Share on Facebook

Main News Page

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਉਨ੍ਹਾਂ ਦੀ ਰਿਹਾਇਸ਼ ਵਿਖੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਗਿਆ ਪ੍ਰਕਾਸ਼ ਗੁਰਪੁਰਬ

* ਨਾ ਹੀ ਅਸਤੀਫਾ ਦੇਵਾਂਗਾ ਅਤੇ ਨਾ ਹੀ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਕਿਸੇ ਮਤੇ ’ਤੇ ਦਸਤਖਤ ਹੀ ਕਰਾਂਗਾਂ: ਨੰਦਗੜ੍ਹ
* ਸ਼੍ਰ.ਅ.ਦ. (ਅ) ਵਲੋਂ ਛਪਵਾਇਆ ਗਿਆ ਅਸਲੀ ਨਨਾਕਸ਼ਾਹੀ ਕੈਲੰਡਰ 2015 ਜਥੇਦਾਰ ਨੰਦਗੜ੍ਹ ਨੇ ਕੀਤਾ ਰੀਲੀਜ਼
* ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਕੋਈ ਸਰਕਾਰੀ ਹੁਕਮਨਾਮਾ ਹੋ ਵੀ ਜਾਂਦਾ ਹੈ, ਤਾਂ ਸਿੱਖ ਸੰਗਤਾਂ ਉਸ ਨੂੰ ਮੁੱਢੋਂ ਨਕਾਰ ਦੇਣ: ਬਲੀਏਵਾਲ

ਸਿੱਖ ਕੈਦੀਆਂ ਦੀ ਰਿਹਾਈ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ 7 ਜਨਵਰੀ ਨੂੰ ਠੀਕ 10.00 ਵਜੇ ਵਿਸ਼ਾਲ ਮਾਰਚ ਸ਼ੁਰੂ ਹੋਵੇਗਾ ਅਤੇ ਬਠਿੰਡਾ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

ਤਲਵੰਡੀ ਸਾਬੋ/ਬਠਿੰਡਾ, 5 ਜਨਵਰੀ (ਕਿਰਪਾਲ ਸਿੰਘ): ਮੌਜੂਦਾ ਸਿਸਟਮ ਦੇ ਚਲਦਿਆਂ ਪੰਥਕ ਹਿੱਤਾਂ ਵਿੱਚ ਕੋਈ ਵੀ ਕੰਮ ਕਰਨ ਤੋਂ ਆਪਣੇ ਆਪ ਨੂੰ ਅਸਮਰਥ ਸਮਝਦਿਆਂ ਛੇ ਮਹੀਨੇ ਪਹਿਲਾਂ ਮੈਂ ਜਥੇਦਾਰੀ ਤੋਂ ਅਸਤੀਫਾ ਦੇਣ ਬਾਰੇ ਸੋਚਿਆ ਸੀ ਪਰ ਹੁਣ ਮੈਂ ਨਾ ਹੀ ਅਸਤੀਫਾ ਦੇਵਾਂਗਾ ਅਤੇ ਨਾ ਹੀ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਕਿਸੇ ਮਤੇ ’ਤੇ ਦਸਤਖਤ ਹੀ ਕਰਾਂਗਾਂ। ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਉਨ੍ਹਾਂ ਦੀ ਰਿਹਾਇਸ਼ ਵਿਖੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਹੁੰਚੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ।

