Share on Facebook

Main News Page

ਨਾਨਕਸ਼ਾਹੀ ਕੈਲੰਡਰ ਸਬੰਧੀ ਕਾਨਫਰੈਂਸਾਂ ਅਤੇ ਸੈਮੀਨਾਰਾਂ ਨਾਲ ਜਾਗਰੁਕਤਾ ਲਹਿਰ ਸਿਖਰ ਵੱਲ !

ਰਾਜਨੀਤਕ-ਮਜਹਬੀ ਗੱਠਜੋੜ ਦੇ ਸਿੱਖ ਵਿਰੋਧੀ ਆਦੇਸ਼ਾਂ ਨੂੰ ਨਕਾਰ ਹਰ ਹੀਲੇ ਨਾਨਕਸ਼ਾਹੀ ਕੈਲੰਡਰ ਨਾਲ ਖੜਨ ਦਾ ਐਲਾਨ !

ਸੈਨਹੋਜੇ- ਰਾਜਨੀਤਕਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਆਖੇ ਜਾਂਦੇ ਰਾਜਨੀਤਕ-ਮਜਹਬੀ ਗੱਠਜੋੜ ਵੱਲੋਂ ਸ ਪਾਲ ਸਿੰਘ ਪੁਰੇਵਾਲ ਦੇ ਬਣਾਏ ਨਾਨਕਸ਼ਾਹੀ ਕੈਲੰਡਰ ਦੀ ਰੂਹ ਦੇ ਕਤਲ ਤੋਂ ਬਾਅਦ ਆਗੂਆਂ ਦੀ ਅਸਲ ਮਨਸ਼ਾ ਨੂੰ ਭਾਂਪਕੇ ਦੇਸ਼ ਵਿਦੇਸ਼ ਦੀਆਂ ਜਾਗਰੂਕ ਸੰਗਤਾਂ ਵੱਲੋਂ ਲਗਾਤਾਰ ਇਸ ਕੈਲੰਡਰ ਦੇ ਹੱਕ ਵਿੱਚ ਕਾਨਫਰੰਸਾਂ, ਸੈਮੀਨਾਰ, ਗਰੁੱਪ ਮੀਟਿੰਗਾਂ, ਰੇਡੀਓ ਟੀ.ਵੀ. 'ਤੇ ਟਾਕ ਸ਼ੋ, ਡੀਬੇਟਾਂ ਅਤੇ ਹਰ ਤਰਾਂ ਦੇ ਇੰਨਟਰਨੈੱਟ ਵਾਲੇ ਸ਼ੋਸਲ ਮੀਡੀਆ, ਫੇਸਬੁਕ, ਵਟਸਐਪ ਆਦਿ ਤੇ ਵਿਚਾਰ ਵਟਾਂਦਰਿਆਂ, ਲੇਖਾਂ, ਕਵੀਤਾਵਾਂ, ਆਰਟੀਕਲਾਂ ਆਦਿ ਨਾਲ ਇਸ ਸ਼ਮਾ ਨੂੰ ਬਲ਼ਦੀ ਰੱਖਿਆ ਜਾ ਰਿਹਾ ਹੈ। ਪਾਕਿਸਤਾਨ ਗੁਰਦਵਾਰਾ ਕਮੇਟੀ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀਆਂ ਕਮੇਟੀਆਂ, ਇੰਡੀਆ ਅਤੇ ਵਿਦੇਸ਼ਾਂ ਦੇ ਅਨੇਕਾਂ ਗੁਰਦਵਾਰੇ ਪਹਿਲਾਂ ਹੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਪਣੇ ਗੁਰਪੁਰਬ ਮਨਾ ਰਹੇ ਹਨ। ਜਿਹੜੇ ਜਿਹੜੇ ਗੁਰਦਵਾਰੇ ਕੇਵਲ ਨਿੱਜੀ ਸਵਾਰਥਾਂ ਲਈ ਅਜੋਕੇ ਸਮੇ ਅਕਾਲ ਤਖਤ ਅਤੇ ਸ਼ਰੋਮਣੀ ਕਮੇਟੀ ਦੇ ਰਾਜਨੀਤਕਾਂ ਦੇ ਚਾਪਲੂਸ ਬਣਕੇ ਮਜਹਬੀ-ਰਾਜਨੀਤਕ ਗੱਠਜੋੜ ਦੀ ਤਾਣੀ ਅਕਾਲਤਖਤ ਦੀ ਛਤਰੀ ਦੀ ਦੁਰਵਰਤੋਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ ਉਹਨਾਂ ਵਿੱਚੋਂ ਵੀ ਬਹੁਤ ਗੁਰਦਵਾਰੇ ਦਿਨ-ਬ-ਦਿਨ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹੁੰਦੇ ਚਲੇ ਜਾ ਰਹੇ ਹਨ। ਭਾਈ ਪੰਥ ਪਰੀਤ ਸਿੰਘ ਦੀ ਅਗਵਾਈ ਵਿੱਚ ਅਕਾਲ ਤਖਤ ਤੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਵਿਸ਼ਾਲ ਇਕੱਠ ਪੰਜਾਬ ਦੇ ਜਾਗਣ ਵਾਲੇ ਲੋਕਾਂ ਦੀ ਹੀ ਨਿਸ਼ਾਨੀ ਹੈ।

