Share on Facebook

Main News Page

ਮੋਗਾ, ਹੁਣ ਨਿਆਂ ਹੋਇਗਾ ?
-: ਤਰਲੋਚਨ ਸਿੰਘ ‘ਦੁਪਾਲਪੁਰ’
ਸੰਪਰਕ : 001-408-915-1268

ਸਾਡੇ ਇੱਕ ਜਾਣੂ ਸੱਜਣ ਘੁੰਮਣ-ਫਿਰਨ ਦੇ ਬੜੇ ਸ਼ੌਕੀਨ ਸਨ। ਮੇਰੇ ਪਿਤਾ ਦੇ ਹਾਣੀ ਇਹ ਬਜ਼ੁਰਗ ਸਾਈਕਲ ’ਤੇ ਮੇਲੇ-ਮਸਾਵੇ ਦੇਖਣ ਤੁਰੇ ਰਹਿੰਦੇ ਸਨ। ਵਿਦੇਸ਼ ਗਏ ਇਨ੍ਹਾਂ ਦੇ ਬੇਟੇ ਨੇ ਚਾਅ ਨਾਲ ਉਨ੍ਹਾਂ ਨੂੰ ਮੋਪਡ ਲੈ ਦਿੱਤੀ। ਦੂਜੇ-ਤੀਜੇ ਦਿਨ ਹੀ ਇਹ ਮੋਪਡ ’ਤੇ ਸਵਾਰ ਹੋ ਕੇ ਇੱਕ ਲਿੰਕ ਰੋਡ ਤੋਂ ਨਵਾਂ ਸ਼ਹਿਰ-ਚੰਡੀਗੜ੍ਹ ਰੋਡ ’ਤੇ ਚੜ੍ਹਨ ਲੱਗੇ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਏ। ਸਾਹਮਣਿਉਂ ਆਉਂਦੀ ਬੱਸ ਥੱਲੇ ਇਨ੍ਹਾਂ ਦੀ ਮੋਪਡ ਜਾ ਫਸੀ। ਬੱਸ ਥੱਲੇ ਫਿੱਸੀ ਪਈ ਮੋਪਡ ਦੇਖ ਕੇ ਸਾਨੂੰ ਇਉਂ ਲੱਗਿਆ ਕਿ ਭਾਣਾ ਵਰਤ ਗਿਆ ਹੋਵੇਗਾ, ਪਰ ਪਤਾ ਲੱਗਣ ’ਤੇ ਜਦ ਮੈਂ ਨਵਾਂ ਸ਼ਹਿਰ ਹਸਪਤਾਲ ਉਨ੍ਹਾਂ ਦੀ ਖ਼ਬਰਸਾਰ ਲੈਣ ਗਿਆ, ਤਾਂ ਉਨ੍ਹਾਂ ਨੂੰ ਆਪਣੇ ਪਰਵਾਰ ਜਨਾਂ ਨਾਲ ਗੱਲਾਂ ਕਰਦਿਆਂ ਦੇਖ ਕੇ ਦੰਗ ਰਹਿ ਗਿਆ! ਬੇਸ਼ੱਕ ਉਨ੍ਹਾਂ ਦੇ ਗੋਡਿਆਂ, ਗਿੱਟਿਆਂ ਤੇ ਕੂਹਣੀਆਂ ਉੱਤੇ ਪੱਟੀਆਂ ਕੀਤੀਆਂ ਹੋਈਆਂ ਸਨ, ਪਰ ਉਹ ਇੱਕ ਹੱਥ ਖੜਾ ਕਰ ਕੇ ਧੀਰੇ-ਧੀਰੇ ਕੁਝ ਦੱਸ ਰਹੇ ਸਨ।

