Share on Facebook

Main News Page

ਅੱਜ ਦੇ ਦਿਨ ਇੱਕ ਮਰਨ ਵਰਤ ਰੱਖਣ ਦਾ ਪ੍ਰਣ ਹੋਇਆ ਸੀ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬੇਸ਼ਕ ਸਿੱਖ ਪੰਥ ਨੂੰ ਜਨਮ ਤੋ ਲੈ ਕੇ ਹੀ ਸੰਘਰਸ਼ਾਂ ਨਾਲ ਡੂੰਘਾ ਵਾਸਤਾ ਰੱਖਣਾ ਪਿਆ ਹੈ, ਪਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿੱਖਾਂ ਦਾ ਹਰ ਸੂਰਜ ਕਿਸੇ ਨਾ ਕਿਸੇ ਸੰਘਰਸ਼ ਨੂੰ ਲੈ ਕੇ ਹੀ ਚੜਿਆ ਹੈ। ਇਸ ਸਿੱਖਾਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਜਾਂ ਮੁੱਢਲੇ ਅਧਿਕਾਰਾ ਬਾਰੇ ਵੀ ਹਮੇਸ਼ਾ ਸੰਘਰਸ਼ ਹੀ ਕਰਨਾ ਪਿਆ ਹੈ। ਹਕੂਮਤ ਕੋਈ ਵੀ ਹੋਵੇ, ਅੰਗਰੇਜ਼ਾ ਦੀ ਗੁਲਾਮੀ ਜਾਂ ਰਾਜ ਭਾਵੇ ਕਿਸੇ ਰਾਜੇ ਦਾ ਹੋਵੇ ਜਾਂ ਫਿਰ ਅੱਜ ਦੇ ਅਖੌਤੀ ਲੋਕਤੰਤਰ ਵਿੱਚ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ, ਪਰ ਸਿੱਖਾਂ ਪ੍ਰਤੀ ਪਹੁੰਚ ਸਭ ਦੀ ਇੱਕੋ ਜਿਹੀ ਹੀ ਰਹੀ ਹੈ। ਭਾਰਤ ਦੇ ਰਾਜ ਤਖਤ ਤੇ ਬੈਠੇ ਲੋਕ ਚੰਗੀ ਤਰ੍ਹਾਂ ਸਿੱਖ ਮਾਨਸਿਕਤਾ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਗਿਆਨ ਹੈ ਕਿ ਜੋ ਕੁੱਝ ਸਿੱਖ ਮੰਗਦੇ ਹਨ, ਉਸ ਵਿੱਚ ਕੁੱਝ ਵੀ ਅਜਿਹਾ ਨਹੀਂ, ਜਿਹੜਾ ਦੂਜੀਆ ਜਾਤਾ ਬਰਾਦਰੀਆ ਤੋ ਵੱਖਰਾ ਹੋਵੇ ਜਾਂ ਕਿਸੇ ਦੂਜੇ ਦਾ ਹੱਕ ਮਰਦਾ ਹੋਵੇ ਜਾਂ ਉਸ ਉੱਤੇ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਨਾ ਹੋਵੇ, ਲੇਕਿਨ ਫਿਰ ਵੀ ਹਕੂਮਤਾਂ ਇੱਕ ਤੰਗਦਿਲੀ ਦੀ ਸੋਚ ਅਧੀਨ ਡੁੰਘੀ ਸ਼ਾਜਿਸ ਬਣਾ ਕੇ, ਸਿੱਖਾਂ ਨੂੰ ਸਦਾ ਵਾਸਤੇ ਗੁਲਾਮੀ ਵਾਲਾ ਜੀਵਨ ਜਿਊਣ ਲਈ ਮਜ਼ਬੂਰ ਕਰਨਾ ਚਾਹੁੰਦੀਆ ਹਨ, ਪਰ ਸਿੱਖਾਂ ਨੂੰ ਜਿਸ ਗੁਰੂ ਨੇ ਕੌਮ ਵਜੋ ਰੂਪਮਾਨ ਕੀਤਾ ਹੈ, ਉਸ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਇੱਕੋ ਹੀ ਸੁਨੇਹਾ ਦਿੱਤਾ ਹੈ ਕਿ ਹਮੇਸ਼ਾ ਆਪਣੇ ਹੱਕਾਂ ਲਈ ਲੜਦੇ ਰਹਿਣਾ ਹੈ, ਜੇ ਹੱਕ ਨਹੀਂ ਮਿਲਦੇ ਤਾਂ ਆਪਣਾ ਆਪ ਮਿਟਾਉਣ ਤੋਂ ਗੁਰੇਜ ਨਹੀਂ ਕਰਨਾ, ਤਾਂ ਕਿ ਤੁਹਾਡੀ ਕੁਰਬਾਨੀ ਨੂੰ ਤੱਕ ਕੇ ਆਉਣ ਵਾਲੀ ਪੀੜੀ ਦੇ ਅੰਦਰ ਆਪਣੇ ਹੱਕਾਂ ਪ੍ਰਤੀ ਜਾਗ੍ਰਤੀ ਦੀ ਜੋਤ ਜਗਦੀ ਰਹੇ।

ਇਸ ਕਰਕੇ ਹੀ ਭਾਵੇ ਸਿੱਖਾ ਨੂੰ ਆਜਾਦ ਮੁਲਕ ਵਿੱਚ ਵਿਚਰਦੇ ਹੋਏ ਵੀ ਜੇ ਕਦੇ ਸੰਘਰਸ਼ ਕਰਨਾ ਪਿਆ ਤਾਂ ਸਿੱਖਾਂ ਨੇ ਮੂੰਹ ਨਹੀਂ ਮੋੜੇ। ਇਹ ਵੱਖਰੀ ਗੱਲ ਹੈ ਕਿ ਸਿੱਖਾ ਦੇ ਸੰਘਰਸ਼ ਤਰੀਕੇ ਸਮਾ ਬਾ ਸਮਾ ਬਦਲਦੇ ਰਹੇ ਹਨ। ਇੱਥੇ ਹੋਰ ਵੀ ਇੱਕ ਗੱਲ ਵਰਨਣਯੋਗ ਹੈ ਕਿ ਸੰਘਰਸ਼ ਕਰਨਾ ਸਿੱਖਾਂ ਦਾ ਸ਼ੌਕ ਨਹੀਂ, ਸਗੋ ਉਨ੍ਹਾਂ ਦੀ ਮਜਬੂਰੀ ਹੈ, ਪਰ ਫਿਰ ਵੀ ਸਿੱਖ ਆਪਣੇ ਗੁਰੂ ਵੱਲੋਂ ਵਿਰਸੇ ਵਿੱਚ ਦਿੱਤੇ, ਸਰਬਤ ਦੇ ਭਲੇ ਦੇ ਸੰਦੇਸ਼ ਨੂੰ ਸਾਹਮਣੇ ਰੱਖ ਕੇ, ਜਦੋ ਵੀ ਕੋਈ ਸੰਘਰਸ਼ ਕਰਦੇ ਹਨ ਤਾਂ ਕੇਵਲ ਆਪਣੇ ਤੱਕ ਮਹਿਦੂਦ ਨਹੀਂ ਰਹਿੰਦੇ, ਸਗੋ ਹੋਰਨਾ ਕੌਮਾਂ ਅਤੇ ਭਾਈਚਾਰਿਆ ਦਾ ਵੀ ਬਰਾਬਰ ਖਿਆਲ ਰੱਖਦੇ ਹਨ। ਅਨੰਦਪੁਰ ਸਾਹਿਬ ਦਾ ਮਤਾ, ਜਿਸ ਨੂੰ ਭਾਰਤੀ ਨਿਜ਼ਾਮ ਅਤੇ ਭਾਰਤੀ ਮੀਡੀਆ ਨੇ ਵੱਖਵਾਦੀ ਮਤਾ ਕਹਿ ਕੇ ਪ੍ਰਚਾਰਿਆ, ਪਰ ਉਸ ਨੂੰ ਪੜਣ ਤੋਂ ਪਤਾ ਲੱਗਦਾ ਹੈ ਕਿ ਸਿੱਖਾਂ ਜਾਂ ਅਕਾਲੀਆਂ ਨੇ ਕੇਵਲ ਆਪਣੇ ਸੂਬੇ ਲਈ ਹੀ, ਸਿਰਫ ਮੰਗਾਂ ਨਹੀਂ ਮੰਗੀਆ ਬਲਕਿ ਪੂਰੇ ਭਾਰਤ ਦੇ ਸੂਬਿਆ ਲਈ ਵੱਧ ਅਧਿਕਾਰਾਂ ਦੀ ਮੰਗ ਕੀਤੀ ਹੈ, ਲੇਕਿਨ ਜਦੋ ਵੀ ਹਕੂਮਤ ਜਾਂ ਆਗੂ ਕੀਤੇ ਵਾਅਦਿਆ ਤੋਂ ਅੱਖਾਂ ਫੇਰ ਲੈਂਦੇ ਹਨ ਜਾਂ ਮੁੱਕਰ ਜਾਂਦੇ ਹਨ ਤਾਂ ਫਿਰ ਸੰਘਰਸ਼ ਦਾ ਜਨਮ ਹੁੰਦਾ ਹੈ।