ਪਿਛਲੇ ਦਿਨੀ ਇਹਨਾਂ ਜੱਥੇਦਾਰਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਤਿਨ ਤਿਨ ਤਰੀਕਾਂ ਨਸ਼ਰ ਕਰ ਹਾਲਾਤਾਂ ਨੂੰ ਹਾਸੋ ਹੀਣੇ ਬਣਾ ਦੇਣ ਕਾਰਣ ਚਾਰੇ ਪਾਸਿਆਂ ਤੋਂ ਪੱਕੀਆਂ ਤਰੀਕਾਂ ਵਾਲੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਆਵਾਜਾਂ ਬੁਲੰਦ ਹੋ ਰਹੀਆਂ ਹਨ। ਹੁਣ ਸਾਰੇ ਸੰਸਾਰ ਨੂੰ ਮਹਿਸੂਸ ਹੋਣ ਲੱਗਾ ਹੈ ਕਿ ਇਹਨਾਂ ਸਾਰੇ ਝੰਜਟਾਂ ਦਾ ਹੱਲ ਕੇਵਲ ਤੇ ਕੇਵਲ ਸ਼ੁੱਧ ਨਾਨਕਸ਼ਾਹੀ ਕੈਲੰਡਰ ਹੀ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਅਮਰੀਕਾ ਵਿੱਚ ਬਾਲਟੀਮੋਰ, ਸਿਆਟਲ, ਫਰਿਜਨੋ, ਇੰਡੀਆਨਾ, ਮਿਲਪੀਟਸ ਵਰਗੇ ਸ਼ਹਿਰਾਂ ਵਿੱਚ ਨਾਨਕਸ਼ਾਹੀ ਕੈਲੰਡਰ ਤੇ ਸੈਮੀਨਾਰ ਹੋਏ ਹਨ। ਹਰ ਸੈਮੀਨਾਰ ਸਮੇ ਉਸ ਸ਼ਹਿਰ ਦੇ ਆਲੇ ਦੁਆਲੇ ਦੀਆਂ ਗੁਰਦਵਾਰਾ ਕਮੇਟੀਆਂ ਇਸ ਲਹਿਰ ਵਿੱਚ ਸ਼ਾਮਿਲ ਹੁੰਦੀਆਂ ਗਈਆਂ ਹਨ ਜਿਸ ਨਾਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਲਹਿਰ ਵਧਦੀ ਗਈ ਹੈ। ਦੁਨੀਆਂ ਭਰ ਵਿੱਚ ਇਸੇ ਵਿਸ਼ੇ ਤੇ ਵੱਖ ਵੱਖ ਰੇਡੀਓ ਰਾਹੀਂ ਹੋਏ ਸਵਾਲਾਂ ਜਵਾਬਾਂ ਨੇ ਭੀ ਇਸ ਲਹਿਰ ਨੂੰ ਵੱਡਾ ਬਲ ਬਖਸ਼ਿਆ ਹੈ ।