ਨਾਨਕਸ਼ਾਹੀ ਕੈਲੰਡਰ ਦੀ ਤਿਆਰੀ ਅਤੇ ਲਾਗੂ ਹੋਣ ਸਮੇਂ ਤੋਂ ਅੱਜ ਤੱਕ ਆਰਐੱਸਐੱਸ ਵੱਲੋਂ ਪਾਏ ਗਏ ਅੜੀਕਿਆਂ ਸਬੰਧੀ ਸੰਖੇਪ ਜਾਣਕਾਰੀ ਦਿੰਦਿਆਂ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਸਿੱਖਾਂ ਕੌਮ ਦਾ ਕੋਈ ਵੱਖਰਾ ਕੈਲੰਡਰ ਹੋਵੇ। ਉਨ੍ਹਾਂ ਕਿਹਾ ਜਿਸ ਤਰ੍ਹਾਂ ਪਹਿਲਾਂ ਬੁੱਧ ਅਤੇ ਜੈਨ ਧਰਮ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰ ਲਿਆ ਗਿਆ ਹੈ ਉਸੇ ਤਰ੍ਹਾਂ ਹੀ ਇਹ ਸਿੱਖਾਂ ਨੂੰ ਵੀ ਹੜੱਪਣ ਲਈ ਮੂੰਹ ਅੱਡੀ ਖੜ੍ਹੀ ਹੈ ਪਰ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਸਖਤ ਹੁਕਮ ‘ਜਬ ਲਗ ਖ਼ਾਲਸਾ ਨਿਆਰਾ; ਤਬ ਲਗ ਤੇਜ ਦਿਉਂ ਮੈਂ ਸਾਰਾ॥ ਜਬ ਇਹ ਗਹੇਂ ਬਿਪ੍ਰਨ ਕੀ ਰੀਤ; ਮੈਂ ਨਾ ਕਰੂੰ ਇਨ ਕੀ ਪ੍ਰਤੀਤ॥’ ਦੀ ਪਾਲਣਾ ਕਰਦੇ ਹੋਏ ਕਦੇ ਵੀ ਹਿੰਦੂ ਧਰਮ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਹੋਣਗੇ। ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ, ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਅਤੇ ਸਜਾਵਾਂ ਪੂਰੀਆਂ ਕਰਨ ਪਿੱਛੋਂ ਵੀ ਜੇਲ੍ਹਾਂ ਵਿੱਚ ਬੈਠੇ ਸਿੱਖ ਕੈਦੀਆਂ ਦੀ ਰਿਹਾਈ ਲਈ ਕੌਮ ਇੱਕਮੁੱਠ ਹੋ ਕੇ ਕੋਈ ਵੀ ਪਰੋਗ੍ਰਾਮ ਉਲੀਕੇ ਤਾਂ ਉਹ ਇਨ੍ਹਾਂ ਦੀ ਪੂਰਤੀ ਲਈ ਹਮੇਸ਼ਾਂ ਸਾਥ ਦੇਣ ਲਈ ਤਿਆਰ ਹਨ।

ਇਸ ਤੋਂ ਪਹਿਲਾਂ ਗੁਰਮਤਿ ਦੇ ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ‘ਏਕਤਾ’ ਅਤੇ ‘ਇੱਕਮਿਕਤਾ’ ਦਾ ਫਰਕ ਸਮਝਣਾ ਪਏਗਾ। ਹਿੰਦੂਆਂ ਸਮੇਤ ਅਸੀਂ ਏਕਤਾ ਤਾਂ ਸਭਨਾਂ ਧਰਮਾਂ ਨੂੰ ਮੰਨਣ ਵਾਲਿਆਂ ਨਾਲ ਚਾਹੁੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਫੁਰਮਾਨ ‘ਨਾ ਹਮ ਹਿੰਦੂ ਨ ਮੁਸਲਮਾਨ ॥’ (ਮ: 5, ਪੰਨਾ 1136) ‘ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥’ (ਭਗਤ ਕਬੀਰ ਜੀ, ਪੰਨਾ 1159) ਜੀ ਤੋਂ ਸੇਧ ਲੈਂਦੇ ਹੋਏ ਅਸੀ ਕਿਸੇ ਵੀ ਧਰਮ ਨਾਲ ਇੱਕਮਿਕ ਭਾਵ ਜ਼ਜ਼ਬ ਨਹੀਂ ਹੋਣਾ ਪ੍ਰਵਾਨ ਨਹੀਂ ਕਰਾਂਗੇ। ਇਸ ਲਈ ਸਿੱਖਾਂ ਨੂੰ ਆਪਣੇ ਵਿੱਚ ਜ਼ਜ਼ਬ ਜਾਂ ਹਜ਼ਮ ਕਰਨ ਵਾਲਿਆਂ ਦੇ ਮਨਸੂਬੇ ਕਦੀ ਵੀ ਪੂਰੇ ਨਹੀਂ ਹੋਣ ਦੇਵਾਂਗੇ।

