Share on Facebook

Main News Page

ਜੋ ਕੌਮ ਲਈ ਲੜਦੇ ਹਨ ਉਹ ਸਤਿਕਾਰੇ ਜਾਂਦੇ ਨੇ, ਜਿਹੜੇ ਬਚਨਾ ਤੋਂ ਭੱਜਣ ਉਹ ਦੁਰਕਾਰੇ ਜਾਂਦੇ ਨੇ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਜਿਸੇ ਵੀ ਬੰਦੇ ਕਿਸੇ ਵੀ ਖੇਤਰ ਵਿੱਚ ਕੋਈ ਉਪਲੱਭਦੀ ਪਰਾਪਤ ਕੀਤੀ ਹੈ ਜਾਂ ਲੋਕ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ, ਉਸ ਨੂੰ ਉਸ ਦੀ ਕੌਮ ਅਤੇ ਜੇ ਹਕੂਮਤ ਵੀ ਸਮਝਦਾਰ ਹੋਵੇ, ਤਾਂ ਸਤਿਕਾਰ ਦਿੰਦੀ ਹੈ। ਕੁੱਝ ਇੱਕ ਅਜਿਹੀਆਂ ਇਤਿਹਾਸਿਕ ਮਿਸਾਲਾਂ ਵੀ ਹਨ ਕਿ ਜਿੱਥੇ ਸਮੇਂ ਦੀਆਂ ਹਕੂਮਤਾਂ ਨੇ ਵੱਡੀਆਂ ਕੁਰਬਾਨੀਆਂ ਨੂੰ ਵੀ, ਇਸ ਕਰਕੇ ਅੱਖੋਂ ਪਰੋਖੇ ਕੀਤਾ ਹੈ ਕਿਉਂਕਿ ਕੁਰਬਾਨੀ ਕਰਨ ਵਾਲੇ ਦਾ ਰੰਗ ਜਾਂ ਜਾਤ ਹਕੂਮਤ ਕਰਦੇ ਲੋਕਾਂ ਨਾਲੋਂ ਥੋੜੀ ਭਿੰਨ ਹੁੰਦੀ ਹੈ, ਜੇ ਦੁਨੀਆਂ ਦੇ ਇਤਿਹਾਸ ਵਿੱਚ ਕੁਰਬਾਨੀਆਂ ਦੀ ਗਿਣਤੀ ਕਰੀਏ ਤਾਂ ਆਪਣੀ ਕੌਮ ਦੀ ਆਬਾਦੀ ਦੇ ਹਿਸਾਬ ਨਾਲ, ਸਿੱਖਾਂ ਦੀਆਂ ਕੁਰਬਾਨੀਆਂ ਦਾ ਕੋਈ ਸਾਨੀ ਨਹੀਂ ਹੈ, ਖਾਸ ਕਰਕੇ ਭਾਰਤ ਦੇਸ਼ ਦੀ ਆਜ਼ਾਦੀ ਨੂੰ ਹੀ ਵੇਖੀਏ ਜਾਂ ਫਿਰ ਆਜ਼ਾਦੀ ਨੂੰ ਸਲਾਮਤ ਰੱਖਣ ਵਾਸਤੇ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਦਾ ਲੇਖਾ ਕਰੀਏ ਤਾਂ ਸਿੱਖਾਂ ਨੂੰ ਇੱਥੋਂ ਦੇ ਨਿਜ਼ਾਮ ਨੇ ਓਨਾਂ ਸਤਿਕਾਰ ਨਹੀਂ ਦਿੱਤਾ ਜਿਸ ਦੇ ਸਿੱਖ ਹੱਕਦਾਰ ਹਨ, ਪਰ ਇਸਦੇ ਬਦਲੇ ਸਿੱਖਾਂ ਨੂੰ ਦੰਡ ਜਰੂਰ ਮਿਲਿਆ ਹੈ, ਲੇਕਿਨ ਆਪਣੀ ਕੌਮ ਨੂੰ ਤਾਂ ਹਮੇਸ਼ਾ ਸਤਿਕਾਰ ਹੈ, ਆਪਣੇ ਸ਼ਹੀਦਾਂ ਜਾਂ ਉਹਨਾਂ ਯੋਧਿਆਂ ਦਾ, ਜਿਹੜੇ ਸਿਰ ਤਲੀ ਉੱਤੇ ਰੱਖਕੇ ਕੌਮ ਵਾਸਤੇ ਲੜਦੇ ਹਨ।

ਭਾਰਤ ਵਿੱਚ ਸਿੱਖਾਂ ਦੀ ਅਣਦੇਖੀ ਅਤੇ ਸਰਕਾਰੀ ਜਬਰ ਕਾਰਨ ਗੁਲਾਮੀ ਦੇ ਦੌਰ ਵਿੱਚੋਂ ਗੁਜਰ ਰਹੀ, ਸਿੱਖ ਕੌਮ ਦੂਹਰੀ ਤੀਹਰੀ ਮਾਰ ਝੱਲ ਰਹੀ ਹੈ। ਸਾਰੇ ਪਾਠਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਰਤੀ ਕਾਨੂੰਨ ਵਿੱਚ ਸਿੱਖਾਂ ਦੇ ਕਾਤਲ ਤਾਂ ਫਾਂਸੀ ਦੀ ਸਜ਼ਾ ਤੋਂ ਨਿਜਾਤ ਪਾ ਕੇ, ਰਿਹਾਈ ਵੀ ਕਰਵਾ ਚੁੱਕੇ ਹਨ, ਪਰ ਜਿੱਥੇ ਕਿਤੇ ਸਿੱਖਾਂ ਤੋਂ ਮਜਬੂਰੀ ਵੱਸ ਕਤਲ ਹੋਇਆ ਅਤੇ ਅਦਾਲਤਾਂ ਵਲੋਂ ਮਿਲੀਆਂ ਸਖ਼ਤ ਸਜਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ, ਉਹਨਾਂ ਨੂੰ ਰਿਹਾਈ ਨਹੀਂ ਮਿਲ ਰਹੀ। ਇਸ ਵਿਤਕਰੇ ਨੂੰ ਮੁੱਖ ਰੱਖਕੇ ਸਿੱਖਾਂ ਨੇ ਸ਼ਾਂਤਮਈ ਸੰਘਰਸ਼ ਦਾ ਰਸਤਾ ਆਪਣਾ ਲਿਆ, ਜਿਸ ਦੇ ਚੱਲਦਿਆਂ ਹਰਿਆਣਾ ਦੇ ਪਿੰਡ ਠਸਕਾ ਅਲੀ ਨਿਵਾਸੀ ਗੁਰਬਖਸ਼ ਸਿੰਘ ਨੇ ਪਹਿਲ ਕਦਮੀ ਕਰਕੇ, ਮੋਹਾਲੀ ਦੇ ਇਤਿਹਾਸਿਕ ਗੁਰਦਵਾਰਾ ਸਾਹਿਬ ਅੰਬ ਸਾਹਿਬ ਵਿਖੇ, ਮਰਨ ਵਰਤ ਆਰੰਭ ਕੀਤਾ ਸੀ, ਜਿਹੜਾ ਕਾਫੀ ਲੰਬਾ ਸਮਾਂ ਚੱਲਦਾ ਰਿਹਾ, ਪਰ ਅਖੀਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ, ਗੁਰਬਖਸ਼ ਸਿੰਘ, ਸਰਕਾਰ ਅਤੇ ਕੁੱਝ ਆਗੂਨੁਮਾ ਲੋਕਾਂ ਨੇ ਸੰਘਰਸ਼ ਦੀ ਖਿੱਚੜੀ ਬਣਾ ਦਿੱਤੀ ਅਤੇ ਝੂਠੇ ਭਰੋਸਿਆਂ ਅਤੇ ਤਸੱਲੀਆਂ ਵਿੱਚ ਸਭ ਕੁੱਝ ਸਮਾਪਤ ਹੋ ਗਿਆ। ਕਿਸੇ ਨੇ ਗੁਰਬਖਸ਼ ਸਿੰਘ ਨੂੰ ਮਾੜਾ ਕਿਹਾ ਕਿਸੇ ਨੇ ਚੰਗਾ ਵੀ ਕਿਹਾ, ਕੁੱਝ ਲੋਕਾਂ ਨੇ ਇਹ ਆਖ ਕੇ ਗੁਰਬਖਸ਼ ਸਿੰਘ ਨੂੰ ਦੋਸ਼ ਮੁਕਤ ਕੀਤਾ ਕਿ ਗਲਤੀ ਜਥੇਦਾਰ ਦੀ ਹੈ ਅਤੇ ਕਿਸੇ ਨੇ ਇਹ ਵੀ ਕਿਹਾ ਕਿ ਚੱਲੋ ਸਿੰਘਾਂ ਦੀ ਪਰੋਲ ਤਾਂ ਹੋਈ, ਇਸ ਤਰ੍ਹਾਂ ਦੇ ਆਪਾ ਵਿਰੋਧੀ ਵਿਚਾਰ ਚੱਲਦੇ ਰਹੇ।

ਜਦੋਂ ਕੁੱਝ ਲੋਕਾਂ ਨੇ ਇਹ ਕਿਹਾ ਕਿ ਗੁਰਬਖਸ਼ ਸਿੰਘ ਨੇ ਅਰਦਾਸ ਭੰਗ ਕੀਤੀ ਹੈ ਕਿਉਂਕਿ ਉਸ ਨੇ ਕਿਹਾ ਸੀ ਕਿ ਮੈਂ ਅਰਦਾਸ ਕੀਤੀ ਹੈ ਕਿ "ਜਾਂ ਤਾਂ ਸਿੰਘ ਰਿਹਾ ਹੋਣਗੇ ਜਾਂ ਫਿਰ ਮੈਂ ਫਤਹਿ ਬੁਲਾਵਾਂਗਾ", ਇਸ 'ਤੇ ਗੁਰਬਖਸ਼ ਸਿੰਘ ਨੇ ਬਹੁਤ ਵਾਰ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ, ਪਰ ਹਰ ਪਾਸੇ ਇਹ ਹੀ ਚਰਚਾ ਸੀ ਕਿ ਗੁਰਬਖਸ਼ ਸਿੰਘ ਬਚਨਾ ਤੋਂ ਖਿਸਕ ਗਿਆ ਹੈ। ਇਸ ਗੱਲ ਤੋਂ ਖਫਾ ਹੋਏ ਗੁਰਬਖਸ਼ ਸਿੰਘ ਨੇ, ਫਿਰ ਕਚੀਚੀ ਵੱਟੀ ਤੇ ਹਰਿਆਣਾ ਦੇ ਗੁਰਦਵਾਰਾ ਲਖਨੌਰ ਸਾਹਿਬ ਵਿਖੇ ਮੁੜ੍ਹ ਤੋਂ ਮਰਨ ਵਰਤ ਆਰੰਭ ਦਿੱਤਾ। ਸ਼ੁਰੁਆਤੀ ਦੌਰ ਵਿੱਚ ਸਿੱਖਾ ਨੂੰ ਭਰੋਸਾ ਹੀ ਨਹੀਂ ਕਿ ਇਹ ਮਰਨ ਵਰਤ ਸਿਰੇ ਲੱਗੇਗਾ, ਪਰ ਪੰਥ ਬੜਾ ਦਿਆਲੂ ਹੈ, ਥੋੜੇ ਦਿਨਾਂ ਬਾਅਦ ਫਿਰ ਪੰਥ ਨੇ ਸੰਘਰਸ਼ ਨੂੰ ਮੋਢਾ ਲਾ ਲਿਆ। ਲੇਕਿਨ ਕੁੱਝ ਸਿਆਣੇ ਸਿੱਖ ਵਿਦਵਾਨਾਂ ਨੇ ਤਾਂ ਦੂਜੀ ਵਾਰ ਮਰਨ ਵਰਤ ਉੱਤੇ ਬੈਠਣ ਤੋਂ ਪਹਿਲਾਂ, ਆਰ.ਐਸ.ਐਸ. ਦੇ ਆਗੂਆਂ ਨਾਲ ਗੁਰਬਖਸ਼ ਸਿੰਘ ਦੀਆਂ ਪ੍ਰਕਾਸ਼ਿਤ ਹੋਈਆਂ ਤਸਵੀਰ ਤੋਂ ਹੀ ਅੰਦਾਜ਼ਾ ਲਗਾ ਲਿਆ ਸੀ, ਕਿ ਹੁਣ ਦੂਜੀ ਵਾਰ ਵੀ ਸਿੱਖ ਕੌਮ ਨਾਲ ਛਲ ਹੋਵੇਗਾ ਅਤੇ ਉਹਨਾਂ ਦਾ ਅੰਦਾਜ਼ਾ ਇਹ ਵੀ ਸੀ ਕਿ ਗੁਰਬਖਸ਼ ਸਿੰਘ ਨੂੰ ਆਸ ਹੈ ਕਿ ਹੁਣ ਹਰਿਆਣਾ ਦਾ ਆਰ.ਐਸ.ਐਸ. ਮੁੱਖ ਮੰਤਰੀ ਉਸ ਨੂੰ ਮਰਨ ਨਹੀਂ ਦੇਵੇਗਾ ਅਤੇ ਕੋਈ ਹੱਲ ਨਿੱਕਲ ਆਵੇਗਾ।

ਲੇਕਿਨ ਸਿੱਖ ਜਿੰਨੇ ਮਰਜ਼ੀ ਆਰ.ਐਸ.ਐਸ. ਦੇ ਤਲੁਏ ਚੱਟ ਲੈਣ, ਇਹ ਲੋਕ ਸਿੱਖਾਂ ਦਾ ਭਲਾ ਕਦੇ ਸੁਫਨੇ ਵਿੱਚ ਵੀ ਨਹੀਂ ਸੋਚ ਸਕਦੇ। ਇਸ ਤਰ੍ਹਾਂ ਗੁਰਬਖਸ਼ ਸਿੰਘ ਦਾ ਦੂਜਾ ਮਰਨ ਵਰਤ ਵੀ ਖੇਹ ਵਿੱਚ ਰਲ ਗਿਆ ਅਤੇ ਸਿੱਖਾਂ ਅੰਦਰ ਗੁਰਬਖਸ਼ ਸਿੰਘ ਪ੍ਰਤੀ ਪੈਦਾ ਹੋਏ ਰੋਹ ਨੂੰ ਵੇਖਦਿਆਂ, ਹਰਿਆਣਾ ਸਰਕਾਰ ਨੇ ਉਸ ਨੂੰ ਪੁਲਿਸ ਦੇ ਗੰਨਮੈਨ ਵੀ ਦੇ ਦਿੱਤੇ, ਪਰ ਗੁਰਬਖਸ਼ ਸਿੰਘ ਹਾਲੇ ਵੀ ਪੈਰਾ ਉੱਤੇ ਪਾਣੀ ਨਹੀਂ ਪੈਣ ਦਿੰਦਾ ਕਿ ਮੈਂ ਕਿਸੇ ਗੱਲੋਂ ਪਿੱਛੇ ਹਟਿਆ ਹਾਂ, ਲੇਕਿਨ ਸਾਰਾ ਕੁੱਝ ਪਾਠਕਾ ਨੇ ਅੱਖਾਂ ਸਾਹਵੇ ਵੇਖਿਆ ਅਤੇ ਰੋਜ਼ ਅਖਬਾਰਾਂ ਵਿੱਚ ਪੜਿਆ ਹੈ, ਕਿਸੇ ਵੀ ਸਿੱਖ ਨੂੰ ਕੋਈ ਭੁਲੇਖਾ ਨਹੀਂ ਹੈ, ਪਰ ਸਿੱਖਾਂ ਵਿੰਚ ਇੱਕ ਅਵਗੁਣ ਹੈ ਕਿ ਜੇ ਕੋਈ ਗਲਤ ਕੰਮ ਹੋ ਜਾਵੇ ਤਾਂ ਉਸ ਗਲਤੀ ਨੂੰ ਮੰਨ ਕੇ ਅੱਗੋਂ ਸੁਧਾਰ ਕਰਨ ਦੀ ਥਾਂ, ਆਪਣੀ ਗਲਤੀ ਨੂੰ ਸੱਚ ਸਾਬਤ ਕਰਨ ਵਾਸਤੇ ਸਾਰਾ ਜੋਰ ਲਾ ਦਿੰਦੇ ਹਨ ਅੱਜ ਵੀ ਇੱਕਾ ਦੁੱਕਾ ਬੰਦੇ ਗੁਰਬਖਸ਼ ਸਿੰਘ ਨੂੰ ਦਰੁਸਤ ਆਖਣੋ ਨਹੀਂ ਰਹਿੰਦੇ, ਪਰ ਸਿੱਖਾਂ ਅੰਦਰ ਗੁਰਬਖਸ਼ ਸਿੰਘ ਦੀ ਕੀਹ ਤਸਵੀਰ ਬਣ ਚੁਕੀ ਹੈ, ਉਸ ਦਾ ਪਤਾ ਅੱਜ ਉਸ ਵੇਲੇ ਲੱਗਾ ਜਦੋਂ ਗੁਰਬਖਸ਼ ਸਿੰਘ ਬਾਪੂ ਸੂਰਤ ਸਿੰਘ ਖਾਲਸਾ ਦੇ ਘਰ ਪਹੁੰਚਿਆ।

ਬਾਪੂ ਸੂਰਤ ਸਿੰਘ ਨੂੰ ਮਰਨ ਵਰਤ ਉੱਤੇ ਬੈਠੇ, ਅੱਜ ਇੱਕ ਸੌ ਵੀਹ ਦਿਨ ਪੂਰੇ ਹੋ ਚੁੱਕੇ ਹਨ। ਉਹਨਾਂ ਨੂੰ ਜੋ ਡਾਕਟਰਾਂ ਨੇ ਪੁਲਿਸ ਹਿਰਾਸਤ ਵਿੱਚ ਜਬਰੀ ਨੱਕ ਰਾਹੀ ਕੁੱਝ ਅੰਦਰ ਪਾਇਆ, ਉਹ ਮਜਬੂਰੀ ਸੀ, ਪਰ ਅੱਜ ਤੱਕ ਪਾਣੀ ਤੋਂ ਬਿਨ੍ਹਾਂ ਬਾਪੂ ਨੇ ਕੋਈ ਚੀਜ ਆਪਣੇ ਮੁੰਹ ਅੰਦਰ ਨਹੀਂ ਜਾਣ ਦਿੱਤੀ। ਗੁਰਬਖਸ਼ ਸਿੰਘ ਨਾਲ ਪਹਿਲੇ ਮਰਨ ਵਰਤ ਵੇਲੇ ਦਾਸ ਲੇਖਕ ਲਗਭਗ ਛੱਬੀ ਸਤਾਈ ਦਿਨ ਲਗਾਤਾਰ ਅੰਬ ਸਾਹਿਬ ਵਿਖੇ ਰਿਹਾ ਅਤੇ ਜਦੋਂ ਗੁਰਬਖਸ਼ ਸਿੰਘ ਦੀ ਖਿਚੜੀ ਪੱਕਣ ਲਗੀ, ਤਾਂ ਉਸ ਦਿਨ ਫਤਿਹ ਬੁਲਾ ਦਿਤੀ ਸੀ ਤੇ ਨਾਲ ਹੀ ਸਾਰੀ ਵਾਰਤਾ ਲਿਖ ਦਿੱਤੀ ਕਿ ਮਰਨ ਵਰਤ ਦਾ ਕੀਹ ਹੋਵੇਗਾ, ਉਹ ਹੀ ਹੋਇਆ ਜੋ ਦਾਸ ਨੇ ਦੋ ਦਿਨ ਪਹਿਲਾਂ ਲਿਖ ਦਿੱਤਾ ਸੀ। ਜਦੋਂ ਦੂਜਾ ਮਰਨ ਵਰਤ ਆਰੰਭ ਹੋਇਆ ਤਾਂ ਮੇਰੇ ਮਨ ਵਿੱਚ ਪਹਿਲਾ ਹੀ ਖਦਸ਼ਾ ਸੀ ਕਿ ਇਹਨਾਂ ਤਿਲਾਂ ਵਿੱਚ ਤੇਲ ਨਹੀਂ ਹੈ। ਇਸ ਕਰਕੇ ਕੋਈ ਬਹੁਤੀ ਤਵੱਜੋਂ ਨਾ ਦਿੱਤੀ, ਪਰ ਵਿਦੇਸ਼ੀ ਸਿੱਖਾਂ ਵੱਲੋਂ ਜੋਰ ਪਾਉਣ ਤੇ ਦਾਸ ਨੇ ਫਿਰ ਸ਼ਰਮੋ ਕੁ ਸ਼ਰਮੀ ਕੁੱਝ ਲਿਖਿਆ, ਲੇਕਿਨ ਭਰੋਸਾ ਨਹੀਂ ਸੀ। ਅਚਾਨਕ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਦਾਸ ਨੂੰ ਕਿਹਾ ਕਿ ਹੁਣੇ ਹੀ ਗੁਰਬਖਸ਼ ਸਿੰਘ ਨੂੰ ਮਿਲਣ ਜਾਣਾ ਹੈ, ਜਦੋਂ ਅਸੀਂ ਉਥੇ ਪਹੁੰਚੇ ਤਾਂ ਗੁਰਬਖਸ਼ ਸਿੰਘ ਦਾ ਰਜਾਈ ਵਿੱਚੋ ਨਿਕਲਣ ਦਾ ਤਰੀਕਾ ਵੇਖ ਕੇ ਬਹੁਤੇ ਸੱਜਣ ਮੁਸ਼ਕੜੀਆਂ ਹੱਸ ਰਹੇ ਸਨ, ਪਰ ਜਿਉਂ ਹੀ ਗੁਰਬਖਸ਼ ਸਿੰਘ ਨੇ ਮੁੰਹ ਖੋਲਿ•ਆ ਤਾਂ ਪਹਿਲਾ ਬਚਨ ਇਹ ਹੀ ਕੀਤਾ ਕਿ ਹੁਣ ਮੇਰੀ ਯਾਦ ਗਈ?