ਇਸੇ ਸੈਮੀਨਾਰਾਂ ਦੀ ਲੜੀ ਅਧੀਨ ਲੰਘੇ ਸ਼ਨਿਚਰਵਾਰ ਕੈਲੇਫੋਰਨੀਆਂ ਵਿੱਚ ਗੁਰਦਵਾਰਾ ਦਸ਼ਮੇਸ਼ ਦਰਬਾਰ ਲੋਢਾਈ ਵਿਖੇ ਨਾਨਕਸ਼ਾਹੀ ਕੈਲੰਡਰ ਸਪੋਰਟ ਕਮੇਟੀ ਵੱਲੋਂ ਵਿਸ਼ੇਸ਼ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਭਾਈ ਅਵਤਾਰ ਸਿੰਘ ਰੰਧਾਵਾ ਦੀ ਪ੍ਰਬੰਧਕੀ ਟੀਮ ਦੀ ਅਗਵਾਈ ਹੇਠ ਇਸ ਸੈਮੀਨਾਰ ਵਾਰੇ ਰੇਡੀਓ ਚੜਦੀਕਲਾ, ਰੇਡੀਓ ਯੂ ਐਸ ਏ ਅਤੇ ਰੇਡੀਓ ਦਿਲ ਆਪਣਾ ਪੰਜਾਬੀ, ਰੇਡੀਓ ਸ਼ੇਰੇ-ਪੰਜਾਬ ਅਤੇ ਰੇਡੀਓ ਹਮਸਫਰ ਤੇ ਸੰਗਤਾਂ ਨੂੰ ਵਾਰ ਵਾਰ ਦੱਸਿਆ ਗਿਆ ਸੀ। ਇਨਾਂ ਹੀ ਰੇਡੀਓ ਸਟੇਸ਼ਨਾ ਉੱਪਰ ਸ ਪਾਲ ਸਿੰਘ ਪੁਰੇਵਾਲ ਜੀ ਨਾਲ ਵਿਸ਼ੇਸ਼ ਟਾਕ-ਸ਼ੋਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਜਿਨਾਂ ਵਿੱਚ ਸ ਪਾਲ ਸਿੰਘ ਪੁਰੇਵਾਲ ਜੀ ਨੇ ਨਾਨਕ-ਸ਼ਾਹੀ ਕੈਲੰਡਰ ਵਾਰੇ ਆ ਰਹੇ ਸਭ ਸਵਾਲਾਂ ਦੇ ਜਵਾਬ ਬਹੁਤ ਹੀ ਠਰੰਮੇ ਨਾਲ ਸੰਗਤਾਂ ਨਾਲ ਸਾਂਝੇ ਕੀਤੇ। ਇਹਨਾਂ ਟਾਕ-ਸ਼ੋਆਂ ਦੌਰਾਨ ਪੰਜਾਬ ਤੋਂ ਨਾਨਕ-ਸ਼ਾਹੀ ਕੈਲੰਡਰ ਦੇ ਹੱਕ ਵਿੱਚ ਕੰਮ ਕਰਨ ਵਾਲੇ ਭਾਈ ਪੰਥਪਰੀਤ ਸਿੰਘ ਵਰਗੇ ਲੀਡਰਾਂ ਨਾਲ ਮੁਲਾਕਾਤਾਂ ਦਾ ਦੌਰ ਵੀ ਚੱਲਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਨਾਲ ਸ਼ੁਰੂ ਹੋਏ ਇਸ ਸੈਮੀਨਾਰ ਵਿੱਚ ਨਾਨਕ-ਸ਼ਾਹੀ ਕੈਲੰਡਰ ਨੂੰ ਪ੍ਰਮੋਟ ਕਰਨ ਵਾਲੇ ਅਨੇਕਾਂ ਬੁਲਾਰਿਆਂ ਨੇ ਹਿੱਸਾ ਲਿਆ।

ਸੈਮੀਨਾਰ ਦੇ ਸ਼ੂਰੂ ਵਿੱਚ ਡਾ ਗੁਰਮੀਤ ਸਿੰਘ ਬਰਸਾਲ ਨੇ ਨਾਨਕਸ਼ਾਹੀ ਕੈਲੰਡਰ ਦੀ ਲੋੜ ਵਾਰੇ ਸੰਖੇਪ ਵਿੱਚ ਦੱਸਕੇ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਬੁਲਾਰਿਆਂ, ਉਹਨਾਂ ਵੱਲੋਂ ਕਰੇ ਜਾ ਰਹੇ ਉੱਦਮ ਅਤੇ ਕਰੇ ਜਾ ਰਹੇ ਸੈਮੀਨਾਰ ਦੀ ਰੂਪ-ਰੇਖਾ ਵਾਰੇ ਦੱਸਿਆ।

ਸੈਮੀਨਾਰ ਦੇ ਸੰਚਾਲਕ ਸ ਅਵਤਾਰ ਸਿੰਘ ਰੰਧਾਵਾ ਜੀ ਨੇ ਸਮੇ ਨੂੰ ਧਿਆਨ ਵਿੱਚ ਰੱਖਦਿਆਂ ਸਭ ਬੁਲਾਰਿਆਂ ਨੂੰ ਸਲੀਕੇ ਨਾਲ ਪੇਸ਼ ਕਰਕੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ।

ਸਰਬਜੀਤ ਸਿੰਘ ਸੈਕਰਾਮੈਂਟੋ ਨੇ ਕੈਲੰਡਰ ਦੇ ਅਨੇਕਾਂ ਬਰੀਕ ਨੁਕਤੇ ਇਲੈਕਟਰੌਨਿਕ ਵਿਧੀ ਰਾਹੀਂ ਸਾਂਝੇ ਕਰਦਿਆਂ ਕੈਲੰਡਰੀਕਲ ਵਿਗਿਆਨ ਦੇ ਕੰਮ ਨੂੰ ਅਨਪੜ੍ਹ ਜੱਥੇਦਾਰਾਂ ਅਤੇ ਪ੍ਰਧਾਨਾ ਨੂੰ ਅਗਿਆਨਤਾ ਰਾਹੀਂ ਵਿਗਾੜਨ ਦੀਆਂ ਕੁਚਾਲਾਂ ਤੋਂ ਬਾਜ ਆਉਣ ਦੀ ਚੇਤਾਵਨੀ ਦਿੱਤੀ।

