Share on Facebook

Main News Page

ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗਿਆਰ੍ਹਵਾਂ ਗੁਰੂ ਨਾ ਬਣਾਓ !!!
-: ਸੰਪਾਦਕ ਖ਼ਾਲਸਾ ਨਿਊਜ਼

ਹਰ ਇੱਕ ਸਿੱਖ ਲਈ ਅਤੇ ਸਿੱਖ ਅਖਵਾਉਣ ਵਾਲੇ ਲਈ ਗੁਰੂ ਇੱਕੋ ਹੀ ਹੈ, ਉਹ ਹੈ ਸ਼ਬਦ ਗੁਰੂ ਅਤੇ ਉਸ ਸ਼ਬਦ ਦੇ ਪ੍ਰਚਾਰ ਹੇਤ ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਾਮੇ ਬਦਲੇ ਗਏ, ਪਰ ਪ੍ਰਚਾਰ ਗੁਰਬਾਣੀ ਦਾ ਹੀ ਹੋਇਆ। ਗੁਰੂ ਸਾਹਿਬ ਨੇ ਦੇਹ ਜਾਮਿਆਂ ਤੋਂ ਬਾਅਦ ਜੀਵਨ ਜਾਚ ਲਈ ਸੇਧ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਦਾ ਹੁਕਮ ਕਰਕੇ, ਦੇਹਧਾਰੀ ਪ੍ਰੰਪਰਾ ਸਮਾਪਤ ਕੀਤੀ।

ਪਰ ਸਿੱਖਾਂ ਦੇ ਮੁਗਲਾਂ ਨਾਲ ਟਕਰਾਅ ਦੇ ਚਲਦੇ, ਗੁਰਦੁਆਰੇ ਬ੍ਰਾਹਮਣਾਂ ਦੇ ਹੱਥ ਆਏ, ਜਿਥੋਂ ਬ੍ਰਾਹਮਣੀ ਕਰਮਕਾਂਡਾਂ ਦਾ ਦੌਰ ਸ਼ੁਰੂ ਹੋਇਆ, ਜੋ ਹਾਲੇ ਤੱਕ ਜਾਰੀ ਹੈ। ਜੋ ਰੂਪ ਅੱਜ ਗੁਰਦੁਆਰਿਆਂ ਦਾ ਹੈ, ਉਹ ਬ੍ਰਾਹਮਣ ਦੀ ਦੇਣ ਹੈ, ਨਹੀਂ ਤਾਂ ਸਿੱਖ ਅਖਵਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਵੀਚਾਰ ਕਰਕੇ, ਜੀਵਨ ਸੇਧ ਲੈਂਦੇ, ਪਰ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਵੀਚਾਰਨਾ ਛੱਡ ਕੇ ਇੱਕ ਮੂਰਤੀ ਤੋਂ ਵੱਧ ਕੁੱਝ ਨਹੀਂ ਸਮਝਿਆ, ਜੇ ਕਹਿ ਲਿਆ ਜਾਵੇ ਕਿ ਅੱਜ ਦਾ ਸਿੱਖ ਅਖਵਾਉਣ ਵਾਲਾ ਮੂਰਤੀ ਦਾ ਪੁਜਾਰੀ ਹੈ, ਤੇ ਕੋਈ ਅਤਿਕਥਨੀ ਨਹੀਂ।

ਅੱਜ ਦਾ ਸਿੱਖ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਏ ਬੰਦਿਆਂ ਕੋਲੋਂ, ਆਪਣੀ ਜਥੇਬੰਦੀ ਦੇ ਆਗੂ ਨੂੰ ਸਿਰਮੌਰ ਸਮਝਦਾ ਹੈ, ਗੁਰੂ ਨੂੰ ਨਹੀਂ। ਉਹ ਅਖਵਾਉਂਦਾ ਦਾ ਗੁਰੂ ਦਾ ਸਿੱਖ ਹੈ, ਪਰ ਹੈ ਇਸ ਦੇ ਉਲਟ। ਉਹ ਤਸਵੀਰਾਂ, ਪੇੜਾਂ, ਸ਼ਸਤਰਾਂ, ਗੱਦੀਆਂ, ਕਪੜਿਆਂ, ਜੁੱਤੀਆਂ ਆਦਿ ਹੋਰ ਵਸਤੂਆਂ ਦਾ ਹੀ ਸਿੱਖ ਰਹਿ ਗਿਆ ਹੈ। ਗੁਰੂ ਦੀ ਵੀਚਾਰ ਦੇ ਤਾਂ ਨੇੜੇ ਹੀ ਨਹੀਂ ਢੁੱਕਦਾ।

