Share on Facebook

Main News Page

ਨੇਪਾਲ ਦੀ ਤ੍ਰਾਸਦੀ ਬਨਾਮ ਸਿੱਖ ਧਰਮ ਦੀ ਸੇਵਾ ਪ੍ਰੰਪਰਾ
-: ਜਸਵੰਤ ਸਿੰਘ ਅਜੀਤ

ਸਿੱਖ ਧਰਮ ਵਿੱਚ ਸੇਵਾ ਨੂੰ ਸਭ ਤੋਂ ਵੱਧ ਮਹਤੱਤਾ ਦਿੱਤੀ ਗਈ ਹੋਈ ਹੈ। ਗੁਰਬਾਣੀ ਵਿੱਚ ਵਾਰ-ਵਾਰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਸੇਵਾ ਹੀ ਪ੍ਰਭੂ-ਪ੍ਰਮਾਤਮਾ ਦੇ ਦਰਬਾਰ ਵਿੱਚ ਪ੍ਰਵਾਨ ਹੁੰਦੀ ਹੈ। ਸੇਵਾ ਤੋਂ ਬਿਨਾ ਤਾਂ ਹੱਥ ਵੀ ਬੇਕਾਰ ਹਨ। ਇਥੋਂ ਤਕ ਕਿ ਸੇਵਾ ਤੋਂ ਬਿਨਾ ਕੀਤੇ ਗਏ ਹੋਰ ਸਾਰੇ ਹੀ ਕੰਮ ਨਿਸ਼ਫਲ ਹਨ : ‘ਬਿਨ ਸੇਵਾ ਫਲੁ ਕਬਹੁ ਨਾ ਪਾਵਸਿ’।ਸਿੱਖ ਇਤਿਹਾਸ ਦੇ ਅਨੁਸਾਰ ਗੁਰੂ ਸਾਹਿਬ ਨੇ ਇੱਕ ਅਜਿਹੇ ਨੌਜਵਾਨ ਦੇ ਹੱਥੋਂ ਪਾਣੀ ਲੈ ਕੇ ਪੀਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸਨੇ ਕਦੀ ਕਿਸੇ ਦੀ ਸੇਵਾ ਨਹੀਂ ਸੀ ਕੀਤੀ। ਸਿੱਖ ਇਤਿਹਾਸ ਵਿੱਚ, ਉਸ ਭਾਈ ਘਨੱਈਆ ਨੂੰ ਅੱਜ ਵੀ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਸਿੱਖਾਂ ਅਤੇ ਮੁਗਲ ਫੌਜਾਂ ਵਿੱਚ ਹੋਣ ਵਾਲੀਆਂ ਲੜਾਈਆਂ ਵਿੱਚ ਆਪਣਿਆਂ ਦੇ ਨਾਲ-ਨਾਲ ਦੁਸ਼ਮਣ ਦੇ ਹੋਣ ਵਾਲੇ ਜ਼ਖਮੀਆਂ ਨੂੰ ਵੀ ਪਾਣੀ ਪਿਆਇਆ ਕਰਦਾ ਸੀ। ਜਦੋਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਕੋਲ ਉਸਦੀ ਸ਼ਿਕਾਇਤ ਕੀਤੀ, ਤਾਂ ਗੁਰੂ ਸਾਹਿਬ ਨੇ ਉਸਨੂੰ ਬੁਲਾ ਕੇ, ਜਦੋਂ ਇਸ ਸੰਬੰਧ ਵਿੱਚ ਪੁਛਿਆ ਤਾਂ ਭਾਈ ਘਨੱਈਆ ਨੇ ਹੱਥ ਜੋੜ ਕੇ ਕਿਹਾ ਕਿ ‘ਸਤਿਗੁਰੂ, ਮੈਂਨੂੰ ਤਾਂ ਜ਼ਖਮੀਆਂ ਵਿੱਚ ਨਾ ਤਾਂ ਕੋਈ ਆਪਣਾ ਅਤੇ ਨਾ ਹੀ ਕੋਈ ਦੁਸ਼ਮਣ ਨਜ਼ਰ ਆਉਂਦਾ ਹੈ। ਮੈਂਨੂੰ ਤਾਂ ਹਰ ਜ਼ਖਮੀ ਵਿੱਚ ਤੁਸੀਂ (ਗੁਰੂ ਸਾਹਿਬ) ਹੀ ਤੁਸੀਂ ਵਿਖਾਈ ਦਿੰਦੇ ਹੋ’। ਇਹ ਸੁਣ ਗੁਰੂ ਸਾਹਿਬ ਨੇ ਪਿਆਰ ਨਾਲ ਉਸਨੂੰ ਗਲ ਨਾਲ ਲਾਇਆ ਅਤੇ ਕਿਹਾ ਕਿ ਜੇ ਸਤਿਗੁਰ ਨਾਨਕ ਦੇਵ ਜੀ ਦੀ ਸਿੱਖੀ ਨੂੰ ਕਿਸੇ ਨੇ ਸਮਝਿਆ ਹੈ ਤਾਂ ਉਹ ਭਾਈ ਘਨੱਈਆ ਹੀ ਹੈ। ਇਸਦੇ ਨਾਲ ਹੀ ਗੁਰੂ ਸਾਹਿਬ ਨੇ ਉਸਨੂੰ ਮਲ੍ਹਮ ਦੀ ਇੱਕ ਡੱਬੀ ਦਿੰਦਿਆਂ ਕਿਹਾ ਕਿ ਭਾਈ ਘਨੱਈਆ, ਹੁਣ ਜ਼ਖਮੀਆਂ ਨੂੰ ਪਾਣੀ ਪਿਲਾਣ ਦੇ ਨਾਲ-ਨਾਲ ਉਨ੍ਹਾਂ ਦੇ ਜ਼ਖਮਾਂ ਪੁਰ ਮਲ੍ਹਮ ਵੀ ਲਾਈੇ ਚਲ। ਇਹੀ ਉਹ ਪਰੰਪਰਾ ਹੈ, ਜਿਸਨੂੰ ਅੱਜ ਵੀ ਸਿੱਖ ਜਗਤ ਵੱਖ-ਵੱਖ ਰੂਪਾਂ ਵਿੱਚ ਅਪਨਾਈ ਚਲਦਾ ਆ ਰਿਹਾ ਹੈ।

