Share on Facebook

Main News Page

ਭਾਵੁਕਤਾ ਦੇ ਮਾਹੌਲ ਵਿੱਚ ਗੁਰਦੀਪ ਸਿੰਘ ਖੇੜਾ ਨਾਲ ਕੀਤੀ ਪਰਿਵਾਰਕ ਮੈਬਰਾਂ ਨੇ ਜੇਲ੍ਹ ਵਿੱਚ ਮੁਲਾਕਾਤ

ਅੰਮ੍ਰਿਤਸਰ 27 ਜੂਨ (ਜਸਬੀਰ ਸਿੰਘ) ਵੱਖ ਵੱਖ ਬੰਬ ਧਮਾਕਿਆਂ ਦੇ ਦੋਸ਼ਾਂ ਵਿੱਚ ਉਮਰ ਕੈਦ ਤੋ ਵਧੇਰੇ ਸਮਾਂ ਕੈਂਦ ਭੁਗਤ ਚੁੱਕੇ ਗੁਰਦੀਪ ਸਿੰਘ ਖੇੜਾ ਵਾਸੀ ਜੱਲੂਪੁਰ ਖੇੜਾ( ਨੇੜੇ ਰਈਆ) ਦੇ ਪਰਿਵਾਰ ਵਾਲਿਆ ਨੇ ਬੜੇ ਹੀ ਭਾਵੁਕ ਮਾਹੌਲ ਵਿੱਚ ਕੇਂਦਰੀ ਜੇਲ ਵਿੱਚ ਮੁਲਾਕਾਤ ਕੀਤੀ ਤੇ ਆਪਣਾ ਮਨ ਹੌਲ਼ਾ ਕੀਤਾ।