ਜਾਂਦਿਆਂ ਸਾਰ ਮੈਂ ਹੈਰਾਨੀ ਤੇ ਸ਼ੁਕਰਾਨੇ ਦੇ ਰਲ਼ੇ-ਮਿਲੇ ਹਾਵ-ਭਾਵ ਪ੍ਰਗਟਾਉਂਦਿਆਂ ਪੁੱਛ ਬੈਠਾ ਕਿ ਚਾਚਾ ਜੀ ਐਕਸੀਡੈਂਟ ਹੋਇਆ ਕਿੱਦਾਂ? ਮੇਰਾ ਸਵਾਲ ਸੁਣਦਿਆਂ ਹੀ ਉਹ ਇਉਂ ਕੰਬਣ ਲੱਗ ਪਿਆ, ਜਿਵੇਂ ਪੋਹ ਮਹੀਨੇ ਮੀਂਹ ਵਿੱਚ ਭਿੱਜੇ ਬੰਦੇ ਨੂੰ ਕੰਬਣੀ ਛਿੜੀ ਹੁੰਦੀ ਹੈ। ਬੈੱਡ ਦੇ ਆਲੇ-ਦੁਆਲੇ ਜੁੜੇ ਬੈਠੇ ਉਹਦੇ ਪਰਵਾਰਕ ਮੈਂਬਰਾਂ ਨੇ ਇੱਕਦਮ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਉੱਧਰ ਉਹ ਅੱਖਾਂ ’ਚੋਂ ਪਰਲ-ਪਰਲ ਹੰਝੂ ਕੇਰਦਾ ਬੁੜ-ਬੁੜਾਉਂਦਿਆਂ ਵਾਂਗ ਕੁਝ ਬੋਲਣ ਹੀ ਲੱਗਾ ਸੀ ਕਿ ਉਸ ਦੀ ਪਤਨੀ ਨੇ ਉਸ ਦੇ ਹਿੱਲਦੇ ਬੁੱਲ੍ਹਾਂ ’ਤੇ ਹੱਥ ਰੱਖ ਕੇ ਉਸ ਦੀ ਛਾਤੀ ਪਲੋਸਣੀ ਸ਼ੁਰੂ ਕਰ ਦਿੱਤੀ। ਫੁਰਤੀ ਨਾਲ ਇੱਕ ਮੁੰਡਾ ਉਠਿਆ ਤੇ ਮੈਨੂੰ ਬਾਹੋਂ ਫੜ ਕੇ ਪਾਸੇ ਨੂੰ ਲੈ ਗਿਆ : ‘‘ਭਾਅ ਜੀ, ਐਕਸੀਡੈਂਟ ਹੋਇਆ ਹੀ ਐਨਾ ਭਿਆਨਕ ਹੈ ਕਿ ਭਾਪਾ ਜੀ ਚੇਤੇ ਕਰ ਕੇ ਭੁੱਬੀਂ ਰੋਣ ਲੱਗ ਪੈਂਦੇ ਆ, ਨਾਲੇ ਜ਼ੋਰ-ਜ਼ੋਰ ਦੀ ਕੰਬਣ ਲੱਗ ਪੈਂਦੇ ਆ। ਡਾਕਟਰ ਨੇ ਦੱਸਿਆ ਹੈ ਕਿ ਬੇਸ਼ੱਕ ਇਹ ਬੋਲਦੇ-ਚਲਦੇ ਨੇ, ਪਰ ਹੈਗੇ ਸਦਮੇ ਵਿੱਚ ਨੇ। ਇਨ੍ਹਾਂ ਨਾਲ਼ ਹਾਲੇ ਐਕਸੀਡੈਂਟ ਦੀ ਕੋਈ ਗੱਲ ਨਾ ਛੇੜਿਉ।’’

ਮੌਤ ਦੇ ਮੂੰਹ ’ਚੋਂ ਬਚ ਕੇ ਆਏ ਤੇ ਭਿਆਨਕ ਸਦਮੇ ਨਾਲ ਝੰਬੇ ਗਏ ਉਕਤ ਬਜ਼ੁਰਗ ਵਾਂਗ, ਮੈਂ ਵੀ ਜਿਸ ਦਿਨ ਮੋਗੇ ਵਿੱਚ ਔਰਬਿੱਟ ਬੱਸ ਵਾਲਿਆਂ ਦੀ ਦਰਿੰਦਗੀ ਦੀਆਂ ਖ਼ਬਰਾਂ ਸੁਣੀਆਂ ਤੇ ਦੇਖੀਆਂ, ਦਰਦਨਾਕ ਖਾਮੋਸ਼ੀ ’ਚ ਗ੍ਰੱਸਿਆ ਗਿਆ। ਆਪਣੀ ਮਾਂ ਦੇ ਨਾਲ ਚਾਈਂ-ਚਾਈਂ ਨਾਨਕਿਆਂ ਘਰ ਚੱਲੀ ਤੇਰਾ ਸਾਲਾਂ ਦੀ ਬਾਲੜੀ, ਬੇ-ਹਯਾ ਕਾਮੁਕ ਹਰਕਤਾਂ ਦਾ ਵਿਰੋਧ ਕਰਦੀ, ਚੱਲਦੀ ਬੱਸ ਵਿੱਚੋਂ ਧੱਕੇ ਮਾਰ ਕੇ ਬਾਹਰ ਸੁੱਟੀ ਗਈ!...ਸੜਕ ਦੇ ਵਿਚਕਾਰ ਅਰਧ-ਨਗਨ ਲਾਸ਼ ਬਣੀ ਪਈ ਅਰਸ਼ਦੀਪ ਕੌਰ ਵੱਖ ਦੇਖ ਕੇ ਕਿਹੜਾ ਪੱਥਰ ਦਿਲ ਇਨਸਾਨ ਹੋਵੇਗਾ, ਜਿਸ ਦੀ ਰੂਹ ਨਾ ਕੰਬੀ ਹੋਵੇਗੀ?...ਕਿਹੜੀ ਕੋਈ ਐਸੀ ਬੇ-ਤਰਸ ਜ਼ਬਾਨ ਹੋਵੇਗੀ, ਜਿਸ ਨੇ ਅਰਸ਼ਦੀਪ ਨਾਲ ਅੱਤ ਦੀ ਬੇ-ਹਯਾਈ ਕਰਨ ਵਾਲਿਆਂ ਨੂੰ ਬਦ-ਅਸੀਸਾਂ ਨਾ ਦਿੱਤੀਆਂ ਹੋਣਗੀਆਂ? ਦੇਸ-ਵਿਦੇਸ਼ ’ਚ ਵਸਦਾ ਕੋਈ ਐਸਾ ਪੰਜਾਬੀ ਜਾਂ ਭਾਰਤੀ ਨਹੀਂ ਹੋਣਾ, ਜਿਸ ਦੇ ਘਰ ਵਿੱਚ ਔਰਬਿੱਟ ਬੱਸ ਵਾਲਿਆਂ ਦੇ ਕਿੱਸੇ ਨਹੀਂ ਗੂੰਜੇ ਅਤੇ ਜਿਹੜਾ ਮੋਗਾ ਕਾਂਡ ਤੋਂ ਝੰਜੋੜਿਆ ਨਾ ਗਿਆ ਹੋਵੇ।