ਅਮੈਰੀਕਨ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ ਜਸਵੰਤ ਸਿੰਘ ਹੋਠੀ ਨੇ ਅਮਰੀਕਾ,ਪਾਕਿਸਤਾਨ ਅਤੇ ਦਿੱਲੀ ਵਿੱਚ ਇਸੇ ਪ੍ਰੋਜੈਕਟ ਤੇ ਕਰੇ ਜਾ ਰਹੇ ਕੰਮਾ ਦੀ ਜਾਣਕਾਰੀ ਸਾਂਝੀ ਕੀਤੀ। ਸਾਬਕਾ ਸ਼ਰੋਮਣੀ ਕਮੇਟੀ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਜੀ ਨੇ ਇੰਡੀਆ ਵਿੱਚ ਸ਼ਰੋਮਣੀ ਕਮੇਟੀ ਅਤੇ ਜੱਥੇਦਾਰਾਂ ਦੀ ਕਾਰਜ ਵਿਧੀ ਵਾਰੇ ਦੱਸਦਿਆਂ ਸਿੱਖ ਕੌਮ ਨੂੰ ਰਾਜਨੀਤਕਾਂ ਦੇ ਹੱਥਠੋਕੇ ਅਖਾਉਤੀ ਮਜਹਬੀ ਲੀਡਰਾਂ ਦਾ ਖਹਿੜਾ ਛੱਡਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਫੈਸਲੇ ਲੈਣ ਲਈ ਆਖਿਆ।

ਨੌਜਵਾਨ ਆਗੂ ਹਰਮਿੰਦਰ ਸਿੰਘ ਸੇਖਾ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਹੋਣ ਦੀ ਪੂਰੀ ਪ੍ਰਕਿਰਿਆ ਤਰੀਕਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੈਲੰਡਰ ਕਿੰਨਾ ਹਾਲਾਤਾਂ ਅਤੇ ਘਾਲਣਾਵਾਂ ਰਾਹੀਂ ਲਾਗੂ ਕੀਤਾ ਗਿਆ ਸੀ।

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਤੱਤ ਗੁਰਮਤਿ ਦੇ ਧੜੱਲੇਦਾਰ ਪ੍ਰਚਾਰਕ ਚਮਕੌਰ ਸਿੰਘ ਸੈਕਰਾਮੈਂਟੋ ਨੇ ਇਕ ਗ੍ਰੰਥ, ਇੱਕ ਪੰਥ, ਇੱਕ ਮਰਿਆਦਾ ਅਤੇ ਇਕ ਹੀ ਨਾਨਕਸ਼ਾਹੀ ਕੈਲੰਡਰ ਨਾਲ ਜੁੜਨਾ ਹਰ ਤਰਾਂ ਦੀ ਖੁਆਰੀ ਦਾ ਇਲਾਜ ਦੱਸਿਆ । ਗੋਰਿਆਂ ਤੋਂ ਸਿੰਘਣੀ ਬਣੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਵਿੰਅੰਗ ਰਾਹੀਂ ਅੰਧਵਿਸ਼ਵਾਸਾਂ ਨੂੰ ਛੱਡਕੇ ਗਿਆਨ ਨਾਲ ਜੁੜਨ ਦੀ ਤਾਕੀਦ ਕੀਤੀ।

ਬੀਬੀ ਕਮਲਜੀਤ ਕੌਰ ਲੈਥਰਪ ਨੇ ਭਾਈ ਅਸ਼ੌਕ ਸਿੰਘ ਬਾਗੜੀਆਂ ਅਤੇ ਸ਼ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਨਾਨਕਸ਼ਾਹੀ ਕੈਲੰਡਰ ਦੀ ਬਹਾਲੀ ਲਈ ਕਰੇ ਜਾ ਰਹੇ ਉੱਦਮਾਂ ਵਾਰੇ ਭੇਜੇ ਸੰਦੇਸ਼ ਪੜਕੇ ਸੁਣਾਏ। ਭਾਰਤ ਤੋਂ ਆਏ ਨੌਜਵਾਨ ਕਥਾਕਾਰ ਪਰਕਾਸ਼ ਸਿੰਘ ਫਿਰੋਜਪੁਰੀ ਨੇ ਵਦੀਆਂ-ਸੁਦੀਆਂ ਦੀ ਨਿਰਾਰਥਕਤਾ ਗੁਰਬਾਣੀ ਦੇ ਚਾਨਣ ਵਿੱਚ ਸਾਬਤ ਕਰਦਿਆਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੱਕੀਆਂ ਤਰੀਕਾਂ ਰਾਹੀਂ ਵਿਪਰਵਾਦ ਤੋਂ ਹਰ ਕੰਮ ਪੁੱਛਕੇ ਕਰਨ ਤੋਂ ਨਿਜਾਤ ਪਾਉਣ ਦੀ ਗਲ ਕੀਤੀ।

