Share on Facebook

Main News Page

ਨਰੂ ਮਰੈ ਨਰੁ ਕਾਮ ਨ ਆਵੈ
-: ਜਸਬੀਰ ਸਿੰਘ ਵਿਰਦੀ
11-05-2015

ਰਾਗ ਗੌਂਡ ਵਿੱਚ ਕਬੀਰ ਜੀ ਦਾ ਸ਼ਬਦ ਹੈ-

ਨਰੂ ਮਰੈ ਨਰੁ ਕਾਮੁ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥1॥ ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ॥ਰਹਾਉ॥ ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ॥2॥ ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ॥3॥” (ਪੰਨਾ-870)

ਇਸ ਸ਼ਬਦ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਕੀਤੇ ਹਨ:- “ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ) ਮੈਨੂੰ ਖਿਆਲ ਹੀ ਨਹੀਂ ਆਉਂਦਾ।ਰਹਾਉ।

(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ, ਪਰ ਪਸੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ।1

(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ, ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਗ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) 2

ਪਰ, ਹੇ ਕਬੀਰ! ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵੱਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ) ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ। 3

ਸ਼ਬਦ ਦੇ ਦੂਸਰੇ ਅਤੇ ਤੀਸਰੇ ਬੰਦ ਵਿੱਚ ਸਾਫ ਦਿਸ ਰਿਹਾ ਹੈ ਕਿ ਮੌਤ ਹੋਣ ਤੇ ਸਰੀਰ ਨੂੰ ਸਾੜ ਦੇਣ ਵੇਲੇ ਦਾ ਜ਼ਿਕਰ ਕੀਤਾ ਗਿਆ ਹੈ (ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ, ਅਤੇ ਕੇਸ ਘਾਹ ਦੇ ਪੂਲੇ ਵਾਂਗ ਸੜ ਜਾਂਦੇ ਹਨ)।

ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਸਹਿਤ ਇਹ ਸ਼ਬਦ ਮੈਂ ਇੱਕ ਵੈਬ ਸਾਇਟ 'ਤੇ ਪਾਇਆ ਸੀ। ਇਸ ਦੇ ਸੰਬੰਧ ਵਿੱਚ ਜੋ ਵਿਚਾਰ ਵਟਾਂਦਰਾ ਹੋਇਆ ਕੁਝ ਇਸ ਤਰ੍ਹਾਂ ਹੈ (ਨੋਟ:- ਵਿਚਾਰ ਵਟਾਂਦਰਾ ਕਾਫੀ ਲੰਬਾ ਚੱਲਿਆ ਸੀ। ਸਾਰਾ ਵਿਚਾਰ ਵਟਾਂਦਰਾ ਹੂ ਬ ਹੂ ਦਰਜ ਕਰਨਾ ਮੁਨਾਸਬ ਨਹੀਂ ਇਸ ਲਈ ਕੁੱਝ ਹੋਰ ਨਵੇਂ ਵਿਚਾਰਾਂ ਦੇ ਨਾਲ ਇੱਥੇ ਮੁੱਖ-ਮੁੱਖ ਗੱਲਾਂ ਹੀ ਦਰਜ ਕੀਤੀਆਂ ਗਈਆਂ ਹਨ):-

ਚ: ਸਿੰਘ :- ਕਬੀਰ ਸਾਹਿਬ ਦੇ ਜਿਸ ਸ਼ਬਦ ਦੀ ਵਿਚਾਰ ਹੋ ਰਹੀ ਹੈ, ਉਸ ਦਾ ਭਾਵ ਤੇ ਇਹੀ ਨਿਕਲਦਾ ਹੈ ਕਿ ਇਨਸਾਨ ਵਿੱਚੋਂ ਇਨਸਾਨੀਅਤ ਮਰ ਜਾਵੇ ਤੇ ਉਹ ਕਿਸੇ ਕੰਮ ਦਾ ਨਹੀਂ।‘ਨਰੂ’ ਅਤੇ ‘ਨਰ’ ਦੋ ਵੱਖ ਵੱਖ ਸਪੈਲਿੰਗ ਹਨ।‘ਨਰੂ’= ਇਨਸਾਨੀਅਤ, ‘ਨਰੁ’= ਇਨਸਾਨ।