‘ਅੰਦਰੇ ਹੀ ਅੱਗ ਤੇ ਅੰਦਰੇ ਪਾਣੀ’ ਵਾਲੀ ਮਾਯੂਸੀ ਵਿੱਚ ਮੈਂ ਕਈ ਦਿਨ ਮੋਗਾ ਕਾਂਡ ਦੀਆਂ ਪਰਤਾਂ ਦੀ ਉਧੇੜ-ਬੁਣ ਕਰੀ ਗਿਆ। ਨਾਨਕਿਆਂ ਨੂੰ ਤੁਰਨ ਵੇਲੇ ਨਿਭਾਗਣ ਅਰਸ਼ਦੀਪ ਨੇ ਚਾਵਾਂ ਨਾਲ ਨਵੇਂ ਕੱਪੜੇ ਪਾਏ ਹੋਣਗੇ...ਕਿਹੜੀਆਂ-ਕਿਹੜੀਆਂ ਸੋਚਾਂ-ਗੱਲਾਂ ਲੈ ਕੇ ਬੱਸੇ ਚੜ੍ਹੀ ਵਿਚਾਰੀ ਬਦਨਸੀਬ ਨੂੰ ਕੀ ਪਤਾ ਸੀ ਕਿ ਇਨ੍ਹਾਂ ਕੱਪੜਿਆਂ ਨੂੰ ਡਾਕਟਰ ਦੀ ਕੈਂਚੀ ਨੇ ਕੱਟ-ਕੱਟ, ਉਸ ਦੇ ਸਰੀਰ ਦਾ ਪੋਸਟ-ਮਾਰਟਮ ਕਰਨਾ ਹੈ! ਬੇ-ਦਰਦਾਂ ਵੱਲੋਂ ਮਾਰੇ ਧੱਕੇ ਨਾਲ ਸੜਕ ’ਤੇ ਡਿੱਗਦਿਆਂ ਸਾਰ ਸ਼ਾਇਦ ਉਸ ਨੇ ‘ਬਚ ਜਾਣ’ ਦੀ ਆਸ ਰੱਖੀ ਹੋਵੇ...! ਗਲੇ ’ਚੋਂ ਆਖ਼ਰੀ ਸਾਹ ਨਿਕਲਣ ਵੇਲੇ, ਉਹਦੇ ਦਿਲ ਵਿੱਚ ਕੀ ਕੁਝ ਚੱਲ ਰਿਹਾ ਹੋਵੇਗਾ? ਕੀ ਪਤਾ ਉਸ ਨੇ ਸੜਕ ’ਤੇ ਢਹਿੰਦੇ ਸਾਰ ‘ਹਾਏ ਮਾਂ!’ ਕਿਹਾ ਹੋਵੇ! ਬੁੱਚੜ ਡਰਾਈਵਰ ਵੱਲੋਂ ਹਾਈਡ੍ਰੌਲਿਕ ਦਰਵਾਜ਼ਾ ਖੋਲ੍ਹਣ ਵੇਲੇ ਵਿਚਾਰੀ ਨੇ ਬੱਸ ਵਿੱਚ ਬੈਠੀਆਂ ਹੋਰ ਸਵਾਰੀਆਂ (ਅਸਲ ਵਿੱਚ ਭੇਡਾਂ) ਵੱਲ ‘ਮਦਦ ਦੀ ਆਸ’ ਨਾਲ ਤਰਸ ਭਰੀਆਂ ਅੱਖਾਂ ਨਾਲ ਦੇਖਿਆ ਹੀ ਹੋਵੇਗਾ!

