੁੱਕਾ ਹੈ ਅਤੇ ਜਿਸ ਕੌਮ ਦੀ ਜਵਾਨੀ ਜਾਗ ਪਵੇ ਤਾਂ ਉਹ ਪਰਬਤਾਂ ਨਾਲ ਵੀ ਮੱਥਾ ਲਗਾ ਸਕਦੀ ਹੈ। ਉਨਾਂ ਕਿਹਾ ਕਿ ਅੱਜ ਦਾ ਪੰਥਕ ਇੱਕਠ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦਾ ਵਾਰਸ ਹੈ ਅਤੇ ਜਦੋਂ ਤੱਕ ਜਿੱਤ ਪ੍ਰਾਪਤ ਨਹੀਂ ਹੁੰਦੀ ਕੌਮ ਟਿੱਕ-ਕੇ ਨਹੀਂ ਬੈਠੇਗੀ। ਉਨਾਂ ਕਿਹਾ ਕਿ 173 ਦਿਨਾਂ ਤੋਂ ਬੁੱਢਾ ਜਰਨੈਲ ਬਾਪੂ ਸੂਰਤ ਸਿੰਘ ਖਾਲਸਾ ਸਰਕਾਰ ਅਤੇ ਮੌਤ ਦੋਹਾਂ ਨੂੰ ਵੰਗਾਰ ਰਿਹਾ ਹੈ ਪ੍ਰੰਤੂ ਜਿੱਤ ਬਾਪੂ ਦੀ ਹੀ ਹੋਵੇਗੀ। ਉਨਾਂ ਕਿਹਾ ਕਿ ਕੌਮ ਫੈਸਲਾ ਦੇ ਚੁੱਕੀ ਹੈ ਕਿ ਬਾਪੂ ਦੀ ਸ਼ਹੀਦੀ ਬਾਦਲ ਸਰਕਾਰ ਦੇ ਕੱਫਣ ’ਚ ਆਖਰੀ ਕਿੱਲ ਸਾਬਤ ਹੋਵੇਗੀ। ਭਾਈ ਮਨਜਿੰਦਰ ਸਿੰਘ ਜੰਡੀ ਨੇ ਪੰਥਕ ਇੱਕਠ ਦੇ ਛੇ ਮਤੇ ਪੜਕੇ ਸੁਣਾਏ ਜਿਨਾਂ ਨੂੰ ਜੈਕਾਰਿਆਂ ਦੀ ਗੂੰਜ ’ਚ ਹੱਥ ਖੜੇ ਕਰਕਰ ਸੰਗਤਾਂ ਨੇ ਪ੍ਰਵਾਨ ਕੀਤਾਂ ਅਤੇ 10 ਜੁਲਾਈ ਨੂੰ ਲੁਧਿਆਣਾ ਮੁਕੰਮਲ ਬੰਦ ਦਾ ਐਲਾਨ ਕਰਨ ਤੋਂ ਇਲਾਵਾ 14 ਜੁਲਾਈ ਨੂੰ ਗੁਰਦੁਆਰਾ ਟਾਹਲੀ ਸਾਹਿਬ ਰਾਏਕੋਟ ਤੋਂ ਹਸਨਪੁਰ ਤੱਕ ਵਿਸ਼ਾਲ ਵੰਗਾਰ ਮਾਰਚ ਅਤੇ 19 ਜੁਲਾਈ ਨੂੰ ਕਿਸਾਨ ਭਵਨ ਚੰਡੀਗੜ ਵਿਖੇ ਵਿਸ਼ਾਲ ਪੰਥਕ ਕਨਵੈਂਸ਼ਨ ਦਾ ਐਲਾਨ ਕੀਤਾ। ਬਾਪੂ ਖਾਲਸਾ ਦੇ ਦਿ੍ਰੜਤਾ ਅਤੇ ਅਡੋਲਤਾ ’ਤੇ ਭਰੋਸਾ ਪ੍ਰਗਟ ਕੀਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਦੀ ਢਿੱਲੀ ਮੱਠੀ ਕਾਰਗੁਜਾਰੀ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ’ਚ ਬਾਦਲ ਲੋਹੇ ਦੀ ਦੀਵਾਰ ਬਣਕੇ ਖੜਾ ਹੈ ਅਤੇ ਪੰਜਾਂ ਤਖਤਾਂ ਦੇ ਜੱਥੇਦਾਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੀ ਬਰਾਬਰ ਦੀ ਦੋਸ਼ੀ ਹੈ ਜਿਸ ਨੇ ਹੁਣ ਤੱਕ ਬਾਪੂ ਖਾਲਸਾ ਦਾ ਹਾਲਚਾਲ ਪੁੱਛਣਾ ਵੀ ਮੁਨਾਸਭ ਨਹੀਂ ਸਮਝਿਆ। ਉਨਾਂ ਕਿਹਾ ਕਿ ਅਜਾਦ ਭਾਰਤ ਵਿੱਚ ਸਿੱਖ ਬੇਟੇ ਬੇਟੀਆਂ ਅੱਜ ਵੀ ਗੁਲਾਮ ਹਨ। ਸਤਿਕਾਰ ਕਮੇਟੀ ਦੇ ਭਾਈ ਸੁਖਵਿੰਦਰ ਸਿੰਘ ਅਤੇ ਏਕਨੂਰ ਖਾਲਸਾ ਫ਼ੌਜ ਦੇ ਭਾਈ ਹਰਜਿੰਦਰ ਸਿੰਘ ਤੇ ਲਖ਼ਵੀਰ ਸਿੰਘ ਨੇ ਇਸ ਸਮੇਂ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋਂ ਸੰਘਰਸ਼ ਨੂੰ ਪੂਰਨ ਹਿਮਾਇਤ ਦੇਣ ਦਾ ਐਲਾਨ ਕੀਤਾ। ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸੀਂਹ ਨੇ ਇਸ ਸਮੇਂ ਪੰਥ ਏਕੇ ਅਤੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਦਾ ਹੋਕਾ ਦਿੱਤਾ।

ਪੰਥਕ ਸੇਵਾ ਲਹਿਰ ਦੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇਸ ਸਮੇਂ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਬਿਨਾਂ ਸੰਘਰਸ਼ ਖ਼ਤਮ ਨਹੀਂ ਹੋਵੇਗਾ। ਸਗੋਂ ਇਹ ਸੰਘਰਸ਼ ਬਾਦਲ ਸਰਕਾਰ ਦੇ ਕਫ਼ਨ ’ਚ ਆਖ਼ਰੀ ਕਿੱਲ ਸਾਬਤ ਹੋਵੇਗਾ। ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਓਂਕਾਰ ਸਿੰਘ ਬਰਾੜ ਨੇ ਆਖਿਆ ਕਿ ਸਿੱਖ ਜੁਆਨੀ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਬੇਤਾਬ ਹੈ। ਪ੍ਰਸਿੱਧ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਪੰਜਵੇਂ ਪਾਤਸ਼ਾਹ ਦੀ ਸ਼ਾਂਤਮਈ ਸ਼ਹਾਦਤ ਤੋਂ ਆਰੰਭ ਹੋਏ ਸ਼ਹਾਦਤ ਦੀ ਗਾਥਾ ਦਾ ਜ਼ਿਕਰ ਵਰਤਮਾਨ ਸੰਘਰਸ਼ ਦੇ ਸੰਦਰਭ ’ਚ ਕੀਤਾ। ਸਤਿਕਾਰ ਕਮੇਟੀ ਦੇ ਭਾਈ ਸੁਖਵਿੰਦਰ ਸਿੰਘ ਨੇ ਕੌਮ ਨੂੰ ਸੁਆਰਥ ਤੇ ਪਦਾਰਥ ਦੀ ਅੰਨੀ ਦੌੜ ’ਚੋਂ ਬਾਹਰ ਆਕੇ ਕੌਂਮੀ ਸੰਘਰਸ਼ ਦਾ ਹਿੱਸਾ ਬਨਣ ਲਈ ਪ੍ਰੇਰਿਆ। ਸੰਤ ਢੱਡਰੀਆਂ ਵਾਲਿਆਂ ਵੱਲੋਂ ਸੰਘਰਸ਼ ਨੂੰ ਹਿਮਾਇਤ ਦਿੰਦਿਆਂ ਭਾਈ ਨਿਰਵੈਰ ਸਿੰਘ ਨੇ ਆਖਿਆ ਕਿ ਹੁਣ ਕੌਮ ਨੂੰ ਅਜ਼ਾਦੀ ਤੇ ਗੁਲਾਮੀ ਦਾ ਫ਼ਰਕ ਸਮਝ ਲੈਣਾ ਚਾਹੀਦਾ ਹੈ।

ਭਾਈ ਜੰਗ ਸਿੰਘ ਨੇ ਇਸ ਸਮੇਂ ਬੁੜੈਲ ’ਚ ਬੰਦ ਬੰਦੀ ਸਿੰਘਾਂ ਦਾ ਸੁਨੇਹਾ ਪੜ ਕੇ ਸੁਣਾਇਆ। ਦਮਦਮੀ ਟਕਸਾਲ ਜਥਾ ਸੰਗਰਾਵਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਨੇ ਸੰਘਰਸ਼ ਨੂੰ ਹਮਾਇਤ ਦਾ ਐਲਾਨ ਕੀਤਾ। ਭਾਈ ਬਲਵੀਰ ਸਿੰਘ ਮੁੱਛਲ ਨੇ ਕੌਮ ਨੂੰ ਗਫ਼ਲਤ ਦੀ ਨੀਂਦ ’ਚੋਂ ਜਾਗਣ ਲਈ ਹੋਕਾ ਦਿੱਤਾ। ਸ਼ਹੀਦ ਰਸ਼ਪਾਲ ਸਿੰਘ ਦੀ ਧਰਮਪਤਨੀ ਬੀਬੀ ਪ੍ਰੀਤਮ ਕੌਰ ਨੇ ਇਸ ਸਮੇਂ ਆਖਿਆ ਕਿ ਜੇ ਕੌਮ ਇਸੇ ਤਰਾਂ ਇਕ ਜੁੱਟ ਹੋ ਜਾਵੇ ਤਾਂ ਦੁਨੀਆਂ ਦੀ ਤਾਕਤ ਇਸ ਨੂੰ ਹਰਾ ਨਹੀਂ ਸਕਦੀ। ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਸਹੌਲੀ ਨੇ ਵੀ ਇਸ ਸਮੇਂ ਕੌਮ ਨੂੰ ਵੰਗਾਰ ਦਿੱਤੀ ਕਿ ਉਹ ਬਾਪੂ ਸੂਰਤ ਸਿੰਘ ਖਾਲਸਾ ਦੇ ਸ਼ੰਘਰਸ਼ ਨੂੰ ਨੇਪਰੇ ਚਾੜਨ ਲਈ ਇਕਜੁੱਟ ਹੋ ਕੇ ਮੈਦਾਨ ’ਚ ਨਿੱਤਰੇ।

ਮਨਜੀਤ ਸਿੰਘ ਕਲਕੱਤਾ ਨੇ ਇਸ ਸਮੇਂ ਬਾਦਲ ਸਰਕਾਰ ਨੂੰ ਮੱਕਾਰਾਂ ਦੀ ਸਰਕਾਰ ਆਖਿਆ ਅਤੇ ਕੌਮ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਪਰਿਵਾਰ ਦੀ ਗੁਲਾਮੀ ਤੋਂ ਬਾਹਰ ਆਵੇ। ਵੰਗਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ ਨੇ ਇਸ ਸਮੇਂ ਆਖਿਆ ਕਿ ਸਿੱਖ ਕੌਮ ਹਿੰਦੂਵਾਦੀ ਤਾਕਤਾਂ ਨਾਲ ਮਿਲ ਕੇ ਨਹੀਂ ਰਹਿ ਸਕਦੀ। ਇਸ ਸੱਚ ਨੂੰ ਜਿਨੀ ਜਲਦੀ ਪਰਵਾਨ ਕਰ ਲਿਆ ਜਾਵੇ ਚੰਗਾ ਹੈ। ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸਾ ਨੇ ਦੋ ਰੰਗੇ ਕਰਦਾਰ ਵਾਲੇ ਸਿੱਖ ਆਗੂਆਂ ਨੂੰ ਚੋਭ ਮਾਰੀ। ਬਾਪੂ ਦੀ ਸੁਪੁਤਰੀ ਬੀਬੀ ਸਰਵਿੰਦਰ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪਰਿਵਾਰ ਵੱਲੋਂ ਬਾਪੂ ਦੀ ਦਿ੍ਰੜਤਾ ’ਤੇ ਡਟਵਾਂ ਪਹਿਰਾ ਦੇਣ ਦਾ ਭਰੋਸਾ ਦਿੱਤਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top