Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚਕ੍ਰਿਸ਼ਨਾਵਤਾਰ’ ਅਤੇ ‘ਵਾਰ ਸ੍ਰੀ ਭਗਉਤੀ ਜੀ ਕੀ ਪ:10ਵਿੱਚ ਦੁਰਗਾ ਦਾ ਸੰਕਲਪ
ਇੱਕ ਤੁੱਲਨਾਤਮਕ ਅਧਿਐਨ - (ਆਖਰੀ ਭਾਗ)
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਵਾਰ ਦੁਰਗਾ ਕੀ:
ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰੁ ਉਪਾਇਆ।
ਬ੍ਰਹਮਾ ਬਿਸ਼ਨ ਮਹੇਸ਼ ਸਾਜਿ ਕੁਦਰਤਿ ਦਾ ਖੇਲੁ ਰਚਾਇਆ।
ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ।
ਕਿਨੀ ਤੇਰਾ ਅੰਤੁ ਨ ਪਾਇਆ।

ਵਿਚਾਰ: ਕਵੀ ‘ਕ੍ਰਿਸ਼ਨਤਵਤਾਰ’ ਵਿੱਚ ਮੰਨਦਾ ਹੈ ਕਿ ਦੁਰਗਾ ਨੇ ਹੀ ਧਰਤੀ ਬਣਾਈ ਹੈ ਤੇ ਆਕਾਸ਼ ਬਣਾਇਆ ਹੈ, ਭਾਵ, ਦੁਰਗਾ ਹੀ ਸੰਸਾਰ ਨੂੰ ਪੈਦਾ ਕਰਨ ਵਾਲ਼ੀ ਹੈ। ‘ਵਾਰ ਦੁਰਗਾ ਕੀ’ ਵਿੱਚ ਕਵੀ ਕਹਿੰਦਾ ਹੈ ਕਿ ਦੁਰਗਾ ਨੇ ਪਹਿਲਾਂ ਖੰਡਾ ਬਣਾਇਆ ਤੇ ਫਿਰ ਸੰਸਾਰ ਦੀ ਰਚਨਾ ਕੀਤੀ। ਕਵੀ ਆਖਦਾ ਹੈ – ਹੇ ਦੁਰਗਾ! ਤੂੰ ਹੀ ਆਪਣੇ ਆਪ ਨੂੰ ਸਾਜਿਆ ਹੈ( ਤੈ ਹੀ ਦੁਰਗਾ! ਸਾਜਿ ਕੈ) ਤੇ ਦੈਤਾਂ ਦਾ ਨਾਸ਼ ਹੋਇਆ ਹੈ। ਕਵੀ ਸਿਫ਼ਤਿ ਕਰਦਾ ਲਿਖਦਾ ਹੈ- ਹੇ ਦੁਰਗਾ! ਤੇਰਾ ਕਿਸੇ ਨੇ ਅੰਤੁ ਨਹੀਂ ਪਾਇਆ, ਤੂੰ ਆਪ ਰੂਪਣੀ ਹੈਂ, ਭਾਵ, ਤੂੰ ਆਪਣੇ ਆਪ ਆਪਣਾ ਰੂਪ ਧਾਰਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ- ਜੇ ਦੁਰਗਾ ਨੇ ਹੀ ਸੰਸਾਰ ਬਣਾਇਆ ਤਾਂ ਦੁਰਗਾ ਪਹਿਲਾਂ ਆਪ ਪ੍ਰਗਟ ਹੋਈ ਮੰਨਣਾ ਪਵੇਗਾ ਤੇ ਤਾਂ ਹੀ ਕਵੀ ਕਹਿੰਦਾ ਹੈ ਕਿ ਤੂੰ ਹੀ ਆਪਣੇ ਆਪ ਨੂੰ ਸਾਜਿਆ ਹੈ {ਤੈ ਹੀ ਦੁਰਗਾ! ਸਾਜਿ ਕੈ ਦੈਤਾਂ ਦਾ ਨਾਸੁ ਕਰਾਇਆ। ‘ਚੰਡੀ ਚਰਿਤ੍ਰ ਉਕਤਿ ਬਿਲਾਸ’ ਵਿੱਚ ਕਵੀ ਨੇ ਦੁਰਗਾ ਨੂੰ ਪਾਰਬ੍ਰਹਮੀ, ਪਰਮੇਸ਼ਵਰੀ ਆਦਿਕ ਦੱਸ ਕੇ ਨੇ ਲਿਖਿਆ ਹੈ ਕਿ ਉਸ ਨੇ ਆਪਣਾ ਰੂਪ ਆਪ ਹੀ ਧਾਰਿਆ (ਸੈਭੰ) ਸੀ, ਜਿਵੇਂ- ਅਧੀ ਉੇਰਧਵੀ ਆਪ ਰੂਪਾ ਅਪਾਰੀ।227।}। ਗੁਰਬਾਣੀ ਇਸ ਕਹਾਣੀ ਨੂੰ ਪ੍ਰਵਾਨ ਨਹੀਂ ਕਰਦੀ ਤੇ ਨਾ ਹੀ ਪਹਿਲਾਂ ਖੰਡਾ ਬਣਾਉਣ ਵਾਲ਼ੀ ਗੱਲ ਨੂੰ ਪ੍ਰਵਾਨ ਕਰਦੀ ਹੈ। ਇੱਸ ਸੰਬੰਧੀ ਗੁਰਬਾਣੀ ਇਉਂ ਅਗਵਾਈ ਕਰਦੀ ਹੈ-

(ੳ). ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ -ਗਗਸ ਅੰਕੁ 19
(ਅ). ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ -ਗਗਸ ਅੰਕੁ 3

ਪਹਿਲਾਂ ਦੁਰਗਾ ਨਹੀਂ ਬਣੀ ਤੇ ਨਾ ਹੀ ਖੰਡਾ ਬਣਿਆਂ, ਤੇ ਜੇ ਇਹ ਖ਼ਯਾਲ ਮੰਨ ਲਿਆ ਜਾਏ ਤਾਂ ਫਿਰ ਅਕਾਲ ਪੁਰਖ ਦੀ ਹਸਤੀ ਹੀ ਖ਼ਤਮ ਹੋ ਜਾਂਦੀ ਹੈ। ‘ਸੈਭੰ’ (ਆਪਣੇ ਆਪ ਤੋਂ ਪ੍ਰਕਾਸ਼ਮਾਨ) ਦਾ ਗੁਣ ਗੁਰਬਾਣੀ ਵਿੱਚ ਪ੍ਰਭੂ ਲਈ ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਵਿੱਚ ਵਰਤਿਆ ਹੈ। ਕਰਤਾ ਪੁਰਖ ਹੀ ਪਹਿਲਾਂ ਪ੍ਰਗਟ ਹੋਇਆ, ਦੁਰਗਾ ਨਹੀਂ। ਸੱਚੇ ਪ੍ਰਭੂ ਤੋਂ ਹੀ ਸੱਭ ਸਾਜਨਾ ਹੋਈ ਹੈ, ਦੁਰਗਾ ਤੋਂ ਨਹੀਂ।