ਗੁਰੂ ਨੇ ਕਿਹਾ "ਵਖਤੁ ਵੀਚਾਰੇ ਸੁ ਬੰਦਾ ਹੋਇ ॥", ਪਰ ਕੀ ਅਸੀਂ ਵਖਤ ਨੂੰ ਵੀਚਾਰਿਆ ਹੈ?

ਹੁਣ ਵੀ ਅਸੀਂ 16 ਵੀਂ ਸਦੀ ਵਿੱਚ ਹੀ ਜੀ ਰਹੇ ਹਾਂ। ਅਖੇ ਜੀ ਬੰਦਾ ਸਿੰਘ ਬਹਾਦਰ ਨੇ ਆਹ ਕੀਤਾ, ਬਾਬਾ ਦੀਪ ਸਿੰਘ ਨੇ ਆਹ ਕੀਤਾ, ਹੋਰ ਸ਼ਹੀਦਾਂ ਨੇ ਆਹ ਕੀਤਾ... ਉਨ੍ਹਾਂ ਮਹਾਨ ਸ਼ਹੀਦਾਂ ਨੇ ਵਖ਼ਤ ਦੇ ਮੁਤਾਬਿਕ ਆਪਣੀ ਸ਼ਹਾਦਤ ਦੇ ਕੇ ਪੂਰਨੇ ਪਾਏ... ਉਨ੍ਹਾਂ ਦੀ ਸ਼ਹਾਦਤ ਨੂੰ ਨਮਸਕਾਰ ਹੈ... ਪਰ ਕੀ ਅਸੀਂ ਸਿਰਫ ਉਨ੍ਹਾਂ ਸਿੰਘ ਸਿੰਘਣੀਆਂ ਦੀ ਸ਼ਹਾਦਤ ਦੀਆਂ ਗੱਲਾਂ ਹੀ ਸੁਣਦੇ ਸੁਣਾਉਂਦੇ ਰਹਾਂਗੇ, ਕਿ ਆਪ ਵੀ ਕੁੱਝ ਕਰਾਂਗੇ। "ਮੂ ਪਿਤਰਮ ਸੁਲਤਾਨ ਬੂ" ਮਤਲਬ.. ਮੇਰਾ ਪਿਓ ਸੁਲਤਾਨ ਸੀ... ਪਰ ਸਿੱਖਾ, ਅੱਜ ਤੂੰ ਕੀ ਹੈਂ? ਗੱਲ ਤਾਂ ਇੱਥੇ ਖੜੀ ਹੈ। ਉਨ੍ਹਾਂ ਜਦੋਂ ਸਿਰ ਦੇਣ ਦੀ ਵਾਰੀ ਆਈ, ਉਦੋਂ ਸਿਰ ਦਿੱਤਾ, ਸਿਰ ਵਰਤਣ ਦੀ ਵਾਰੀ, ਵਰਤਿਆ ਵੀ।

ਗੁਰੂ ਨਾਨਕ ਸਾਹਿਬ ਨੇ ਕੋਈ ਹਥਿਆਰਾਂ ਨਾਲ ਜੰਗ ਨਹੀਂ ਲੜੀ, ਗੁਰੂ ਸਾਹਿਬ ਨੇ ਗੁਰਬਾਣੀ ਦੀ ਸੇਧ ਨਾਲ, ਵੀਚਾਰ ਨਾਲ, ਸਿਰ ਵਰਤ ਕੇ ਲੁਕਾਈ ਨੂੰ ਸਿੱਧੇ ਰਾਹ ਪਾਇਆ। ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਬਾਕੀ ਗੁਰੂ ਸਾਹਿਬਾਨਾਂ ਤੋਂ ਇੱਕਤਰ ਕੀਤੀ ਬਾਣੀ, ਭਾਈ ਗੁਰਦਾਸ ਕੋਲੋਂ ਆਪ ਲਿਖਾਈ, ਤੇ ਇਸ ਖੂਭੀ ਨਾਲ ਲਿਖਾਈ, ਕਿ ਉਸ ਵਿੱਚ ਕੋਈ ਵਧਾ ਘਟਾਅ ਨਹੀਂ ਕਰ ਸਕਦਾ। ਗੁਰਮਤਿ ਸਿਧਾਂਤਾਂ 'ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਆਪਣੀ ਸ਼ਹਾਦਤ ਦਿੱਤੀ।

