Share on Facebook

Main News Page

ਅਕਾਲੀ ਜੱਥਾ, ਕਾਨਪੁਰ (ਰਜਿ.) ਦੀ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਪੰਥਕ ਮੁੱਦਿਆਂ ਬਾਰੇ ਅਹਿਮ ਮੀਟਿੰਗ

04 ਜਨਵਰੀ 2015, ਕਾਨਪੁਰ (ਇੰਦਰਜੀਤ ਸਿੰਘ, ਕਾਨਪੁਰ): ਅਕਾਲੀ ਜੱਥਾ, ਕਾਨਪੁਰ (ਰਜਿ.) ਅਤੇ ਗੁਰਦੁਆਰਾ ਪੰਜਾਬ ਬਿਰਾਦਰੀ ਧਰਮਸ਼ਾਲਾ, ਸੰਤ ਨਗਰ ਕਾਨਪੁਰ ਦੇ ਸਾਂਝੇ ਉਪਰਾਲਿਆਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ 3, 4 ਅਤੇ 5 ਜਨਵਰੀ 2015 ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਦੁਆਰਾ ਸੰਤ ਨਗਰ, ਕਾਨਪੁਰ ਵਿਖੇ ਮਨਾਇਆ ਗਿਆ, ਜਿਸ ਵਿਚ ਪੰਥ ਦੇ ਨਿਧੜਕ ਪ੍ਰਚਾਰਕ ਭਾਈ ਗੁਰਚੇਤਨ ਸਿੰਘ ਹਰਾਯੂ ਅਤੇ ਪ੍ਰਿਸਧ ਰਾਗੀ ਜੱਥਾ ਭਾਈ ਧਰਮ ਵੀਰ ਸਿੰਘ, ਭਾਈ ਜਸਵਿੰਦਰ ਸਿੰਘ ਕਾਨਪੁਰੀ ਅਤੇ ਭਾਈ ਸੁਰਿੰਦਰ ਸਿੰਘ ਕਾਨਪੁਰੀ ਜੀ ਦੇ ਰਾਗੀ ਜੱਥੇ ਨੇ ਕੀਰਤਨ ਕੀਤਾ।

ਇੱਸੇ ਲੜੀ ਵਿਚ ਮਿਤੀ, 04 ਜਨਵਰੀ 2015 ਨੂੰ ਸ਼ਾਮ 3 ਵਜੇ ਕਾਨਪੁਰ ਦੇ ਜਾਗਰੂਕ ਸਿੱਖਾਂ ਦੀ ਜੱਥੇਬੰਦੀ, ਅਕਾਲੀ ਜੱਥਾਂ ਕਾਨਪੁਰ, ਦਾ ਬਹੁਤ ਵੱਡਾ ਇਕ ਇਕੱਠ ਹਵੇਲੀ ਬੈੰਕੁਏਟ ਹਾਲ ਵਿਚ ਸੱਦਿਆ ਗਿਆ। ਇਸ ਇਕੱਠ ਵਿਚ ਅਕਾਲੀ ਜੱਥਾ ਕਾਨਪੁਰ ਦੇ ਸਾਰੇ ਵੀਰ ਸ਼ਾਮਿਲ ਹੋਏ। ਇਸ ਇਕੱਠ ਦਾ ਮੁਖ ਮੁੱਦਾ, ਮੂਲ ਨਾਨਕਸ਼ਾਹੀ ਕੈਲੰਡਰ 'ਤੇ ਪਹਿਰਾ ਦੇਣਾਂ, ਅਖੌਤੀ ਜੱਥੇਦਾਰਾਂ ਦੇ ਕੂੜਨਾਮਿਆਂ ਨੂੰ ਠੱਲ ਪਾਉਣ ਲਈ ਕੌਮ ਨੂੰ ਜਾਗਰੂਕ ਕਰਨਾ ਅਤੇ ਹਰ ਵਰ੍ਹੇ ਵਾਂਗ ਕੌਮ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦੇ ਫਰਵਰੀ ਮਹੀਨੇ ਵਿਚ ਹੋਣ ਵਾਲੇ ਪ੍ਰੋਗ੍ਰਾਮਾਂ ਦਾ ਖਾਕਾ ਤਿਆਰ ਕਰਨਾ ਸੀ।

ਇਸ ਪ੍ਰੋਗ੍ਰਾਮ ਵਿਚ, ਉੱਚੇਚੇ ਤੌਰ 'ਤੇ ਤਿਆਰ ਕੀਤੀ ਗਈ ਇਕ ਫਿਲਮ ਪ੍ਰੋਜੇਕਟਰ 'ਤੇ ਵਖਾਈ ਗਈ। ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਕੌਮ ਦੇ ਨਾਮ ਇਕ ਸੰਦੇਸ਼ ਵੀ ਦਿਖਾਇਆ ਗਿਆ।

ਇਸ ਵੀਡੀਉ ਦੇ ਨਾਲ ਨਾਲ ਭਾਈ ਗੁਰਚੇਤਨ ਸਿੰਘ ਹਰਾਯੂ ਜੀ ਨੇ ਵੀ ਇਕ ਤਕਰੀਰ ਦਿੱਤੀ ਅਤੇ ਕਹਿਆ ਕਿ ਨਾਨਕਸ਼ਾਹੀ ਕੈਲੰਡਰ ਦਾ ਜੋ ਕਤਲ ਕੀਤਾ ਗਿਆ ਅਤੇ ਜੋ ਛੇੜ ਛਾੜ ਕੀਤੀ ਜਾ ਰਹੀ ਹੈ, ਉਹ ਸਭ ਆਰ.ਐਸ.ਐਸ ਦੇ ਇਸ਼ਾਰੇ 'ਤੇ ਹੀ ਕੀਤੀ ਗਿਈ ਹੈ। ਲੇਕਿਨ ਇਸ ਵਾਰ ਅਖੌਤੀ ਜੱਥੇਦਾਰਾਂ ਨੇ ਜੋ ਹਾਸੋ ਹੀਣੀ ਸਥਿਤੀ ਪੈਦਾ ਕਰ ਕੇ ਕੌਮ ਨੂੰ ਜਿਸ ਭੰਬਲਭੂਸੇ ਵਿਚ ਪਾ ਦਿਤਾ ਹੈ, ਉਸ ਨਾਲ ਕੌਮ ਵਿਚ ਬਹੁਤ ਭਾਰੀ ਰੋਸ ਖੜਾ ਹੋ ਗਿਆ ਹੈ। ਇਸ ਰੋਸ ਦੇ ਕਾਰਣ ਹੀ 01 ਜਨਵਰੀ 2015 ਨੂੰ ਜਾਗਰੂਕ ਸਿੱਖਾਂ ਦਾ ਇਕ ਬੇਮਿਸਾਲ ਇਕੱਠ ਅਕਾਲ ਤਖਤ ਸਾਹਿਬ 'ਤੇ ਹੋਇਆ।

ਅਕਾਲੀ ਜੱਥਾ, ਕਾਨਪੁਰ ਦੇ ਇਸ ਇਕੱਠ ਵਿਚ ਕੁਝ ਮਤੇ ਪਾਸ ਕੀਤੇ ਗਏ, ਜਿਸ ਵਿਚ,

- ਹਰ ਸਾਲ ਵਾਂਗ ਇਸ ਸਾਲ ਵੀ ਫਰਵਰੀ ਮਹੀਨੇ ਵਿਚ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦੇ ਕੀਰਤਨ ਪ੍ਰੋਗ੍ਰਾਮ ਬਾਰੇ ਵੀਚਾਰਾਂ ਸਾਝੀਆਂ ਕਰਕੇ ਤਾਰੀਖਾਂ ਦਾ ਐਲਾਨ ਕੀਤਾ ਗਿਆ
- ਦੂਜਾ ਮਤਾ ਕਾਨਪੁਰ ਦੀ ਸਿੰਘ ਸਭਾ ਅਤੇ ਹੋਰ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਇਕ ਗਿਆਪਨ ਭੇਜਣ ਦਾ ਸੀ, ਜਿਸ ਵਿਚ ਉਨ੍ਹਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ, ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਅਕਾਲ ਤਖਤ ਦੇ ਜੱਥੇਦਾਰ ਦੇ ਭੰਬਲਭੂਸੇ ਪਾਊ ਫਤਵਿਆਂ ਨੂੰ ਲੈ ਕੇ ਕੌਮ ਦੀ ਜੋ ਫਜ਼ੀਹਤ ਹੋਈ ਹੈ, ਉਸ ਤੋਂ ਸਾਵਧਾਨ ਰਹਿਣ ਅਤੇ ਅਗੋਂ ਤੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਏ ਜਾਣ। ਇਸ ਮੱਤੇ ਉਪਰ, ਹਾਜਿਰ ਸਾਰੇ ਵੀਰਾਂ ਨੇ ਦਸਤਖਤ ਕਰਕੇ ਉਸ ਨੂੰ ਪਰਵਾਨਗੀ ਦਿੱਤੀ।

ਇਸ ਇਕੱਠ ਵਿਚ ਭਾਈ ਗੁਰਚੇਤਨ ਸਿੰਘ ਹਰਾਯੂ, ਵੀਰ ਕੰਵਲ ਪਾਲ ਸਿੰਘ ਅਤੇ ਵੀਰ ਮਨਮੀਤ ਸਿੰਘ ਜੀ ਨੇ ਆਏ ਵੀਰਾਂ ਨੂੰ ਸੰਬੋਧਿਤ ਕੀਤਾ। ਅਕਾਲੀ ਜੱਥਾ ਕਾਨਪੁਰ ਦੇ ਵੀਰ ਹਰਪਾਲ ਸਿੰਘ ਗਾਂਧੀ, ਰਮਿੰਦਰ ਸਿੰਘ ਸੋਨੂੰ, ਵੀਰ ਬਲਬੀਰ ਸਿੰਘ ਮੱਟੂ, ਵੀਰ ਰਾਜਿੰਦਰ ਸਿੰਘ ਭੱਠੇ ਵਾਲੇ, ਵੀਰ ਦਲੀਪ ਸਿੰਘ, ਵੀਰ ਮਨਮੀਤ ਸਿੰਘ,ਵੀਰ ਕੰਵਲਪਾਲ ਸਿੰਘ ਅਤੇ ਦਾਸ ਹਾਜਿਰ ਸਨ। ਜੱਥੇ ਦੇ ਪ੍ਰਧਾਨ, ਵੀਰ ਹਰਚਰਨ ਸਿੰਘ ਜੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹ ਇਸ ਮੀਟਿੰਗ ਵਿੱਚ ਨਹੀਂ ਆ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top