ਭਾਰਤ ਤੋਂ ਆਏ ਪ੍ਰਿੰਸੀਪਲ ਜਸਵੀਰ ਸਿੰਘ ਮਿਸ਼ਨਰੀ ਅਤੇ ਐਲ ਏ ਤੋਂ ਆਏ ਵਿਦਵਾਨ ਜਸਵੀਰ ਸਿੰਘ ਮਾਨ ਜੀ ਨੇ ਵੀ ਮਿਲੇ ਸਮੇ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹਾਜਰੀ ਲਵਾਈ। ਅਕਾਲੀ ਦਲ ਮਾਨ ਦੇ ਅਮਰੀਕਾ ਦੇ ਜਨਰਲ ਸਕੱਤਰ ਸ. ਰੇਸ਼ਮ ਸਿੰਘ ਨੇ ਨਿਆਰੀ ਸਿੱਖ ਕੌਮ ਦੇ ਨਿਆਰੇ ਨਾਨਕ ਸ਼ਾਹੀ ਕੈਲੰਡਰ ਦੀ ਲੋੜ ਤੇ ਜੋਰ ਦਿੱਤਾ। ਅਮਰੀਕਾ ਵਿੱਚ ਸਿੰਘ ਸਭਾ ਇੰਟਰਨੈਸ਼ਨਲ ਦੇ ਮੋਡੀਆਂ ਵਿੱਚੋਂ ਪ੍ਰੋ. ਮੱਖਣ ਸਿੰਘ ਜੀ ਨੇ ਵੀ ਨਾਨਕਸ਼ਾਹੀ ਕੈਲੰਡਰ ਨੂੰ ਸਮੇ ਦੀ ਲੋੜ ਦੱਸਿਆ। ਹਰਬਕਸ਼ ਸਿੰਘ ਰਾਉਕੇ ਨੇ ਵੀ ਸੰਗਤਾਂ ਨੂੰ ਨਾਨਕਸ਼ਾਹੀ ਕੈਲੰਡਰ ਵਾਰੇ ਸਮਝਾਉਣ ਲਈ ਸੌਸਲ ਮੀਡੀਆ ਵਰਤਣ ਦੀ ਗੱਲ ਕੀਤੀ।

ਰੇਡੀਓ ਚੜਦੀ ਕਲਾ ਫਰੀਮਾਂਟ ਦੇ ਮਾਲਕ ਗੁਰਚਰਨ ਸਿੰਘ ਮਾਨ ਨੇ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ ਲਈ ਮੀਡੀਆ ਦੀ ਵਰਤੋਂ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੁਝਾਅ ਪੇਸ਼ ਕੀਤਾ। ਗੁਰਦਵਾਰਾ ਲੋਡਾਈ ਤੋਂ ਗੁਰਦਾਵਰ ਸਿੰਘ, ਗੁਰਦਵਾਰਾ ਬੇ-ਪੁਆਇੰਟ ਪਿਟਸਬਰਗ ਤੋਂ ਮਹਿੰਦਰ ਸਿੰਘ ਸੰਘੇੜਾ, ਗੁਰਦਵਾਰਾ ਸਟਾਕਟਨ ਤੋਂ ਕੁਲਦੀਪ ਸਿੰਘ ਨਿੱਝਰ ਅਤੇ ਲੌਸ-ਬੈਨਸ ਤੋਂ ਕੈਪਟਨ ਜੁਗਰਾਜ ਸਿੰਘ ਨੇ ਵੀ ਨਾਨਕਸ਼ਾਹੀ ਕੈਲੰਡਰ ਦੇ ਸਮਰਥਨ ਵਿੱਚ ਵਿਚਾਰਾਂ ਦੀ ਸਾਂਝ ਪਾਈ। ਗੁਰਦਵਾਰਾ ਸੈਂਟਾਕਲਾਰਾ, ਗੁਰਦਵਾਰਾ ਹੇਵਰਡ ਅਤੇ ਗੁਰਦਵਾਰਾ ਮਡੈਸਟੋ, ਗੁਰਦਵਾਰਾ ਐਲਸਬਰਾਂਟੇ ਤੋਂ ਵੀ ਨਾਨਕਸ਼ਾਹੀ ਕੈਲੰਡਰ ਦੇ ਸਮਰਥਨ ਵਿੱਚ ਸੁਨੇਹੇ ਪੁੱਜੇ।