ਸਾਖੀ ਅਨੁਸਾਰ ਭਾਈ ਬਿਧੀ ਚੰਦ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਚੋਰੀ ਹੋਏ ਘੋੜੇ, ਸਿਰ ਵਰਤ ਕੇ ਘਾਹੀ ਬਣ ਕੇ, ਮੁਗਲ ਫੌਜਾਂ ਨੂੰ ਕਿਲੇ 'ਚ ਬੰਦ ਕਰਕੇ, ਚਾਬੀਆਂ ਪਾਣੀ 'ਚ ਸਿੱਟ ਕੇ ਸਿਰ ਵਰਤਿਆ...

ਸਿੰਘਾਂ ਵਲੋਂ ਬਾਰਾਂ ਵਜੇ ਸੁਤੇ ਪਏ ਮੁਗਲਾਂ 'ਤੇ ਕੀਤੇ ਗਏ ਹਮਲਿਆਂ ਦੀ ਤਾਂ ਅਸੀਂ ਬੜੀ ਛਾਤੀ ਚੌੜੀ ਕਰਕੇ ਗੱਲ ਕਰਦੇ ਹਾਂ, ਉਸ ਵੇਲੇ ਕਿਉਂ ਨਹੀਂ ਕਹਿੰਦੇ ਕਿ ਸਿੱਖ ਸੁੱਤਿਆਂ 'ਤੇ ਵਾਰ ਨਹੀਂ ਕਰਦੇ... ਪਰ ਉਹ ਸਮੇਂ ਦੀ ਲੋੜ੍ਹ ਸੀ, ਸਹੀ ਸੀ!!! ਸਿਰ ਵਰਤਿਆ...

ਸ਼ਹੀਦ ਸਤਵੰਤ ਸਿੰਘ, ਬੇਅੰਤ ਸਿੰਘ ਨੇ ਸਿਰ ਵਰਤਿਆ, ਬਹੁਤ ਤਿਆਰੀ ਕੀਤੀ, ਕਈ ਮਹੀਨਿਆਂ ਦੀ ਵਿਉਂਤਬੰਦੀ ਤੋਂ ਬਾਅਦ ਜਾਕੇ ਇੰਦਰਾ ਨੂੰ ਪਾਰ ਬੁਲਾਇਆ... ਇਨ੍ਹਾਂ ਨੂੰ ਤਾਂ ਅਸੀਂ ਸ਼ਹੀਦ ਕਹਿੰਦੇ ਹਾਂ, ਪਰ ਕਦੇ ਇਹ ਨਹੀਂ ਕਹਿੰਦੇ ਕਿ ਜਿਸ ਕੰਮ ਦੀ ਉਨ੍ਹਾਂ ਨੂੰ ਤਨਖਾਹ ਮਿਲਦੀ ਸੀ, ਜਿਸਦੀ ਰੱਖਿਆ ਕਰਨ ਲਈ ਉਨ੍ਹਾਂ ਰੱਖਿਆ ਗਿਆ ਸੀ, ਉਸ ਨੂੰ ਮਾਰਨਾ, ਕਿੱਧਰ ਦੀ ਬਹਾਦਰੀ ਹੈ? ਪਰ, ਕਿਉਂਕਿ ਉਨ੍ਹਾਂ ਨੇ ਇੰਦਰਾ ਨੂੰ ਮਾਰ ਕੇ, ਦਰਬਾਰ ਸਾਹਿਬ ਦੀ ਬੇਅਦਬੀ, ਸਿੱਖਾਂ ਦੀ ਹੋਈ ਸ਼ਹਾਦਤਾਂ ਦਾ ਮੁੱਲ ਆਪਣੀ ਜਾਨ ਦੇ ਕੇ ਚੁਕਾਇਆ, ਉਹ ਸਾਡੇ ਸ਼ਹੀਦ ਨੇ, ਇਨ੍ਹਾਂ ਨੇ ਸਿਰ ਵਰਤਿਆ ਤੇ ਸਿਰ ਦਿੱਤਾ...