ਅੱਜ ਗੁਰਬਖਸ਼ ਸਿੰਘ ਨੂੰ ਵੀ ਤਾਂ ਇੱਕ ਸੌ ਵੀਹ ਦਿਨ ਬੀਤਣ ਤੇ ਹੀ ਬਾਪੂ ਦੀ ਯਾਦ ਆਈ, ਜਿਉਂ ਹੀ ਉਹ ਬਾਪੂ ਖਾਲਸਾ ਦੇ ਘਰ ਪਹੁੰਚਿਆ ਤਾਂ ਉਥੇ ਬੈਠੀ ਸੰਗਤ ਇੱਕ ਦਮ ਲੋਹੀ ਲਾਖੀ ਹੋ ਗਈ ਕਿ ਪੰਥ ਦਾ ਅਤੇ ਸੰਘਰਸ਼ ਦਾ ਭਗੌੜਾ ਆ ਗਿਆ ਹੈ। ਗੁਰਬਖਸ਼ ਸਿੰਘ ਦੋ ਹਰਿਆਣਾ ਪੁਲਿਸ ਦੇ ਗੰਨਮੈਨਾਂ ਅਤੇ ਪੌਣੀ ਕੁ ਦਰਜਨ ਹੋਰ ਸਾਥੀਆ ਨਾਲ ਆਉਂਦਿਆਂ ਹੀ, ਬਾਪੂ ਨਾਲ ਫੋਟੋ ਖਿੱਚਣ ਅਤੇ ਮੂਵੀਆਂ ਬਣਾਉਣ ਵੱਲ ਰੁੱਝ ਗਿਆ, ਜਿਸ ਤੇ ਉਥੇ ਬੈਠੇ ਪੰਥ ਦਰਦੀਆਂ ਨੇ ਉਸ ਨੂੰ ਕਿਹਾ ਕਿ ਤੈਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ, ਤੂੰ ਇੱਕ ਸੌ ਵੀਹ ਦਿਨਾਂ ਤੋਂ ਕਿਹੜੀ ਖੁੱਡ ਵਿੱਚ ਲੁੱਕਿਆ ਹੋਇਆ ਸੀ। ਸੰਗਤ ਇੰਨੀ ਗੁੱਸੇ ਵਿੱਚ ਆ ਗਈ ਕਿ ਜੇ ਗੁਰਬਖਸ਼ ਸਿੰਘ ਦੋ ਚਾਰ ਮਿੰਟ ਹੋਰ ਰੁਕਦਾ ਤਾਂ ਸ਼ਾਇਦ ਉਸ ਦਾ ਚਿਹਰਾ ਕਿਸੇ ਨੂੰ ਪਹਿਚਾਣ ਨਾ ਆਉਂਦਾ, ਕਿਸੇ ਇੱਕ ਸਿੰਘ ਨੇ ਤਾਂ ਉਸ ਦੇ ਨਾਲ ਆਏ ਇੱਕ ਬੰਦੇ ਨੂੰ ਖਿੱਚ ਵੀ ਲਿਆ ਸੀ, ਸ. ਸੁਰਿੰਦਰ ਸਿੰਘ ਠੀਕਰੀਵਾਲਾ ਨੇ ਵੀ ਗੁਰਬਖਸ਼ ਸਿੰਘ ਦੀ ਝਾੜ ਝੰਬ ਕੀਤੀ, ਲੇਕਿਨ ਬਾਪੂ ਜੀ ਦੀ ਬੇਟੀ ਨੇ ਸਭ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਅਮਨ ਬਣਾਈ ਰੱਖਣ ਦੀ ਗੱਲ ਆਖਕੇ ਸ਼ਾਂਤ ਕਰ ਦਿੱਤਾ ਅਤੇ ਗੁਰਬਖ਼ਸ਼ ਸਿੰਘ ਨੂੰ ਨਿਕਲਣ ਦਾ ਮੌਕਾ ਮਿਲ ਗਿਆ, ਪਰ ਇਸ ਵਿੱਚ ਕੋਈ ਸਾਜਿਸ਼ ਨਹੀਂ ਸੀ, ਸਗੋਂ ਸਿੱਖਾਂ ਅੰਦਰ ਇੱਕ ਰੋਹ ਹੈ ਕਿ ਬਾਪੂ ਕਿਸੇ ਦੀ ਭੰਗ ਕੀਤੀ ਹੋਈ ਅਰਦਾਸ ਨੂੰ ਪ੍ਰਵਾਨ ਚੜ੍ਹਾਉਣ ਵਾਸਤੇ, ਕੁਰਬਾਨ ਹੋ ਰਿਹਾ ਹੈ, ਉਹ ਲੋਕ ਜਿਹੜੇ ਅਰਦਾਸ ਭੰਗ ਕਰਨ ਦੇ ਦੋਸ਼ੀ ਹੋਣ ਅਤੇ ਇੱਕ ਸੌ ਵੀਹ ਦਿਨ ਸਾਰ ਨਾ ਲੈਣ, ਜੇ ਆਉਣ ਤਾਂ ਆਉਂਦੇ ਹੀ ਫੋਟੋਆਂ ਖਿੱਚ ਕੇ ਲਾਹਾ ਲੈਣਾ ਚਾਹੁਣ ਤਾਂ ਸਿੱਖਾਂ ਦੇ ਬਰਦਾਸ਼ਤ ਤੋਂ ਬਾਹਰ ਹੈ।

ਬੰਦੀ ਸਿੰਘਾਂ ਦੀ ਰਿਹਾਈ ਹੋ ਜਾਵੇ ਤਾਂ ਵੱਖਰੀ ਗਲ ਹੈ ਨਹੀਂ ਤਾਂ ਬਾਪੂ ਸੂਰਤ ਸਿੰਘ ਖਾਲਸਾ ਦੀ ਸ਼ਹੀਦੀ ਅਟੱਲ ਹੈ। ਉਹ ਇਸ ਗੱਲ ਤੋਂ ਹੀ ਤਰਕ ਖਾ ਕੇ ਮਰਨ ਵਰਤ ਉੱਤੇ ਬੈਠੇ ਹਨ ਕਿ ਸਿੱਖਾਂ ਦੀ ਪੁਰਾਤਨ ਸ਼ਵੀ ਖਰਾਬ ਨਾ ਹੋਵੇ ਅਤੇ ਕੋਈ ਇਹ ਨਾ ਕਹੇ ਕਿ ਸਿੱਖ ਬਚਨਾ ਦੇ ਪੱਕੇ ਨਹੀਂ ਹਨ। ਇਸ ਕਰਕੇ ਸਿੱਖਾਂ ਦੇ ਮਨ ਅੰਦਰ ਬਾਪੂ ਖਾਲਸਾ ਦੀ ਦ੍ਰਿੜਤਾ ਅਤੇ ਸਿੱਦਕ ਦਿਲੀ ਵੇਖ ਕੇ ਇੱਕ ਵੱਡਾ ਸਤਿਕਾਰ ਪੈਦਾ ਹੋ ਰਿਹਾ ਹੈ, ਜਦੋਂ ਕਿ ਗੁਰਬਖਸ਼ ਸਿੰਘ ਵੱਲੋਂ ਕੌਮ ਨੂੰ ਵਿਖਾਈ ਪਿੱਠ ਕਰਕੇ ਉਸ ਨਾਲ ਅੱਜ ਕੋਈ ਹਮਦਰਦੀ ਨਹੀਂ ਰਹੀ, ਜਿਸ ਕਰਕੇ ਸਿੱਖਾਂ ਨੇ ਅੱਜ ਗੁਰਬਖਸ਼ ਸਿੰਘ ਦੀ ਆਮਦ ਦਾ ਬੁਰਾ ਮਨਾਇਆ, ਜਿਸ ਨਾਲ ਸਾਬਤ ਹੋ ਗਿਆ ਹੈ ਕਿ ਜੋ ਕੌਮ ਲਈ ਲੜਦੇ ਹਨ, ਉਹ ਸਤਿਕਾਰੇ ਜਾਂਦੇ ਨੇ, ਜਿਹੜੇ ਬਚਨਾ ਤੋਂ ਭੱਜਣ ਉਹ ਦੁਰਕਾਰੇ ਜਾਂਦੇ ਨੇ....!

ਗੁਰੂ ਰਾਖਾ !!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top