ਨਰੂ ਮਰੈ ਨਰੁ ਕਾਮੁ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥1॥
ਇਨਸਾਨ ਵਿੱਚੋਂ ਇਨਸਾਨੀਅਤ ਮਰ ਜਾਏ ਤਾਂ ਉਹ ਕਿਸੇ ਕੰਮ ਦਾ ਨਹੀਂ।1।

ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ ਮੈ ਕਿਆ ਜਾਨਉ ਬਾਬਾ ਰੇ॥ਰਹਾਉ॥
ਅਸੀਂ ਕਰਮ ਕਰਨ ਲੱਗਿਆਂ ਉਨਾਂ ਦੇ ਨਤੀਜਿਆਂ ਦੀ ਵਿਚਾਰ ਕਿਉਂ ਨਹੀਂ ਕਰਦੇ। (ਰਹਾਉ)

ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ॥2॥
ਭਾਵੇਂ ਚੰਗੇ ਕੰਮ ਕਰੋ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ।ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਚੰਗਿਆਂ ਦੇ ਵੀ ਸੜਨੇ ਹਨ।ਕਬੀਰ ਸਾਹਿਬ ਕਹਿ ਰਹੇ ਹਨ, ਲੋਕ ਜਿਉਂਦੇ ਜੀਅ ਵਿਕਾਰਾਂ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ।2।

ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ॥3॥
ਅਸੀਂ ਓਦੋਂ ਹੀ ਜਾਗਦੇ ਹਾਂ ਜਦੋਂ ਇਸ ਗੱਲ ਦੀ ਸਮਝ ਪੈ ਜਾਵੇ ਕਿ ਇਹ ਵਿਕਾਰ ਕਿਵੇਂ ਸਾਡੀ ਜਿੰਦਗ਼ੀ ਤਬਾਹ ਕਰ ਰਹੇ ਹਨ।3।

ਅ: ਸਿੰਘ:- ਗੁਰਬਾਣੀ ਮਨੁੱਖੀ ਸਰੀਰ ਨੂੰ ਨਹੀਂ, ਬਲਕਿ ਮਨੁੱਖੀ ਮਨ ਨੂੰ ਸੰਬੋਧਨ ਕਰਦੀ ਹੈ। ਜਸਬੀਰ ਸਿੰਘ ਜੀ! ਕਬੀਰ ਜੀ ਦੇ ਸ਼ਬਦ “ਨਰੂ ਮਰੈ ਨਰ ਕਾਮੁ ਨ ਆਵੈ..” ਦੇ ਆਪ ਜੀ ਵੱਲੋਂ ਕੀਤੇ ਅਰਥ ਅੱਜ ਪੂਰੇ ਨਹੀਂ ਉੱਤਰਦੇ। ਕਿਉਂਕਿ ਅੱਜ ਮਨੁੱਖ ਮਰਨ ਤੋਂ ਬਾਅਦ ਵੀ ਕੰਮ ਆ ਰਿਹਾ ਹੈ ਤੇ ਮਰੇ ਹੋਏ ਪਸ਼ੂ ਤੋਂ ਵੱਧ ਕੰਮ ਆ ਰਿਹਾ ਹੈ। ਚ: ਸਿੰਘ ਦੇ ਅਰਥ ਜਿਆਦਾ ਢੁਕਵੇਂ ਹਨ। ਸਰੀਰਕ ਤੌਰ 'ਤੇ ਜਿਉਂਦਾ ਤੇ ਇਨਸਾਨੀ ਗੁਣਾਂ ਤੋਂ ਵਾਂਝਾ “ਨਰ ਕਾਮੁ ਨ ਆਵੈ” ਸਾਨੂੰ ਅੱਜ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ।

ਜਸਬੀਰ ਸਿੰਘ ਵਿਰਦੀ:- ਅ: ਸਿੰਘ ਜੀ! ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਅਤੇ ਭਾਵਾਰਥਾਂ ਨੂੰ ਜ਼ਰਾ ਧਿਆਨ ਨਾਲ ਪੜ੍ਹੋ, ਸਾਰੇ ਸ਼ਬਦ ਵਿੱਚ ਮਨ ਨੂੰ ਸੁਚੇਤ ਕਰਨ ਦੀ ਗੱਲ ਕੀਤੀ ਗਈ ਹੈ ਨਾ ਕਿ ਸਰੀਰ ਨੂੰ ਸੰਬੋਧਨ ਕੀਤਾ ਗਿਆ ਹੈ। ਸੰਬੋਧਨ “ਮਨ” ਨੂੰ ਹੀ ਕੀਤਾ ਗਿਆ ਹੈ ਅਤੇ ਸਮਝਾਇਆ ਵੀ ਮਨ ਨੂੰ ਹੀ ਗਿਆ ਹੈ, ਸਰੀਰ ਦਾ ਤਾਂ ਸਿਰਫ ਦ੍ਰਿਸ਼ਟਾਂਤ ਦਿੱਤਾ ਗਿਆ ਹੈ।