ਸਿਰਫ ਸਿਰ ਦੇਣਾ ਹੀ ਸਿੱਖੀ ਨਹੀਂ, ਸਿਰ ਵਰਤਣਾ ਵੀ ਸਿੱਖ ਦਾ ਹੀ ਫਰਜ਼ ਹੈ... ਪਰ, "ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ..." ਸਿਰ ਵਰਤਣ ਵਾਲਿਆਂ ਨੂੰ ਡਰਪੋਕ ਹੀ ਸਮਝਦੇ ਹਨ।

1984 'ਚ ਹੋਈ ਨਸਲਕੁਸ਼ੀ 'ਚ ਹਜ਼ਾਰਾਂ ਹੀ ਸਿੱਖ ਨੌਜਵਾਨ ਮਾਰੇ ਗਏ, ਕਈ ਸ਼ਹੀਦ ਹੋਏ, ਕਈ ਭੰਗ ਦੇ ਭਾੜੇ ਮਾਰੇ ਗਏ, ਕਈ ਬਹਤੀ ਗੰਗਾ 'ਚ ਹੱਥ ਧੋਣ ਨਿਕਲੇ, ਮਾਰੇ ਗਏ। ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ 'ਚ ਹੋਈ ਨਸਲਕੁਸ਼ੀ ਦੀ ਅੱਗ 'ਚ ਸੜ੍ਹਨ ਤੋਂ ਬਾਅਦ ਵੀ ਅੱਜ ਅਸੀਂ ਕੁੱਝ ਸਿੱਖਿਆ ਨਹੀਂ ਹੈ, ਹਾਲੇ ਵੀ ਸਿਰ ਦੇਣ ਦੀਆਂ ਦੀ ਗੱਲਾਂ ਕਰੀ ਜਾ ਰਹੇ ਹਾਂ, ਵਰਤਣ ਨੂੰ ਭੁਲ ਹੀ ਚੁਕੇ ਹਾਂ।

1984 ਤੋਂ ਲਾਕੇ 1991 ਤੱਕ ਨੌਜਵਾਨ ਸਿੱਖਾਂ ਦਾ ਘਾਣ ਹੋਇਆ, ਹੁਣ 31 ਸਾਲਾਂ 'ਚ ਮੁੜ ਕੇ ਨੌਜਵਾਨਾਂ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੈ, ਹੁਣ ਫਿਰ ਉਹੀ ਮਾਹੌਲ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਸਰਕਾਰ ਵੱਲੋਂ, ਹਿੰਦੂ ਕੱਟੜਪੰਥੀਆਂ ਵੱਲੋਂ, ਅਤੇ ਸਿੱਖੀ ਭੇਖ 'ਚ ਬੈਠੇ ਗੱਦਾਰਾਂ ਵੱਲੋਂ, ਹਰ ਰੋਜ਼ ਕਿਸੀ ਨਾ ਕੀਤੀ ਢੰਗ ਨਾਲ ਭੜਕਾਇਆ ਜਾ ਰਿਹਾ ਹੈ, ਅਤੇ ਉਹ ਫਿਰ ਉਨ੍ਹਾਂ ਦੇ ਬੁਣੇ ਜਾਲ 'ਚ ਫਸੇ ਜਾ ਰਹੇ ਹਨ।

