Share on Facebook

Main News Page

ਅਵੱਗਿਆ ਕਿਹੜੇ ਜਥੇਦਾਰ ਨੇ ਕੀਤੀ ਇਹ ਵੇਖਣਾ ਸ਼੍ਰੋਮਣੀ ਕਮੇਟੀ ਦੇ ਜਾਹਲੀ ਮੈਂਬਰਾਂ ਜਾਂ ਸਾਧ ਯੂਨੀਅਨ ਦੀ ਜਿੰਮੇਵਾਰੀ ਨਹੀਂ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਾਧ ਯੂਨੀਅਨ ਨੇ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਜਾਹਲੀ ਮੈਂਬਰਾਂ ਵੱਲੋਂ ਪਿਛਲੇ ਦਿਨਾਂ ਤੋਂ ਸਾਂਝੀ ਮੁਹਿੰਮ ਚਲਾ ਕੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਕਿ ਜਥੇਦਾਰ ਨੰਦਗੜ੍ਹ ਨੇ ਤਖਤ ਦਮਦਮਾ ਸਾਹਿਬ ਵਿਖੇ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਏ ਜਾਣ ਦੇ ਸਬੰਧ ਵਿੱਚ ਕੀਤੇ ਗਏ, ਨਗਰ ਕੀਰਤਨ 'ਤੇ ਕਿਸੇ ਅਖਬਾਰ ਨਵੀਸ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ‘‘ਇਹ ਨਗਰ ਕੀਰਤਨ ਆਰ.ਐਸ.ਐਸ. ਵੱਲੋਂ ਕੀਤਾ ਜਾ ਰਿਹਾ ਹੈ’’, ਇਸ ਬਿਆਨ ਨੂੰ ਲੈਕੇ ਕੁੱਝ ਲੋਕਾਂ ਨੇ ਵਾਵੇਲਾ ਖੜਾ ਕਰਨ ਦਾ ਯਤਨ ਕੀਤਾ ਹੈ।

ਪਹਿਲੀ ਗੱਲ ਤਾਂ ਇਹ ਕਿ ਮੋਹਨ ਸਿੰਘ ਬੰਗੀ ਤੋਂ ਬਿਨ੍ਹਾਂ ਬਾਕੀ ਬਿਆਨ ਦੇਣ ਵਾਲਿਆਂ ਨੂੰ ਆਪਣੇ ਨਾਮ ਪਿਛੇ ਮੈਂਬਰ ਸ਼੍ਰੋਮਣੀ ਕਮੇਟੀ ਲਿਖਣ ਦਾ ਹੱਕ ਕਿਸ ਨੇ ਦਿੱਤਾ ਹੈ? ਕਿਉਂਕਿ ਜੇ ਇਹਨਾਂ ਵਿਚੋਂ ਕੋਈ ਚੋਣ ਜਿੱਤਿਆ ਵੀ ਸੀ, ਤਾਂ ਇਹ ਚੋਣ ਤਾਂ ਭਾਰਤ ਦੀ ਸੁਪ੍ਰੀਮ ਕੋਰਟ ਨੇ ਮੁੱਢੋਂ ਹੀ ਰੱਦ ਕਰ ਦਿੱਤੀ ਸੀ? ਫਿਰ ਮੈਂਬਰੀ ਦੀ ਹੋਂਦ ਕਿਵੇਂ ਰਹੀ? ਹੁਣ ਆਪਣੇ ਆਪ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਲਿਖਣਾ ਸਿੱਖ ਪੰਥ ਨਾਲ ਧੋਖਾ ਅਤੇ ਸਰਵ ਉੱਚ ਅਦਾਲਤ ਦੇ ਹੁਕਮਾਂ ਦੀ ਹੁਕਮ ਅਦੂਲੀ ਤੋਂ ਬਿਨਾ ਹੋ ਕੀਹ ਕਿਹਾ ਜਾ ਸਕਦਾ ਹੈ? ਜੇ ਕਿਸੇ ਨੇ ਇਨ੍ਹਾਂ ਲੋਕਾਂ ਵੱਲੋਂ ਬਤੌਰ ਮੈਂਬਰ ਦਸਤਖਤ ਕਰਕੇ ਦਿੱਤੇ ਪੱਤਰ ਦੀ ਕਾਪੀ ਅਧਾਰ ਬਣਾਕੇ ਅਦਾਲਤ ਵਿੱਚ ਅਦਾਲਤੀ ਮਾਨਹਾਨੀ ਦਾ ਮੁਕੱਦਮਾਂ ਠੋਕ ਦਿੱਤਾਂ ਤਾਂ ਇਹ ਸਾਰੇ ਜਾਹਲੀ ਮੈਂਬਰ ਡਾਂਡੇ ਮੀਂਡੇ ਭੱਜਦੇ ਨਜਰ ਆਉਣਗੇ। ਅਜਿਹੀ ਗਲਤੀ ਅਕਾਲ ਤਖਤ ਸਾਹਿਬ ਤੇ ਤਲਬ ਕੀਤੇ ਜਾਣ ਵਾਸਤੇ ਵੀ ਕਾਫੀ ਹੈ।

ਦੂਸਰੀ ਗੱਲ ਜਦੋਂ ਹਾਲੇ ਤੱਕ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜਥੇਦਾਰੀ ਦੀ ਸੇਵਾ ਤੋਂ ਲਾਂਭੇ ਹੀ ਨਹੀਂ ਕੀਤੇ ਗਏ ਤਾਂ ਤਖਤ ਦਮਦਮਾ ਸਾਹਿਬ ਤੇ ਉਹਨਾਂ ਦੀ ਸਲਾਹ ਬਿਨ੍ਹਾਂ ਕੁੱਝ ਕਰਨਾਂ ਵੀ ਇੱਕ ਧਾਰਮਿਕ ਅਵੱਗਿਆ ਹੈ ਅਤੇ ਹਾਲੇ ਤੱਕ ਜਿਸ ਗੱਲ ਨੂੰ ਲੈਕੇ ਤਖਤਾਂ ਦੇ ਜਥੇਦਾਰਾਂ ਨੇ ਕੋਈ ਗੁਰਮਤਾ ਕਰਕੇ ਸੰਗਤ ਨੂੰ ਦੱਸਿਆ ਹੀ ਨਹੀਂ, ਫਿਰ ਹੋਰ ਕੋਈ ਕਿਵੇਂ ਫੈਸਲਾ ਦੇ ਸਕਦਾ ਹੈ ਕਿ ਜਥੇਦਾਰ ਨੰਦਗੜ੍ਹ ਨੇ ਕੋਈ ਅਵੱਗਿਆ ਕੀਤੀ ਹੈ। ਹਾਲੇ ਤੱਕ ਨਾਨਕਸ਼ਾਹੀ ਕੈਲੰਡਰ ਅਕਾਲ ਤਖਤ ਸਾਹਿਬ ਤੋਂ ਰੱਦ ਕਰਨ ਦਾ ਕੋਈ ਫੈਸਲਾ ਹੀ ਨਹੀਂ ਆਇਆ ਤਾਂ ਫਿਰ 5 ਜਨਵਰੀ ਨੂੰ ਗੁਰੂ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਨੂੰ ਗੁਨਾਹ ਕਿਵੇਂ ਆਖਿਆ ਜਾ ਸਕਦਾ ਹੈ? ਸਿਰਫ ਬਾਦਲਸ਼ਾਹੀ ਕਾਇਦੇ ਅਨੁਸਾਰ ਪੰਥ ਦੇ ਫੈਸਲੇ ਨਹੀਂ ਹੋ ਸਕਦੇ। ਜਥੇਦਾਰ ਨੰਦਗੜ੍ਹ ਇਕੱਲੇ ਨਹੀਂ ਇਹ ਕਹਿ ਰਹੇ ਕਿ ਇਹ ਨਗਰ ਕੀਰਤਨ ਆਰ.ਐਸ.ਐਸ. ਵੱਲੋਂ ਕਰਵਾਇਆ ਗਿਆ ਹੈ ਇਹ ਤਾਂ ਕੱਲ ਹਜ਼ਾਰਾਂ ਦੀ ਗਿਣਤੀ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮੈਮੋਰੰਡਮ ਦੇਣ ਗਈਆਂ ਸਿੱਖ ਸੰਗਤਾਂ ਵੀ ਆਖਦੀਆਂ ਹਨ ਕਿ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਆਦੇਸ਼ ਆਰ.ਐਸ.ਐਸ. ਦਾ ਸੀ? ਫਿਰ ਜਥੇਦਾਰ ਨੰਦਗੜ੍ਹ ਜੀ ਨੇ ਕਿਹੜੀ ਕੋਈ ਵਿਸ਼ੇਸ਼ ਗੱਲ ਆਖੀ ਹੈ ਜਿਸ ਨੂੰ ਇਹ ਜ਼ਾਹਲੀ ਮੈਂਬਰ ਧਾਰਮਿਕ ਅਵੱਗਿਆ ਆਖ਼ ਰਹੇ ਹਨ?