ਹੋਰ ਧਿਆਨ ਦੇਣ ਦੀ ਜਰੂਰਤ ਹੈ ਕਿ, ਸ਼ਬਦ ਵਿੱਚ ਹੱਡੀਆਂ ਅਤੇ ਕੇਸ ਸੜਨ ਦਾ ਜ਼ਿਕਰ ਆਇਆ ਹੈ, ਅਤੇ ਮਨ ਦੇ ਹੱਡੀਆਂ ਤੇ ਕੇਸ ਨਹੀਂ ਹੁੰਦੇ। ਜਿਊਂਦੇ ਜੀਅ ਵਿਕਾਰਾਂ ਦੀ ਅੱਗ ਵਿੱਚ ਸੜਨ ਨਾਲ ਹੱਡੀਆਂ ਅਤੇ ਕੇਸ ਨਹੀਂ ਸੜਦੇ। ਸਰੀਰ ਦੇ ਨਾਸ਼ ਹੋਣ ਦੇ ‘ਦ੍ਰਿਸ਼ਟਾਂਤ’ ਨੂੰ ਹੀ ਤੁਸੀਂ ਸ਼ਬਦ ਦਾ ਕੇਂਦਰੀ ਭਾਵ ਬਣਾਈ ਜਾ ਰਹੇ ਹੋ? ਜਦਕਿ ਕੇਂਦ੍ਰੀ ਭਾਵ ਮਨ ਨੂੰ ਸਮਝਾਉਣ ਦਾ ਹੈ ਅਤੇ ਪ੍ਰੋ: ਸਾਹਿਬ ਸਿੰਘ ਜੀ ਨੇ ਵੀ ਮਨ ਨੂੰ ਸਮਝਾਉਣ ਦਾ ਹੀ ਜ਼ਿਕਰ ਕੀਤਾ ਹੈ, ਕਿ ਸਰੀਰ ਦੇ ਮਾਣ 'ਤੇ ਬੰਦਾ ਵਿਸ਼ੇ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ, ਕਦੇ ਸੋਝੀ ਨਹੀਂ ਕਰਦਾ ਕਿ ਇਹ ਸਰੀਰ ਨਾਸ਼ਵਾਨ ਹੈ ਜਿਸ ਦਾ ਇਹ ਮਾਣ ਕਰਦਾ ਹੈ।
ਮਿਸਾਲ ਦੇ ਤੌਰ 'ਤੇ ਗੁਰਬਾਣੀ ਵਿੱਚ ਦਰਜ ਸ਼ਲੋਕ ਹਨ-

ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜਿਆਲੁ॥ ਏਹੁ ਨਿਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ॥39॥
ਘੜੀਐ ਘੜੀਐ ਮਾਰੀਐ ਪਹਰੀ ਲਹੈ ਸਜਾਇ॥ ਸੋ ਹੇੜਾ ਘੜਿਆਲ ਜਿਉ ਡੁਖੀ ਰੈਣਿ ਵਿਹਾਇ॥40॥
“ਕਾਲੀ ਕੋਇਲ ਤੂ ਕਿਤ ਗੁਨ ਕਾਲੀ॥”(?) (ਜਵਾਬ) “ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ॥” (ਪੰਨਾ 795)