ਇਸ ਸੈਮੀਨਾਰ ਵਿੱਚ ਯੂਬਾ ਸਿਟੀ ਤੋਂ ਮੇਵਾ ਸਿੰਘ, ਗੁਰਦਵਾਰਾ ਸਿੰਘ ਸਭਾ ਐਲਕਗਰੋਵ ਤੋਂ ਮਨਦੀਪ ਸਿੰਘ,ਗੁਰਦਵਾਰਾ ਫਰੀਮਾਂਟ ਤੋਂ ਜਸਜੀਤ ਸਿੰਘ,ਰੇਡੀਓ ਚੜਦੀਕਲਾ ਤੋਂ ਲਖਵੀਰ ਸਿੰਘ ਪਟਵਾਰੀ ਅਤੇ ਸਿੱਖਸ ਫੌਰ ਜਸਟਿਸ ਵੱਲੋਂ ਭਾਈ ਸੁਖਵੰਤ ਸਿੰਘ ਠਾਣਾ, ਸਿੱਖ ਮਾਰਗ ਦੇ ਵਿਦਵਾਨ ਸ ਹਾਕਮ ਸਿੰਘ ਅਤੇ ਜਾਗਰੂਕ ਲਹਿਰ ਦੇ ਰਸ਼ਪਾਲ ਸਿੰਘ ਬਾਹੋਵਾਲ, ਸੁਖਦੇਵ ਸਿੰਘ ਲੈਥਰੋਪ, ਹਰਦੀਪ ਸਿੰਘ ਮਾਣਕਰਾਏ, ਤਰਲੋਚਨ ਸਿੰਘ ਸਟਾਕਟਨ, ਅਮੋਲਕ ਸਿੰਘ ਫਰਿਜਨੋ, ਸੁਰਿੰਦਰ ਸਿੰਘ ਲੈਥਰੋਪ, ਗੁਰਦੀਪ ਕੌਰ ਲੈਥਰੌਪ, ਸਰਬਜੀਤ ਸਿੰਘ ਜਪਰਾ ਵੀ ਸੈਮੀਨਾਰ ਵਿੱਚ ਸ਼ਾਮਲ ਹੋਏ। ਜਿਆਦਾਤਰ ਬੁਲਾਰਿਆਂ ਨੇ ਰਾਜਨੀਤਕਾਂ ਦੇ ਗੁਲਾਮ ਮਜਹਬੀ ਆਗੂਆਂ ਦੇ ਨਿਰਦੇਸ਼ਾਂ ਨੂੰ ਅਣਡਿੱਠ ਕਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅੱਗੇ ਸਿਰ ਝੁਕਾਉਣ ਦੀ ਗੱਲ ਕੀਤੀ।

ਰੇਡੀਓ ਦਿਲ ਆਪਣਾ ਪੰਜਾਬੀ ਵਾਲੇ ਸ ਮਨਜੀਤ ਸਿੰਘ ਪੱਤੜ ਅਤੇ ਸਰਦੂਲ ਸਿੰਘ ਦੀ ਟੀਮ ਨੇ ਜਿੱਥੇ ਆਪਣੀਆਂ ਕਵਿਤਾਵਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਉੱਥੇ ਉਹਨਾਂ ਦੇ ਬਣਾਕੇ ਲਿਆਂਦੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸਮੂਹ ਸੰਗਤ ਨੇ ਰਲੀਜ ਕੀਤਾ ਅਤੇ ਸੰਗਤਾਂ ਵਿੱਚ ਵੰਡਿਆ। ਸ. ਪਾਲ ਸਿੰਘ ਪੁਰੇਵਾਲ ਜੀ ਨੇ ਲਗਾਤਾਰ ਦੋ ਘੰਟੇ ਜਿੱਥੇ ਕੈਲੰਡਰ ਬਣਾਉਣ, ਇਸਦੀ ਲੋੜ,ਇਸਦੇ ਨਿਯਮ,ਅਤੇ ਸਬੰਧਤ ਘਟਨਾਵਾਂ ਦਾ ਵਰਣਨ ਕੀਤਾ ਉੱਥੇ ਸੰਗਤਾਂ ਦੇ ਸਵਾਲਾਂ ਅਤੇ ਸ਼ੰਕਿਆਂ ਦੇ ਜਵਾਬ ਵੀ ਦਿੰਦੇ ਰਹੇ। ਸੰਗਤਾਂ ਲਗਾਤਾਰ ਸੱਤ ਘੰਟੇ ਇਸ ਸਮਾਗਮ ਵਿੱਚ ਬੈਠੀਆਂ ਰਹੀਆਂ। ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰ ਬਲਰਾਜ ਸਿੰਘ ਸਪੋਕਨ ਨੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ, ਧਾਰਾ ੨੫ ਬੀ ਦੇ ਖਾਤਮੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਮਤੇ ਪੜੇ ਜਿਨਾਂ ਨੂੰ ਸੰਗਤ ਵੱਲੋਂ ਜੈਕਾਰਾ ਲਾਕੇ ਪ੍ਰਵਾਨਗੀ ਦਿੱਤੀ ਗਈ।