ਸਿੱਖ ਜਗਤ ਲਈ ਇਹ ਮਾਣ ਦੀ ਗਲ ਹੈ ਕਿ, ਜਦੋਂ ਕਦੀ ਅਤੇ ਕਿਧਰੇ ਵੀ ਕੁਦਰਤ ਦਾ ਕਹਿਰ ਟੁੱਟਿਆ, ਕਹਿਰ ਦੇ ਸ਼ਿਕਾਰ ਲੋਕਾਂ ਦੀ ਸੇਵਾ-ਸੰਭਾਲ ਲਈ, ਦੇਸ਼-ਵਿਦੇਸ਼ ਦੇ ਹੋਰ ਲੋਕਾਂ ਦੇ ਨਾਲ ਸਿੱਖ ਸੰਸਥਾਵਾਂ ਵੀ, ਭਾਈ ਘਨੱਈਆਂ ਵਲੋਂ ਸਥਾਪਤ ਸੇਵਾ ਦੀ ਪਰੰਪਰਾ ਦਾ ਪਾਲਣ ਕਰਨ ਲਈ, ਅੱਗੇ ਆ ਸੇਵਾ ਦੇ ਮੈਦਾਨ ਵਿੱਚ ਕੁਦ ਪੈਂਦੀਆਂ ਹਨ। ਬੀਤੇ ਕੁਝ ਸਮੇਂ ਵਿੱਚ ਉਤਰਾਖੰਡ ਅਤੇ ਕਸ਼ਮੀਰ ਤੋਂ ਬਾਅਦ ਹੁਣ ਨੇਪਾਲ ਵਿੱਚ ਟੁੱਟੇ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਜਿਥੇ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਅਤੇ ਸੇਵਾ-ਸੰਸਥਾਵਾਂ, ਮਨੁਖਤਾ ਪ੍ਰਤੀ ਆਪੋ-ਆਪਣੀ ਜ਼ਿਮੇਂਦਾਰੀ ਨਿਭਾਣ ਲਈ ਮੈਦਾਨ ਵਿੱਚ ਨਿਤਰੀਆਂ, ਉਥੇ ਹੀ ਦੇਸ਼ ਅਤੇ ਵਿਦੇਸ਼ ਦੀਆਂ ਸਿੱਖ ਸੰਸਥਾਵਾਂ, ਜਿਵੇਂ ਵਿਦੇਸ਼ੀ ਸਿੱਖ ਸੰਸਥਾਵਾਂ ਦੀ ਸਾਂਝੀ ਸੇਵਾ-ਸੰਸਥਾ, ‘ਖਾਲਸਾ ਏਡ’, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਦੇਸ਼-ਵਿਦੇਸ਼ ਦੀਆਂ ਛੋਟੀਆਂ-ਵੱਡੀਆਂ ਸਿੰਘ ਸਭਾਵਾਂ ਆਦਿ ਵੀ, ਆਪੋ-ਆਪਣੀ ਸਮਰਥਾ ਅਨੁਸਾਰ ਪੀੜਤਾਂ ਦੀ ਮਦਦ ਕਰਨ ਵਿੱਚ ਜੁਟ ਗਈਆਂ।