ਅ: ਸਿੰਘ ਜੀ! ਇਹ ਬਿਲਕੁਲ ਵੀ ਮੰਨਣ ਵਾਲੀ ਗੱਲ ਨਹੀਂ ਕਿ ਫਰੀਦ ਜੀ ਨੂੰ ਏਨਾਂ ਵੀ ਨਹੀਂ ਪਤਾ ਸੀ ਕਿ ਘੜਿਆਲ ਵਿੱਚ ਚੇਤਨਾ ਨਹੀਂ ਹੁੰਦੀ। ਉਸ ਦੇ ਚੋਟਾਂ ਮਾਰਨ ਨਾਲ ਉਸ ਨੂੰ ਤਕਲੀਫ ਨਹੀਂ ਹੁੰਦੀ।ਫਰੀਦ ਜੀ ਨੇ ਘੜਿਆਲ ਦੇ ਚੋਟਾਂ ਪੈਣ ਦੀ ਗੱਲ ਬੰਦੇ ਨੂੰ ਮਾੜੇ ਪਾਸੇ ਤੋਂ ਵਰਜਣ ਲਈ ਆਪਣੇ ਵੱਖਰੇ ਅੰਦਾਜ ਵਿੱਚ ਸਿਰਫ ਦ੍ਰਿਸ਼ਟਾਂਤ ਵਜੋਂ ਕੀਤੀ ਹੈ।

ਇਸੇ ਤਰ੍ਹਾਂ ਇਹ ਨਹੀਂ ਹੋ ਸਕਦਾ ਕਿ ਫਰੀਦ ਜੀ ਨੂੰ ਏਨਾ ਵੀ ਨਹੀਂ ਪਤਾ ਸੀ ਕਿ ਕੋਇਲ ਦਾ ਰੰਗ ਪ੍ਰੀਤਮ ਦੇ ਵਿਛੋੜੇ ਨਾਲ ਕਾਲਾ ਨਹੀਂ ਹੋਇਆ। ਪ੍ਰੀਤਮ ਦੇ ਵਿਛੋੜੇ ਦੀ ਗੱਲ ਰੋਚਕ ਤਰੀਕੇ ਨਾਲ ਸਮਝਾਉਣ ਲਈ ਕੋਇਲ ਦਾ ਸਿਰਫ ਦ੍ਰਿਸ਼ਟਾਂਤ ਵਜੋਂ ਜ਼ਿਕਰ ਕੀਤਾ ਹੈ।

ਇਸੇ ਤਰ੍ਹਾਂ ਵਿਚਾਰ-ਅਧੀਨ ਸ਼ਬਦ ਵਿੱਚ ਕਬੀਰ ਜੀ ਨੇ ਇਨਸਾਨ ਅਤੇ ਪਸ਼ੂ ਦੇ ਸਰੀਰ ਦੀ ਮਿਸਾਲ ਦੇ ਕੇ ਬੰਦੇ ਨੂੰ ਨਾਸ਼ਵਾਨ ਸਰੀਰ ਦੇ ਝੂਠੇ ਮਾਣ ਵੱਲੋਂ ਸੁਚੇਤ ਕੀਤਾ ਹੈ।ਮੁਖ ਗੱਲ ਸਰੀਰ ਦੀ ਨਹੀਂ ਝੂਠੇ ਮਾਣ ਅਤੇ ਵਿਕਾਰਾਂ ਵੱਲੋਂ ਸੁਚੇਤ ਕਰਨ ਦੀ ਹੈ।

ਅ: ਸਿੰਘ:- ਮੇਰੇ ਨਾਲ ਪ੍ਰਵਾਰਕ ਸੰਬੰਧ ਰੱਖਣ ਵਾਲੇ ਇੱਕ ਵਿਅਕਤੀ ਦੀ 2010 ਵਿੱਚ ਮੌਤ ਹੋ ਗਈ ਤਾਂ ਉਸ ਦੀ ਵਸੀਅਤ ਅਨੁਸਾਰ ਉਸ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਇੱਕ ਹਸਪਤਾਲ ਨੂੰ ਦਾਨ ਕਰ ਦਿੱਤਾ ਗਿਆ। ਹਸਪਤਾਲ ਵਾਲਿਆਂ ਨੇ ਉਸ ਦੇ ਲੋੜੀਂਦੇ ਅੰਗ ਕੱਢਕੇ ਹੋਰਨਾਂ ਲੋੜਵੰਦਾਂ ਦੇ ਸਰੀਰ ਵਿੱਚ ਲਾ ਦਿੱਤੇ। ਅਤੇ ਬਾਕੀ ਦਾ ਸਰੀਰ ਹੁਣ ਵਿਦਿਆਰਥੀਆਂ ਦੀ ਸਿਖਿਆ ਹਿਤ ਪੰਜਾਬ ਦੇ ਇੱਕ ਮੈਡੀਕਲ ਕਾਲੇਜ ਨੂੰ ਭੇਜ ਦਿੱਤਾ ਗਿਆ। ਅਸੀਂ ਦੇਖ ਰਹੇ ਹਾਂ ਕਿ ਮ੍ਰਿਤਕ ਸਰੀਰ ਨੇ ਦੁਖੀਆਂ ਦੇ ਦੁਖ ਦੂਰ ਕਰਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ।

ਜਸਬੀਰ ਸਿੰਘ ਵਿਰਦੀ:- ਅ: ਸਿੰਘ ਜੀ! ਜੇ ਕਿਸੇ ਨੇ (ਮਰਨ ਪਿੱਛੋਂ) ਸਰੀਰ ਦਾਨ ਕੀਤਾ ਬਹੁਤ ਚੰਗੀ ਗੱਲ ਹੈ। ਪਰ ਮੈਂ ਤਾਂ ਖੁਦ ਇਸ ਗੱਲ ਦੀ ਪੂਰੀ ਤਰ੍ਹਾਂ (100%) ਹਮਾਇਤ ਕਰਦਾ ਹਾਂ ਕਿ ਹਰ ਵਿਅਕਤੀ ਨੂੰ ਇਹ ਨੇਕ ਕੰਮ ਕਰਨਾ ਚਾਹੀਦਾ ਹੈ। ਸਰੀਰ ਸੁਆਹ ਦੀ ਢੇਰੀ ਬਣਕੇ ਵਿਅਰਥ ਚਲਾ ਜਾਵੇ, ਇਸ ਦੇ ਬਜਾਏ ਕਿਸੇ ਕੰਮ ਆ ਜਾਵੇ, ਇਸ ਤੋਂ ਵੱਧ ਸਵਾਬ ਦਾ ਕੰਮ ਕੀ ਹੋ ਸਕਦਾ ਹੈ?

ਅੱਜ ਇਨਸਾਨੀ ਸਰੀਰ ਬੇਸ਼ੱਕ ਦੂਸਰਿਆਂ ਦੇ ਕੰਮ ਆ ਸਕਦਾ ਹੈ, ਪਰ ਬੰਦੇ ਨੂੰ ਤਾਂ ਇੱਕ ਦਿਨ ਇਹ ਸਰੀਰ ਛੱਡਕੇ ਜਾਣਾ ਹੀ ਪੈਣਾ ਹੈ। ਇਸ ਉਮੀਦ ਤੇ ਬੰਦੇ ਨੂੰ ਮਾੜੇ ਕਰਮ ਕਰਨ ਦੀ ਖੁੱਲ੍ਹ ਨਹੀਂ ਮਿਲ ਜਾਂਦੀ ਕਿ ਕੋਈ ਗੱਲ ਨਹੀਂ ਮੈਂ ਚਾਹੇ ਮਾੜੇ ਕਰਮ ਹੀ ਕਰੀ ਜਾਵਾਂ, ਪਰ ਮਰਨ ਤੋਂ ਬਾਅਦ ਮੇਰਾ ਸਰੀਰ ਤਾਂ ਕੰਮ ਆ ਹੀ ਜਾਏਗਾ। ਰਹਾਉ ਦੀ ਪੰਗਤੀ ਵਿੱਚ ਕਰਮਾਂ ਦੀ ਗੱਲ ਕੀਤੀ ਗਈ ਹੈ, ਸਰੀਰ ਦੇ ਕੰਮ ਆਉਣ ਦੀ ਨਹੀਂ।ਕੇਂਦਰੀ ਭਾਵ ‘ਕਰਮ’ ਹਨ, ‘ਸਰੀਰ’ ਨਹੀਂ।

ਵੀਰ ਜੀ! ਜ਼ਰਾ ਚ: ਸਿੰਘ ਦੇ ਅਰਥਾਂ ਨੂੰ ਵਿਚਾਰ ਕੇ ਦੇਖੋ-

1- ਅੱਜ ਸਰੀਰਕ ਅੰਗ ਲੋੜਵੰਦਾਂ ਦੇ ਕੰਮ ਆ ਜਾਂਦੇ ਹਨ। ਅਤੇ
2- ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਚੰਗਿਆਂ ਦੇ ਵੀ ਸੜਨੇ ਹਨ।

ਇਹ ਦੋਨੋਂ ਗੱਲਾਂ ਆਪਾ-ਵਿਰੋਧੀ ਹਨ। ਤਾਂ ਕੀ ਤੁਸੀਂ ਇੱਥੇ ਗੁਰਬਾਣੀ ਨੂੰ ਹੀ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ?