ਦੋ ਕੁ ਦਿਨ ਪਹਿਲਾਂ ਲਿਖੇ ਲੇਖ 'ਚ ਵੀ ਇਹੀ ਗੱਲ ਦੁਹਰਾਈ ਗਈ ਸੀ ਕਿ ਤਸਵੀਰਾਂ ਪਿੱਛੇ ਆਪਣੀਆਂ ਕੀਮਤੀ ਜਾਨਾਂ ਨਾ ਗਵਾਓ, ਪੋਸਟਰ ਤਾਂ ਹੋਰ ਵੀ ਬਣ ਜਾਣਗੇ, ਪਰ ਜਾਨ ਨਹੀਂ, ਜਿਸਦਾ ਕਈਆਂ ਨੇ ਉਲਟ ਮਤਲਬ ਕੱਢਿਆ। ਇਹ ਡਰਨਾ ਨਹੀਂ ਹੁੰਦਾ, ਇਹ ਚਾਲਾਂ ਨੂੰ ਸਮਝਣਾ ਹੁੰਦਾ ਹੈ, ਜਿਸ ਵਿੱਚ ਸਿੱਖ ਅਖਵਾਉਣ ਵਾਲੇ ਬੁਰੀ ਤਰ੍ਹਾਂ ਨਾਕਾਮ ਹਨ।

ਭਿੰਡਰਾਂਵਾਲਿਆਂ ਪ੍ਰਤੀ ਜੋ ਪਿਆਰ ਅੱਜ ਦੀ ਪੀੜ੍ਹੀ ਦਿਖਾ ਰਹੀ ਹੈ, ਉਹ ਸਮਝੀ ਜਾ ਸਕਦੀ ਹੈ, ਪਰ ਇਸ ਕਰਕੇ ਸਿਰ ਦੀ ਵਰਤੋਂ ਨਾ ਕਰਨਾ, ਕਿੱਧਰ ਦੀ ਸਿਆਣਪ ਹੈ? ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗਿਆਰ੍ਹਵਾਂ ਗੁਰੂ ਨਾ ਬਣਾਓ!!! ਤਸਵੀਰ, ਤਸਵੀਰ ਹੀ ਹੈ... ਤਸਵੀਰ ਪਿੱਛੇ ਐਨਾ ਵਾਵੇਲਾ ਖੜ੍ਹਾ ਕਰਨਾ... ਕਿਸੇ ਸਿੰਘ ਦੀ ਜਾਨ ਜਾਵੇ... ਇਹ ਕੋਈ ਸਿਆਣਪ ਹੈ? ਉਹ ਲੋਕ ਤਾਂ ਇਹੀ ਚਾਹੁੰਦੇ ਹਨ, ਕਿ ਕਿਸੇ ਤਰ੍ਹਾਂ ਇਨ੍ਹਾਂ ਨੂੰ ਭੜਕਾਇਆ ਜਾਵੇ, ਤੇ ਫਿਰ ਇਨ੍ਹਾਂ ਦਾ ਘਾਣ ਕੀਤਾ ਜਾਵੇ... ਤੇ ਅਸੀਂ ਉਸ ਜਾਲ 'ਚ ਫਸ ਰਹੇ ਹਾਂ। ਇਹ ਸਿਰਫ ਉਕਸਾਉਣ ਲਈ ਵਰਤੀਆਂ ਜਾਣ ਵਾਲੀਆਂ ਹਰਕਤਾਂ ਨੇ, ਜਿਸ ਵਿਚ ਸਮਝਦਾਰੀ ਤੋਂ ਕੰਮ ਲੈਕੇ, ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਚਿੱਆ ਜਾ ਸਕਦਾ ਹੈ। ਅੱਗੇ ਸ਼ਹਾਦਤਾਂ ਘੱਟ ਹੋਈਆਂ ਨੇ, ਤੇ ਸਾਡੇ ਪੱਲੇ ਕੀ ਪਿਆ ਹੈ? ਇਹ ਨਹੀਂ ਕਿਹਾ ਜਾ ਰਿਹਾ ਕਿ ਅਣਖ ਛੱਡ ਦਿਓ, ਪਰ ਚਾਲਾਂ ਨੂੰ ਸਮਝਣਾ, ਆਪਣਾ ਸਿਰ ਵਰਤਣਾ, ਉਸ ਅਣਖ ਨੂੰ ਵਧਾਏਗਾ। ਕਈ ਵਾਰੀ ਦੋ ਕਦਮ ਪਿਛਾਂਹ ਖਿਚਣ ਨਾਲ, ਨੁਕਸਾਨ ਹੋਣੋ ਬਚਦਾ ਹੈ।