‘ਵਾਰ ਦੁਰਗਾ ਕੀ’ ਦੀਆਂ ਸਾਰੀਆਂ ਪਉੜੀਆਂ ਹੀ ਦੁਰਗਾ ਦੇ ਪਾਠ ਦੀਆਂ ਹਨ, ਰੱਬ ਦੀ ਸਿਫ਼ਤਿ ਦੀਆਂ ਨਹੀਂ। ਇਸੇ ਕਰਕੇ ‘ਤੈਥੋਂ’ ਸ਼ਬਦ ਦੁਰਗਾ ਵਾਸਤੇ ਹੀ ਵਰਤਿਆ ਗਿਆ ਹੈ, ਰੱਬ ਵਾਸਤੇ ਨਹੀਂ। ‘ਕਿਨੀ ਤੇਰਾ ਅੰਤੁ ਨ ਪਾਇਆ’ ਵਾਕ ਵਿੱਚ ‘ਤੇਰਾ’ ਲਫ਼ਜ਼ ਰੱਬ ਵਾਸਤੇ ਨਹੀਂ ਸਗੋਂ ਦੁਰਗਾ ਵਾਸਤੇ ਹੈ। ਇਹ ਸੱਚ ਬਿਆਨ ਕਰਦਿਆਂ ਲਿਖਾਰੀ ਨੇ ਖ਼ੁਦ ਕਿਹਾ ਹੈ ਕਿ ‘ਵਾਰ’ ਦੀ ਹਰ ਇੱਕ ਪਉੜੀ ਦੁਰਗਾ ਦਾ ਹੀ ਪਾਠ ਹੈ, ਰੱਬ ਦਾ ਨਹੀਂ।

ਕ੍ਰਿਸ਼ਨਾਵਤਾਰ:
ਮੈ ਨ ਗਨੇਸਹਿ ਪ੍ਰਿਥਮ ਮਨਾਊ। ਕਿਸਨ ਬਿਸਨ ਕਬਹੂ ਨਾ ਧਿਆਊ।
ਕਾਨ ਸੁਨੇ ਪਹਿਚਾਨ ਨ ਤਿਨ ਸੋ ।ਲਿਵ ਲਾਗੀ ਮੇਰੀ ਪਗ ਇਨ ਸੋ।434।