ਅਪਾਹਜਾਂ ਦੀ ਜਿੰਦਗੀ ਬਤੀਤ ਕਰ ਰਹੇ ਵਿੱਚ ਭਾਈ ਖੇੜਾ ਨੂੰ ਮਿਲਣ ਉਹਨਾਂ ਦੀ ਮਾਤਾ ਜਗੀਰ ਕੌਰ ਤੇ ਪਿਤਾ ਬੰਤਾ ਸਿੰਘ ਤੇ ਇਲਾਵਾ ਕਰੀਬ ਇੱਕ ਦਰਜਨ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਵਿੱਚ ਮੁਲਾਕਾਤ ਕੀਤੀ ਤੇ ਇਹ ਉਹਨਾਂ ਦੀ ਪਹਿਲੀ ਅੰਮ੍ਰਿਤਸਰ ਜੇਲ੍ਹ ਵਿੱਚ ਪੁੱਜਣ ਉਪੰਰਤ ਪਹਿਲੀ ਮੁਲਾਕਾਤ ਸੀ ਜਦ ਕਿ 25 ਜੂਨ ਨੂੰ ਵੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਪੁੱਜਣ ਤੇ ਭਾਈ ਖੇੜਾ ਨਾਲ ਉਹਨਾਂ ਦੇ ਪਰਿਵਾਰ ਵਾਲਿਆ ਨੂੰ ਮਿਲਣ ਨਹੀਂ ਦਿੱਤਾ ਗਿਆ ਸੀ। ਖੇੜਾ ਨੂੰ ਕਰਨਾਟਕਾ ਦੀ ਪੁਲੀਸ ਰੇਲ ਰਾਹੀ ਅੰਮ੍ਰਿਤਸਰ ਲੈ ਕੇ ਆਈ ਸੀ ਪਰ ਪੁਲੀਸ ਦੇ ਅਧਿਕਾਰੀਆ ਨੇ ਉਸ ਦਿਨ ਮੁਲਾਕਾਤ ਨਹੀਂ ਕਰਨ ਦਿੱਤੀ ਸੀ। ਸਥਾਨਕ ਜੇਲ੍ਹ ਦੇ ਬਾਹਰ ਅੱਜ ਵੀ ਵੱਖ ਵੱਖ ਜਥੇਬੰਦੀਆ ਤੇ ਪੱਤਰਕਾਰਾਂ ਦਾ ਤਾਂਤਾ ਲੱਗਾ ਰਿਹਾ, ਪਰ ਪਰਿਵਾਰ ਵਾਲਿਆ ਤੋ ਸਿਵਾਏ ਕਿਸੇ ਵੀ ਹੋਰ ਵਿਅਕਤੀ ਨੂੰ ਜੇਲ੍ਹ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਕਾਫੀ ਦੇਰ ਪਰਿਵਾਰ ਵਾਲੇ ਜੇਲ੍ਹ ਦੇ ਬਾਹਰ ਉਡੀਕ ਕਰਦੇ ਰਹੇ ਤੇ ਉਪਰੋ ਹੁਕਮ ਮਿਲਣ ਉਪਰੰਤ ਹੀ ਜੇਲ੍ਹ ਅਧਿਕਾਰੀਆ ਨੇ ਭਾਈ ਖੇੜਾ ਨਾਲ ਪਰਵਾਰ ਵਾਲਿਆ ਦੀ ਮੁਲਾਕਾਤ ਜੇਲ੍ਹ ਦੀ ਡਿਉੜੀ ਵਿੱਚ ਕਰਵਾਈ । ਇਸ ਸਮੇਂ ਭਾਈ ਖੇੜਾ ਜਿਉ ਹੀ ਆਪਣੀ ਮਾਤਾ ਜਗੀਰ ਕੌਰ ਤੇ ਭੈਣ ਕੁਲਦੀਪ ਕੌਰ ਨੂੰ ਕਲਾਵੇ ਵਿੱਚ ਲੈ ਕੇ ਮਿਲੇ ਤਾਂ ਇੱਕ ਵਾਰੀ ਸਾਰਾ ਵਾਤਾਵਰਣ ਵਿੱਚ ਭਾਵੁਕਤਾ ਦੇ ਰੰਗ ਵਿੱਚ ਰੰਗਿਆ ਗਿਆ ਤੇ ਕਾਫੀ ਦੇਰ ਜੇਲ੍ਹ ਕਰਮਚਾਰੀ ਵੀ ਕੰਮ ਨਾ ਕਰ ਸਕੇ ਸਗੋ ਇਹ ਵਿਛੋੜੇ ਤੋ ਬਾਅਦ ਮਿਲਣੀ ਦਾ ਅਦਭੁੱਤ ਨਜ਼ਾਰਾ ਦੇਖਦੇ ਰਹੇ। ਉਹਨਾਂ ਦੇ ਚਿਹਰਿਆ ਤੇ ਵੀ ਮਾਂ ਦੀ ਮਮਤਾ ਪੂਰੀ ਤਰ੍ਹਾਂ ਝਲਕ ਰਹੀ ਸੀ ਤੇ ਭਾਈ ਖੇੜਾ ਨਾਲ ਪਰਿਵਾਰ ਵਾਲਿਆ ਨੇ ਕਰੀਬ ਇੱਕ ਘੰਟਾ ਮੁਲਾਕਾਤ ਕੀਤੀ। ਭਾਈ ਖੇੜਾ ਦੇ ਨਾਲ ਕਰੀਬ ਪਰਿਵਾਰ ਦੇ 12 ਮੈਬਰਾਂ ਨੇ ਮੁਲਾਕਾਤ ਕੀਤੀ ਜਿਹਨਾਂ ਵਿੱਚ ਉਹਨਾਂ ਦੀ ਮਾਤਾ ਜਗੀਰ ਕੌਰ, ਪਿਤਾ ਬੰਤਾ ਸਿੰਘ, ਭੈਣ ਕੁਲਦੀਪ ਕੌਰ, ਭਣੇਵਾ ਵੀਰਪਾਲ ਸਿੰਘ ਤੇ ਬਾਕੀ ਰਿਸ਼ਤੇਦਾਰਾਂ ਸ਼ਾਮਲ ਸਨ।

ਭਾਈ ਖੇੜਾ ਆਪਣੀ ਮਾਤਾ ਦੇ ਪੈਰਾਂ ਨੂੰ ਹੱਥ ਲਗਾਉਣ ਉਪਰੰਤ ਗਲੇ ਲੱਗ ਕੇ ਮਿਲੇ। ਰਸਮੀ ਗੱਲਾਂ ਬਾਤਾਂ ਕਰਨ ਉਪਰੰਤ ਜਦੋ ਆਪਣੇ ਪੁੱਤ ਨੂੰ ਹੱਥੀ ਲਿਆਦੀ ਰੋਟੀ ਖੁਆਉਣ ਦੀ ਗੱਲ ਕੀਤੀ ਤਾਂ ਭਾਈ ਖੇੜਾ ਨੇ ਆਪਣੀ ਮਾਤਾ ਨੂੰ ਕਿਹਾ ਕਿ ਉਸ ਨੇ ਦੇਸੀ ਘਿਉ ਦੇ ਪਤੀਸੇ ਨੂੰ 12 ਸਾਲਾਂ ਤੋ ਚੱਖ ਕੇ ਵੀ ਨਹੀਂ ਵੇਖਿਆ ਅਤੇ ਮਕੱਈ ਦੀ ਰੋਟੀ ਵੀ ਨਹੀਂ ਖਾਂਦੀ ਜਿਸ ਦਾ ਉਹ ਬਚਪਨ ਤੋ ਹੀ ਬਹੁਤ ਸ਼ੌਕੀਨ ਸੀ, ਇਸ ਲਈ ਜਦੋਂ ਵੀ ਉਹ ਦੂਸਰੀ ਵਾਰ ਮਿਲਣ ਲਈ ਆਉਣ ਤਾਂ ਦੇਸੀ ਘਿਉ ਦਾ ਪਤੀਸਾ ਤੇ ਮਕੱਈ ਰੋਟੀ ਲੈ ਕੇ ਜਰੂਰ ਆਉਣ। ਇਸੇ ਤਰ੍ਹਾਂ ਅੱਜ ਵੀ ਪਰਿਵਾਰ ਵਾਲੇ ਉਸ ਵਾਸਤੇ ਕੇਲੇ, ਅੰਬ ਤੇ ਹੋਰ ਫਲ ਹੋਰ ਵੀ ਕਈ ਵਸਤਾ ਲੈ ਕੇ ਗਏ ਹੋਏ ਸਨ। ਮੁਲਾਕਾਤ ਜੇਲ ਕਰਮਚਾਰੀਆ ਦੇ ਸਟਾਫ ਰੂਮ ਵਿੱਚ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਖੇਡਾ ਨੂੰ ਚੱਕੀ ਨੰਬਰ ਚਾਰ ਵਿੱਚ ਰੱਖਿਆ ਗਿਆ ਹੈ।