ਤੀਸਰੀ ਗੱਲ ਜਥੇਦਾਰ ਨੰਦਗੜ੍ਹ ਨੇ ਤਾਂ ਆਰ.ਐਸ.ਐਸ. ਵੱਲੋਂ ਸਿੱਖਾਂ ਦੀ ਵੱਖਰੀ ਪਹਿਚਾਨ ਦੇ ਪ੍ਰਤੀਕ, ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਾਧ ਯੂਨੀਅਨ ਦੇ ਆਖੇ ਲੱਗਕੇ, ਕਤਲ ਕਰਨ ਤੋਂ ਨਾਹ ਕਰਕੇ, ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਹੈ। ਪਰ ਕੱਲ ਹੀ ਸਾਧ ਯੂਨੀਅਨ ਦੇ ਮੁਖੀ ਹਰਨਾਮ ਸਿਹੁੰ ਧੁੰਮਾਂ ਦੇ ਨਾਲ ਤਖਤ ਕੇਸਗੜ ਸਾਹਿਬ ਦਾ ਜਥੇਦਾਰ, ਆਰ.ਐਸ.ਐਸ. ਦੀ ਇੱਕ ਸ਼ਾਖਾ ਰਾਸ਼ਟਰੀਆ ਸਿੱਖ ਸੰਗਤ, ਦੇ ਲੈਟਰ ਪੈਡ ਤੇ ਕੁੱਝ ਸਿੱਖ ਮੰਗਾਂ ਲਿਖਕੇ, ਆਰ.ਐਸ.ਐਸ. ਦੇ ਆਗੂਆਂ ਨੂੰ ਨਾਲ ਲੈਕੇ, ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲੇ ਹਨ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਵੀ ਦਿੱਲੀ ਮੌਜੂਦ ਸਨ, ਤਾਂ ਫਿਰ ਅਵੱਗਿਆ ਕੌਣ ਕਰ ਰਿਹਾ ਹੈ, ਇਹ ਇਤਿਹਾਸ ਦੱਸੇਗਾ। ਜਿਹੜੇ ਜਾਹਲੀ ਮੈਂਬਰ, ਬਾਦਲ ਦਲ ਦੀ ਈਨ ਨਾ ਮੰਨਨ ਕਾਰਣ ਜਥੇਦਾਰ ਨੰਦਗੜ੍ਹ ਦੇ ਪਿੱਛੇ ਪਏ ਹੋਏ ਹਨ, ਓਹ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤਖਤ ਕੇਸਗੜ ਸਾਹਿਬ ਦੇ ਜਥੇਦਾਰ ਅਤੇ ਸਾਧ ਯੂਨੀਅਨ ਬਾਰੇ ਕੀਹ ਆਖਣਗੇ? ਕਿ ਰਾਸ਼ਟਰੀਆ ਸਿੱਖ ਸੰਗਤ ਜਾਂ ਆਰ.ਐਸ.ਐਸ. ਦੀ ਅਗਵਾਈ ਕਬੂਲਣੀ ਕਿਹੜੀ ਪੰਥ ਪ੍ਰਸਤੀ ਦਾ ਹਿੱਸਾ ਹੈ ? ਇਹ ਫੈਸਲਾ ਹੁਣ ਪੰਥ ਕਰੇ ਕਿ ਜੋ ਕੁੱਝ ਹੋ ਰਿਹਾ ਹੈ ਇਹ ਪੰਥ ਪ੍ਰਸਤੀ ਹੈ ਜਾਂ ਬਿਪਰ ਪ੍ਰਸਤੀ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top