ਸਿੱਖ ਵਿਦਵਾਨ ਡਾ: ਸੁਖਪ੍ਰੀਤ ਸਿੰਘ ਉਦੋਕੇ ਨੇ ਭਾਈ ਨੰਦ ਲਾਲ ਜੀ ਦੀਆਂ ਫਾਰਸੀ ਭਾਸ਼ਾ ਵਿੱਚ ਗਜ਼ਲਾਂ ਅਤੇ ਯੋਗੀ ਅੱਲਾ ਯਾਰ ਖਾਂ ਦੀਆਂ ਨਜ਼ਮਾਂ ਦੇ ਹਵਾਲੇ ਦੇ ਕੇ ਚਮਕੌਰ ਦੀ ਗੜ੍ਹੀ ਅਤੇ ਸਰਹਿੰਦ ਦੀ ਖੂਨੀ ਦੀਵਾਰ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਸਾਕੇ ਸੁਣਾ ਕੇ ਕਿਹਾ ਜਿਸ ਗੁਰੂ ਨੇ ਧਰਮ ਦੀ ਅਜਾਦੀ ਅਤੇ ਨਿਆਰਾਪਨ ਕਾਇਮ ਰੱਖਣ ਲਈ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਣ ਪਿੱਛੋਂ ਦਮਦਮਾ ਸਾਹਿਬ ਦੇ ਇਸੇ ਸਥਾਨ ’ਤੇ ਆਪਣੇ ਸਿੱਖਾਂ ਵੱਲ ਇਸ਼ਾਰਾ ਕਰਕੇ ਕਿਹਾ ਹੋਵੇ ‘ਇਨ ਪੁੱਤਰਨ ਕੇ ਸੀਸ ਪੇ ਬਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜਾਰ॥’ ਤਾਂ ਉਸ ਗੁਰੂ ਦੇ ਸਿੱਖ ਕਦੀ ਵੀ ਕਿਸੇ ਦੂਸਰੇ ਧਰਮ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਹੋ ਸਕਦੇ।