ਸ. ਅਵਤਾਰ ਸਿੰਘ ਮਿਸ਼ਨਰੀ ਜੀ ਨੇ ਬਹੁਤ ਖੂਬ ਲਿਖਿਆ ਹੈ:

ਜਿਨ੍ਹਾਂ ਚਿਰ ਸਿੱਖ ਕੌਮ "ਗੁਰੂ ਗ੍ਰੰਥ ਸਾਹਿਬ" ਨੂੰ ਆਪਣਾ ਆਗੂ ਮੰਨ ਕੇ ਉਨ੍ਹਾਂ ਦੀ ਸ਼ਰਨ ਵਿੱਚ ਇਕੱਠੀ ਨਹੀਂ ਹੁੰਦੀ ਓਨਾਂ ਚਿਰ ਇਵੇਂ ਹੀ ਸਰਕਾਰੀ ਜਬਰ ਦੀ ਮਾਰ ਖਾਂਦੀ ਰਹੇਗੀ। ਬਾਕੀ ਬਹੁਤੀਆਂ ਜਥੇਬੰਦੀਆਂ ਨੇ ਅੱਜ ਬਾਬਾ ਗੁਰੂ ਨਾਨਾਕ, ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਭਾਈ ਮਨੀ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਜੀਆਂ ਨੂੰ ਭੁਲਾ ਦਿੱਤਾ ਹੈ ਤੇ ਭਾਈ, ਸਿੰਘ, ਬਾਬਾ, ਜਥੇਦਾਰ ਅਤੇ ਸਿਰਦਾਰ ਆਦਿਕ ਗੁਰੂ ਬਖਸ਼ੇ ਚੜ੍ਹਦੀਕਲਾ ਦੇ ਪ੍ਰਤੀਕ ਸਿਰਨਾਵਿਆਂ ਨੂੰ ਛੱਡ ਕੇ "ਸੰਤ" ਅਖਵਾਉਣਾ ਸ਼ੁਰੂ ਕਰ ਦਿੱਤਾ ਹੈ, ਜਾਂ ਅਸੀਂ ਧੱਕੇ ਨਾਲ ਮੁਖੀਆਂ ਨੂੰ ਸੰਤ ਕਹੀ ਜਾਂਦੇ ਹਾਂ। ਪਹਿਲਾਂ ਅਸੀਂ ਬਾਬਾ ਜਰਨੈਲ ਸਿੰਘ ਸ਼ਹੀਦ ਦੀ ਕੁਰਬਾਨੀ ਨੂੰ ੨੦ ਸਾਲ ਜਿੰਦਾ ਕਹਿ ਕੇ ਰੋਲਿਆ, ਫਿਰ ਬ੍ਰਾਹਮਣੀ ਕਰਮਕਾਂਡ, ਮਰਯਾਦਾਵਾਂ ਅਤੇ ਕਰਾਮਾਤਾਂ ਉਨ੍ਹਾਂ ਨਾਲ ਜੋੜੀਆਂ ਤੇ ਹੁਣ ਤਸਵੀਰ ਪੂਜਾ ਅਤੇ ਸ਼ਖਸ਼ੀਅਤ ਪੂਜਾ ਜੋੜ ਰਹੇ ਹਾਂ, ਜੋ ਸਾਨੂੰ ਗੁਰੂਆਂ, ਭਗਤਾਂ ਅਤੇ ਪੁਰਾਤਨ ਸਿੰਘ, ਸਿੰਘਣੀਆਂ ਸ਼ਹੀਦਾਂ ਨਾਲੋਂ ਤੋੜ ਰਹੀ ਹੈ। ਭਲਿਓ ਜਾਬਰ ਸਰਕਾਰ ਤੇ ਮੂਹਰੇ ਕੌਮੀ ਕਾਫਲੇ ਦੀ ਤਸਵੀਰ ਖੜੀ ਕਰੋ, ਜੋ ਤੋੜੀ ਨਹੀਂ ਜਾ ਸੱਕੇਗੀ।