ਵਾਰ ਦੁਰਗਾ ਕੀ:
ਬ੍ਰਹਮਾ ਬਿਸਨ ਮਹੇਸ਼ ਸਾਜਿ ਕੁਦਰਤਿ ਦਾ ਖੇਲੁ ਰਚਾਇਆ।2।

ਵਿਚਾਰ: ਦੁਰਗਾ ਦੀ ਸਿਫ਼ਤਿ ਕਰਦਾ ਕਵੀ ‘ਕ੍ਰਿਸ਼ਨਤਵਤਾਰ’ ਵਿੱਚ ਲਿਖਦਾ ਹੈ ਕਿ ਉਹ ਗਣੇਸ਼, ਕ੍ਰਿਸ਼ਨ, ਬਿਸ਼ਨੂ ਆਦਿਕ ਨੂੰ ਨਹੀਂ ਧਿਆਉਂਦਾ ਕਿਉਂਕਿ ਉਹ ਦੁਰਗਾ ਨੂੰ ਹੀ ਸੱਭ ਤੋਂ ਉੱਤਮ ਇਸ਼ਟ ਤੇ ਸੱਭ ਨੂੰ ਪੈਦਾ ਕਰਨ ਵਾਲ਼ੀ ਮੰਨਦਾ ਅਤੇ ਸਮਝਦਾ ਹੈ। ਇਹੀ ਤੱਥ ਕਵੀ ਨੇ ‘ਵਾਰ ਦੁਰਗਾ ਕੀ’ ਵਿੱਚ ਲਿਖਿਆ ਹੈ ਕਿ ਖੰਡਾ ਬਣਾ ਕੇ ਦੁਰਗਾ ਨੇ ਸੰਸਾਰ ਨੂੰ ਪੈਦਾ ਕੀਤਾ ਹੈ ਤੇ ਦੁਰਗਾ ਸੱਭ ਤੋਂ ਸ੍ਰੇਸ਼ਟ ਹੈ। ਬ੍ਰਹਮਾ, ਵਿਸ਼ਨੂ, ਮਹੇਸ਼ ਅਦਿਕ ਸੱਭ ਦੁਰਗਾ ਨੇ ਹੀ ਸਾਜੇ ਹਨ ਕਿਉਂਕਿ ਕਵੀ ਅਨੁਸਾਰ ਦੇਵੀ ਨੇ ਹੀ ਸੱਭ ਸੰਸਾਰ ਪੈਦਾ ਕੀਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ- ਕਵੀ ਦਾ ਇਸ਼ਟ ਦੁਰਗਾ ਹੋਣ ਕਰਕੇ ਉਹ ਹੋਰ ਕਿਸੇ ਇਸ਼ਟ ਨੂੰ ਅੱਖ ਥੱਲੇ ਨਹੀਂ ਲਿਆਉਂਦਾ। ਇਹ ਸਚਾਈ ਕਵੀ ਨੇ ‘ਕ੍ਰਿਸ਼ਨਾਵਤਾਰ’ ਵਿੱਚ ‘ਅਥ ਦੇਵੀ ਜੂ ਕੀ ਉਸਤਤ ਕਥਨੰ’ ਸਿਰਲੇਖ ਹੇਠ ਬਿਆਨ ਕੀਤੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਦੁਰਗਾ ਦਾ ਪੁਜਾਰੀ ਕਵੀ ਹੀ ਇਹ ਕਹਿ ਰਿਹਾ ਹੈ, ਪ੍ਰਭੂ ਦਾ ਪੁਜਾਰੀ ਨਹੀਂ { ਇਸ ਰਚਨਾ (ਮੈ ਨਾ ਗਨੇਸਹਿ ਪ੍ਰਿਥਮ..) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤਿ ਵਿੱਚ ਬੈਠ ਕੇ ਪੜ੍ਹਨ ਗਾਉਣ ਵਾਲੇ ਸੱਜਣ ਬਿਬੇਕ ਬੁੱਧੀ ਨਾਲ਼ ਸੋਚਣ, ਕਿ ਉਹ ਆਦਰ ਕਰ ਰਹੇ ਹਨ, ਕਿ ਗੁਰੂ ਜੀ ਦੀ ਘੋਰ ਨਿਰਾਦਰੀ ਕਰਨ ਦੇ ਪਾਪੀ ਬਣ ਰਹੇ ਹਨ? ਸ਼ਾਇਦ ਉਹ ਇਹ ਸਾਬਤ ਕਰਨ ਦੀ ਨਿਕੰਮੀ ਕੋਸ਼ਿਸ ਕਰਦੇ ਹਨ ਕਿ ਇਹ ਛੰਦ ਦਸਵੇਂ ਗੁਰੂ ਜੀ ਕਹਿ ਰਹੇ ਹਨ ਜਦੋਂ ਕਿ ਲਿਖਤ ਵਿੱਚ ਕਵੀ ਖ਼ੁਦ ਕਹਿ ਰਿਹਾ ਹੈ ਕਿ ਉਹ ‘ਦੇਵੀ ਜੂ ਕੀ ਉਸਤਤ’ ਹੀ ਕਰਦਾ ਪਿਆ ਹੈ। ਦੇਵੀ ਦੀ ਉਸਤਤ ਰੱਬ ਦੀ ਸਿਫ਼ਤਿ ਨਹੀਂ ਹੈ। ਕਿਸੇ ਵੀ ਗੁਰੂ ਵਿਅੱਕਤੀ ਨੇ ਕਿਸੇ ਦੇਵੀ ਦੀ ਸਿਫ਼ਤਿ ਜਾਂ ਪੂਜਾ ਨਹੀਂ ਕੀਤੀ ਤੇ ਨਾ ਹੀ ਸਿੱਖਾਂ ਨੂੰ ਅਜਿਹਾ ਕਰਨ ਦਾ ਗੁਰੂ ਜੀ ਵਲੋਂ ਕੋਈ ਉਪਦੇਸ਼ ਹੈ}।