ਗੁਰਮਤਿ ਦੇ ਨੁਕਤਾ ਨਿਗਾਹ ਤੋਂ ਤੁਹਾਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਕਿਸੇ ਸ਼ਬਦ ਦੇ ਕੇਂਦ੍ਰੀ ਭਾਵ ਨੂੰ ਸਮਝਾਉਣ ਲਈ ਵਰਤੀ ਗਈ ਮਿਸਾਲ ਕੇਵਲ ਮਿਸਾਲ ਹੀ ਹੁੰਦੀ ਹੈ। ਮਿਸਾਲ ਦਾ ‘ਨਰੀਖਣ ਪ੍ਰੀਕਸ਼ਣ/ ਪੋਸਟ ਮਾਰਟਮ’ ਨਹੀਂ ਕੀਤਾ ਜਾਂਦਾ।

ਵੀਰ ਜੀ! ਦੱਸੋਗੇ ਕਿ “ਭਾਵੇਂ ਚੰਗੇ ਕਰਮ ਕਰੋ ਤੇ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ। ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਤੇ ਚੰਗਿਆਂ ਦੇ ਵੀ ਸੜਨੇ ਹਨ” ਇਸ ਗੱਲ ਦਾ ਕੋਈ ਮਤਲਬ ਵੀ ਬਣਦਾ ਹੈ? ਇਸ ਗੱਲ ਤੋਂ ਬੰਦੇ ਨੂੰ ਕੋਈ ਸੇਧ ਵੀ ਮਿਲਦੀ ਹੈ? ਕੀ ਕਿਸੇ ਤਰੀਕੇ ਨਾਲ ਵੀ ਇਸ ਗੱਲ ਦਾ ਇਸ ਗੱਲ ਨਾਲ ਕੋਈ ਮੇਲ ਬਣਦਾ ਹੈ ਕਿ ਅੱਜ ਮਨੁੱਖੀ ਸਰੀਰ ਦੇ ਅੰਗ ਕੰਮ ਆ ਰਹੇ ਹਨ? ਕੀ ਅਜ ਤੱਕ ਕਿਸੇ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਮੈਂ ਤਾਂ ਬਹੁਤ ਚੰਗੇ ਕੰਮ ਕਰਦਾ ਹਾਂ ਇਸ ਲਈ ਮੈਂ ਮਰਨਾ ਨਹੀਂ ਜਾਂ ਮਰਨ ਤੋਂ ਬਾਅਦ ਸਾੜਨ ਤੇ ਮੇਰੀਆਂ ਹੱਡੀਆਂ ਤੇ ਕੇਸ ਨਹੀਂ ਸੜ ਸਕਦੇ? ਜੇ ਕਿਸੇ ਨੇ ਇਸ ਤਰ੍ਹਾਂ ਦਾ ਕਦੇ ਕੋਈ ਦਾਅਵਾ ਹੀ ਨਹੀਂ ਕੀਤਾ ਤਾਂ ਕਬੀਰ ਜੀ ਨੂੰ ਇਹ ਗੱਲ ਸਮਝਾਉਣ ਦੀ ਕੀ ਲੋੜ ਪੈ ਗਈ?

ਅ: ਸਿੰਘ ਜੀ! ਚ: ਸਿੰਘ ਦੇ ਰਹਾਉ ਦੀ ਤੁਕ ਦੇ ਕੀਤੇ ਅਰਥ:- ਅਸੀਂ ਕਰਮ ਕਰਨ ਲੱਗਿਆਂ ਉਨਾਂ ਦੇ ਨਤੀਜਿਆਂ ਦੀ ਵਿਚਾਰ ਕਿਉਂ ਨਹੀਂ ਕਰਦੇ? ਭਾਵੇਂ ਚੰਗੇ ਕੰਮ ਕਰੋ ਭਾਵੇਂ ਮਾੜੇ, ਅਖੀਰ ਸਭ ਨੂੰ ਮੌਤ ਆਉਣੀ ਹੀ ਹੈ।ਹੱਡ ਅਤੇ ਕੇਸ ਸਿਰਫ ਮਾੜੇ ਦੇ ਹੀ ਨਹੀਂ ਸੜਨੇ, ਉਹ ਚੰਗਿਆਂ ਦੇ ਵੀ ਸੜਨੇ ਹਨ।