ਹੁਣ ਇੱਕ ਹੋਰ ਚਾਲ ਚੱਲੀ ਗਈ ਹੈ, ਕਿ 1984 ਘੱਲੂਘਾਰੇ ਦੇ ਸੰਬੰਧ 'ਚ ਕੀਤੇ ਜਾਣ ਵਲੇ ਸਮਾਗਮ ਅਕਾਲ ਤਖ਼ਤ 'ਤੇ ਨਾ ਰੱਖਕੇ, ਬ੍ਰਾਹਮਣਵਾਦ 'ਚ ਜਕੜੀ ਅਖੌਤੀ ਦਮਦਮੀ ਟਕਸਾਲ, ਚੌਂਕ ਮਹਿਤਾ 'ਚ ਕੀਤੇ ਗਏ, ਜਿੱਤੇ ਸਰਕਾਰੀ ਟੱਟੂ ਧੁੰਮੇ ਨੂੰ ਮੁੱਖ ਰੱਖਿਆ ਗਿਆ, ਅਤੇ ਸ਼੍ਰੋਮਣੀ ਚਮਚੇ ਮੱਕੜ ਨੂੰ "ਸੇਵਾ ਰਤਨ ਅਵਾਰਡ" ਦਿੱਤਾ ਗਿਆ। ਹੈ ਨਾ ਕਮਾਲ? ਜਿਸ ਗੱਦਾਰ ਬਾਦਲ ਦੇ ਇਹ ਗੁਲਾਮ ਹਨ, ਉਹ 1984 'ਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦਾ ਜੁੰਮੇਵਾਰ ਹੈ, ਉਸ ਦੇ ਹੀ ਚਮਚਿਆਂ ਨੂੰ "ਸੇਵਾ ਰਤਨ ਅਵਾਰਡ"???

ਜਿਸ ਤਰ੍ਹਾਂ ਨਾਲ ਧਰਮੀ ਫੌਜੀਆਂ, ਬੱਬਰਾਂ ਅਤੇ ਹੋਰ ਸਿੱਖਾਂ ਦੀ ਸ਼ਹਾਦਤ ਨੂੰ ਵਿਸਾਰ ਕੇ, ਸਿਰਫ ਟਕਸਾਲੀ ਸਿੰਘਾਂ ਦੀ ਸ਼ਹਾਦਤ ਨੂੰ ਮੁੱਖ ਰੱਖਿਆ ਗਿਆ ਹੈ, ਟਕਸਾਲ ਨੂੰ ਮਹੱਤਤਾ ਦੇ ਕੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਨੂੰ ਅੱਖੋ ਪਰੋਖਿਆਂ ਕਰ ਰਹੇ ਨੇ, ਸਿੱਖੋ!!! ਤੁਹਾਨੂੰ ਸਿੱਖੀ ਦੇ ਕੇਂਦਰੀ ਅਸਥਾਨ ਨਾਲੋਂ ਤੋੜਕੇ, ਬ੍ਰਾਹਮਣਵਾਦੀ ਟਕਸਾਲ ਨਾਲ ਜੋੜਿਆ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਲੋਕ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ "ਗੁਰੂ" ਬਣਾਉਣਗੇ।

ਸਿੱਖੋ, ਸਿਰ ਦੀ ਵਰਤੋਂ ਕਰੋ, ਬਚੋ ਜੇ ਬੱਚ ਹੁੰਦਾ, ਨਹੀਂ ਤਿਆਰ ਰਹੋ ਇੱਕ ਹੋਰ 1984 ਵਰਗੀ, ਸਗੋਂ ਉਸ ਨਾਲੋਂ ਵੀ ਭਿਅੰਕਰ ਨਸਲਕੁਸ਼ੀ ਲਈ


ਖਾਲਸਾ ਨਿਊਜ਼ ਲਈ ਸਾਰੇ ਸਿੱਖ ਸ਼ਹੀਦ ਸਤਿਕਾਰਤ ਨੇ, ਬਰਾਬਰ ਹਨ, ਇਸ ਲੇਖ ਨੂੰ ਪੂਰਾ ਪੜ੍ਹਨ ਤੋਂ ਬਾਅਦ ਹੀ ਕੋਈ ਕੁਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ। ਕਈ ਪਾਠਕ ਸਿਰਫ ਸਿਰਲੇਖ ਪੜ੍ਹਕੇ, ਸਿਰ ਦੀ ਵਰਤੋਂ ਕੀਤੇ ਬਿਨਾ, ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੰਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top