ਕ੍ਰਿਸ਼ਨਾਵਤਾਰ:
ਬਿਨੁ ਚੰਡੀ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹਉ ਕਰ ਹਉ।5।
ਪ੍ਰਥਮ ਧਰੋ ਭਗਵਤ ਕੋ ਧਯਾਨਾ। ਬਹੁਰਿ ਕਰੋ ਕਬਿਤਾ ਬਿਧਿ ਨਾਨਾ।
ਕ੍ਰਿਸਨ ਯਥਾ ਮਤਿ ਚਰਿਤ੍ਰ ਉਚਾਰੋ। ਚੂਕ ਹੋਇ ਕਬਿ ਲੇਹੁ ਸੁਧਾਰੋ।440।

ਵਾਰ ਦੁਰਗਾ ਕੀ:
ਪ੍ਰਿਥਮ ਭਗਉਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ।1।

ਵਿਚਾਰ: ਦੋਹਾਂ ਰਚਨਾਵਾਂ ਵਿੱਚ ਕਵੀ ਕਿਰਪਾ ਲੈਣ ਲਈ ਦੁਰਗਾ ਨੂੰ ਪਹਿਲਾਂ ਯਾਦ ਕਰਦਾ ਹੈ, ਪ੍ਰਭੂ ਨੂੰ ਨਹੀਂ। ‘ਕ੍ਰਿਸ਼ਨਾਵਤਾਰ’ ਵਿੱਚ ਪੰਜਵੇਂ ਅਤੇ 440 ਵੇਂ ਛੰਦ ਵਿੱਚ ਅਤੇ ‘ਵਾਰ ਦੁਰਗਾ ਕੀ’ ਵਿੱਚ ਪਹਿਲੀ ਪਉੜੀ ਦੇ ਸ਼ੁਰੂ ਵਿੱਚ ਦੁਰਗਾ ਮਾਈ ਨੂੰ ਯਾਦ ਕੀਤਾ ਗਿਆ ਹੈ। ਦੁਰਗਾ ਦੀ ਸਿਫ਼ਤਿ ਦਾ ਛੰਦ ਨੰਬਰ 440 ਆਖ਼ਰੀ ਛੰਦ ਹੈ। ਇਸ ਤੋਂ ਪਿੱਛੋਂ ਸ੍ਰੀ ਕ੍ਰਿਸ਼ਨ ਲੀਲਾ ਦਾ ਬਿਆਨ ਹਣਾ ਹੈ, ਤਾਂ ਹੀ ਕਵੀ ਮੁੜ ਦੁਰਗਾ (ਭਗਵਤੀ ਦੇਵੀ) ਦਾ ਧਿਆਨ ਧਰਦਾ ਹੈ। ਕਵੀਆਂ ਨੂੰ ਅਧਿਾਕਾਰ ਦਿੰਦਾ ਲਿਖਾਰੀ ਇਹ ਵੀ ਕਹਿੰਦਾ ਹੈ ਕਿ ਉਹ ਕੋਈ ਕ੍ਰਿਸ਼ਨ-ਲੀਲਾ ਲਿਖਦਾ ਭੁੱਲ ਗਿਆ ਤਾਂ ਹੋਰ ਪੜ੍ਹਨ ਵਾਲ਼ੇ ਕਵੀ ਇਸ ਲਿਖਤ ਵਿੱਚ ਆਪ ਹੀ ਸੋਧ ਕਰ ਲੈਣ।
ਕ੍ਰਿਸ਼ਨਾਵਤਾਰ:
ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ। ਤੁਹੀ ਤੀਰ ਤਰਵਾਰ ਕਾਤੀ ਕਟਾਰੀ।427।

ਵਾਰ ਦੁਰਗਾ ਕੀ:

ਦੁਰਗਾ ਸਭ ਸੰਘਾਰੇ ਰਾਕਸ਼ਿ ਖੜਗ ਲੈ।15।
ਧੂਹ ਲਈ ਕ੍ਰਿਪਣੀ ਦੁਰਗਾ ਮਿਆਨ ਤੇ।19।
ਧੂਹ ਮਿਆਨੋ ਖੰਡਾ ਹੋਈ ਸਾਹਮਣੇ।27।
ਖੱਬੈ ਦਸਤ ਨਚਾਈ ਸ਼ੀਹਣ ਸਾਰ ਦੀ।28।
ਤਣਿ ਤਣਿ ਤੀਰ ਚਲਾਏ ਦੁਰਗਾ ਧਨਖ ਲੈ।32।
ਖੱਬੈ ਦਸਤ ਉਭਾਰੀ ਗਦਾ ਫਿਰਾਇਕੇ।34
ਗੁੱਸੇ ਆਈ ਕਾਲਕਾ ਹਥਿ ਸੱਜੇ ਲੈ ਤਰਵਾਰ ਕਉ।49।
ਡੁਬ ਰਤੂ ਨਾਲਹੁ ਨਿਕਲੀ ਬਰਛੀ ਦੁਧਾਰੀ।53।
ਸ਼ਸਤ੍ਰ ਪਜੂਤੇ ਦੁਰਗਸ਼ਾਹ ਗਹ ਸਭਨੀ ਬਾਹੀ।54।

ਵਿਚਾਰ:
ਦੋਹਾਂ ਰਚਨਾਵਾਂ ਵਿੱਚ ਦੁਰਗਾ ਮਾਈ ਵਲੋਂ ਪਹਿਨੇ ਸ਼ਸਤ੍ਰਾਂ ਦਾ ਬਿਆਨ ਕੀਤਾ ਗਿਆ ਹੈ। ‘ਵਾਰ ਦੁਰਗਾ ਕੀ’ ਵਿੱਚ ਇਹ ਵਰਣਨ ਵਿਸਥਾਰ ਨਾਲ਼ ਕੀਤਾ ਗਿਆ ਹੈ ਕਿਉਂਕਿ ਦੁਰਗਾ ਅਤੇ ਦੈਤਾਂ ਦੀ ਪੂਰੀ ਲੜਾਈ ਪਿੱਛੋਂ ਇੰਦ੍ਰ ਨੂੰ ਮੁੜ ਰਾਜ-ਗੱਦੀ ਦੇਣੀ ਵਾਰ ਦਾ ਵਿਸ਼ਾ-ਵਸਤੂ ਹੈ। ‘ਕ੍ਰਿਸ਼ਨਾਵਤਾਰ’ ਵਿੱਚ ਮੁੱਖ ਤੌਰ 'ਤੇ ਸ੍ਰੀ ਕ੍ਰਿਸ਼ਨ ਲੀਲਾ ਦੇ ਵਰਣਨ ਨੂੰ ਹੀ ਮੁੱਖ ਵਿਸ਼ਾ ਬਣਾਇਆ ਗਿਆ ਹੈ। ਸ਼ਸਤ੍ਰ ਪਹਿਨੇ ਹੋਣ ਕਰਕੇ ਕਵੀ ਨੇ ਦੁਰਗਾ ਨੂੰ ਹੀ ਸਿੱਧੇ ਤੌਰ ਤੇ ‘ਤੀਰ ਤਰਵਾਰ ਕਾਤੀ ਕਟਾਰੀ’ ਕਹਿ ਦਿੱਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ- ਲਿਖਾਰੀਆਂ ਦੇ ਬਿਆਨਾ ਤੋਂ ਸਪੱਸ਼ਟ ਹੈ ਕਿ ਜੰਗ ਕੇਵਲ ਦੁਰਗਾ ਅਤੇ ਦੈਤਾਂ ਵਿੱਚਕਾਰ ਹੈ ਤੇ ਮਕ਼ਸਦ ਹੈ, ਇੰਦ੍ਰ ਤੋਂ ਦੈਤਾਂ ਵਲੋਂ ਖੋਹਿਆ ਰਾਜ ਮੁੜ ਇੰਦ੍ਰ ਨੂੰ ਵਾਪਸ ਦਿਵਾਉਣਾ। ਜਿੱਸ ਹਸਤੀ ਦੀ ਜਿੱਤ ਦਾ ਵਾਰ ਵਿੱਚ ਜ਼ਿਕਰ ਹੋਵੇ ਵਾਰ ਉਸੇ ਦੇ ਨਾਂ ਤੇ ਹੀ ਹੁੰਦੀ ਹੈ, ਤਾਂ ਹੀ ਵਾਰ ਦਾ ਨਾਂ ‘ਦੁਰਗਾ ਕੀ ਵਾਰ’ ਰੱਖਿਆ ਗਿਆ ਹੈ ਕਿਉਂਕਿ ਜਿੱਤ ਦੁਰਗਾ ਦੀ ਹੀ ਹੁੰਦੀ ਹੈ। ਜੇ ਵਾਰ ਵਿੱਚ ਅਕਾਲ ਪੁਰਖ ਦੀਆਂ ਸਿਫ਼ਤਾਂ ਹੁੰਦੀਆਂ ਤਾਂ ਹੀ ਵਾਰ ਦਾ ਨਾਂ ‘ਵਾਰ ਅਕਾਲ ਪੁਰਖ ਕੀ’ ਹੋਣਾ ਸੀ ਜਾਂ ਗੁਰਬਾਣੀ ਵਿੱਚ ਲਿਖੀਆਂ 22 ਵਾਰਾਂ ਵਰਗਾ ਕੋਈ ਸਿਰਲੇਖ ਹੋਣਾ ਸੀ।