ਵੀਰ ਜੀ! ਜੇ ਸਭ ਨੂੰ ਮੌਤ ਆਉਣੀ ਹੀ ਹੈ, ਚੰਗੇ ਕੰਮ ਕਰੋ ਭਾਵੇਂ ਮਾੜੇ ਹੱਡ ਅਤੇ ਕੇਸ ਸਾਰਿਆਂ ਦੇ ਹੀ ਸੜਨੇ ਹਨ ਤਾਂ ਫੇਰ ਇਸ ਵਿੱਚ ਕਿਹੜੇ ਨਤੀਜਿਆਂ ਬਾਰੇ ਵਿਚਾਰਨ ਦੀ ਗੱਲ ਹੈ?

ਅ: ਸਿੰਘ:- ਕੀ ਇਹ ਸੱਚ ਹੈ ਕਿ ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਆ ਰਿਹਾ ਕਿ ਅੱਜ ਇਨਸਾਨੀ ਗੁਣਾਂ ਤੋਂ ਵਾਂਝਾ ਇਨਸਾਨ ਕਿਸੇ ਕੰਮ ਨਹੀਂ ਆਉਂਦਾ। ਪ੍ਰੰਤੂ ਪਸ਼ੂ ਬਿਰਤੀਆਂ ਦੇ ਮਰ ਜਾਣ ਨਾਲ ਉਹੀ ਇਨਸਾਨ ਕੰਮ ਆਉਣ ਯੋਗ ਹੋ ਜਾਂਦਾ ਹੈ?

ਜਸਬੀਰ ਸਿੰਘ ਵਿਰਦੀ:- ਵੀਰ ਜੀ! ਇਨਸਾਨੀ ਗੁਣ ਅਤੇ ਪਸ਼ੂ ਬਿਰਤੀ ਇਹ ਗੱਲਾਂ ਮਾਨਸਿਕ ਸੋਚ ਅਤੇ ਸਥਿਤੀ ਨਾਲ ਸੰਬੰਧਤ ਹਨ। ਮਰਨ ਤੋਂ ਬਾਅਦ ਸਰੀਰ ਦੇ ਕੰਮ ਆਉਣ ਜਾਂ ਨਾ ਆਉਣ ਨਾਲ ਨਹੀਂ। ਤੁਸੀਂ ਸ਼ਬਦ ਵਿੱਚ ਸਮਝਾਏ ਗਏ ਭਾਵ ਅਰਥਾਂ ਨੂੰ ਛੱਡਕੇ ਦਿੱਤੀ ਗਈ ਉਦਾਹਰਣ ਨੂੰ ਹੀ ਫੋਕਸ ਕਰੀ ਜਾ ਰਹੇ ਹੋ। ਇਹੀ ਗੱਲ ਸਮਝਾਉਣ ਲਈ ਮੈਂ ‘ਘੜਿਆਲ’ ਅਤੇ ‘ਕੋਇਲ’ ਦੀਆਂ ਗੁਰਬਾਣੀ-ਉਦਾਹਰਣਾਂ ਦਿੱਤੀਆਂ ਸਨ। ਅਸਲੀ ਗੱਲ ਸਰੀਰ ਤੇ ਮਾਣ ਕਰਨ ਬਾਰੇ ਸਮਝਾਉਣ ਦੀ ਹੈ।

ਤੁਹਾਨੂੰ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ/ ਭਾਵ ਅਰਥਾਂ ਦੇ ਮੁਕਾਬਲੇ ਵਿੱਚ ਚ: ਸਿੰਘ ਦੇ ਕੀਤੇ ਅਰਥ ਜਿਆਦਾ ਠੀਕ ਲੱਗਦੇ ਹਨ। ਪਰ ਤੁਸੀਂ ਚ: ਸਿੰਘ ਦੇ ਕੀਤੇ ਅਰਥਾਂ ਤੋਂ ਉੱਠੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ।
ਅ: ਸਿੰਘ:- ਜੇ ਆਪ ਜੀ ਨੂੰ ਚ: ਸਿੰਘ ਦੁਆਰਾ ਕੀਤੇ ਅਰਥ ਸਮਝ ਨਹੀਂ ਆ ਰਹੇ ਤਾਂ ਇਹ ਬੜੀ ਅਣਸੁਖਾਵੀਂ ਗੱਲ ਹੈ। ਕਬੀਰ ਜੀ ਦਾ ਇੱਕ ਸ਼ਬਦ ਹੈ:-

