ਅੰਮਿ੍ਤਸਰ,
24 ਜੂਨ (ਰੇਸ਼ਮ ਸਿੰਘ)- ਇਥੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ 'ਚ ਇਲਾਜ ਲਈ
ਸਿੱਖ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਹੁਣ ਡਾ: ਵਿਦਿਆ ਸਾਗਰ ਇੰਸਟੀਚਿਊਟ ਆਫ਼
ਮੈਂਟਲ ਹੈਲਥ 'ਚ ਭਰਤੀ ਕੀਤਾ ਜਾਵੇਗਾ।
ਉਨ੍ਹਾਂ ਦੀ ਸਿਹਤ ਜਾਂਚ ਤੇ ਇਲਾਜ ਲਈ ਬਣਾਈ ਡਾਕਟਰਾਂ ਦੀ ਵਿਸ਼ੇਸ਼
ਕਮੇਟੀ ਨੇ ਉਨ੍ਹਾਂ ਨੂੰ ਮਨੋਰੋਗ ਹਸਪਤਾਲ 'ਚ ਦਾਖ਼ਲ ਕਰਵਾ ਕੇ ਇਲਾਜ ਕਰਨ ਦੀ ਸਿਫਾਰਿਸ਼
ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਮੈਡੀਕਲ ਕਾਲਜ ਨੂੰ ਪ੍ਰੋ: ਭੁੱਲਰ ਦੀ
ਸਿਹਤ ਸਬੰਧੀ ਜਾਂਚ ਕਰਨ ਨੂੰ ਨਿਰਦੇਸ਼ ਦਿੱਤੇ ਗਏ ਸਨ। ਜਿਸ ਉਪਰੰਤ ਮੈਡੀਕਲ ਕਾਲਜ ਵੱਲੋਂ
ਤਿੰਨ ਮਾਹਿਰ ਡਾਕਟਰਾਂ ਦੀ ਕਮੇਟੀ ਗਠਿਤ ਕੀਤੀ ਸੀ, ਜਿਸ 'ਚ ਮਾਹਿਰ ਡਾ: ਪੀ. ਡੀ. ਗਰਗ,
ਡਾ: ਰਾਜੀਵ ਅਰੋੜਾ ਤੇ ਡਾ: ਸਤਪਾਲ ਸ਼ਾਮਲ ਸਨ।
ਇਨ੍ਹਾਂ ਮਾਹਿਰ ਡਾਕਟਰਾਂ ਅਨੁਸਾਰ ਪ੍ਰੋ: ਭੁੱਲਰ 'ਸਿਕਜੋਫਰੇਨੀਆ'
Schizophrenia ਨਾਂਅ ਦੀ ਦਿਮਾਗੀ ਬਿਮਾਰੀ ਤੋਂ ਪੀੜਤ ਹਨ, ਲਾ ਇਲਾਜ ਦੱਸੀ ਜਾਂਦੀ ਇਸ
ਬਿਮਾਰੀ 'ਚ ਮਰੀਜ਼ ਨੂੰ ਦਵਾਈਆਂ ਦੇ ਸਿਰ 'ਤੇ ਹੀ ਰਹਿਣਾ ਪੈਂਦਾ ਹੈ। ਟੀਮ ਨੇ ਆਪਣੀ
ਰਿਪੋਰਟ 'ਚ ਸਪੱਸ਼ਟ ਕੀਤਾ ਹੈ ਕਿ ਪ੍ਰੋ: ਭੁੱਲਰ ਦਾ ਵਧੀਆ ਇਲਾਜ ਮੈਡੀਕਲ ਕਾਲਜ ਦੀ ਬਜਾਏ
ਮਨੋਰੋਗ ਹਸਪਤਾਲ 'ਚ ਹੀ ਸੰਭਵ ਹੈ । ਜਿਸ ਕਾਰਨ ਡਾ: ਵਿਦਿਆ ਸਾਗਰ ਮੈਂਟਲ ਸੰਸਥਾ ਇਲਾਜ
ਲਈ ਇਕ ਵਧੀਆ ਉਪਲਬਧ ਥਾਂ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ: ਸੰਤੋਖ ਸਿੰਘ ਨੇ
ਪੁਸ਼ਟੀ ਕਰਦਿਆਂ ਦੱਸਿਆ ਕਿ ਰਿਪੋਰਟ ਡੀ. ਸੀ. ਸ੍ਰੀ ਪ੍ਰਦੀਪ ਸੱਭਰਵਾਲ ਨੂੰ ਭੇਜ ਦਿੱਤੀ
ਗਈ ਹੈ ਅਤੇ ਅਗਲੀ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ।