ਆਕਲੈਂਡ— ਨਿਊਜ਼ੀਲੈਂਡ ਵਿਚ ਇਕ ਸੜਕ ਹਾਦਸੇ ਵਿਚ ਖੂਨ ਨਾਲ ਲਥਪਥ ਪਏ
ਬੱਚੇ ਨੂੰ ਬਚਾਉਣ ਲਈ ਆਪਣੀ ਪਗੜੀ ਲਾਹੁਣ ਵਾਲੇ ਹਰਮਨ ਸਿੰਘ ਦੀਆਂ ਤਾਰੀਫਾਂ ਦੇ ਪੁੱਲ੍ਹ
ਹਰ ਪਾਸੇ ਬੰਨ੍ਹੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇੱਕੋ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ
ਹੈ ਤੇ ਉਹ ਹੈ ਹਰਮਨ ਸਿੰਘ ਦਾ।
ਇਸ ਦੌਰਾਨ ਹਰਮਨ ਸਿੰਘ ਦੇ ਇਕ ਹੋਰ ਕੰਮ ਨੇ ਲੋਕਾਂ ਦਾ ਮਨ ਮੋਹ
ਲਿਆ ਤੇ ਉਨ੍ਹਾਂ ਨੇ ਦੱਸ ਦਿੱਤਾ ਕਿ ਪੰਜਾਬੀਆਂ ਨੂੰ ਪੂਰੀ ਦੁਨੀਆ ਵਿਚ ਸਭ ਤੋਂ ਮਿਲਣਸਾਰ
ਕਿਉਂ ਮੰਨਿਆ ਜਾਂਦਾ ਹੈ। ਹਰਮਨ ਨੇ ਨਾ ਸਿਰਫ ਦੇਈਜੋਨ ਨਾਂ ਦੇ ਇਸ ਬੱਚੇ ਨੂੰ ਬਚਾਇਆ ਸਗੋਂ
ਬਾਅਦ ਵਿਚ ਉਹ ਹਸਪਤਾਲ ਵਿਚ ਵੀ ਉਸ ਨੂੰ ਮਿਲਣ ਲਈ ਗਿਆ। ਹਰਮਨ ਮੰਗਲਵਾਰ ਨੂੰ ਯਾਨੀ ਅੱਜ
ਫੁੱਲਾਂ ਦਾ ਗੁਲਦਸਤਾ ਲੈ ਕੇ ਜ਼ਖਮੀ ਹੋਏ ਬੱਚੇ ਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਹਸਪਤਾਲ
ਪਹੁੰਚ ਗਿਆ। ਹਰਮਨ ਨੂੰ ਦੇਖ ਕੇ ਬੱਚਾ ਤਾਂ ਖੁਸ਼ ਹੋ ਹੀ ਗਿਆ ਤੇ ਉਸ ਨੇ ਹਰਮਨ ਨੂੰ ਕਿਹਾ
'ਥੈਂਕ ਯੂ ਮਿਸਟਰ ਸਿੰਘ' ਤੇ ਬੱਚੇ ਦੇ ਮਾਤਾ-ਪਿਤਾ
ਨੇ ਹਰਮਨ ਨੂੰ ਗਲੇ ਨਾਲ ਲਗਾ ਕੇ ਉਸ ਨਾਲ ਅਪਣੱਤ ਦੀ ਸਾਂਝ ਪਾ ਲਈ।
ਹਰਮਨ ਨੇ ਕਿਹਾ ਕਿ ਦੇਈਜੋਨ ਇਕ ਫਾਈਟਰ ਹੈ, ਉਹ ਇਕ ਬਹਾਦਰ ਬੱਚਾ
ਹੈ, ਜਿਸ ਨੇ ਆਪਣੇ ਇੰਨੇਂ ਖਤਰਨਾਕ ਹਾਦਸੇ ਤੋਂ ਬਾਅਦ ਆਪਣੀ ਜ਼ਿੰਦਗੀ ਲਈ ਸੰਘਰਸ਼ ਜਾਰੀ
ਰੱਖਿਆ, ਜਿਸ ਕਾਰਨ ਉਸ ਨੂੰ ਬਚਾਇਆ ਜਾ ਸਕਿਆ।
ਨੈਸ਼ਨਲ ਸਿੱਖ ਕਮਿਊਨਿਟੀ ਨੇ ਵੀ ਹਰਮਨ
ਦੇ ਇਸ ਕੰਮ ਲਈ ਉਸ ਨੂੰ ਸਨਮਾਨਤ ਕੀਤਾ, ਪਰ ਹਰਮਨ ਨਿਮਰਤਾ ਨਾਲ ਆਖ ਦਿੰਦਾ ਹੈ ਕਿ ਉਸ ਨੇ
ਕੁਝ ਵੀ ਖਾਸ ਨਹੀਂ ਕੀਤਾ, ਸਗੋਂ ਉਸ ਨੇ ਉਹੀ ਕੀਤਾ, ਜੋ ਕਿਸੇ ਵੀ ਵਿਅਕਤੀ ਨੂੰ ਮੌਕੇ
'ਤੇ ਕਰਨਾ ਚਾਹੀਦਾ ਸੀ।