ਅੰਤ ਵਿੱਚ ਗੁਰਦਵਾਰਾ ਸਾਹਿਬ ਦੇ ਮੁਖ ਸੇਵਾਦਾਰ ਇੰਦਰਪਾਲ ਸਿੰਘ ਨੇ ਸ ਪਾਲ ਸਿੰਘ ਪੁਰੇਵਾਲ ਜੀ ਦਾ ਧੰਨਵਾਦ ਕੀਤਾ। ਹੈਡ ਗ੍ਰੰਥੀ ਭਾਈ ਗੁਰਜੀਤ ਸਿੰਘ, ਗੁਰਦਵਾਰਾ ਸਾਹਿਬ ਦੇ ਸੇਵਾਦਾਰ ਨਿਰਮਲ ਸਿੰਘ,ਅਮ੍ਰਿਤਪਾਲ ਸਿੰਘ ਟਿਵਾਣਾ, ਅਮਰਜੀਤ ਸਿੰਘ ਬੇਦੀ, ਸੰਤੋਖ ਸਿੰਘ ਜੌਹਲ, ਜੌਹਨ ਸਿੰਘ ਤੱਖਰ ਹੋਰਾਂ ਨੇ ਸ. ਪਾਲ ਸਿੰਘ ਪੁਰੇਵਾਲ ਜੀ ਦਾ ਸਿਰੋਪਾਓ ਨਾਲ ਸਨਮਾਨ ਕੀਤਾ। ਭਾਈ ਜਸਮਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਸੈਮੀਨਾਰ ਵਿੱਚ ਪੁੱਜੀਆਂ ਸੰਗਤਾਂ ਦੇ ਚਾਹ ਪਾਣੀ ਅਤੇ ਲੰਚ ਦੀ ਸੇਵਾ ਕੀਤੀ।

ਸੈਮੀਨਾਰ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਗਏ

ਮਤਾ ਨੰਬਰ ੧

ਖਾਲਸਾ ਜੀ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਨਾਨਕਸ਼ਾਹੀ ਕੈਲੰਡਰ, ਸ ਪਾਲ ਸਿੰਘ ਪੁਰੇਵਾਲ ਜੀ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਸਿਆਸੀ ਲੋਕਾਂ ਦੇ ਇਸ਼ਾਰਿਆਂ ਤੇ ਸੋਧਾਂ ਦੇ ਨਾਂਅ ਹੇਠ ਇਸ ਕੈਲੰਡਰ ਦੀ ਰੂਹ ਦਾ ਕਤਲ ਕਰ ਦਿੱਤਾ ਗਿਆ ਸੀ। 2010 ਵਿੱਚ ਕੀਤੀ ਗਲਤੀ ਦੀ ਤਾਜ਼ਾ ਉਦਾਹਰਣ ਹੈ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨੂੰ ਹਰ ਹਫ਼ਤੇ ਬਦਲੀ ਕਰਨਾ। ਦੇਸ਼-ਵਿਦੇਸ਼ ਦੀਆ ਸੰਗਤਾਂ ਵੱਲੋਂ ਪਿਛਲੇ ਸਾਲਾਂ `ਚ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਉਸਾਰੂ ਹੁੰਗਾਰਾ ਨਹੀ ਭਰਿਆ, ਸਗੋਂ ਮਸਲੇ ਦਾ ਹਲ ਕਰਨ ਦੀ ਵਜਾਏ ਹੋਰ ਉਲਝਾ ਦਿੱਤਾ ਹੈ। ਅੱਜ ਦਾ ਇਹ ਇਕੱਠ ਮਹਿਸੂਸ ਕਰਦਾ ਹੈ ਕਿ ਨਿਤ ਨਵੇਂ ਦਿਨ ਬਿਕਰਮੀ ਤਰੀਕਾਂ ਦੇ ਉਲਝਾਅ ਕਾਰਣ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਕੇਵਲ ਤੇ ਕੇਵਲ ਮੂਲ ਨਾਨਕਸ਼ਾਹੀ ਕੈਲੰਡਰ ਹੀ ਇੱਕ ਮਾਤਰ ਹੱਲ ਹੈ।

ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਲੋਡਾਈ ਵਿਖੇ ਕੈਲੇਫੋਰਨੀਆਂ ਦੀਆਂ ਸੰਗਤਾਂ ਦਾ ਇਹ ਭਰਮਾ ਇਕੱਠ ਇਹ ਐਲਾਨ ਕਰਦਾ ਹੈ ਕਿ ਅੱਗੋਂ ਤੋਂ ਕਿਸੇ ਰਾਜਨੀਤਕਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਖੁਦਗਰਜ ਮਜਹਬੀ ਮੁਖੀਆਂ ਦੇ ਕਿਸੇ ਆਦੇਸ਼ ਤੇ ਝਾਕ ਰੱਖਣ ਦੀ ਥਾਂ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨਕੂਲ ਸਬੰਧਿਤ ਗੁਰਦਵਾਰਿਆਂ ਵਿੱਚ ਮੂਲ ਨਾਨਕ ਸ਼ਾਹੀ ਕੈਲੰਡਰ (੨੦੦੩) ਅਨੁਸਾਰ ਹੀ ਸਾਰੇ ਦਿਨ-ਦਿਹਾਰ ਅਤੇ ਗੁਰਪੁਰਬ ਮਨਾਵਾਂਗੇ । ਅੱਜ ਦਾ ਇਹ ਇਕੱਠ, ਦੁਨੀਆਂ ਭਰ ਵਿੱਚ ਵਸ ਰਹੀ ਸਿੱਖ ਕੌਮ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਆਪੋ ਆਪਣੇ ਇਲਾਕੇ ਦੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਨ ਕਿ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਰਾਜਨੀਤਕ ਆਗੂਆਂ ਨੂੰ ਖੁਸ਼ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਦੀ ਥਾਂ ਪੰਥਕ ਇਕਸੁਰਤਾ ਲਈ ਮੂਲ ਨਾਨਕ ਸ਼ਾਹੀ ਕੈਲੰਡਰ(੨੦੦੩) ਅਨੁਸਾਰ ਹੀ ਦਿਨ-ਦਿਹਾੜੇ ਮਨਾਉਣ।