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਬਲੀਏਵਾਲ ਨੇ ਕਿਹਾ ਹਰਨਾਮ ਸਿੰਘ ਧੁੰਮੇ ਨੂੰ ਪਤਾ ਸੀ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ’ਤੇ ਉਹ ਹੋਰ ਕਿਸੇ ਥਾਂ ਇਕੱਠ ਨਹੀਂ ਕਰ ਸਕਦੇ ਇਸ ਲਈ ਨਾਨਕਸਰ ਕਲੇਰਾਂ ਵਿਖੇ ਜਿਥੇ ਨਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਹੈ, ਨਾ ਗੁਰੂ ਦਾ ਬਖ਼ਸ਼ਿਆ ਨਿਸ਼ਾਨ ਸਾਹਿਬ ਹੈ; ਉਥੇ ਵਿਸ਼ੇਸ਼ ਤੌਰ ’ਤੇ ਪੁੰਨਿਆਂ ਵਾਲੇ ਦਿਨ ਇਕੱਠ ਕਰਕੇ ਪੁੰਨਿਆਂ ’ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਹੀ ਬਿਕ੍ਰਮੀ ਕੈਲੰਡਰ ਦੇ ਹੱਕ ਵਿੱਚ ਭੁਗਤਾਉਣ ਦਾ ਯਤਨ ਕੀਤਾ ਹੈ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸਮਰਥਕ ਜਥੇਬੰਦੀਆਂ ਵੱਲੋਂ ਇੱਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਨੰਦਗੜ੍ਹ ਦੀ ਅਗਵਾਈ ਹੇਠ ਅਤੇ ਜਲੰਧਰ ਵਿਖੇ ਮਿਸ਼ਨਰੀ ਕਾਲਜਾਂ ਅਤੇ ਪੰਥਕ ਤਾਲਮੇਲ ਕਮੇਟੀ ਦੇ ਸਰਪ੍ਰਸਤ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੇ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਹੇਠ ਦੋ ਵੱਡੇ ਸਮਾਗਮਾਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਕਸਬਿਆਂ ਤੇ ਪਿੰਡਾਂ ਵਿੱਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਪ੍ਰਕਾਸ਼ ਗੁਰਪੁਰਬ ਮਨਾਏ ਜਾ ਰਹੇ ਹਨ। ਜੇ ਕਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਇੱਕ ਥਾਂ ਜੋੜਿਆ ਜਾਵੇ ਤਾਂ ਉਹ ਸੰਤ ਸਮਾਜ ਦੀਆਂ ਪੁੰਨਿਆਂ ਵਾਲੀਆਂ ਸੰਗਤਾਂ ਤੋਂ ਕਈ ਗੁਣਾਂ ਵੱਧ ਹਨ। ਸ: ਬਲੀਏਵਾਲ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਨਿੱਜੀ ਤੌਰ ’ਤੇ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਖ਼ੁਦ ਮੰਨਿਆਂ ਹੈ ਕਿ ਫੈਸਲੇ ਪੰਜ ਸਿੰਘ ਸਾਹਿਬਾਨ ਨਹੀਂ ਕਰਦੇ ਬਲਕਿ ਚੰਡੀਗੜ੍ਹ ਤੋਂ ਲਿਖੇ ਹੋਏ ਆਉਂਦੇ ਹਨ, ਜਿਸ ਵਿੱਚ ਉਹ ਲਗ ਮਾਤਰ ਦੀ ਵੀ ਤਬਦੀਲੀ ਨਹੀਂ ਕਰ ਸਕਦੇ, ਇਸ ਲਈ ਸਾਡੇ ਤੋਂ ਕੋਈ ਉਮੀਦ ਨਾ ਰਖਿਓ ਕਿ ਪੰਥਕ ਹਿੱਤਾਂ ਵਿੱਚ ਕੋਈ ਫੈਸਲਾ ਕਰ ਸਕੀਏ। ਸ: ਬਲੀਏਵਾਲ ਨੇ ਕਿਹਾ ਕਿ ਜਦੋਂ ਜਥੇਦਾਰ ਖੁਦ ਮੰਨਦੇ ਹਨ ਕਿ ਫੈਸਲੇ ਅਕਾਲ ਤਖ਼ਤ ਤੋਂ ਨਹੀਂ ਬਲਕਿ ਚੰਡੀਗੜ੍ਹ ਤੋਂ ਹੁੰਦੇ ਹਨ ਤਾਂ ਇਸ ਸੂਰਤ ਵਿੱਚ ਜੇ ਨਨਾਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਕੋਈ ਸਰਕਾਰੀ ਹੁਕਮਨਾਮਾ ਹੋ ਵੀ ਜਾਂਦਾ ਹੈ ਤਾਂ ਸਿੱਖ ਸੰਗਤਾਂ ਉਸ ਨੂੰ ਮੁੱਢੋਂ ਨਕਾਰ ਦੇਣ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਨੇ ਸਿੱਖਾਂ ਲਈ ਵੱਖਰੇ ਨਾਨਕਸ਼ਾਹੀ ਕੈਲੰਡਰ ਅਤੇ ਵੱਖਰੇ ਖਾਲਸਤਾਨ ਬਣਾਉਣ ’ਤੇ ਜੋਰ ਦਿੰਦਿਆਂ ਕਿਹਾ ਕਿ ਸਮੁਚੀ ਕੌਮ ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ ’ਤੇ ਜਥੇਦਾਰ ਨੰਦਗੜ੍ਹ ਦੇ ਨਾਲ ਖੜ੍ਹੀ ਹੈ, ਉਨ੍ਹਾਂ ਨੂੰ ਇਸ ਮੁੱਦੇ ’ਤੇ ਸਰਬਤ ਖ਼ਾਲਸਾ ਬੁਲਾ ਕੇ ਕੋਈ ਫੈਸਲਾ ਕਰ ਲੈਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਪ ਪ੍ਰਧਾਨ ਭਾਈ ਬਲਦੇਵ ਸਿੰਘ ਨੇ ਕਿਹਾ ਬੇਸ਼ੱਕ ਸਾਡੀ ਪਾਰਟੀ ਪਹਿਲਾਂ ਕਈ ਵਿਸ਼ਿਆਂ ’ਤੇ ਜਥੇਦਾਰ ਨੰਦਗੜ੍ਹ ਦਾ ਵਿਰੋਧ ਕਰਦੀ ਰਹੀ ਹੈ ਪਰ ਹੁਣ ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ’ਤੇ ਇਨ੍ਹਾਂ ਜੋ ਦ੍ਰਿੜ ਸਟੈਂਡ ਲਿਆ ਹੈ ਉਸ ਦੀ ਸ਼ਾਲਾਘਾ ਕਰਦੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਹਾਂ ਜੇ ਉਹ ਇਸੇ ਤਰ੍ਹਾਂ ਪੰਥਕ ਹਿੱਤਾਂ ਵਿੱਚ ਦ੍ਰਿੜ ਸਟੈਂਡ ਲੈਂਦੇ ਰਹੇ ਤਾਂ ਉਨ੍ਹਾਂ ਦਾ ਡਟ ਕੇ ਸਮਰਥਨ ਕਰਾਂਗੇ।