ਇਨ੍ਹਾਂ ਭਿਆਨਕ ਪਲਾਂ ਦੀ ਦਰਦਨਾਕ ਦਾਸਤਾਨ ’ਚ ਖੁੱਭਿਆ ਮੈਂ ਜ਼ਰਾ ਹੋਰ ਅੱਗੇ ਵਧ ਕੇ ਅਰਸ਼ਦੀਪ ਦੀ ਜਗ੍ਹਾ ਆਪਣੀ ਧੀ ਬਾਰੇ ਚਿਤਵਿਆ ਤਾਂ ਮੇਰੀ ਹਾਲਤ ਵੀ ਉਸ ਬਜ਼ੁਰਗ ਵਰਗੀ ਹੋ ਗਈ, ਜਿਸ ਦਾ ਜ਼ਿਕਰ ਇਸ ਲੇਖ ਦੇ ਮੁੱਢ ਵਿੱਚ ਕੀਤਾ ਗਿਆ ਹੈ। ਔਰਬਿੱਟ ਬੱਸਾਂ ਦੇ ਮਾਲਕਾਂ ਦੀ ਬਿਆਨ-ਬਾਜ਼ੀ ਮਾਨੋ ਜ਼ਖ਼ਮਾਂ ’ਤੇ ਲੂਣ ਭੁੱਕ ਗਈ :

ਇੱਕ ਦਿਲ ਹੀ ਨਹੀਂ, ਸਾਰਾ ਹੀ ਬਦਨ ਛਲਨੀ ਹੈ,
ਅਬ ਤੋ ਦਰਦ ਭੀ ਪਰੇਸ਼ਾਂ ਹੈ ਕਿ ਕਹਾਂ ਉਠੂੰ !

ਸਿਆਸੀ ਹੈਂਕੜ ਅਧੀਨ ਬਦ-ਇੰਤਜ਼ਾਮੀ ਦੀ ਮਾਰ ਸਹਿੰਦਾ ਹੋਇਆ, ਮੱਧ-ਯੁੱਗ ਦੀ ਇੱਕ ਖਾਨਦਾਨੀ ਰਿਆਸਤ ਬਣਨ ਵੱਲ ਵਧ ਰਿਹਾ ਜਾਪਦਾ ਪੰਜਾਬ ਅਤੇ ਇੱਕ ਟੱਬਰ ਦੀ ‘ਜਗੀਰ’ ਬਣੇ ਉਸ ਖਿੱਤੇ ਵਿੱਚ ਵਾਪਰੇ ਇਸ ਅਗੱਧ ਪਾਪ ਬਾਰੇ ਕੀ ਲਿਖਾਂ? ਲਿਖਾਂ ਜਾਂ ਨਾ ਲਿਖਾਂ? ਇਨ੍ਹਾਂ ਸਵਾਲਾਂ ਦੀ ਚੀਸ ਵਿੱਚ ਕਰਾਹੁੰਦੇ ਨੂੰ ਮੈਨੂੰ ਫੇਸ-ਬੁੱਕ ਰਾਹੀਂ ਇੱਕ ਸੁਨੇਹਾ ਮਿਲਿਆ, ਜੋ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਰਗਰਮ ਇੱਕ ‘ਆਰ ਟੀ ਆਈ’ ਕਾਰਕੁਨ ਵੱਲੋਂ ਭੇਜਿਆ ਗਿਆ ਸੀ। ਉਸ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਤੌਰ ’ਤੇ ਮੋਗਾ ਔਰਬਿੱਟ ਬੱਸ ਕਾਂਡ ਦੀ ਤਹਿਕੀਕਾਤ ਕਰਨੀ ਹੈ। ਅਦਾਲਤ ਨੇ ਆਪਣੀ ਮਦਦ ਲਈ ਦੋ ‘ਮਿੱਤਰ ਵਕੀਲ’ ਨਿਯੁਕਤ ਕੀਤੇ ਹਨ।