ਸਪੱਸ਼ਟ ਹੈ ਕਿ ‘ਵਾਰ ਦੁਰਗਾ ਕੀ’ ਨੂੰ ਕਿਸੇ ਵਲੋਂ ਨਾਂ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ ਪ:10’ ਕਹਿਣਾ ਜਾਂ ਲਿਖਣਾ ਕਿਸੇ ਤਰਾਂ ਵੀ ਯੋਗ ਨਹੀਂ ਹੈ। ਵਰਣਨ ਕੀਤੇ ਹਥਿਆਰ ਦੁਰਗਾ ਚਲਾਉਂਦੀ ਹੈ, ਪ੍ਰਭੂ ਨਹੀਂ। ਸ਼ਸਤ੍ਰ ਨਾ ਤਾਂ ਪੀਰ ਹਨ ਤੇ ਨਾਂ ਹੀ ਰੱਬ ਹਨ। ਸਿੱਖ ਲਈ ਗੁਰੂ ਹੀ ਪੀਰ ਤੇ ਪ੍ਰਭੂ ਹੈ। ਸ਼ਸਤ੍ਰ ਜੰਗ ਵਿੱਚ ਸਹਾਇਕ ਹਨ। ਪ੍ਰਭੂ ਤਾਂ ਹਰ ਥਾਂ ਤੇ ਹਰ ਵੇਲੇ ਸਹਾਇਕ ਹੈ। ਸ਼ਸਤ੍ਰ ਆਤਮਾ ਦੇ ਸਾਥੀ ਨਹੀ ਤੇ ਨਾਲ਼ ਨਹੀਂ ਜਾਂਦੇ, ਪ੍ਰਭੂ ਆਤਮਾ ਦਾ ਸਾਥੀ ਹੈ ਤੇ ਨਾਮ ਨਾਲ਼ ਜਾਂਦਾ ਹੈ। ਪ੍ਰਭੂ ਸੱਭ ਤੋਂ ਵੱਡਾ ਹੈ, ਸ਼ਸਤ੍ਰ ਨਹੀਂ। ਸਿੱਖ ਵੱਡੇ ਦਾ ਪੁਜਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਥਾਂ ਸ਼ਸਤ੍ਰ ਰੱਖ ਕੇ ਮੱਥਾ ਨਹੀਂ ਟੇਕਿਆ ਜਾ ਸਕਦਾ। ਸ਼ਸਤ੍ਰ ਗੁਰੂ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹਨ ਜਿਨ੍ਹਾਂ ਨੂੰ ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਗੁਰ-ਗੱਦੀ ਦੀ ਬਖ਼ਸ਼ਸ਼ ਕੀਤੀ ਸੀ।