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੈ ਏਕ ਨ ਲਾਗਈ ਜਿਉ ਬਾਂਸ ਬਜਾਈਐ ਫੂਕ॥” (ਪੰਨਾ 1371)
ਇਕਨਾਂ ਮੱਤ ਖੁਦਾਏ ਦੀ ਇਕਨਾ ਘਿੰਨ ਲਈ, ਇਕ ਦਿੱਤੀ ਮੂਲ ਨਾ ਘਿੰਨਦੇ ਜਿਉਂ ਪੱਥਰ ਬੂੰਦ ਪਈ
ਅਜਿਹਾ ਵੀ ਦੇਖਣ ਵਿੱਚ ਆਉਂਦਾ ਹੈ ਕਿ ਆਪਣੀ ਧੁੰਨ ਦੇ ਪੱਕੇ ਵਿਅਕਤੀ ਦੁਨੀਆਂ ਤੋਂ ਬੇਖਬਰ ਆਪਣੇ ਰਸਤੇ ਤੇ ਮਸਤੀ ਨਾਲ ਚੱਲੀ ਜਾਂਦੇ ਹਨ।

ਜਿਵੇਂ:-

“ਇਕੋ ਲਗਨ ਲਗੀ ਲਈ ਜਾਂਦੀ, ਹੈ ਅਨੰਤ ਤੋਰ ਉਨ੍ਹਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿੱਤ ਰਹਿੰਦੇ” (ਭਾਈ ਵੀਰ ਸਿੰਘ)

ਪੰਜਾਬ ਦਾ ਕਵੀ ਵਾਰਿਸ ਸ਼ਾਹ “ਹੀਰ” ਦੀ ਧੁੰਨ ਅਤੇ ਲਗਨ ਬਾਰੇ ਇਉਂ ਲਿਖਦਾ ਹੈ:-
ਵਾਰਿਸ ਸ਼ਾਹ ਨਹੀਂ ਮੁੜਾਂਗੀ ਰੰਝੇਟੜੇ ਤੋਂ ਭਾਵੇਂ ਚੱਲ ਕੇ ਬਾਪ ਦਾ ਬਾਪ ਆਵੇ”
ਵੀਰ ਜੀਉ! ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਦਾ ਵਿਸ਼ਲੇਸ਼ਨ ਆਪ ਹੀ ਨਿਰਪੱਖਤਾ ਨਾਲ ਕਰਕੇ ਸ਼ਬਦਾਂ ਦੇ ਅੰਤਰੀਵ ਭਾਵ ਵੀ ਆਪ ਹੀ ਸਮਝਣੇ ਪੈਣਗੇ।

-----------

ਨੋਟ:- ਇਸ ਤੋਂ ਅੱਗੇ ਮੁੱਖ ਵਿਸ਼ੇ ਦੀ ਗੱਲ ਨਾ ਕਰਕੇ ਹੋਰ ਏਧਰ ਓਧਰ ਦੀਆਂ ਹੀ ਗੱਲਾਂ ਕੀਤੀਆਂ ਗਈਆਂ।ਮੇਰੇ ਵੱਲੋਂ ਚਾਰ-ਪੰਜ ਵਾਰੀਂ ਕੌਪੀ ਪੇਸਟ ਲਗਾਕੇ ਸਵਾਲ ਦੁਹਰਾਉਣ ਦੇ ਬਾਵਜੂਦ ਮੁੱਖ ਵਿਸ਼ੇ ਸੰਬੰਧੀ ਉਠਾਏ ਸਵਾਲਾਂ ਦਾ ਕੋਈ ਜਵਾਬ ਨਾ ਦੇ ਕੇ ਮੇਰੇ ਤੇ ਘਟੀਆ ਕਿਸਮ ਦੀ ਦੂਸ਼ਣ-ਬਾਜੀ ਹੀ ਕੀਤੀ ਗਈ ਸੀ।



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top