ਮਾਨਵੀ ਹੱਕ-ਹਕੂਕਾਂ ਅਤੇ ਜਨ-ਹਿੱਤ ਪਟੀਸ਼ਨਾਂ ਲਈ ਲੰਬੇ ਸਮੇਂ ਤੋਂ ਕੰਮ ਕਰਦੇ ਐਡਵੋਕੇਟ ਸ੍ਰੀ ਐੱਚ ਸੀ ਅਰੋੜਾ ਅਤੇ ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ ਦੇ ਈ-ਮੇਲ ਐਡਰੈੱਸ ਦੇ ਕੇ ਆਮ ਪਬਲਿਕ ਤੋਂ ਇਹ ਮੰਗ ਕੀਤੀ ਗਈ ਸੀ ਕਿ ਮੋਗਾ ਕਾਂਡ ਦੇ ਨਾਲ-ਨਾਲ ਪੰਜਾਬ ਵਿੱਚ ਟਰਾਂਸਪੋਰਟ ਸੰਬੰਧੀ ਪਹਿਲੂਆਂ (ਸਮੱਸਿਆਵਾਂ, ਕਾਰਨ ਤੇ ਇਨ੍ਹਾਂ ਦੇ ਹੱਲ) ਬਾਰੇ ਲਿਖਤੀ ਰੂਪ ’ਚ ਸੁਝਾਅ ਭੇਜੇ ਜਾਣ। ਸੋਸ਼ਲ ਸਾਈਟ ਤੋਂ ਇਹ ਸੰਦੇਸ਼ ਪੜ•ਨ ਉਪਰੰਤ ਮੈਨੂੰ ਕੁਝ ਲਿਖਣ ਲਈ, ਤਿੰਨ ਮੁੱਖ ਕਾਰਨ ਮੇਰੇ ਹੁੱਝਾਂ ਮਾਰਨ ਲੱਗ ਪਏ। ਪਹਿਲਾ, ਧਨਾਢਾਂ ਦੇ ਵਿਗੜੈਲ ਕਾਰਿੰਦਿਆਂ ਹੱਥੋਂ ਇੱਕ ਬੇ-ਗੁਨਾਹ ਬਾਲੜੀ ਦੀ ਮੌਤ ਦਾ ਦਰਦ। ਦੂਸਰਾ, ਅੱਠ ਕੁ ਸਾਲ ਅਕਾਲੀ ਸਿਆਸਤ ਵਿੱਚ ਵਿਚਰਦਿਆਂ ਬੰਦੇ ‘ਖ਼ਰੀਦਣ’ ਲਈ ‘ਬੱਸਾਂ ਦੀਆਂ ਪੇਸ਼ਕਸ਼ਾਂ’ ਦੇ ਚਰਚੇ ਸੁਣੇ ਹੋਣ ਦਾ ਕਾਰਨ। ਤੀਸਰਾ, ਉਮਰ ਦੇ ਪੰਜਾਹ ਸਾਲ ਪੰਜਾਬ ਵਿੱਚ ਕੀਤੇ ਬੱਸਾਂ ਦੇ ਸਫ਼ਰ ਅਤੇ ਹੁਣ ਵੀ ਅਮਰੀਕਾ ਤੋਂ ਹਰ ਸਾਲ ਪੰਜਾਬ ਜਾ ਕੇ ਬੱਸਾਂ ਵਿੱਚ ਹੀ ਦੂਰ-ਨੇੜੇ ਜਾਣ ਦਾ ਅਨੁਭਵ। ਸੋ ਇਨ੍ਹਾਂ ਤਿੰਨਾਂ ਕਾਰਨਾਂ ਸਦਕਾ ਜਿਹੜੀਆਂ ਅਪੀਲਾਂ ਤੇ ਦਲੀਲਾਂ ਮੈਂ ਵਕੀਲਾਂ ਨੂੰ ਲਿਖ ਭੇਜੀਆਂ, ਉਨ੍ਹਾਂ ਦਾ ਸਾਰ-ਅੰਸ਼ ਕੁਝ ਅਜਿਹਾ ਸੀ :

ਤਕਰੀਬਨ ਸਾਰੀ ਪ੍ਰਾਈਵੇਟ ਟਰਾਂਸਪੋਰਟ (ਖ਼ਾਸ ਕਰ ਕੇ ਬੱਸਾਂ) ਦੇ ਮਾਲਕ ਸਿਆਸਤਦਾਨ ਹਨ। ਦਲਾਂ ਦੇ ਨਾਵਾਂ ਦਾ ਹੀ ਵਖਰੇਵਾਂ ਹੈ, ਸਾਰੇ ਟਰਾਂਸਪੋਰਟਰ ਪੰਜਾਬ ਰੋਡਵੇਜ਼ ਨੂੰ ਰਗੜੇ ਲਾ ਕੇ ਖ਼ੁਦ ਦੇ ਖ਼ਜ਼ਾਨੇ ਭਰਦੇ ਹਨ। ਇਸ ਮਾਲਕ-ਲੜੀ ਵਿੱਚ ‘ਸਿਰਮੌਰ ਨਾਮ’ ਪੰਜਾਬ ਦੇ ਮੌਜੂਦਾ ਹਾਕਮ ਟੱਬਰ ਦਾ ਹੈ। ਇਸ ਹਾਕਮ ਪਰਵਾਰ ਦੀਆਂ ਬੱਸਾਂ ਨਾਜਾਇਜ਼ ਤੌਰ ’ਤੇ ਮੁਹਾਲੀ ਵਿੱਚ ਵੜਨ ਦਾ ਵਿਰੋਧ ਕਰਦਾ ਇੱਕ ਆਈ ਏ ਐੱਸ ਅਧਿਕਾਰੀ ਸ੍ਰ. ਸਰਵਣ ਸਿੰਘ ਬੀਰ, ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਦੋ ਕੁ ਸਾਲ ਹੋਏ ਘਰੇ ਬਹਿ ਗਿਆ। ਉਸ ਅਫ਼ਸਰ ਨੂੰ ਕੋਰਟ ਵਿੱਚ ਆਮੰਤ੍ਰਿਤ ਕਰ ਕੇ ਪੁੱਛਿਆ ਜਾਵੇ ਕਿ ਉਸ ਨੇ ਕਿਸ ਕਾਰਨ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਲੈਣੀ ਗਨੀਮਤ ਸਮਝੀ?

ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਕੇਵਲ ਦੋ-ਦੋ ਮੁਲਾਜ਼ਮ ਹੀ ਹੁੰਦੇ ਨੇ, ਇੱਕ ਡਰਾਈਵਰ ਤੇ ਦੂਜਾ ਕੰਡਕਟਰ, ਪਰ ਪ੍ਰਾਈਵੇਟ ਬੱਸਾਂ ਵਿੱਚ ਡਰਾਈਵਰ-ਕੰਡਕਟਰ ਤੋਂ ਇਲਾਵਾ ਦੋ ਮੁਲਾਜ਼ਮ ਹੋਰ ਹੁੰਦੇ ਨੇ। ਇੱਕ ਮੋਹਰਲੀ ਤਾਕੀ ਕੋਲ ਖੜਦਾ ਹੈ ਤੇ ਦੂਜਾ ਪਿਛਲੀ ਤਾਕੀ ਕੋਲ। ਬੱਸ ਅੱਡੇ ’ਤੇ ਰੁਕਦਿਆਂ ਸਾਰ ਸਮੇਤ ਕੰਡਕਟਰ ਦੇ ਇਹ ਦੋਵੇਂ ਜਣੇ, ਭੁੱਖੇ ਬਘਿਆੜਾਂ ਵਾਂਗ ਬੱਸ ’ਚੋਂ ਉੱਤਰ ਕੇ ਸਵਾਰੀਆਂ ਨੂੰ ਬਦੋ-ਬਦੀ ਬੱਸਾਂ ’ਚ ਚੜਾਉਣ ਲਈ ਪੱਬਾਂ ਭਾਰ ਹੋ ਜਾਂਦੇ ਨੇ। ਅਜਿਹੇ ਮੌਕੇ ਜੇ ਅੱਡੇ ’ਚ ਪਹਿਲੋਂ ਹੀ ਕੋਈ ਬੱਸ ਖੜੀ ਹੋਵੇ, ਤਾਂ ਇਹ ਦੋਵੇਂ ਬਾਹੂ-ਬਲੀਏ ਬਣ ਕੇ ਉਸ ਬੱਸ ਦੇ ਮੁਲਾਜ਼ਮਾਂ ਨਾਲ ਬਦ-ਸਲੂਕੀ ਕਰਦੇ ਹਨ। ਮੇਰਾ ਤਜਰਬਾ ਹੈ ਕਿ ਬਹੁਤੀਆਂ ਪ੍ਰਾਈਵੇਟ ਬੱਸਾਂ ਦੀਆਂ ਤਾਕੀਆਂ ’ਚ ਖੜਨ ਵਾਲੇ ਇਹ ਮੁਲਾਜ਼ਮ, ਪਹਿਰਾਵੇ ਅਤੇ ਬੋਲ-ਬਾਣੀ ਪੱਖੋਂ ‘ਮੁਲਜ਼ਮ’ ਹੀ ਦਿਖਾਈ ਦਿੰਦੇ ਨੇ। ਪਾਟੇ ਹੋਏ ਬਾਂਸ ਵਰਗੀ ਭਰੜਾਈ ਆਵਾਜ਼ ਕੱਢ ਕੇ ਜਦ ਇਹ ਸਵਾਰੀਆਂ ਨੂੰ ਟੁੱਟ-ਟੁੱਟ ਪੈਂਦੇ ਹਨ, ਤਾਂ ਬੀਬੀਆਂ ਤੇ ਹਲਕੀ ਉਮਰ ਦੇ ਬੱਚੇ ਡਰਦੇ ਮਾਰੇ ਸਹਿਮ ਜਾਂਦੇ ਹਨ।

ਏਸ ਨੁਕਤੇ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇ ਕਿ ਚਾਰ-ਚਾਰ ਮੁਲਾਜ਼ਮ ਰੱਖ ਕੇ ਵੀ ਪ੍ਰਾਈਵੇਟ ਟਰਾਂਸਪੋਰਟਰ ਕਿਉਂ ਮਾਲਾ-ਮਾਲ ਹੋਈ ਜਾ ਰਹੇ ਹਨ ਅਤੇ ਦੋ-ਦੋ ਮੁਲਾਜ਼ਮਾਂ ਨਾਲ ਬੱਸ ਸਰਵਿਸ ਚਲਾ ਰਹੀਆਂ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਲਗਾਤਾਰ ਘਾਟੇ ਵਿੱਚ ਹੀ ਕਿਉਂ ਜਾ ਰਹੀਆਂ ਹਨ? ਸਮਾਜ ਸੇਵਾ ਦੀ ਚੇਟਕ ਰੱਖਣ ਵਾਲੇ ਬੁੱਧੀਜੀਵੀ ਤੇ ਲਿਖਾਰੀ-ਕਵੀ ਹਜ਼ਾਰਾਂ ਵਾਰ ਲੇਖ-ਕਵਿਤਾਵਾਂ ਲਿਖ ਚੁੱਕੇ ਹਨ ਕਿ ਬੱਸਾਂ ਵਿੱਚ ਅਸ਼ਲੀਲ ਗੀਤ ਵਜਾਉਣ ’ਤੇ ਸਖ਼ਤ ਪਾਬੰਦੀ ਲਾਈ ਜਾਵੇ। ਸੈਂਕੜੇ ਵਾਰ ਅਜਿਹੀ ਮੰਗ ਕਰਦੇ ਮੰਗ-ਪੱਤਰ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਰਹਿੰਦੇ ਹਨ, ਪਰ ਕਿਸੇ ਦੇ ਵੀ ਕੰਨਾਂ ’ਤੇ ਜੂੰ ਨਹੀਂ ਸਰਕੀ। ਪ੍ਰਾਈਵੇਟ ਬੱਸਾਂ ਵਿੱਚ ਤਾਂ ਟੀ.ਵੀ. ਫਿੱਟ ਕੀਤੇ ਹੁੰਦੇ ਹਨ, ਜਿਨ੍ਹਾਂ ’ਤੇ ਫੂਹੜ ਕਿਸਮ ਦੀਆਂ ਫ਼ਿਲਮਾਂ ਨਿਸ਼ੰਗ ਚੱਲ ਰਹੀਆਂ ਹੁੰਦੀਆਂ ਹਨ। ਸਕੂਲਾਂ-ਕਾਲਜਾਂ ਨੂੰ ਜਾ ਰਹੀਆਂ ਕੁੜੀਆਂ (ਖ਼ਾਸ ਕਰ ਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਚੱਲਦੀਆਂ ਮਿੰਨੀ ਬੱਸਾਂ ਵਿੱਚ) ਅਜਿਹੇ ਮੌਕਿਆਂ ’ਤੇ ਸ਼ਰਮਸਾਰੀ ਵਜੋਂ ਨੀਵੀਆਂ ਪਾਉਂਦੀਆਂ ਮੈਂ ਖ਼ੁਦ ਦੇਖਦਾ ਰਿਹਾ ਹਾਂ।

ਮੋਗਾ ਕਾਂਡ ਵਿੱਚ ਭਾਗੀਦਾਰ ਔਰਬਿੱਟ ਬੱਸ ਦੇ ਮਾਲਕਾਂ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਸਤੰਬਰ 1956 ਵਿੱਚ ਤਾਮਿਲ ਨਾਡੂ ਵਿਖੇ ਹੋਏ ਇੱਕ ਰੇਲ ਹਾਦਸੇ ਦਾ ਵਾਕਿਆ ਵੀ ਵਿਚਾਰ ਲੈਣਾ ਚਾਹੀਦਾ ਹੈ, ਜਿਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤਤਕਾਲੀ ਕੇਂਦਰੀ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਹਾਦਸਾ-ਗ੍ਰਸਤ ਰੇਲ ਗੱਡੀਆਂ ਸ੍ਰੀ ਸ਼ਾਸਤਰੀ ਦੀ ‘ਨਿੱਜੀ ਜਾਇਦਾਦ’ ਨਹੀਂ ਸਨ। ਮੋਗਾ ਕਾਂਡ ਦੀ ‘ਨੈਤਿਕ ਜ਼ਿੰਮੇਵਾਰੀ’ ਵਾਲੀ ਤਖ਼ਤੀ ਹੁਣ ਕਿਹਦੇ ਗਲ਼ ਵਿੱਚ ਪੈਣੀ ਚਾਹੀਦੀ ਹੈ? ਇਹ ਸਵਾਲ ਵੀ ਜਵਾਬ ਮੰਗਦਾ ਹੈ।