ਮਤਾ ਨੰਬਰ ੨

ਸਾਰਾ ਸੰਸਾਰ ਜਾਣਦਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਸ ਕੌਮ ਦਾ ਰਹਿਣ-ਸਹਿਣ ,ਵਿਚਾਰਧਾਰਾ ਅਤੇ ਇਸ਼ਟ ਸੰਸਾਰ ਦੇ ਸਭ ਮਜਹਬਾਂ ਤੋਂ ਨਿਆਰਾ ਹੈ। ਸੰਸਾਰ ਦੇ ਤਮਾਮ ਦੇਸ਼ ਸਿੱਖਾਂ ਦੀ ਵੱਖਰੀ ਪਹਿਚਾਣ ਤੋਂ ਵਾਕਿਫ ਹਨ। ਹਿੰਦੂ ਬਹੁ-ਗਿਣਤੀ ਨੇ ਇਸ ਨਿਆਰੇ ਪੰਥ ਨੂੰ ਆਪਣੇ ਵਿੱਚ ਸਮਾਉਣ ਲਈ ਹਰ ਖੇਤਰ ਵਿੱਚ ਯਤਨ ਅਰੰਭੇ ਹੋਏ ਹਨ।

ਅੱਜ ਦਾ ਇਹ ਇਕੱਠ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਹੈ ਕਿ ਉਹਨਾ ਸਬੰਧਤ ਧਿਰਾਂ ਤੇ ਹਰ ਸੰਭਵ ਤਰੀਕੇ ਜੋਰ ਪਾਕੇ ਸਿੱਖਾਂ ਦੀ ਵੱਖਰੀ ਹਸਤੀ ਦੇ ਐਲਾਨ ਤੱਕ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣ ਜੋ ਸੰਵਿਧਾਨ ਦੀ ਧਾਰਾ 25 b (11) ਅਨੁਸਾਰ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਥਾਂ ਹਿੰਦੂ ਕੌਮ ਦਾ ਹੀ ਇਕ ਹਿੱਸਾ ਐਲਾਨਦੀਆਂ ਹਨ।

ਮਤਾ ਨੰਬਰ ੩

ਕਿਸੇ ਵੀ ਲੋਕ-ਰਾਜੀ ਦੇਸ਼ ਦਾ ਕਾਨੂਂਨ ਸਰਕਾਰਾਂ ਨੂੰ ਇਹ ਇਜਾਜਤ ਨਹੀਂ ਦਿੰਦਾ ਕਿ ਸਜਾ ਪੂਰੀ ਹੋਣ ਤੋਂ ਬਾਅਦ ਕਿਸੇ ਵੀ ਬਹਾਨੇ ਘੱਟ ਗਿਣਤੀ ਕੌਮਾਂ ਦੇ ਕੈਦੀਆਂ ਨੂੰ ਲੰਬੇ ਅਤੇ ਅਣਮਿਥੇ ਸਮੇ ਤੱਕ ਜਿਹਲਾਂ ਵਿੱਚ ਬੰਦ ਕਰੀ ਰੱਖਿਆ ਜਾਵੇ।

ਅੱਜ ਦਾ ਇਹ ਇਕੱਠ ਸਮੂਹ ਖਾਲਸਾ ਪੰਥ ਨੂੰ ਬੇਨਤੀ ਕਰਦਾ ਹੈ ਕਿ ਅਜਿਹੇ ਕੈਦੀਆਂ ਦੀ ਰਹਾਈ ਲਈ ਕਦਮ ਤੇਜ ਕਰੇ ਜਾਣ ਜੋ ਆਪਣੀਆਂ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾ ਨਹੀਂ ਕਰੇ ਜਾ ਰਹੇ। ਅਜਿਹੇ ਕੈਦੀਆਂ ਦੀ ਰਿਹਾਈ ਲਈ ਭਾਈ ਗੁਰਬਕਸ਼ ਸਿੰਘ ਵਰਗੇ ਸਭ ਵੀਰਾਂ ਦਾ ਸਾਥ ਦਿੱਤਾ ਜਾਵੇ ਜੋ ਕਿਸੇ ਵੀ ਲੋਕ-ਰਾਜੀ ਤਰੀਕੇ ਦੀ ਵਰਤੋਂ ਨਾਲ ਅਜਿਹੇ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹੋਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top