ਦੁਰਗਾ ਦੇ ਵੱਖ-ਵੱਖ ਨਾਂ: ਕ੍ਰਿਸ਼ਨਾਵਤਾਰ ਵਿੱਚ ਕਵੀ ਨੇ ਸੰਬੰਧਤ ਛੰਦਾਂ ਵਿੱਚ ਦੁਰਗਾ ਨੂੰ ਕਈ ਨਾਵਾਂ ਤੇ ਵਿਸ਼ੇਸ਼ਣਾ ਨਾਲ਼ ਯਾਦ ਕੀਤਾ ਹੈ, ਜਿਵੇਂ- ਦੇਵੀ, ਅਦ੍ਰ ਸੁਤਾ (ਪਾਰਬਤੀ), ਚੰਡਿ, ਸ਼ਾਰਦਾ, ਭਵਾਨੀ, ਕਾਲਿਕਾ, ਕਾਲੀ, ਅੰਬਿਕਾ, ਸੀਤਲਾ, ਤੋਤਲਾ, ਜਾਲਪਾ, ਸ਼ਿਵਾ, ਭੁਤਨੇਸ਼ਵਰੀ, ਰਾਜ ਰਾਜੇਸ਼ਵਰੀ, ਕਿੰਨਣੀ, ਮੱਛਣੀ, ਤੀਰ, ਤਰਵਾਰ, ਕਾਤੀ, ਕਟਾਰੀ, ਈਸ਼ਵਰੀ, ਮੁੰਡਮਾਲ਼ੀ, ਕਾਰਤਿਕਿਆਨੀ(ਕਾਰਤਿਕੇਯ ਦੀ ਸ਼ਕਤੀ), ਬੈਸ਼ਨਵੀ ,ਬਰਾਹਣੀ, ਬਾਵਨੀ, ਦੇਵਤੇਸੇਸਣੀ( ਰਾਜੇ ਇੰਦ੍ਰ ਦੀ ਸ਼ਕਤੀ ) ਆਦਿਕ। ‘ਵਾਰ ਦੁਰਗਾ ਕੀ’ ਵਿੱਚ ਦੁਰਗਾ ਲਈ ਵਰਤੇ ਨਾਂ ਇਸ ਤਰ੍ਹਾਂ ਹਨ- ਭਗਉਤੀ, ਦੁਰਗਸ਼ਾਹ, ਮਹਾ ਮਾਈ, ਚੰਡ ਪ੍ਰਚੰਡ, ਦੇਵੀ, ਭਵਾਨੀ ਆਦਿਕ। ਘੱਟੋ-ਘੱਟ 30 ਵਾਰੀ ‘ਦੁਰਗਾ’ ਨਾਂ ਦੀ ਵਰਤੋਂ ਕੀਤੀ ਗਈ ਹੈ, ‘ਵਾਰ ਦੁਰਗਾ ਕੀ’ ਵਿੱਚ।

ਕ੍ਰਿਸ਼ਨਾਵਤਾਰ:
ਤੂਹੀ ਅੰਬਿਕਾ ਸੀਤਲਾ ਤੋਤਲਾ ਹੈ। ਪ੍ਰਿਥਵੀ ਭੂਮਿ ਅਕਾਸ਼ ਤੈ ਹੀ ਕੀਆ ਹੈ।
ਚਰੀ ਆਚਰਣੀ ਖੇਚਰਣੀ ਭੂਪਣੀ ਹੈ। ਮਹਾ ਬਾਹਣੀ ਆਪਣੀ ਰੂਪਣੀ ਹੈ।425।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top