ਅਣਿਆਈ ਮੌਤੇ ਮਾਰੀ ਗਈ ਲੜਕੀ ਦੇ ਗ਼ਰੀਬ ਪਿਤਾ ਨੂੰ ਤੁਰਤ-ਫੁਰਤ ਲੱਭ ਕੇ ਉਸ ਨੂੰ ਲੱਖਾਂ ਰੁਪਏ ਦੇਣ ਦੇ ਐਲਾਨ ਕੀਤੇ ਗਏ। ਉਸ ਕਾਰਵਾਈ ਨਾਲ ਅਰਬ ਮੁਲਕ ਚੇਤੇ ਆ ਗਏ, ਜਿੱਥੇ ਕੋਈ ਕਾਤਲ, ਮਕਤੂਲ ਦੇ ਪਰਵਾਰ ਨੂੰ ‘ਬਲੱਡ ਮਨੀ’ ਦੇ ਰੂਪ ਵਿੱਚ ਮੂੰਹ ਮੰਗੇ ਪੈਸੇ ਦੇ ਕੇ ‘ਕਤਲ ਮੁਆਫ਼’ ਕਰਾ ਲੈਂਦਾ ਹੈ। ਇਸੇ ਤਰ੍ਹਾਂ ਬਾਲੜੀ ਅਰਸ਼ਦੀਪ ਦਾ ਅੰਤਿਮ ਸੰਸਕਾਰ ਵੀ ਪੰਜਾਬੀ ਸਮਾਜ ਦੀਆਂ ਪ੍ਰਚੱਲਤ ਪ੍ਰੰਪਰਾਵਾਂ ਦੇ ਉਲਟ ਸੂਰਜ ਅਸਤ ਹੋਣ ਤੋਂ ਬਾਅਦ ‘ਕਰਾ ਦਿੱਤਾ’ ਗਿਆ (ਉਹ ਵੀ ਪੁਲਸ ਦੇ ਸਖ਼ਤ ਪਹਿਰੇ ਹੇਠ)। ਸ਼ਾਇਦ ਇਸੇ ਕਾਰਨ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਸ਼ਹੀਦ ਭਗਤ ਸਿੰਘ ਦਾ ਅੰਤਿਮ ਸੰਸਕਾਰ ਚੋਰੀ-ਛਿਪੇ ਦਿਨ ਡੁੱਬੇ ’ਤੇ ਹੀ ਕਰ ਦਿੱਤਾ ਗਿਆ ਸੀ, ਉਵੇਂ ਹੀ ਹੁਣ ਦੀ ਪੰਜਾਬ ਸਰਕਾਰ ਨੇ ਕੀਤਾ ਹੈ।

ਵਕੀਲ ਸਾਹਿਬਾਨ ਨੂੰ ਇਹ ਵੀ ਯਾਦ ਕਰਾਇਆ ਗਿਆ ਕਿ ਪੰਜਾਬ ਦੇ ਸਿਆਸਤਦਾਨ, ਹਰਿਆਣੇ ਦੇ ਓਮ ਪ੍ਰਕਾਸ਼ ਚੌਟਾਲੇ ਜਿਹੇ ਭੋਲੇ ਨਹੀਂ, ਜੋ ਕਨੂੰਨ ਦੇ ਅੜਿੱਕੇ ਆ ਕੇ ਜੇਲ ਜਾ ਬਹਿਣਗੇ। ਇਹ ਤਾਂ ਕੇਸ ਦੇ ਆਰੰਭ ਵਿੱਚ ਹੀ ’ਕੱਲੇ ’ਕੱਲੇ ਗਵਾਹ ਨੂੰ ‘ਮੁਕਰਾਉਣ’ ਦੀ ਕਲਾ ਵਰਤਾਉਣ ’ਚ ਪ੍ਰਬੀਨ ਹਨ। ਇਸ ਪੱਖੋਂ ਵੀ ਚੌਕਸ ਰਿਹਾ ਜਾਵੇ। ਈ-ਮੇਲ ਰਾਹੀਂ ਮੇਰੇ ਵੱਲੋਂ ਭੇਜਿਆ ਪੁ¦ਦਾ ਮਿਲ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਵਕੀਲ ਜੀ ਨੇ ਆਪਣੀ ‘ਵਾਲ’ ਉੱਤੇ ਮੇਰਾ ਧੰਨਵਾਦ ਵੀ ਕਰਿਆ ਅਤੇ ਔਰਬਿੱਟ ਬੱਸਾਂ ਬਾਰੇ ਮੇਰੀ ਲਿਖੀ ਇੱਕ ਬੈਂਤ ਵੀ ਪਾ ਦਿੱਤੀ।

ਮੋਗਾ ਇਲਾਕੇ ਦੇ ਦੋਸਤ ਦੱਸਦੇ ਨੇ ਕਿ ਸਾਡੇ ਉੱਥੇ ‘ਮੋਗਾ ਚਾਹ ਜੋਗਾ’ ਇੱਕ ਮੁਹਾਵਰੇ ਵਜੋਂ ਹੀ ਕਿਹਾ-ਸੁਣਿਆ ਜਾਂਦਾ ਹੈ। ਮੋਗਾ ਕਾਂਡ ਬਾਰੇ ਲਿਖਦਿਆਂ ਮਨ ਵਿੱਚ ਸਵਾਲ ਉੱਠਦਾ ਹੈ ਕਿ ‘‘ਮੋਗਾ, ਹੁਣ ਨਿਆਂ ਹੋਗਾ? ਜਾਂ ਬੀਬੀ ਜੈਲਲਿਤਾ ਦੇ ਕੇਸ ਵਾਂਗ ਕਈ ਵਰ੍ਹੇ ਪਾਣੀ ’ਚ ਮਧਾਣੀ ਹੀ ਫਿਰੀ ਜਾਵੇਗੀ?’’


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top