ਭਾਰਤ ਦੀ ਆਜ਼ਾਦੀ ਤੋਂ ਪਹਿਲਾ ਭਾਰਤ ਦੀ ਹਿੰਦੂਵਾਦੀ ਤਿੱਕੜੀ ਪੰਡਿਤ ਜਵਾਹਰ ਲਾਲ ਨਹਿਰ, ਮਹਾਤਮਾ ਗਾਂਧੀ ਅਤੇ ਵੱਲਭ ਭਾਈ ਪਟੇਲ ਨੇ ਭਾਰਤ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਆਜਾਦ ਭਾਰਤ ਵਿੱਚ ਬੋਲੀ ਦੇ ਆਧਾਰ ਤੇ ਸੂਬੇ ਬਣਾਏ ਜਾਣਗੇ। ਲੇਕਿਨ ਇਹ ਹਰ ਕੋਈ ਜਾਣਦਾ ਹੈ ਕਿ ਬਾਕੀ ਸੂਬੇ ਤਾਂ ਸੌਖੇ ਹੀ ਬਣ ਗਏ, ਪਰ ਆਧਰਾਂ ਪ੍ਰਦੇਸ਼ ਸੂਬਾ ਬਣਾਉਣ ਲਈ ਡਾਕਟਰ ਰੋਮੋਲੂ ਨੂੰ 73 ਦਿਨ ਦੀ ਭੁੱਖ ਹੜਤਾਲ ਕਰਕੇ ਆਪਣੀ ਸ਼ਹਾਦਤ ਦੇਣੀ ਪਈ। ਮਰਾਠਿਆ ਨੂੰ ਵੀ ਮਹਾਰਾਸ਼ਟਰ ਸੂਬਾ ਬਣਾਉਣ ਲਈ ਨਹਿਰੂ ਨਾਲ ਖਹਿਣਾ ਪਿਆ। ਇਸ ਤਰ੍ਹਾਂ ਹੀ ਪੰਜਾਬੀ ਸੂਬਾ ਬਣਾਉਣ ਲਈ ਸਿੱਖਾਂ ਨੂੰ ਬਹੁਤ ਵੱਡਾ ਸੰਘਰਸ਼ ਕਰਨਾ ਪਿਆ, ਜਿਸ ਵਿੱਚ ਸ. ਦਰਸ਼ਨ ਸਿੰਘ ਫ਼ੇਰੂਮਾਨ ਨੇ 74 ਦਿਨ ਭੁੱਖੇ ਰਹਿ ਕੇ ਸ਼ਹਾਦਤ ਦਿੱਤੀ।

ਸ਼ੁਰੂਆਤੀ ਦੌਰ ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਨੇ 18 ਦਸੰਬਰ 1960 ਨੂੰ ਮਰਨ ਵਰਤ ਰੱਖਿਆ ਸੀ। ਪਰ ਜਵਾਹਰ ਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਅਜਿਹਾ ਫੌਕਾ ਵਿਸ਼ਵਾਸ ਦਿੱਤਾ ਕਿ ਅਖੀਰ 9 ਜਨਵਰੀ 1961 ਨੂੰ ਮਰਨ ਵਰਤ ਤੁੜਵਾ ਦਿੱਤਾ। ਜਿਸ ਕਰਕੇ ਸਿੱਖ ਮਾਨਸਿਕਤਾ ਅਤੇ ਬਹੁਤ ਮੰਦ ਪ੍ਰਭਾਵ ਪਿਆ। ਪੰਜਾਬੀ ਸੂਬਾ ਫਿਰ ਵੀ ਨਾ ਬਣਿਆ। ਪਰ ਸੰਤ ਫਤਿਹ ਸਿੰਘ ਉਸ ਤੋਂ ਬਾਅਦ ਵੀ ਪੰਡਿਤ ਨਹਿਰੂ ਨਾਲ ਗੱਲਬਾਤ ਕਰਕੇ, ਪੰਜਾਬੀ ਸੂਬੇ ਦਾ ਮਸਲਾ ਹੱਲ ਕਰਨ ਲਈ ਯਤਨਸ਼ੀਲ ਰਿਹਾ। ਇਸ ਸਬੰਧੀ ਜਵਾਹਰ ਲਾਲ ਨਹਿਰੂ ਨਾਲ ਤਿੰਨ ਮੀਟਿੰਗ ਕ੍ਰਮਵਾਰ 8 ਫਰਵਰੀ, 1 ਮਾਰਚ ਅਤੇ 12 ਮਈ 1961 ਨੂੰ ਹੋਈਆ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਪੰਜਾਬ ਵਿੱਚ ਸਿੱਖਾਂ ਦੀ ਵਧੇਰੇ ਵੱਸੋਂ ਕਰਕੇ ਪੰਡਿਤ ਨਹਿਰੂ ਹਮੇਸ਼ਾ ਹੀ ਪੰਜਾਬ ਨੂੰ ਕੈਰੀ ਅੱਖ ਨਾਲ ਦੇਖ ਦਾ ਰਿਹਾ। ਅਖੀਰ ਉਸ ਨੇ ਇੱਥੋ ਤੱਕ ਵੀ ਕਹਿ ਦਿੱਤਾ ਕਿ ਮੇਰੇ ਰਾਜਕਾਲ ਵਿੱਚ ਮੈਂ ਪੰਜਾਬੀ ਸੂਬਾ ਨਹੀਂ ਬਣਨ ਦੇਣਾ। ਸਗੋ ਉਸਨੇ ਆਪਣੀ ਸਿਆਸੀ ਵਸੀਅਤ ਵਿੱਚ ਆਪਣੇ ਉੱਤਰਾਅਧਿਕਾਰੀ ਬਣਨ ਵਾਲਿਆ ਨੂੰ ਇਹ ਵੀ ਤਾਕੀਦ ਕਰ ਦਿੱਤੀ ਕਿ ਭਵਿੱਖ ਵਿੱਚ ਵੀ ਸਿੱਖਾ ਨੂੰ ਕੋਈ ਨਰਮੀ ਜਾਂ ਰਿਆਇਤ ਨਾਂ ਦਿੱਤੀ ਜਾਵੇ, ਸਗੋਂ ਇਹਨ੍ਹਾਂ ਨਾਲ ਸਖਤੀ ਵਿੱਚ ਪੇਸ਼ ਆਇਆ ਜਾਵੇ।

ਬੇਸ਼ੱਕ ਸੰਤ ਫਤਿਹ ਸਿੰਘ ਫਿਰ ਦੁਬਾਰਾ ਤੋਂ ਮਰਨ ਵਰਤ ਉੱਤੇ ਬੈਠਣਾ ਚਾਹੁੰਦੇ ਸਨ, ਤਾਂ ਕਿ ਪੰਜਾਬੀ ਸੂਬੇ ਦੇ ਮਿਸ਼ਨ ਨੂੰ ਅੰਜਾਮ ਤੇ ਪਹੁੰਚਾਇਆ ਜਾ ਸਕੇ, ਪਰ ਉਸ ਤੋਂ ਪਹਿਲਾ ਹੀ ਮਾਸਟਰ ਤਾਰਾ ਸਿੰਘ ਜਿੰਨਾਂ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਨਹਿਰੂ ਨੇ ਮੇਰੇ ਤੋਂ ਬਹੁਤ ਵੱਡਾ ਧਰੋਹ ਕਰਵਾਇਆ ਹੈ, ਨੇ ਅੱਜ ਦੇ ਦਿਨ 28 ਮਈ 1961 ਨੂੰ ਭਾਰਤ ਦੇ ਵੱਡੇ ਨੇਤਾਵਾਂ ਸੈਫਉਦੀਨ ਕਿਚਲੂ, ਪੰਡਿਤ ਕਾਲੀ ਚਰਨ, ਸੁੰਦਰ ਲਾਲ, ਸੇਠ ਰਾਮ ਨਾਥ, ਊਧਮ ਸਿੰਘ ਨਾਗੋਕੇ ਆਦਿ ਦੀ ਹਾਜਰੀ ਵਿੱਚ ਮਰਨ ਵਰਤ ਰੱਖਣ ਦਾ ਪ੍ਰਣ ਕੀਤਾ। ਇਹ ਮਰਨ ਵਰਤ 15 ਅਗਸਤ 1961 ਨੂੰ ਅਰੰਭ ਹੋਇਆ ਸੀ। ਉਸ ਸਮੇਂ ਅਕਾਲੀ ਦਲ ਨੇ ਆਪਣੇ ਮਤੇ ਵਿੱਚ ਕਿਹਾ ਕਿ ਭਾਰਤ ਦੀ ਆਜ਼ਾਦੀ ਤੋ ਲੈ ਕੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਬੇਇਨਸਾਫੀਆ ਕਰਕੇ ਹੀ ਸਿੱਖਾਂ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਨਾਲ ਹੀ ਸਿੱਖਾਂ ਦੇ ਚਰਚਿਤ ਆਗੂ ਸਰਦਾਰ ਹਰਚਰਨ ਸਿੰਘ ਹੁਡਿਆਰਾ ਨੇ ਵੀ ਦਲੇਰੀ ਭਰਿਆ ਬਿਆਨ ਦੇ ਦਿੱਤਾ ਕਿ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਦੀ ਕੁਰਬਾਨੀ ਤੋਂ ਪਿੱਛੋ ਸਿੱਖ ਪੰਜਾਬੀ ਸੂਬਾ ਨਹੀਂ ਮੰਗਣਗੇ, ਸਗੋ ਆਜ਼ਾਦ ਸਿੱਖ ਰਾਜ ਦੀ ਸਥਾਪਤੀ ਲਈ ਜੱਦੋ ਜਹਿਦ ਕਰਨਗੇ। ਇਹ ਮਰਨ ਵਰਤਾਂ ਦਾ ਜੋ ਹਸ਼ਰ ਹੋਇਆ, ਉਹ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ।

ਬਹੁਤ ਸਾਰੇ ਸੁਚੇਤ ਪਾਠਕ ਉਨ੍ਹਾਂ ਹਾਲਤਾ ਨੂੰ ਸਮਝਦੇ ਹਨ ਲੇਕਿਨ ਪਿਛਲੇ 2 ਸਾਲਾਂ ਤੋਂ ਵੀ ਮਰਨ ਵਰਤਾਂ ਦਾ ਇੱਕ ਦੌਰ ਆਰੰਭ ਹੋਇਆ ਹੈ। ਜਿਸ ਵਿੱਚ ਪਹਿਲੇ ਦੋ ਮਰਨ ਵਰਤ ਗੁਰਬਖਸ ਸਿੰਘ ਵਲੋਂ ਆਰੰਭ ਕੀਤੇ ਗਏ ਸਨ, ਜਿੰਨਾ ਦਾ ਬੇਸਿੱਟਾ ਅਤੇ ਬਦਕਿਸਮਤੀ ਵਾਲਾ ਅੰਤ ਹੋ ਚੁੱਕਿਆ ਹੈ।

ਤੀਜਾ ਮਰਨ ਵਰਤ 83 ਸਾਲਾ ਬਜੁਰਗ ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ ਤੋਂ ਆਰੰਭ ਕੀਤਾ ਹੋਇਆ ਹੈ, ਪਰ ਉਹ ਇਤਿਹਾਸ ਵਿੱਚਲੇ ਦਰਜ, ਉਨ੍ਹਾਂ ਮਰਨ ਵਰਤਾਂ, ਜਿਨ੍ਹਾਂ ਦੇ ਅੱਧਵਾਟੇ ਟੁੱਟਣ ਕਰਕੇ ਕੌਮ ਦੇ ਪੱਲੇ ਨਮੋਸ਼ੀ ਪਈ ਜਾਂ ਸਿੱਖਾਂ ਦੇ ਭਵਿੱਖ ਤੇ ਕਾਲਾ ਧੱਬਾ ਲੱਗਿਆ, ਨੂੰ ਧੋ ਕੇ ਇਤਿਹਾਸ ਨੂੰ ਮੋੜਾ ਦੇਣ ਦੇ ਰੌਂਅ ਵਿੱਚ ਹੈ। ਇਸ ਬਜੁਰਗ ਬਾਪੂ ਦਾ ਹਠ ਅਤੇ ਸਿਦਕਦਿਲੀ ਕੌਮ ਅੰਦਰ ਇੱਕ ਨਵੀ ਰੂਹ ਫੂਕ ਸਕਦੀ ਹੈ।
ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top