ਇਹ ਗਲ ਵਖਰੀ ਹੈ ਕਿ ਜਿਥੇ ਦੇਸ਼ ਅਤੇ ਵਿਦੇਸ਼ ਦੀਆਂ ਹੋਰ ਜਥੇਬੰਦੀਆਂ ਵਲੋੰ ਪਹੁੰਚਾਈ ਜਾਂਦੀ ਰਹੀ ਸਹਾਇਤਾ ਨੂੰ ਮੀਡੀਆ ਦੇ ਇੱਕ ਵਰਗ ਵਲੋਂ ਬਹੁਤ ਹੀ ਵੱਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ, (ਸ਼ਾਇਦ ਇਸੇ ਗਲ ਤੋਂ ਚਿੜ੍ਹ ਕੇ ਨੇਪਾਲ ਸਰਕਾਰ ਅਤੇ ਲੋਕਾਂ ਨੂੰ ਪੀੜਤਾਂ ਦੀ ਮਦਦ ਲਈ ਪਹੁੰਚੀਆਂ ਹੋਈਆਂ ਸੰਸਥਾਆਂ ਅਤੇ ਰਿਪੋਰਟਿੰਗ ਕਰ ਰਹੇ ਮੀਡੀਆ ਨੂੰ ਮੁੜ ਜਾਣ ਲਈ ਕਹਿਣ 'ਤੇ ਮਜਬੂਰ ਹੋਣਾ ਪਿਆ ਅਤੇ ਭਾਰਤ ਸਰਕਾਰ ਨੂੰ ਵੀ ਭਾਰਤੀ ਮੀਡੀਆ ਨੂੰ ਸੰਜਮ ਤੋਂ ਕੰਮ ਲੈਣ ਦੀ ਸਲਾਹ ਦੇਣੀ ਪਈ), ਉਥੇ ਹੀ ਸਿੱਖ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਸਹਾਇਤਾ ਕਾਰਜਾਂ ਨੂੰ ਸ਼ਾਇਦ ਹੀ ਮੀਡੀਆ ਦੇ ਕਿਸੇ ਹਿੱਸੇ ਵਲੋਂ ਜ਼ਿਕਰ ਵੀ ਕੀਤਾ ਗਿਆ ਹੋਵੇ। ਹਾਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪੋ-ਆਪਣੇ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਪ੍ਰਚਾਰਤ ਕਰਨ ਦੀ ਕੌਸ਼ਿਸ਼ ਜ਼ਰੂਰ ਕੀਤੀ ਜਾਂਦੀ ਰਹੀ, ਉਨ੍ਹਾਂ ਨੂੰ ਵੀ ਮੀਡੀਆ ਦੇ ਇੱਕ ਛੋਟੇ ਜਿਹੇ ਹਿੱਸੇ ਵਲੋਂ ਹੀ ਸਹਿਯੋਗ ਮਿਲ ਪਾਇਆ। ਇਨ੍ਹਾਂ ਸੰਸਥਾਵਾਂ ਨੇ ਵੀ ਆਪੋ-ਆਪਣੀ ਹੀ ਡਫਲੀ ਵਜਾਈ ਰਖਣ ਪ੍ਰਤੀ ਜ਼ੋਰ ਦਿੱਤੀ ਰਖਿਆ।

ਦੂਸਰੀਆਂ ਸਿੱਖ ਸੰਸਥਾਵਾਂ ਵਲੋਂ ਕੀਤੇ ਜਾਂਦੇ ਰਹੇ ਸੇਵਾ ਕਾਰਜਾਂ ਪ੍ਰਤੀ ਉਨ੍ਹਾਂ ਵੀ ਉਦਾਸੀਨਤਾ ਹੀ ਬਣਾਈ ਰਖੀ। ਇਸਦੇ ਬਾਵਜੂਦ ਸਿੱਖ ਸੰਸਥਾਵਾਂ ਆਪਣਾ ਕੰਮ ਕਰਦੀਆਂ ਰਹੀਆਂ, ਉਨ੍ਹਾਂ ਨਾ ਤਾਂ ਕਿਸੇ ਨਾਲ ਸ਼ਿਕਵਾ ਕੀਤਾ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਪ੍ਰਚਾਰ ਦੀ ਚਾਹਤ ਹੀ ਰਖੀ। ਉਨ੍ਹਾਂ ਦਾ ਇਸ ਗਲ ਨਾਲ ਕੋਈ ਮਤਲਬ ਨਹੀਂ ਸੀ ਕਿ ਉਨ੍ਹਾਂ ਦੇ ਸੇਵਾ-ਕਾਰਜ ਨੂੰ ਕਿਸੇ ਪਾਸੋਂ ਮਾਨਤਾ ਮਿਲ ਰਹੀ ਹੈ ਜਾਂ ਨਹੀਂ। ਉਨ੍ਹਾਂ ਸਾਹਮਣੇ ਮਾਤ੍ਰ ਇੱਕ ਹੀ ਉਦੇਸ਼ ਸੀ ਕਿ ਉਨ੍ਹਾਂ ਨੇ ਤਾਂ ਬਸ ਗੁਰੂ ਸਾਹਿਬਾਨ ਵਲੋਂ ਸੌਂਪੀ ਅਤੇ ਸਥਾਪਤ ਕੀਤੀ ਗਈ ਸੇਵਾ ਦੀ ਪਰੰਪਰਾ ਦਾ ਪਾਲਣ ਨਿਸ਼ਕਾਮਤਾ ਨਾਲ ਕਰਨਾ ਹੈ। ਉਹ ਇਸੇ ਗਲ ਤੋਂ ਸੰਤੁਸ਼ਟ ਨਜ਼ਰ ਆਏ ਕਿ ਜਿਨ੍ਹਾਂ ਲੋਕਾਂ ਦੀ ਉਹ ਸੇਵਾ ਕਰ ਰਹੇ ਹਨ, ਉਨ੍ਹਾਂ ਦੇ ਚਿਹਰਿਆਂ ਪੁਰ ਉਨ੍ਹਾਂ ਨੂੰ ਖੁਸ਼ੀ ਦੀ ਹਲਕੀ-ਜਿਹੀ ਚਮਕ ਵੇਖਣ ਨੂੰ ਮਿਲ ਰਹੀ ਹੈ। ਉਹ ਇਹ ਮੰਨ ਕੇ ਚਲਦੇ ਰਹੇ ਕਿ ਪੀੜਤ ਲੋਕਾਂ ਦੇ ਚਿਹਰਿਆਂ ਪੁਰ ਆਉਣ ਵਾਲੀ ਖੁਸ਼ੀ ਦੀ ਚਮਕ, ਉਨ੍ਹਾਂ ਦੇ ਗੁਰੂ ਦੇ ਚਿਹਰੇ ਦੀ ਚਮਕ ਹੈ, ਇਤਨੇ ਨਾਲ ਹੀ ਉਹ ਸੰਤੁਸ਼ਟ ਹਨ। ਉਨ੍ਹਾਂ ਨੂੰ ਇਸਤੋਂ ਵੱਧ ਹੋਰ ਕੁਝ ਚਾਹੀਦਾ ਵੀ ਨਹੀਂ!



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top