ਮੁਲਾਕਾਤ ਤੋ ਉਪਰੰਤ ਪਰਿਵਾਰ ਵਾਲਿਆ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹਨ ਤੇ ਉਸ ਦੀ ਮਾਤਾ ਨੇ ਭਾਵੁਕ ਹੁੰਦਿਆ ਕਿਹਾ ਕਿ ਆਪਣੇ ਬੇਟੇ ਨੂੰ ਮਿਲ ਕੇ ਉਸ ਦੇ ਕਲੇਜੇ ਠੰਡ ਪੈ ਗਈ ਹੈ। ਉਹਨਾਂ ਪੰਜਾਬ ਸਰਕਾਰ ਤੇ ਹੋਰ ਹਮਾਇਤੀ ਜਥੇਬੰਦੀਆ ਤੇ ਬਾਪੂ ਸੂਰਤ ਸਿੰਘ ਦਾ ਕੋਟਿਨ ਕੋਟਿ ਧੰਨਵਾਦ ਕਰਦਿਆ ਕਿਹਾ ਕਿ ਉਹ ਸਾਰੀ ਜਿੰਦਗੀ ਇਹਨਾਂ ਸਾਰਿਆ ਦੇ ਅਭਾਰੀ ਰਹਿਣਗੇ। ਉਹਨਾਂ ਕਿਹਾ ਕਿ ਕਰਨਾਟਕਾ ਵਿੱਚ ਜਾ ਕੇ ਉਹਨਾਂ ਲਈ ਮੁਲਾਕਾਤ ਕਰਨੀ ਬੜੀ ਮੁਸ਼ਕਲ ਸੀ ਤੇ ਇਥੇ ਤਾਂ ਉਹ ਹਫਤੇ ਦਸਾ ਦਿਨਾਂ ਬਾਅਦ ਆ ਸਕਦੇ ਹਨ। ਉਹਨਾਂ ਕਿਹਾ ਕਿ ਜਲਦੀ ਉਹ ਅਦਾਲਤ ਵਿੱਚ ਜ਼ਮਾਨਤ ਲਈ ਅਰਜੀ ਵੀ ਦੇਣਗੇ।

ਇਸੇ ਤਰ੍ਹਾਂ ਯੂ.ਕੇ ਨਿਵਾਸੀ ਪਰਮਿੰਦਰ ਸਿੰਘ ਅਮਲੋਹ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਖੇੜਾ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਤਬਦੀਲ ਕਰਾਉਣ ਲਈ ਸ੍ਰ ਬਲਬੀਰ ਸਿੰਘ ਬੈਂਸ ਯੂ.ਕੇ ਨੇ ਬਹੁਤ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦੀ ਜਥੇਬੰਦੀ ਸਿੱਖ ਵੇਲਫੇਅਰ ਆਰਗੇਨਾਈਜੇਸ਼ਨ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਹਰ ਮਹੀਨੇ ਖਰਚਾ ਭੇਜਦੀ ਹੈ। ਉਹਨਾਂ ਕਿਹਾ ਕਿ ਕਰਨਾਟਕਾ ਜੇਲ੍ਹ ਵਿੱਚ ਪ੍ਰਬੰਧ ਕੋਈ ਪੁਖਤਾ ਨਹੀਂ ਸਨ ਤੇ ਜਿਥੇ ਭਾਈ ਖੇੜਾ ਲਈ ਦਿਨ ਕੱਟੀ ਕਰਨਾ ਮੁਸ਼ਕਲ ਹੋ ਰਿਹਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top