ਭਾਰਤੀ
ਜਨਤਾ ਪਾਰਟੀ ਦੇ ਲੀਡਰਾਂ ਅਤੇ ਹਿੰਦੂ ਸਾਧਾਂ ਦੀ ਤਰਜ਼ ‘ਤੇ ਹੀ ਸਿੱਖਾਂ ਦੇ ਅਖੌਤੀ ਜਥੇਦਾਰ ਨੇ
ਵੀ ਬਿਆਨ ਦਾਗ਼ ਦਿਤਾ ਹੈ ਕਿ ਹਰੇਕ ਸਿੱਖ ਜੋੜਾ ਚਾਰ ਚਾਰ ਬੱਚੇ ਪੈਦਾ ਕਰੇ। ਮੁੱਖ
ਗ੍ਰੰਥੀ ਗੁਰਬਚਨ ਸਿੰਘ ਦੇ ਇਸ ਬਿਆਨ ਦਾ ਸਮੁੱਚੇ ਸਿੱਖ ਜਗਤ ਵਿਚ ਵਿਰੋਧ ਹੋਇਆ ਹੈ।
ਸਿੱਖ
ਬੁੱਧੀਜੀਵੀ ਉਸ ਤੋਂ ਇਹ ਪੁੱਛ ਰਹੇ ਹਨ ਕਿ ਉਹ ਪੰਜਾਬ ਦੀ ਨੌਜੁਆਨੀ ਨੂੰ ਸੰਭਾਲਣ ਦੀ ਗੱਲ ਕਿਉਂ
ਨਹੀਂ ਕਰਦਾ?
ਪੰਜਾਬ ਦੀ ਤਰਸਯੋਗ ਹਾਲਤ ਵਲ ਨਜ਼ਰ ਮਾਰ ਕੇ ਉਹ ਉਸ ਤੋਂ ਪੁੱਛ ਰਹੇ ਹਨ
ਕਿ ਜੇ ਵਧੇਰੇ ਬੱਚੇ ਪੈਦਾ ਕਰ ਕੇ ਉਨ੍ਹਾਂ ਨੂੰ ਨਸ਼ੇੜੀ ਹੀ ਬਣਾਉਣਾ ਹੈ, ਤਾਂ ਇਸ ਨਾਲ਼ ਕੌਮ ਦਾ
ਭਲਾ ਕਿਵੇਂ ਹੋਵੇਗਾ?
ਮੁੱਖ ਗ੍ਰੰਥੀ ਨੂੰ
ਸ਼ਾਇਦ ਇਸ ਗੱਲ ਦਾ ਗਿਆਨ ਨਹੀਂ ਕਿ ਸਿੱਖੀ ਵਿਚ ਕੁਆਲਿਟੀ ਪ੍ਰਧਾਨ ਹੈ, ਨਾ ਕਿ ਗਿਣਤੀ।
ਪਰ ਸ਼ਾਇਦ ਬਹੁਤੇ ਸੱਜਣ
ਇਸ ਗੱਲ ਨੂੰ ਨਹੀਂ ਸਮਝ ਰਹੇ ਕਿ ਮੁੱਖ ਗ੍ਰੰਥੀ ਗੁਰਬਚਨ ਸਿੰਘ ਆਪਣੇ ਮਾਲਕਾਂ ਦਾ ਖਾਧਾ ਹੋਇਆ
ਲੂਣ ਹੀ ਹਲਾਲ ਕਰ ਰਿਹਾ ਹੈ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਬਾਦਲਾਂ ਦੀ ਬੱਸ ਵਿਚ ਵਾਪਰੀ ਹਿਰਦੇਵੇਧਕ
ਘਟਨਾ, ਜਿਸ ਨੇ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀਆਂ ਦਾ ਅਕਸ ਵਿਗਾੜਿਆ ਹੈ,
ਦੀ ਨਿਖੇਧੀ ਕਰਨ ਦੀ ਬਜਾਇ ਇਹ ਗ੍ਰੰਥੀ ਇਕ ਦਮ ਬਾਦਲਾਂ ਦੇ ਪੱਖ ਵਿਚ ਖਲੋ ਕੇ ਬਿਆਨ ਦੇਣ ਲੱਗ
ਪਿਆ ਕਿ "ਮੋਗਾ ਕਾਂਡ ਵਿਚ ਬਾਦਲਾਂ ਨੂੰ ਘਸੀਟਣਾ ਕਿਸੇ ਵੀ ਤਰ੍ਹਾਂ
ਜਾਇਜ਼ ਨਹੀਂ।"
ਸਿੱਖ ਕੌਮ ਲਈ ਸੋਚਣ ਵਾਲ਼ੀ ਗੱਲ ਹੈ ਕਿ ਇਹ ਗ੍ਰੰਥੀ ਸਿੱਖ ਕੌਮ ਦਾ
ਅਖੌਤੀ ਜਥੇਦਾਰ ਹੈ, ਕਿ ਬਾਦਲਾਂ ਦਾ ਤੇ ਕੀ ਉਹ ਇਹੋ ਜਿਹਾ ਬਿਆਨ ਦੇ ਸਕਦਾ
ਹੈ?
ਪਰ ਪਾਠਕ ਜਨੋਂ! ਮੁੱਖ ਗ੍ਰੰਥੀ ਬੜਾ
ਦੂਰ-ਅੰਦੇਸ਼ ਹੈ ਉਸ ਨੂੰ ਪਤਾ ਹੈ ਕਿ ਜੇ ਸਿੱਖਾਂ ਦੀ ਆਬਾਦੀ ਵਧੇਗੀ ਤਾਂ ਹੋਰ ਵਧੇਰੇ ਲੋਕ
ਨਸ਼ੇੜੀ ਬਣਨਗੇ ਤੇ ਉਹਦੇ ਮਾਲਕਾਂ ਦੀ ਆਮਦਨ ਵਧੇਗੀ। ਵਧੀ ਆਬਾਦੀ ਨਾਲ਼ ਵਧੇਰੇ ਮਕਾਨਾਂ ਦੀ ਲੋੜ
ਪਵੇਗੀ ਤਾਂ ਮਾਲਕਾਂ ਦੀ ਵਧੇਰੇ ਰੇਤਾ ਬਜਰੀ ਵਿਕੇਗੀ, ਹੋਰ ਵਧੇਰੇ ਲੋਕ ਮਾਲਕਾਂ ਦੀਆਂ ਬੱਸਾਂ
ਵਿਚ ਸਫ਼ਰ ਕਰਨਗੇ। ਸੋ, ਮੁੱਖ ਗ੍ਰੰਥੀ ਨੇ ਇਹ ਬਿਆਨ ਬੜਾ ਸੋਚ ਸਮਝ ਕੇ ਮਾਲਕਾਂ ਦੇ ਭਵਿੱਖ ਨੂੰ
ਮੁੱਖ ਰੱਖ ਕੇ ਹੀ ਦਿਤਾ ਹੈ।