ਗੁਰਿੰਦਰਪਾਲ ਸਿੰਘ ਧਨੌਲਾ ਨੇ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਵਜੋਂ ਹਾਜਰੀ ਲਵਾਉਂਦੇ ਹੋਏ ਕਿਹਾ ਕੇ ਜਿਸ ਤਰ੍ਹਾਂ ਪਹਿਲਾਂ ਵੀ ਪਹਿਰੇਦਾਰ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਨ ਲਈ ਲੋਕ ਲਹਿਰ ਖੜ੍ਹੀ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਸੀ, ਹੁਣ ਵੀ ਉਸੇ ਤਰ੍ਹਾਂ ਪੰਥ ਦੀ ਸੇਵਾ ਵਿੱਚ ਹਾਜਰ ਰਹੇਗਾ।

ਉਪ੍ਰੋਕਤ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ (ਹਰਿਆਣਾ) ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ, ਸੇਵਾ ਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਦੇ ਮੈਨੇਜਰ ਭਾਈ ਭਰਪੂਰ ਸਿੰਘ, ਏਕਨੂਰ ਖਾਲਸਾ ਫੌਜ ਦੇ ਲਖਵਿੰਦਰ ਸਿੰਘ ਆਦਿਕ ਨੇ ਵੀ ਸੰਬੋਧਨ ਕੀਤਾ। ਮੌਕੇ ’ਤੇ ਹਾਜਰ ਜਥੇਬੰਦੀਆਂ ਦੀ ਸਹਿਮਤੀ ਨਾਲ ਭਾਈ ਪੰਥਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਜੇਲ੍ਹਾਂ ਵਿੱਚ ਬੈਠੇ ਸਿੱਖ ਕੈਦੀਆਂ ਦੀ ਰਿਹਾਈ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ 7 ਜਨਵਰੀ ਨੂੰ ਠੀਕ 10.30 ਵਜੇ ਵਿਸ਼ਾਲ ਮਾਰਚ ਸ਼ੁਰੂ ਹੋਵੇਗਾ ਅਤੇ ਬਠਿੰਡਾ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਸਮਾਗਮ ਦੇ ਅਖੀਰ ’ਤੇ ਜਥੇਦਾਰ ਨੰਦਗੜ੍ਹ ਨੇ ਸ਼੍ਰ.ਅ.ਦ. (ਅ) ਵਲੋਂ ਛਪਵਾਇਆ ਗਿਆ ਅਸਲੀ ਨਨਾਕਸ਼ਾਹੀ ਕੈਲੰਡਰ 2015 ਰੀਲੀਜ਼ ਕੀਤਾ ਅਤੇ ਸੰਗਤਾਂ ਵਿੱਚ ਵੰਡਿਆ ਗਿਆ।

ਇਸ ਮੌਕੇ ਸ਼੍ਰ.ਅ.ਦ. (ਅ) ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਸੁਖਦੇਵ ਸਿੰਘ ਕਿੰਗਰਾ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਦੇ ਕਨਵੀਨਰ ਕਿਰਪਾਲ ਸਿੰਘ ਬਠਿੰਡਾ, ਏਕਨੂਰ ਖਾਲਸਾ ਫੌਜ ਦੇ ਬਲਜਿੰਦਰ ਸਿੰਘ ਸਰਦੂਲਗੜ੍ਹ, ਬਲਜੀਤ ਸਿੰਘ ਗੰਗਾ, ਬੁੰਗਾ ਮਸਤੂਆਣਾ ਦੇ ਬਾਬਾ ਛੋਟਾ ਸਿੰਘ, ਅਵਤਾਰ ਸਿੰਘ, ਬਾਬਾ ਅਨੂਪ ਸਿੰਘ, ਗੁਰਵਿੰਦਰ ਸਿੰਘ ਰਿੰਪੀ ਮਾਨ, ਭਾਈ ਦਲਜੀਤ ਸਿੰਘ ਇੰਡਿਆਨਾ, ਸ. ਬਲਦੇਵ ਸਿੰਘ ਸਿਰਸਾ, ਬਾਪੁ ਸੂਰਤ ਸਿੰਘ ਖਾਲਸਾ, ਸ.ਜਸਵਿੰਦਰ ਸਿੰਘ ਬਲੀਏਵਾਲ, ਭਾਈ ਸੁਖਜੀਤ ਸਿੰਘ ਖੋਸਾ, ਸ.ਕਿਰਪਾਲ ਸਿੰਘ ਬਠਿੰਡਾ, ਸ.ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ, ਅਤੇ ਹੋਰ ਬੇਅੰਤ ਸੰਗਤਾਂ ਸ਼ਾਮਿਲ ਹੋਈਆਂ ਕੁਝ ਝਲਕੀਆਂ ਤਸਵੀਰ ਦੀ ਜ਼ੁਬਾਨੀ ਵੇਖੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top